ਪਾਤਰ-ਘੁੱਗੀ ਕਿਸ ਤਰ੍ਹਾਂ ਸੋਸ਼ਲ ਮੀਡੀਆ 'ਤੇ ਲਚਰ ਗੀਤਾਂ ਨੂੰ ਰੋਕਣਗੇ?

  • ਸੁਨੀਲ ਕਟਾਰੀਆ
  • ਬੀਬੀਸੀ ਪੱਤਰਕਾਰ
ਪੰਜਾਬ

''ਅਸੀਂ ਤਾਂ ਰੇਹੜੀ ਤੋਂ ਸੜਿਆ ਬਤਾਊਂ ਨਹੀਂ ਲੈਂਦੇ, ਸੜਿਆ ਗਾਣਾ ਕਿਵੇਂ ਲੈ ਲਵਾਂਗੇ''

ਇਹ ਗੱਲ ਆਮ ਆਦਮੀ ਪਾਰਟੀ ਦੇ ਸਾਬਕਾ ਨੇਤਾ ਤੇ ਕਲਾਕਾਰ ਗੁਰਪ੍ਰੀਤ ਸਿੰਘ ਘੁੱਗੀ ਨੇ ਪੰਜਾਬੀ ਗੀਤਾਂ ਦੇ ਡਿੱਗਦੇ ਮਿਆਰ ਦੇ ਸੰਦਰਭ 'ਚ ਬੀਬੀਸੀ ਨਾਲ ਖ਼ਾਸ ਗੱਲਬਾਤ ਦੌਰਾਨ ਕਹੀ।

ਉਹ ਹਿੰਸਕ ਗਾਇਕੀ ਖਿਲਾਫ ਬਣ ਰਹੇ ਪੰਜਾਬ ਸੱਭਿਆਚਾਰ ਕਮਿਸ਼ਨ ਦੇ ਮੈਂਬਰ ਹੋਣਗੇ।

ਘੁੱਗੀ ਹੋਣਗੇ ਸਰਗਰਮ ਮੈਂਬਰ

ਉਨ੍ਹਾਂ ਦੇ ਨਾਂ 'ਤੇ ਮੁਹਰ ਪੰਜਾਬ ਆਰਟਸ ਕੌਂਸਲ ਦੇ ਚੇਅਰਮੈਨ ਤੇ ਕਵੀ ਸੁਰਜੀਤ ਪਾਤਰ ਨੇ ਲਗਾ ਦਿੱਤੀ ਹੈ।

ਬੀਬੀਸੀ ਨਾਲ ਗੱਲਬਾਤ ਦੌਰਾਨ ਸੁਰਜੀਤ ਪਾਤਰ ਨੇ ਕਿਹਾ, ''ਪੰਜਾਬੀ ਗਾਇਕੀ ਅਤੇ ਗੀਤਾਂ 'ਤੇ ਨਿਗਰਾਨੀ ਲਈ ਇੱਕ ਪੈਨਲ ਜਾਂ ਕਮਿਸ਼ਨ ਦੋ-ਤਿੰਨ ਦਿਨਾਂ 'ਚ ਬਣੇਗਾ।''

ਉਨ੍ਹਾਂ ਅੱਗੇ ਕਿਹਾ, ''ਕਿਸ ਤਰ੍ਹਾਂ ਪੰਜਾਬੀ ਗਾਇਕੀ ਨੂੰ ਬਿਹਤਰ ਕੀਤਾ ਜਾ ਸਕੇ ਤੇ ਫਿਰ ਇਸ ਦਾ ਇਲਾਜ ਸੋਚਦਿਆਂ ਸੁਝਾਅ ਆਏ ਕਿ ਇੱਕ ਨਿਗਰਾਨ ਕਮੇਟੀ ਹੋਵੇ, ਫਿਰ ਉਸੇ ਗੱਲਬਾਤ ਵਿੱਚੋਂ ਕਮਿਸ਼ਨ ਬਣਾਉਣ ਦਾ ਆਈਡੀਆ ਆਇਆ''

''ਮੁੱਖ ਕੰਮ ਹੈ ਸੋਚਣਾ ਕਿ ਕਿਸ ਤਰ੍ਹਾਂ ਅਸੀਂ ਪੰਜਾਬ ਤੇ ਗਾਇਕੀ ਦੇ ਦ੍ਰਿਸ਼ ਨੂੰ ਹੋਰ ਬਿਹਤਰ ਕਰ ਸਕਦੇ ਹਾਂ, ਪ੍ਰੇਰਣਾ ਨਾਲ ਜਾਂ ਨੈਤਿਕ ਦਬਾਅ ਨਾਲ।''

''ਅਸੀਂ ਸਾਂਝੇ ਤੌਰ 'ਤੇ ਕੰਮ ਕਰਾਂਗੇ ਅਤੇ ਗੁਰਪ੍ਰੀਤ ਘੁੱਗੀ ਵੀ ਇਸ ਕਮਿਸ਼ਨ ਦੇ ਸਰਗਰਮ ਮੈਂਬਰ ਰਹਿਣਗੇ।''

ਇਹ ਇੱਕ ਗੁੰਝਲਦਾਰ ਸਮੱਸਿਆ

ਸੁਰਜੀਤ ਪਾਤਰ ਅਨੁਸਾਰ, ''ਇਸ ਕਮਿਸ਼ਨ ਦੇ ਬਣਨ ਦੇ 3 ਕੁ ਹਫ਼ਤਿਆਂ ਬਾਅਦ ਕਮਿਸ਼ਨ ਰਿਪੋਰਟ ਪੇਸ਼ ਕਰੇਗਾ ਕਿ ਅੱਜ ਕੱਲ੍ਹ ਪੰਜਾਬੀ ਮਨੋਰੰਜਨ ਦੀ ਦੁਨੀਆਂ 'ਚ ਗਾਇਕੀ ਤੇ ਗੀਤਕਾਰੀ ਬਾਬਤ ਕੀ ਕੁਝ ਚੱਲ ਰਿਹਾ ਹੈ ਅਤੇ ਅਸੀਂ ਇਸ ਨਾਲ ਕਿਵੇਂ ਨਜਿੱਠ ਸਕਦੇ ਹਾਂ।''

''ਅਸੀਂ ਆਪਣੇ ਵੱਲੋਂ ਸਮਾਨੰਤਰ ਇੱਕ ਸਕਾਰਾਤਮਕ ਸੱਭਿਆਚਾਰ ਸ਼ੁਰੂ ਕਰ ਸਕਦੇ ਹਾਂ, ਬੱਚਿਆ ਨੂੰ ਪ੍ਰੇਰਿਤ ਕਰ ਸਕਦੇ ਹਾਂ ਅਤੇ ਇਸ ਮਾਹੌਲ ਨੂੰ ਬਿਹਤਰ ਕਰ ਸਕਦੇ ਹਾਂ।''

ਉਨ੍ਹਾਂ ਮੁਤਾਬਕ, ''ਇਹ ਇੱਕ ਗੁੰਝਲਦਾਰ ਸਮੱਸਿਆ ਹੈ, ਜਿਸ 'ਚ ਕਲਾਕਾਰ ਦੀ ਕਲਾਤਮਕ ਆਜ਼ਾਦੀ ਵੀ ਸ਼ਾਮਿਲ ਹੈ, ਸੰਗੀਤ ਦੀ ਸ਼ੁੱਧਤਾ 'ਤੇ ਵੀ ਮਾੜਾ ਅਸਰ ਪੈ ਰਿਹਾ ਹੈ।''

''ਘਰਾਂ ਵਿੱਚ ਵੀ ਟੀਵੀ 'ਤੇ ਹਰ ਉਮਰ ਦੇ ਲੋਕ ਇਸ ਤਰ੍ਹਾਂ ਦੇ ਗੀਤਾਂ ਨੂੰ ਦੇਖਦੇ-ਸੁਣਦੇ ਹਨ।''

''ਇਸ ਸਾਰੀ ਸਮੱਸਿਆ ਨੂੰ ਸਮਝਣ ਤੇ ਇਸ ਦਾ ਹਲ੍ਹ ਕੱਢਣ ਲਈ ਇਸ ਕਮਿਸ਼ਨ ਦਾ ਵਿਚਾਰ ਆਇਆ।''

ਉਹ ਕਹਿੰਦੇ ਹਨ, ''ਅਸੀਂ ਸੈਮੀਨਾਰ ਵੀ ਕਰਾਵਾਂਗੇ, ਜਿਸ ਤਹਿਤ ਗਾਇਕਾਂ-ਕਲਾਕਾਰਾਂ ਨੂੰ ਸੱਦਿਆ ਜਾਵੇਗਾ ਤੇ ਇਸ ਨੂੰ ਲਗਾਤਾਰ ਜਾਰੀ ਰੱਖਾਂਗੇ।''

''ਕੁਝ ਨਾ ਕਰਨ ਨਾਲੋਂ ਕੁਝ ਕਰਨਾ ਬਿਹਤਰ''

ਸੁਰਜੀਤ ਪਾਤਰ ਨੇ ਕਿਹਾ,''ਅਸੀਂ ਸੋਚਿਆ ਕੁਝ ਨਾ ਕਰਨ ਨਾਲੋਂ ਕੁਝ ਕਰਨਾ ਬਿਹਤਰ ਹੈ, ਜੇ ਅਸੀਂ ਸਭ ਕੁਝ ਹਲ੍ਹ ਨਹੀਂ ਕਰ ਸਕਦੇ ਇਸ ਦਾ ਮਤਲਬ ਇਹ ਨਹੀਂ ਕਿ ਅਸੀਂ ਕੁਝ ਵੀ ਹੱਲ ਨਾ ਕਰੀਏ।''

ਉਨ੍ਹਾਂ ਮੁਤਾਬਕ, ''ਮਨੋਰੰਜਨ ਖ਼ੇਤਰ ਵਿੱਚ ਸਮੱਸਿਆ ਆਸਾਨ ਨਹੀਂ ਹੈ ਪਰ ਅਸੀਂ ਇੱਕ ਸ਼ੁਰੂਆਤ ਕਰ ਰਹੇ ਹਾਂ।''

''ਇਸ ਪੂਰੇ ਵਰਤਾਰੇ 'ਚ ਮਾਨਸਿਕਤਾ, ਮਾਹੌਲ, ਨੌਜਵਾਨਾਂ ਦੀ ਨਿਰਾਸ਼ਾ ਤੇ ਸਮਾਜ ਦਾ ਪ੍ਰਭਾਵ ਵੀ ਸ਼ਾਮਿਲ ਹੈ।''

ਸੋਸ਼ਲ ਮੀਡੀਆ 'ਤੇ ਨੱਥ ਕਿਵੇਂ?

ਸੋਸ਼ਲ ਮੀਡੀਆ ਰਾਹੀਂ ਗੀਤਾਂ ਦੇ ਪ੍ਰਸਾਰਣ ਨੂੰ ਲੈ ਕੇ ਸੁਰਜੀਤ ਪਾਤਰ ਕਹਿੰਦੇ ਹਨ, ''ਅਸੀਂ ਡਿਜਿਟਲ ਅਤੇ ਸੋਸ਼ਲ ਮੀਡੀਆ ਕੰਪਨੀਆਂ ਨੂੰ ਦਰਖ਼ਾਸਤ ਕਰਾਂਗੇ ਕਿ ਇਸ ਤਰ੍ਹਾਂ ਦੇ ਮਾੜੇ ਅਤੇ ਇਤਰਾਜ਼ਯੋਗ ਗੀਤਾਂ ਨੂੰ ਉਨ੍ਹਾਂ ਦੇ ਵੱਖ-ਵੱਖ ਪਲੇਟਫਾਰਮਸ ਤੋਂ ਹਟਾਇਆ ਜਾਵੇ।''

''ਜਿੱਥੇ ਵੀ ਅਸੀਂ ਕੋਸ਼ਿਸ਼ ਕਰ ਸਕਦੇ ਹਾਂ ਇਸ ਵਰਤਾਰੇ ਨੂੰ ਠਲ੍ਹ ਪਾਉਣ ਲਈ, ਉਹ ਕਰਾਂਗੇ।''

''ਇਸ ਕਮਿਸ਼ਨ 'ਚ ਅਸੀਂ ਲਗਭਗ 13-14 ਮੈਂਬਰ ਰੱਖਾਂਗੇ ਤੇ ਉਨ੍ਹਾਂ ਸਾਰਿਆਂ ਨੂੰ ਵੱਖ-ਵੱਖ ਕੰਮ ਸੌਂਪੇ ਜਾਣਗੇ।''

''ਵਿਰਸੇ ਤੇ ਵਿਰਾਸਤ ਨੂੰ ਪਲੀਤ ਕੀਤਾ ਜਾ ਰਿਹਾ''

ਆਮ ਆਦਮੀ ਪਾਰਟੀ ਦੇ ਸਾਬਕਾ ਨੇਤਾ ਤੇ ਕਲਾਕਾਰ ਗੁਰਪ੍ਰੀਤ ਸਿੰਘ ਘੁੱਗੀ ਇਸ ਪੰਜਾਬ ਸੱਭਿਆਚਾਰ ਕਮਿਸ਼ਨ ਦੇ ਸਰਗਰਮ ਮੈਂਬਰ ਹੋਣਗੇ।

ਗਾਇਕੀ ਤੇ ਗੀਤਾਂ ਵਿੱਚ ਆ ਰਹੇ ਨਿਘਾਰ, ਲੱਚਰਤਾ ਅਤੇ ਹਿੰਸਾ ਨੂੰ ਲੈ ਕੇ ਗੁਰਪ੍ਰੀਤ ਸਿੰਘ ਘੁੱਗੀ ਕਹਿੰਦੇ ਹਨ, ''ਮੈਂ ਦੇਖਦਾਂ ਹਾਂ ਕਿ ਸਾਡੇ ਵਿਰਸੇ ਤੇ ਸਾਡੀ ਵਿਰਾਸਤ ਨੂੰ ਕਿੰਨਾ ਪਲੀਤ ਕੀਤਾ ਜਾ ਰਿਹਾ ਹੈ।''

ਉਹ ਅੱਗੇ ਕਹਿੰਦੇ ਹਨ, ''ਲੋਕ ਕਹਿੰਦੇ ਸੀ ਸਰਕਾਰ ਇਨਾਂ ਚੀਜ਼ਾ 'ਤੇ ਪਾਬੰਦੀ ਕਿਉਂ ਨਹੀਂ ਲਗਾਉਂਦੀ, ਸਰਕਾਰ ਕਹਿੰਦੀ ਸੀ ਇਹ ਲੋਕ ਧਾਰਾ ਦੀਆਂ ਗੱਲਾਂ ਹਨ, ਅਸੀਂ ਇਨਾਂ 'ਚ ਕਿਵੇਂ ਸਿੱਧਾ ਦਖ਼ਲ ਦਈਏ।''

ਸਰਕਾਰ ਤੇ ਲੋਕਾਂ ਵਿਚਾਲੇ ਕੜੀ ਹੈ ਕਮਿਸ਼ਨ

ਉਨ੍ਹਾਂ ਅਨੁਸਾਰ, ''ਇਸ ਕਮਿਸ਼ਨ ਨੂੰ ਸਰਕਾਰ ਵੱਲੋਂ ਸਮਰਥਣ ਹਾਸਿਲ ਹੋਵੇਗਾ, ਪਰ ਇਸ ਵਿੱਚ ਉਹ ਲੋਕ ਸ਼ਾਮਿਲ ਹੋਣਗੇ ਜਿਹੜੇ ਸਮਾਜ ਦੇ ਨੁਮਾਇੰਦੇ ਹੋਣਗੇ।''

''ਇਸ ਵਿੱਚ ਕੋਈ ਸਰਕਾਰੀ ਅਫ਼ਸਰ ਨਹੀਂ ਹੋਵੇਗਾ, ਸਗੋਂ ਉਹ ਲੋਕ ਸ਼ਾਮਿਲ ਹੋਣਗੇ ਜਿੰਨਾਂ ਦਾ ਸਮਾਜ 'ਚ ਬੇਹੱਦ ਸਤਿਕਾਰ ਹੈ ਤੇ ਲੋਕ ਉਨ੍ਹਾਂ ਨੂੰ ਪਿਆਰ ਕਰਦੇ ਹਨ।''

ਉਹ ਅੱਗੇ ਕਹਿੰਦੇ ਹਨ, ''ਇਹ ਇੱਕ ਅਜਿਹਾ ਕਮਿਸ਼ਨ ਹੋਵੇਗਾ, ਜਿਹੜਾ ਨਿਗਰਾਨੀ ਰੱਖੇਗਾ ਕਿ ਖ਼ਾਸ ਤੌਰ 'ਤੇ ਨੌਜਵਾਨਾਂ ਨੂੰ ਕਿਸ ਤਰ੍ਹਾਂ ਦਾ ਮਨੋਰੰਜਨ ਪਰੋਸਿਆ ਜਾ ਰਿਹਾ ਹੈ, ਇਹ ਮਨੋਰੰਜਨ ਵਧੀਆ ਹੈ ਜਾਂ ਨਹੀਂ?'

''ਇਹ ਮਨੋਰੰਜਨ ਫਾਇਦੇਮੰਦ ਨਾ ਹੋਵੇ ਪਰ ਕਿਤੇ ਸਮਾਜ ਨੂੰ ਨੁਕਸਾਨ ਤਾਂ ਨਹੀਂ ਪਹੁੰਚਾ ਰਿਹਾ।''

''ਘੁੱਗੀ ਕਹਿੰਦੇ ਹਨ ਕਿ ਲੋਕਾਂ ਅਤੇ ਸਰਕਾਰ ਵਿਚਾਲੇ ਜਿਹੜੀ ਕੜੀ ਦੀ ਲੋੜ ਸੀ, ਹੁਣ ਉਹ ਕੜੀ ਮਿਲ ਗਈ ਹੈ।''

ਗੰਦਗੀ ਸਾਫ਼ ਹੋਣੀ ਚਾਹੀਦੀ ਹੈ...

ਉਹ ਕਹਿੰਦੇ ਹਨ, ''ਅੱਜ ਕੱਲ ਕਈ ਮਾਪਿਆਂ ਕੋਲ ਇਨੀਂ ਫ਼ੁਰਸਤ ਨਹੀਂ ਹੁੰਦੀ, ਕਈਆਂ ਕੋਲ ਹਿੰਮਤ ਨਹੀਂ ਹੁੰਦੀ ਜਾਂ ਸੋਚ-ਸਮਝ ਨਹੀਂ ਹੁੰਦੀ ਕੇ ਉਹ ਆਪਣੇ ਬੱਚਿਆਂ ਨੂੰ ਇਸ ਤਰ੍ਹਾਂ ਦੇ ਮਨੋਰੰਜਨ ਤੋਂ ਬਚਾਉਂਦੇ ਰਹਿਣ ਤੇ ਸਮਝਾਉਂਦੇ ਰਹਿਣ।''

''ਬੱਚਾ ਇਨਾਂ ਵਹਿਲਾ ਹੁੰਦਾ ਹੈ ਕਿ ਸਮਾਜ ਵਿੱਚ ਜੋ ਆਉਂਦਾ ਹੈ ਉਹ ਗ੍ਰਹਿਣ ਕਰਦਾ ਰਹਿੰਦਾ ਹੈ।''

''ਬੱਚੇ ਸਾਡੇ ਪੰਜਾਬ ਦਾ ਭਵਿੱਖ ਹਨ ਤੇ ਪਿਤਾ ਹੋਣ ਦੇ ਨਾਤੇ ਮੈਂ ਬਹੁਤ ਫ਼ਿਕਰਮੰਦ ਹਾਂ।''

ਲੱਚਰ ਤੇ ਹਿੰਸਕ ਗਾਇਕੀ ਬਾਰੇ ਉਹ ਕਹਿੰਦੇ ਹਨ, ''ਮੈਂ ਤਾਂ ਸ਼ੁਰੂ ਤੋਂ ਇਸ ਗੱਲ ਦੇ ਹੱਕ 'ਚ ਰਿਹਾਂ ਹਾਂ ਕਿ ਇਸ ਤਰ੍ਹਾਂ ਦੀ ਗੰਦਗੀ ਸਾਫ਼ ਹੋਣੀ ਚਾਹੀਦੀ ਹੈ।''

''ਸੋਸ਼ਲ ਮੀਡੀਆ ਗਲੋਬਲ ਸਮੱਸਿਆ''

ਸੋਸ਼ਲ ਮੀਡੀਆ 'ਤੇ ਮੌਜੂਦ ਮਨੋਰੰਜਨ ਸਮੱਗਰੀ ਬਾਬਤ ਉਹ ਕਹਿੰਦੇ ਹਨ, ''ਸੋਸ਼ਲ ਮੀਡੀਆ ਇੱਕ ਗਲੋਬਲ ਸਮੱਸਿਆ ਹੈ ਅਤੇ ਜੇ ਇਸ ਸਮੱਸਿਆ ਨੂੰ ਕੋਈ ਇੱਕ ਸੂਬਾ ਹੱਲ੍ਹ ਕਰਨਾ ਚਾਹੇ ਤਾਂ ਨਹੀਂ ਕਰ ਸਕਦਾ।''

''ਜੇਕਰ ਕਮਿਸ਼ਨ ਕੋਲ ਇਸ ਤਰ੍ਹਾਂ ਦੀ ਸ਼ਕਤੀ ਹੋਵੇਗੀ ਅਤੇ ਸਰਕਾਰੀ ਅਖ਼ਤਿਆਰ ਮਗਰ ਹੋਣਗੇ ਤਾਂ ਅਸੀਂ ਇਸ ਮਸਲੇ 'ਤੇ ਇਨਾਂ ਕਰ ਸਕਾਂਗੇ ਕਿ ਜਿਹੜੀ ਚੀਜ਼ ਪੰਜਾਬ ਦੇ ਹਿੱਤਾਂ 'ਚ ਨਹੀਂ ਹੋਵੇਗੀ ਤਾਂ ਅਸੀਂ ਡਿਜਿਟਲ ਪਲੇਟਫਾਰਮਸ ਨੂੰ ਕਹਿ ਕੇ ਇਤਰਾਜ਼ਯੋਗ ਗੀਤ ਉੱਥੋ ਹਟਵਾਉਣ ਲਈ ਗੁਜ਼ਾਰਿਸ਼ ਕਰਾਂਗੇ।''

''ਜਦੋਂ ਸਾਡੇ ਕਮਿਸ਼ਨ ਅਤੇ ਇਸ ਦੇ ਕੰਮ ਬਾਰੇ ਸੋਸ਼ਲ ਮੀਡੀਆ ਨੂੰ ਪਤਾ ਲੱਗੇਗਾ ਤਾਂ ਉਹ ਇਤਰਾਜ਼ਯੋਗ ਸਮੱਗਰੀ ਨੂੰ ਆਪਣੇ ਪਲੇਟਫਾਰਮਸ ਤੋਂ ਹਟਾਉਣ ਦੀ ਸਾਡੀ ਅਰਜ਼ੀ ਨੂੰ ਮੰਨਣਗੇ ਤੇ ਅਮਲ ਵੀ ਕਰਣਗੇ।''

''ਅਸੀਂ ਤਾਂ ਰੇਹੜੀ ਤੋਂ ਸੜਿਆ ਬਤਾਉਂ ਨਹੀਂ ਲੈਂਦੇ, ਸੜਿਆ ਗਾਣਾ ਕਿਵੇਂ ਲੈ ਲਵਾਂਗੇ''

ਉੁਹ ਕਹਿੰਦੇ ਹਨ ਕਿ ਸੋਸ਼ਲ ਮੀਡੀਆ ਜ਼ਬਰਦਸਤੀ ਤੁਹਾਡੇ ਘਰ ਨਹੀਂ ਵੜਦਾ।

ਉਨ੍ਹਾਂ ਦਾ ਕਹਿਣਾ ਸੀ, ''ਸਾਡੀ ਪਹਿਲੀ ਲੜਾਈ ਟੀਵੀ ਚੈਨਲਾਂ ਖ਼ਿਲਾਫ਼ ਹੈ, ਟੈਲੀਵਿਜ਼ਨ ਤੁਸੀਂ ਘਰ 'ਚ ਲਾਉਣਾ ਹੀ ਲਾਉਣਾ ਹੈ, ਇਹ ਤੁਹਾਡੀ ਮਜਬੂਰੀ ਬਣ ਗਿਆ ਹੈ, ਤੁਸੀਂ ਇਸ ਬਗੈਰ ਕਿਵੇਂ ਅੱਜ ਕੱਲ ਕੰਮ ਚਲਾਓਗੇ?''

''ਗੱਡੀ 'ਚ ਤੁਸੀਂ ਬੱਚਿਆਂ ਨਾਲ ਹੋ ਤੇ ਰੇਡੀਓ ਚੱਲ ਰਿਹਾ ਹੈ ਅਤੇ ਜਿਹੜਾ ਇਨ੍ਹਾਂ ਮਾਧਿਅਮਾਂ ਰਾਹੀਂ ਮਨੋਰੰਜਨ ਸਾਡੇ ਘਰ ਖ਼ੁਦ ਚੱਲ ਕੇ ਆ ਰਿਹਾ ਹੈ ਉਸ 'ਤੇ ਸਾਡਾ ਅੰਕੁਸ਼ ਹੋਣਾ ਚਾਹੀਦਾ ਹੈ ਕਿ ਕੀ ਸਾਡੇ ਘਰ ਆਉਣਾ ਚਾਹੀਦਾ ਹੈ ਤੇ ਕੀ ਨਹੀਂ।''

ਪੰਜਾਬ ਸੱਭਿਆਚਾਰ ਕਮਿਸ਼ਨ ਦਾ ਐਲਾਨ

ਗੌਰਤਲਬ ਹੈ ਕਿ ਪੰਜਾਬ ਵਿੱਚ ਲੱਚਰ ਤੇ ਹਿੰਸਕ ਗਾਇਕੀ 'ਤੇ ਠੱਲ੍ਹ ਪਾਉਣ ਲਈ ਪੰਜਾਬ ਸਰਕਾਰ ਵੱਲੋਂ ਅਹਿਮ ਐਲਾਨ ਹੋਇਆ।

ਇਸ ਐਲਾਨ ਤਹਿਤ ਪੰਜਾਬ ਸਰਕਾਰ ਆਉਣ ਵਾਲੇ ਦਿਨਾਂ 'ਚ ਇੱਕ ਕਮਿਸ਼ਨ ਕਾਇਮ ਕਰੇਗੀ, ਜਿਸ ਤਹਿਤ ਗਾਇਕਾਂ ਤੇ ਗੀਤਕਾਰਾਂ ਵੱਲੋਂ ਲਿਖੇ ਜਾਂਦੇ ਗੀਤਾਂ ਦੇ 'ਸ਼ਬਦਾਂ' 'ਤੇ ਖ਼ਾਸ ਤੌਰ 'ਤੇ ਨਿਗਾਹ ਰੱਖੀ ਜਾਵੇਗੀ।

ਇਸ ਕਮਿਸ਼ਨ ਨੂੰ 'ਪੰਜਾਬ ਸੱਭਿਆਚਾਰ ਕਮਿਸ਼ਨ' ਦਾ ਨਾਂ ਦਿੱਤਾ ਗਿਆ ਹੈ।

ਕਮਿਸ਼ਨ ਦੇ ਚੇਅਰਮੈਨ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਹੋਣਗੇ ਅਤੇ ਇਸ ਕਮਿਸ਼ਨ ਦੇ ਵਾਈਸ ਚੇਅਰਮੈਨ ਸੱਭਿਆਚਾਰ ਮੰਤਰੀ ਨਵਜੋਤ ਸਿੰਘ ਸਿੱਧੂ ਹੋਣਗੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)