ਹੁਣ ਪੰਜਾਬ ਸਰਕਾਰ ਨੇ ਲੱਚਰ ਗਾਇਕੀ 'ਤੇ ਨੱਥ ਪਾਉਣ ਦਾ ਜ਼ਿੰਮਾ ਚੁੱਕਿਆ

ਨਵਜੋਤ ਸਿੱਧੂ

ਪੰਜਾਬ ਵਿੱਚ ਲੱਚਰ ਤੇ ਹਿੰਸਕ ਗਾਇਕੀ 'ਤੇ ਠੱਲ੍ਹ ਪਾਉਣ ਲਈ ਅਹਿਮ ਐਲਾਨ ਹੋਇਆ ਹੈ। ਪੰਜਾਬ ਸਰਕਾਰ ਹੁਣ ਇੱਕ ਕਮਿਸ਼ਨ ਕਾਇਮ ਕਰੇਗੀ ਜੋ ਇਸ ਤਰ੍ਹਾਂ ਦੇ ਗਾਇਕਾਂ ਅਤੇ ਗੀਤਾਂ 'ਤੇ ਨਜ਼ਰ ਰੱਖੇਗਾ।

ਚੰਡੀਗੜ੍ਹ ਵਿੱਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਸੱਭਿਆਚਾਰਕ ਮੰਤਰੀ ਨਵਜੋਤ ਸਿੱਧੂ ਨੇ ਪੰਜਾਬ ਸਭਿਆਚਾਰ ਕਮਿਸ਼ਨ ਬਣਾਉਣ ਦਾ ਐਲਾਨ ਕੀਤਾ।

ਉਨ੍ਹਾਂ ਕਿਹਾ ਕਿ, ''ਅਸ਼ਲੀਲਤਾ ਅਤੇ ਲੱਚਰਤਾ ਦੇ ਖਿਲਾਫ਼ ਇਹ ਕਮਿਸ਼ਨ ਢਾਲ ਹੈ। ਇਸ ਕਮਿਸ਼ਨ ਨੂੰ ਇਤਰਾਜਯੋਗ ਗਾਇਕੀ ਖ਼ਿਲਾਫ ਐਫਆਈਆਰ ਦਰਜ ਕਰਵਾਉਣ ਦੀ ਸ਼ਕਤੀ ਹੋਵੇਗੀ।''

ਇਸ ਕਮਿਸ਼ਨ ਦੇ ਚੇਅਰਮੈਨ ਪੰਜਾਬ ਦੇ ਮੁੱਖ ਮੰਤਰੀ ਖੁਦ ਹੋਣਗੇ ਅਤੇ ਵਾਈਸ ਚੇਅਰਮੈਨ ਨਵਜੋਤ ਸਿੰਘ ਸਿੱਧੂ ਹੋਣਗੇ।

ਸਿੱਧੂ ਨੇ ਕਿਹਾ ਕਿ ਕਮਿਸ਼ਨ ਦੋ ਹਫ਼ਤਿਆਂ ਅੰਦਰ ਪਹਿਲੀ ਰਿਪੋਰਟ ਸੌਂਪੇਗਾ।

ਕਮਿਸ਼ਨ ਦੇ ਮੈਂਬਰ ਕਿਹੜੇ ਲੋਕ ਹੋਣਗੇ ਇਸਦਾ ਖੁਲਾਸਾ ਹਾਲੇ ਨਹੀਂ ਕੀਤਾ ਗਿਆ।

ਸੋਸ਼ਲ ਮੀਡੀਆ 'ਤੇ ਇਤਰਾਜ਼ਯੋਗ ਗਾਇਕੀ ਨੂੰ ਨੱਥ ਕਿਵੇਂ ਪਾਈ ਜਾਵੇਗੀ ਇਸ ਸਵਾਲ 'ਤੇ ਸਿੱਧੂ ਨੇ ਕਿਹਾ, ''ਸੋਸ਼ਲ ਮੀਡੀਆ 'ਤੇ ਕਾਨੂੰਨ ਤੋੜਨ ਵਾਲੇ ਆਈਟੀ ਐਕਟ ਦੇ ਤਹਿਤ ਕਾਬੂ ਕੀਤੇ ਜਾਣਗੇ।''

ਸਿੱਧੂ ਨੇ ਕਿਹਾ, ''ਜਿਹੜਾ ਸੱਭਿਆਚਾਰ ਨੂੰ ਦਾਗ ਲਾਵੇਗਾ ਉਸਨੂੰ ਝੰਜੋੜਾਂਗੇ, ਦਾਇਰਾ ਪਾਰ ਕਰਨ ਦੀ ਕਿਸੇ ਨੂੰ ਇਜਾਜ਼ਤ ਨਹੀਂ ਦਿਆਂਗੇ। ਵਿਆਹ ਅਟੈਂਡ ਕਰੋ, ਸ਼ਰਾਬ ਪੀ ਕੇ ਗੋਲੀਆਂ ਨਾ ਮਾਰੋ।''

ਪ੍ਰੈਸ ਕਾਨਫਰੰਸ ਵਿੱਚ ਸਿੱਧੂ ਨਾਲ ਆਮ ਆਦਮੀ ਪਾਰਟੀ ਦੇ ਸਾਬਕਾ ਨੇਤਾ ਗੁਰਪ੍ਰੀਤ ਸਿੰਘ ਘੁੱਗੀ, ਗਾਇਕ ਪੰਮੀ ਬਾਈ ਤੇ ਪੰਜਾਬ ਆਰਟ ਕੌਂਸਲ ਦੇ ਚੇਅਰਮੈਨ ਅਤੇ ਕਵੀ ਸੁਰਜੀਤ ਪਾਤਰ ਵੀ ਮੌਜੂਦ ਸਨ।

ਸਿੱਧੂ ਨੇ ਇੱਕ ਕਲਚਰ ਪਾਰਲੀਮੈਂਟ ਬਣਾਉਣ ਦਾ ਵੀ ਐਲਾਨ ਕੀਤਾ ਹੈ। ਇਸ ਲਈ ਪੰਜਾਬ ਆਰਟ ਕੌਂਸਲ ਨੂੰ 3 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਗਿਆ।

ਇਸ ਪਾਰਲੀਮੈਂਟ ਤਹਿਤ ਫ਼ਿਲਮਾਂ, ਥਿਏਟਰ ਤੇ ਹੋਰ ਸੱਭਿਆਚਰ ਗਤੀਵਿਧੀਆਂ ਵਿੱਚ ਸਰਗਰਮ ਲੋਕਾਂ ਨੂੰ ਇੱਕ ਮੰਚ 'ਤੇ ਲਿਆਉਣ ਦੀ ਕੋਸ਼ਿਸ਼ ਕੀਤੀ ਜਾਵੇਗੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)