ਜਦੋਂ ਪਾਕਿਸਤਾਨੀ ਜਰਨੈਲ ਨੇ ਕਿਹਾ - 'ਮਿਲਖਾ ਤੁਸੀਂ ਦੌੜੇ ਨਹੀਂ, ਉੱਡੇ ਹੋ...'

  • ਰੇਹਾਨ ਫ਼ਜ਼ਲ
  • ਬੀਬੀਸੀ ਪੱਤਰਕਾਰ
ਮਿਲਖਾ ਸਿੰਘ

1932 'ਚ ਅਣਵੰਡੇ ਭਾਰਤ 'ਚ ਜਨਮ ਲੈਣ ਵਾਲੇ ਮਿਲਖਾ ਸਿੰਘ ਦੀ ਕਹਾਣੀ ਪੱਕੇ ਇਰਾਦੇ ਤੇ ਜ਼ਿੰਦਾਦਿਲੀ ਦੀ ਕਹਾਣੀ ਹੈ।

ਅਜਿਹਾ ਸ਼ਖ਼ਸ ਜਿਹੜਾ ਵੰਡ ਦੇ ਦੰਗਿਆਂ 'ਚ ਬਾਲ-ਬਾਲ ਬਚਿਆ, ਜਿਸ ਦੇ ਪਰਿਵਾਰ ਦੇ ਕਈ ਮੈਂਬਰ ਉਸਦੀਆਂ ਅੱਖਾਂ ਸਾਹਮਣੇ ਹੀ ਕਤਲ ਕਰ ਦਿੱਤੇ ਗਏ, ਜਿਹੜਾ ਰੇਲਗੱਡੀ 'ਚ ਟਿਕਟ ਦੇ ਬਗੈਰ ਸਫ਼ਰ ਕਰਦਾ ਫੜਿਆ ਗਿਆ ਤੇ ਉਸ ਨੂੰ ਜੇਲ੍ਹ ਵੀ ਸੁਣਾਈ ਗਈ।

ਉਹ ਸ਼ਖ਼ਸ ਜਿਸਨੇ ਇੱਕ ਗਿਲਾਸ ਦੁੱਧ ਲਈ ਫ਼ੌਜ ਦੀ ਦੌੜ 'ਚ ਹਿੱਸਾ ਲਿਆ ਤੇ ਬਾਅਦ 'ਚ ਭਾਰਤ ਦਾ ਸਭ ਤੋਂ ਮਹਾਨ ਐਥਲੀਟ ਬਣਿਆ।

1960 ਦੇ ਰੋਮ ਓਲੰਪਿਕ 'ਚ ਵਿਸ਼ਵ ਰਿਕਾਰਡ ਤੋੜਨ ਦੇ ਬਾਵਜੂਦ ਮਿਲਖਾ ਸਿੰਘ ਭਾਰਤ ਲਈ ਤਗਮਾ ਨਹੀਂ ਜਿੱਤ ਸਕੇ ਅਤੇ ਉਨ੍ਹਾਂ ਨੂੰ ਚੌਥੇ ਨੰਬਰ 'ਤੇ ਹੀ ਸੰਤੋਖ ਰੱਖਣਾ ਪਿਆ।

''ਇਹ ਦੌੜ ਤੈਨੂੰ ਬਣਾ ਦੇਵੇਗੇ ਜਾਂ ਬਰਬਾਦ ਕਰ ਦੇਵੇਗੀ''

ਮਿਲਖਾ ਸਿੰਘ ਨੇ ਪਹਿਲੀ ਵਾਰ ਵਿਸ਼ਵ ਪੱਧਰ 'ਤੇ ਆਪਣੀ ਪਛਾਣ ਉਦੋਂ ਬਣਾਈ, ਜਦੋਂ ਕਾਰਡਿਫ਼ ਰਾਸ਼ਟਰਮੰਡਲ ਖੇਡਾਂ 'ਚ ਉਨ੍ਹਾਂ ਨੇ ਉਦੋਂ ਦੇ ਵਿਸ਼ਵ ਰਿਕਾਰਡ ਕਾਇਮ ਕਰਨ ਵਾਲੇ ਮੈਲਕਮ ਸਪੇਂਸ ਨੂੰ 440 ਗਜ ਦੀ ਦੌੜ 'ਚ ਹਰਾ ਕੇ ਸੋਨ ਤਗਮਾ ਜਿੱਤਿਆ।

ਉਸ ਰਾਤ ਮਿਲਖਾ ਸਿੰਘ ਸੌਂ ਨਹੀਂ ਸਕੇ। ਅਗਲੇ ਦਿਨ 440 ਯਾਰਡ ਦੀ ਦੌੜ ਦਾ ਫਾਇਨਲ ਮੁਕਾਬਲਾ ਚਾਰ ਵਜੇ ਸੀ।

ਸਵੇਰੇ ਮਿਲਖਾ ਨੇ ਆਪਣੀਆਂ ਨਸਾਂ ਨੂੰ ਆਰਾਮ ਦੇਣ ਲਈ ਗਰਮ ਪਾਣੀ ਨਾਲ ਇਸ਼ਨਾਨ ਕੀਤਾ, ਨਾਸ਼ਤਾ ਕੀਤਾ ਤੇ ਦੁਬਾਰਾ ਕੰਬਲ ਲੈ ਕੇ ਸੌਣ ਚਲੇ ਗਏ। ਦੁਪਹਿਰ ਉਨ੍ਹਾਂ ਦੀ ਨੀਂਦ ਖੁੱਲ੍ਹੀ।

ਉਨ੍ਹਾਂ ਨੇ ਖਾਣੇ 'ਚ ਇੱਕ ਕੌਲਾ ਸੂਪ ਤੇ ਡਬਲ ਰੋਟੀ ਦੇ ਦੋ ਪੀਸ ਲਏ। ਜਾਨ ਬੁੱਝ ਕੇ ਉਨ੍ਹਾਂ ਵੱਧ ਇਸ ਲਈ ਨਹੀਂ ਖਾਧਾ ਕਿ ਇਸ ਦਾ ਅਸਰ ਉਨ੍ਹਾਂ ਦੇ ਪ੍ਰਦਰਸ਼ਨ 'ਤੇ ਨਾ ਪਵੇ।

ਮਿਲਖਾ ਉਸ ਦਿਨ ਨੂੰ ਯਾਦ ਕਰਦੇ ਹੋਏ ਕਹਿੰਦੇ ਹਨ, ''ਇੱਕ ਵਜੇ ਮੈਂ ਵਾਲਾ ਨੂੰ ਕੰਘਾ ਕੀਤਾ ਤੇ ਆਪਣੇ ਲੰਮੇ ਵਾਲਾਂ ਦੇ ਜੂੜੇ ਨੂੰ ਚਿੱਟੇ ਰੁਮਾਲ ਨਾਲ ਢਕਿਆ।''

''ਏਅਰ ਇੰਡੀਆ ਦੇ ਆਪਣੇ ਬੈਗ 'ਚ ਮੈਂ ਆਪਣੇ ਸਪਾਇਕਡ ਜੁੱਤੇ, ਇੱਕ ਛੋਟਾ ਤੌਲੀਆ, ਇੱਕ ਕੰਘਾ ਤੇ ਗਲੂਕੋਜ਼ ਦਾ ਇੱਕ ਪੈਕਟ ਰੱਖਿਆ। ਫਿਰ ਮੈਂ ਟ੍ਰੈਕ ਸੂਟ ਪਾਇਆ, ਆਪਣੀਆਂ ਅੱਖਾਂ ਬੰਦ ਕੀਤੀਆਂ ਤੇ ਗੁਰੂ ਨਾਨਕ, ਗੁਰੂ ਗੌਬਿੰਦ ਸਿੰਘ ਤੇ ਭਗਵਾਨ ਸ਼ਿਵ ਨੂੰ ਯਾਦ ਕੀਤਾ।''

ਮਿਲਖਾ ਸਿੰਘ ਨੂੰ ਉਸ ਦਿਨ ਦਾ ਇੱਕ-ਇੱਕ ਪਲ ਚੇਤੇ ਹੈ।

''ਮੇਰੀ ਟੀਮ ਦੇ ਸਾਥੀ ਬਸ 'ਚ ਮੇਰਾ ਇੰਤਜ਼ਾਰ ਕਰ ਰਹੇ ਸਨ, ਜਦੋਂ ਮੈਂ ਆਪਣੀ ਸੀਟ 'ਤੇ ਬੈਠਾ ਤਾਂ ਉਨ੍ਹਾਂ ਮੇਰੇ ਨਾਲ ਮਜ਼ਾਕ ਕੀਤਾ ਕਿ ਮਿਲਖਾ ਸਿੰਘ ਅੱਜ ਆਫ਼ ਕਲਰ ਲੱਗ ਰਿਹਾ ਹੈ।''

''ਇੱਕ ਨੇ ਪੁੱਛਿਆ ਕੀ ਗੱਲ ਅੱਜ ਤੁਸੀਂ ਖ਼ੁਸ਼ ਕਿਉਂ ਨਹੀਂ ਲਗ ਰਹੇ? ਮੈਂ ਉਨ੍ਹਾਂ ਦਾ ਕੋਈ ਜਵਾਬ ਨਹੀਂ ਦਿੱਤਾ ਪਰ ਮੇਰਾ ਦਿਲ ਥੋੜਾ ਹਲਕਾ ਹੋ ਗਿਆ।''

ਮਿਲਖਾ ਨੇ ਬੀਬੀਸੀ ਨੂੰ ਦੱਸਿਆ, ''ਮੇਰੇ ਕੋਚ ਡਾਕਟਰ ਹਾਵਰਡ ਮੇਰੇ ਕੋਲ ਆਕੇ ਬੈਠ ਗਏ ਤੇ ਬੋਲੇ ਅੱਜ ਦੀ ਦੌੜ ਜਾਂ ਤਾਂ ਤੈਨੂੰ ਕੁਝ ਬਣਾ ਦੇਵੇਗੀ ਜਾਂ ਫ਼ਿਰ ਬਰਬਾਦ ਕਰ ਦੇਵੇਗੀ, ਜੇਕਰ ਤੂੰ ਮੇਰੀਆਂ ਦਿੱਤੀਆਂ ਟਿਪਸ ਨੂੰ ਮੰਨ ਲਵੇਂਗਾ ਤਾਂ ਤੂੰ ਮੈਲਕਮ ਸਪੇਂਸ ਨੂੰ ਹਰਾ ਦੇਵੇਂਗਾ, ਤੇਰੇ ਵਿੱਚ ਅਜਿਹਾ ਕਰ ਸਕਨ ਦੀ ਸਮਰੱਥਾ ਹੈ।''

6ਵੀਂ ਲੇਨ 'ਚ ਸਨ ਭਾਰਤ ਦੇ ਮਿਲਖਾ ਸਿੰਘ

ਮਿਲਖਾ ਕਹਿੰਦੇ ਹਨ ਕਿ ਇਸ ਨਾਲ ਉਨ੍ਹਾਂ ਦੀ ਥੋੜੀ ਹਿੰਮਤ ਵਧੀ। ਸਟੇਡੀਅਮ ਪਹੁੰਚ ਕੇ ਉਹ ਸਿੱਧੇ ਡ੍ਰੈਸਿੰਗ ਰੂਮ ਗਏ ਤੇ ਫਿਰ ਪੈ ਗਏ।

ਲੱਗਿਆ ਕਿ ਹਲਕਾ ਬੁਖ਼ਾਰ ਚੜ੍ਹ ਗਿਆ ਹੈ, ਉਦੋਂ ਹੀ ਡਾਕਟਰ ਹਾਵਰਡ ਫਿਰ ਆਏ।

ਉਨ੍ਹਾਂ ਮਿਲਖਾ ਦੇ ਪਿੱਠ ਤੇ ਪੈਰਾਂ ਦੀ ਮਸਾਜ ਕੀਤੀ ਤੇ ਫਿਰ ਕਿਹਾ, ''ਮੇਰੇ ਬੱਚੇ, ਤਿਆਰ ਹੋਣਾ ਸ਼ੁਰੂ ਕਰੋ, ਇੱਕ ਘੰਟੇ 'ਚ ਤੁਹਾਡੀ ਦੌੜ ਸ਼ੁਰੂ ਹੋਣ ਵਾਲੀ ਹੈ।''

ਹਾਵਰਡ ਪਿਛਲੇ ਕਈ ਦਿਨਾਂ ਤੋਂ ਮਿਲਖਾ ਦੇ ਹਰ ਪ੍ਰਤੀਯੋਗੀ ਦੀ ਤਕਨੀਕ ਦਾ ਜਾਇਜ਼ਾ ਲੈ ਰਹੇ ਸਨ।

ਪਹਿਲੀ ਹੀਟ ਦੌਰਾਨ ਉਹ ਰਾਤ ਦੇ ਖਾਣੇ ਦੇ ਬਾਅਦ ਉਨ੍ਹਾਂ ਦੇ ਕਮਰੇ 'ਚ ਆਕੇ ਮੰਜੇ 'ਤੇ ਬੈਠ ਕੇ ਆਪਣੀ ਟੁੱਟੀ-ਭੱਜੀ ਹਿੰਦੀ 'ਚ ਬੋਲੇ ਸਨ, ''ਮਿਲਖਾ ਹਮ ਸਪੇਂਸ ਕੋ 400 ਮੀਟਰ ਦੌੜਤੇ ਦੇਖਾ, ਵੋ ਪਹਿਲਾ 300 ਮੀਟਰ ਸਲੋਅ ਭਾਗਤਾ ਔਰ ਲਾਸਟ ਹੰਡਰੇਡ ਗਜ ਮੇਂ ਸਬਕੋ ਪਕੜਤਾ, ਤੁਮਹੇ 400 ਮੀਟਰ ਨਹੀਂ ਦੌੜਨੀ ਹੈ, 350 ਮੀਟਰ ਦੌੜਨੀ ਹੈ, ਸਮਝੋ ਕਿ ਇਤਨੀ ਲੰਬੀ ਹੀ ਰੇਸ ਹੈ।''

ਮਿਲਖਾ ਦੱਸਦੇ ਹਨ, ''440 ਯਾਰਡ ਦੀ ਦੌੜ ਦੇ ਫਾਇਨਲ ਦਾ ਪਹਿਲਾ ਕਾਲ ਤਿੰਨ ਵੱਜ ਕੇ 50 ਮਿੰਟ 'ਤੇ ਆਇਆ। ਅਸੀਂ ਛੇ ਲੋਕ ਸਟਾਰਟਿੰਗ ਲਾਇਨ 'ਚ ਜਾਕੇ ਖੜੇ ਹੋ ਗਏ। ਮੈਂ ਆਪਣੇ ਤੌਲੀਏ ਨਾਲ ਪੈਰਾਂ ਦਾ ਪਸੀਨਾ ਸਾਫ਼ ਕੀਤਾ।''

''ਮੈਂ ਆਪਣੇ ਸਪਾਇਕ ਜੁੱਤਿਆਂ ਦੇ ਫੀਤੇ ਬੰਨ੍ਹ ਹੀ ਰਿਹਾ ਸੀ ਕਿ ਦੂਜੀ ਕਾਲ ਆਈ। ਮੈਂ ਆਪਣਾ ਟ੍ਰੈਕ ਸੂਟ ਲਾਹਿਆ। ਮੇਰੀ ਕਮਰ 'ਤੇ ਭਾਰਤ ਲਿਖਿਆ ਹੋਇਆ ਸੀ ਅਤੇ ਉਸ ਦੇ ਥੱਲੇ ਅਸ਼ੋਕ ਚੱਕਰ ਬਣਿਆ ਸੀ। ਮੈਂ ਕੁਝ ਲੰਮੇ-ਲੰਮੇ ਸਾਹ ਲਏ ਤੇ ਆਪਣੇ ਸਾਥੀ ਪ੍ਰਤੀਯੋਗੀਆਂ ਨੂੰ ਮੁਬਾਰਕ ਕਿਹਾ।''

ਇੰਗਲੈਂਡ ਦੇ ਸਾਲਸਬਰੀ ਪਹਿਲੀ ਲੇਨ 'ਚ ਸਨ। ਇਸ ਤੋਂ ਬਾਅਦ ਸਨ ਦੱਖਣ ਅਫ਼ਰੀਕਾ ਦੇ ਸਪੇਂਸ ਤੇ ਆਸਟਰੇਲੀਆ ਦੇ ਕੇਰ, ਜਮੈਕਾ ਦੇ ਗਾਸਪਰ, ਕਨਾਡਾ ਦੇ ਟੋਬੈਕੋ ਤੇ 6ਵੀਂ ਲੇਨ 'ਚ ਸਨ ਭਾਰਤ ਦੇ ਮਿਲਖਾ ਸਿੰਘ।

ਤਸਵੀਰ ਕੈਪਸ਼ਨ,

ਸਾਬਕਾ ਪ੍ਰਧਾਨ ਮੰਤਰੀ ਇੰਦਿਰਾ ਗਾਂਧੀ ਨਾਲ ਮਿਲਖਾ ਸਿੰਘ

ਸਿਰਫ਼ ਅੱਧੇ ਫੁੱਟ ਦਾ ਫਰਕ

ਜਿਵੇਂ ਹੀ ਸਟਾਰਟਰ ਨੇ ਕਿਹਾ - ਆਨ ਯੂਅਰ ਮਾਰਕ, ਮਿਲਖਾ ਸਿੰਘ ਨੇ ਸਟਾਰਟਿੰਗ ਲਾਈਨ ਦੇ ਪਿੱਛੇ ਆਪਣਾ ਖੱਬਾ ਪੈਰ ਕੀਤਾ, ਸੱਜੇ ਗੋਡੇ ਨੂੰ ਆਪਣੇ ਖੱਬੇ ਪੈਰ ਦੇ ਬਰਾਬਰ ਲਿਆਂਦਾ ਤੇ ਦੋਹਾਂ ਹੱਥਾਂ ਨਾਲ ਧਰਤੀ ਨੂੰ ਛੂਹਿਆ।

ਗੋਲੀ ਦੀ ਆਵਾਜ਼ ਆਉਂਦੇ ਹੀ ਮਿਲਖਾ ਸਿੰਘ ਇਸ ਤਰ੍ਹਾਂ ਭੱਜੇ ਜਿਵੇਂ ਭਰਿੰਡਾ ਪਿੱਛੇ ਪਈਆਂ ਹੋਣ। ਉਨ੍ਹਾਂ ਨੂੰ ਹਾਵਰਡ ਦੀ ਦਿੱਤੀ ਹੋਈ ਨਸੀਹਤ ਯਾਦ ਸੀ। ਪਹਿਲੇ 300 ਮੀਟਰ 'ਚ ਉਨ੍ਹਾਂ ਆਪਣੀ ਪੂਰੀ ਹਿੰਮਤ ਲਾ ਦਿੱਤੀ।

ਮਿਲਖਾ ਸਭ ਤੋਂ ਅੱਗੇ ਦੌੜੇ ਜਾ ਰਹੇ ਸਨ ਅਤੇ ਜਦੋਂ ਸਪੇਂਸ ਨੇ ਦੇਖਿਆ ਕਿ ਮਿਲਖਾ ਬਿਜਲੀ ਦੀ ਰਫ਼ਤਾਰ ਨਾਲ ਦੌੜ ਰਹੇ ਹਨ, ਤਾਂ ਉਨ੍ਹਾਂ ਨੇ ਉਨ੍ਹਾਂ ਤੋਂ ਅੱਗੇ ਨਿਕਲਨ ਦੀ ਕੋਸ਼ਿਸ਼ ਕੀਤੀ, ਪਰ ਕਿਸਮਤ ਮਿਲਖਾ ਸਿੰਘ ਦੇ ਨਾਲ ਸੀ।

ਮਿਲਖਾ ਯਾਦ ਕਰਦੇ ਹਨ, ''ਮੈਂ ਚਿੱਟੇ ਰੰਗ ਦੀ ਟੇਪ ਨੂੰ ਉਸ ਸਮੇਂ ਦੇਖਿਆ ਜਦੋਂ ਦੌੜ ਖ਼ਤਮ ਹੋਣ 'ਚ 50 ਗਜ ਹੀ ਬਾਕੀ ਰਹਿ ਗਏ ਸਨ। ਮੈਂ ਉੱਥੋ ਤੱਕ ਸਪੇਂਸ ਤੋਂ ਪਹਿਲਾਂ ਪਹੁੰਚਣ ਲਈ ਪੂਰੀ ਹਿੰਮਤ ਲਗਾ ਦਿੱਤੀ, ਜਦੋਂ ਮੈਂ ਟੇਪ ਨੂੰ ਛੂਹਿਆ ਤਾਂ ਸਪੇਂਸ ਮੇਰੇ ਤੋਂ ਸਿਰਫ਼ ਅੱਧਾ ਫੁੱਟ ਪਿੱਛੇ ਸੀ। ਅੰਗਰੇਜ਼ ਪੂਰੀ ਤਾਕਤ ਨਾਲ ਰੌਲਾ ਪਾ ਰਹੇ ਸਨ - ਕਮ ਆਨ ਸਿੰਘ, ਕਮ ਆਨ ਸਿੰਘ। ਟੇਪ ਨੂੰ ਹੱਥ ਲਗਾਉਂਦੇ ਹੀ ਮੈਂ ਬੇਹੋਸ਼ ਹੋ ਕੇ ਮੈਦਾਨ 'ਤੇ ਹੀ ਡਿੱਗ ਪਿਆ।''

ਮਿਲਖਾ ਸਿੰਘ ਨੂੰ ਸਟ੍ਰੇਚਰ 'ਤੇ ਡਾਕਟਰ ਦੇ ਕੋਲ ਲੈ ਕੇ ਜਾਇਆ ਗਿਆ, ਜਿੱਥੇ ਉਨ੍ਹਾਂ ਨੂੰ ਆਕਸੀਜਨ ਦਿੱਤੀ ਗਈ। ਜਦੋਂ ਉਨ੍ਹਾਂ ਨੂੰ ਹੋਸ਼ ਆਇਆ, ਤਾਂ ਉਨ੍ਹਾਂ ਨੂੰ ਅਹਿਸਾਸ ਹੋਣਾ ਸ਼ੁਰੂ ਹੋਇਆ ਕਿ ਉਨ੍ਹਾਂ ਨੇ ਕਿੰਨੇ ਵੱਡੇ ਕਾਰਨਾਮੇ ਨੂੰ ਅੰਜਾਮ ਦਿੱਤਾ ਹੈ।

ਉਨ੍ਹਾਂ ਦੇ ਸਾਥੀਆਂ ਨੇ ਉਨ੍ਹਾਂ ਨੂੰ ਮੋਢਿਆਂ 'ਤੇ ਚੁੱਕ ਲਿਆ। ਉਨ੍ਹਾਂ ਨੇ ਤਿੰਰਗੇ ਨੂੰ ਆਪਣੇ ਸਰੀਰ ਨਾਲ ਲਪੇਟ ਲਿਆ ਤੇ ਪੂਰੇ ਸਟੇਡੀਅਮ ਦਾ ਚੱਕਰ ਲਗਾਇਆ। ਇਹ ਪਹਿਲਾ ਮੌਕਾ ਸੀ ਜਦੋਂ ਕਿਸੇ ਭਾਰਤੀ ਨੇ ਰਾਸ਼ਟਰਮੰਡਲ ਖੇਡਾਂ 'ਚ ਸੋਨ ਤਗਮਾ ਜਿੱਤਿਆ ਸੀ।

ਜਦੋਂ ਵਿਜਯਾਲਕਸ਼ਮੀ ਪੰਡਿਤ ਦੌੜਦੀ ਹੋਈ ਆਈ ਤਾਂ ਗਲੇ ਲੱਗ ਗਈ

ਜਦੋਂ ਇੰਗਲੈਂਡ ਦੀ ਮਹਾਰਾਣੀ ਏਲਿਜ਼ਾਬੇਥ ਨੇ ਮਿਲਖਾ ਸਿੰਘ ਦੇ ਗਲੇ 'ਚ ਸੋਨ ਤਗਮਾ ਪਾਇਆ ਅਤੇ ਉਨ੍ਹਾਂ ਨੇ ਭਾਰਤੀ ਝੰਡੇ ਨੂੰ ਉੱਤੇ ਜਾਂਦੇ ਦੇਖਿਆ ਤਾਂ ਉਨ੍ਹਾਂ ਦੀਆਂ ਅੱਖਾਂ 'ਚ ਅੱਥਰੂ ਆਉਣ ਲੱਗੇ।

ਉਨ੍ਹਾਂ ਦੇਖਿਆ ਕੀ ਵੀਆਈਪੀ ਇਨਕਲੋਜ਼ਰ ਤੋਂ ਇੱਕ ਛੋਟੇ ਵਾਲਾਂ ਵਾਲੀ, ਸਾੜੀ ਪਾਈ ਇੱਕ ਔਰਤ ਉਨ੍ਹਾਂ ਵੱਲ ਦੌੜੀ ਆ ਰਹੀ ਹੈ। ਭਾਰਤੀ ਟੀਮ ਦੇ ਮੁਖੀ ਅਸ਼ਵਨੀ ਕੁਮਾਰ ਨੇ ਉਨ੍ਹਾਂ ਦੀ ਪਛਾਣ ਕਰਵਾਈ। ਉਹ ਬ੍ਰਿਟੇਨ 'ਚ ਭਾਰਤ ਦੀ ਹਾਈ ਕਮਿਸ਼ਨਰ ਵਿਜਯਾਲਕਸ਼ਮੀ ਪੰਡਿਤ ਸਨ।

ਮਿਲਖਾ ਸਿੰਘ ਯਾਦ ਕਰਦੇ ਹਨ, ''ਉਨ੍ਹਾਂ ਨੇ ਮੈਨੂੰ ਗਲੇ ਲਗਾ ਕੇ ਮੁਬਾਰਕਬਾਦ ਦਿੱਤੀ ਤੇ ਕਿਹਾ ਕਿ ਪੰਡਿਤ ਜਵਾਹਰ ਲਾਲ ਨਹਿਰੂ ਨੇ ਸੁਣੇਹਾ ਭਿਜਵਾਇਆ ਹੈ ਕਿ ਇੰਨੀ ਵੱਡੀ ਉਪਲਬਧੀ ਹਾਸਿਲ ਕਰਨ ਦੇ ਬਾਅਦ ਉਹ ਇਨਾਮ ਵਿੱਚ ਕੀ ਲੈਣਾ ਚਾਹੁਣਗੇ? ਮੇਰੀ ਸਮਝ ਨਹੀਂ ਆਇਆ ਕਿ ਮੈਂ ਕੀ ਮੰਗਾਂ, ਮੇਰੇ ਮੁੰਹ ਚੋਂ ਨਿਕਲਿਆ ਕਿ ਇੱਸ ਜਿੱਤ ਦੀ ਖ਼ੁਸ਼ੀ 'ਚ ਪੂਰੇ ਭਾਰਤ 'ਚ ਛੁੱਟੀ ਕਰ ਦਿੱਤੀ ਜਾਵੇ। ਮੈਂ ਜਿਸ ਦਿਨ ਭਾਰਤ ਪਹੁੰਚਿਆ ਤਾਂ ਪੰਡਿਤ ਨਹਿਰੂ ਨੇ ਆਪਣਾ ਵਾਅਦਾ ਨਿਭਾਇਆ ਅਤੇ ਪੂਰੇ ਦੇਸ਼ 'ਚ ਛੁੱਟੀ ਐਲਾਨੀ ਗਈ।''

ਫਲਾਇੰਗ ਸਿੱਖ ਬਣਨ ਦੀ ਕਹਾਣੀ

1960 'ਚ ਮਿਲਖਾ ਸਿੰਘ ਕੋਲ ਪਾਕਿਸਤਾਨ ਤੋਂ ਸੱਦਾ ਆਇਆ ਕਿ ਭਾਰਤ-ਪਾਕਿਸਤਾਨ ਐਥਲੈਟਿਕਸ ਮੁਕਾਬਲੇ 'ਚ ਹਿੱਸਾ ਲਓ।

ਟੋਕੀਓ ਏਸ਼ਿਅਨ ਗੇਮਜ਼ 'ਚ ਉਨ੍ਹਾਂ ਉੱਥੋਂ ਦੇ ਸਭ ਤੋਂ ਬਿਹਤਰੀਨ ਦੌੜਾਕ ਅਬਦੁਲ ਖ਼ਾਲਿਕ ਨੂੰ 200 ਮੀਟਰ ਦੀ ਦੌੜ 'ਚ ਹਰਾਇਆ ਸੀ।

ਪਾਕਿਸਤਾਨੀ ਚਾਹੁੰਦੇ ਸਨ ਕਿ ਹੁਣ ਦੋਹਾਂ ਦਾ ਮੁਕਾਬਲਾ ਪਾਕਿਸਤਾਨ ਦੀ ਜ਼ਮੀਨ 'ਤੇ ਹੋਵੇ।

ਮਿਲਖਾ ਸਿੰਘ ਨੇ ਪਾਕਿਸਤਾਨ ਜਾਨ ਤੋਂ ਇਨਕਾਰ ਕਰ ਦਿੱਤਾ, ਕਿਉਂਕਿ ਵੰਡ ਸਮੇਂ ਦੀਆਂ ਕਈ ਕੌੜੀਆਂ ਯਾਦਾਂ ਉਨ੍ਹਾਂ ਦੇ ਜ਼ਹਿਨ 'ਚ ਸਨ।

ਪਰ ਨਹਿਰੂ ਦੇ ਕਹਿਣ 'ਤੇ ਮਿਲਖਾ ਪਾਕਿਸਤਾਨ ਗਏ। ਲਾਹੌਰ ਦੇ ਸਟੇਡੀਅਮ 'ਚ ਜਿਵੇਂ ਹੀ ਸਟਾਰਟਰ ਨੇ ਪਿਸਤੌਲ ਦਾਗੀ, ਮਿਲਖਾ ਨੇ ਦੌੜਨਾ ਸ਼ੁਰੂ ਕੀਤਾ।

ਦਰਸ਼ਕਾਂ ਨੇ ਕਹਿਣਾ ਸ਼ੁਰੂ ਕੀਤਾ - ਪਾਕਿਸਤਾਨ ਜ਼ਿੰਦਾਬਾਦ...ਅਬਦੁਲ ਖ਼ਾਲਿਕ ਜ਼ਿੰਦਾਬਾਦ...ਖ਼ਾਲਿਕ, ਮਿਲਖ਼ਾ ਤੋਂ ਅੱਗੇ ਸਨ ਪਰ 100 ਮੀਟਰ ਪੂਰਾ ਹੋਣ ਤੋਂ ਪਹਿਲਾਂ ਮਿਲਖਾ ਉਨ੍ਹਾਂ ਦੇ ਬਰਾਬਰ ਪਹੁੰਚ ਗਏ ਸੀ।

ਇਸ ਦੇ ਬਾਅਦ ਖ਼ਾਲਿਕ ਹੌਲੀ ਹੋਣ ਲੱਗੇ। ਮਿਲਖਾ ਨੇ ਜਦੋਂ ਟੇਪ ਨੂੰ ਛੂਹਿਆ ਤਾਂ ਉਹ ਖ਼ਾਲਿਕ ਤੋਂ ਕਰੀਬ 10 ਗਜ ਅੱਗੇ ਸਨ ਅਤੇ ਉਨ੍ਹਾਂ ਦਾ ਸਮਾਂ 20.7 ਸਕਿੰਟ ਸੀ।

ਇਹ ਉਦੋਂ ਦੇ ਵਿਸ਼ਵ ਰਿਕਾਰਡ ਦੀ ਬਰਾਬਰੀ ਸੀ, ਜਦੋਂ ਦੌੜ ਖ਼ਤਮ ਹੋਈ ਤਾਂ ਖ਼ਾਲਿਕ ਮੈਦਾਨ 'ਤੇ ਹੀ ਰੋਣ ਲੱਗੇ।

ਮਿਲਖਾ ਉਨ੍ਹਾਂ ਦੇ ਕੋਲ ਗਏ ਤੇ ਉਨ੍ਹਾਂ ਦੀ ਪਿੱਠ ਥਪਥਪਾਈ ਤੇ ਬੋਲੇ, ''ਹਾਰ-ਜਿੱਤ ਤਾਂ ਖੇਡ ਦਾ ਹਿੱਸਾ ਹੈ, ਇਸ ਨੂੰ ਦਿਲ ਨਾਲ ਨਹੀਂ ਲਗਾਉਣਾ ਚਾਹੀਦਾ।''

ਦੌੜ ਦੇ ਬਾਅਦ ਮਿਲਖਾ ਨੇ ਵਿਕਟਰੀ ਲੈਪ ਲਗਾਇਆ। ਮਿਲਖਾ ਨੂੰ ਤਗਮਾ ਦਿੰਦੇ ਸਮੇਂ ਪਾਕਿਸਤਾਨ ਦੇ ਰਾਸ਼ਟਪਰਤੀ ਫ਼ੀਲਡ-ਮਾਰਸ਼ਲ ਅਯੂਬ ਖਾਨ ਨੇ ਕਿਹਾ, ''ਮਿਲਖਾ ਅੱਜ ਤੁਸੀਂ ਦੌੜੇ ਨਹੀਂ, ਉੱਡੇ ਹੋ...ਮੈਂ ਤੁਹਾਨੂੰ ਫਲਾਇੰਗ ਸਿੱਖ ਦਾ ਖ਼ਿਤਾਬ ਦਿੰਦਾ ਹਾਂ।''

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)