ਕੀ ਅੱਜ ਵੀ ਦਲਿਤਾਂ ਨੂੰ ਵੱਖਰੇ ਗਲਾਸਾਂ ਵਿੱਚ ਦਿੱਤੀ ਜਾਂਦੀ ਹੈ ਚਾਹ?

ਚਾਹ ਦੇ ਕੱਪ

ਤਸਵੀਰ ਸਰੋਤ, PUNEET KUMAR/BBC

ਕੀ ਤੁਸੀਂ ਕਦੇ ਹੋਟਲ ਵਿੱਚ ਚਾਹ ਪੀਣ ਤੋਂ ਬਾਅਦ ਆਪਣਾ ਕੱਪ ਧੋਤਾ ਹੈ? ਦੱਖਣ ਭਾਰਤ ਦੇ ਕਈ ਹਿੱਸਿਆਂ ਵਿੱਚ ਹੋਟਲਾਂ ਵਿੱਚ ਚਾਹ ਪੀਣ ਤੋਂ ਬਾਅਦ ਕੁਝ ਲੋਕਾਂ ਨੂੰ ਆਪਣਾ ਕੱਪ ਧੋਣਾ ਪੈਂਦਾ ਹੈ।

ਦਲਿਤਾਂ ਨੂੰ ਅਜਿਹਾ ਕਰਨਾ ਪੈਂਦਾ ਹੈ। ਕਈ ਵਾਰ ਉਨ੍ਹਾਂ ਨੂੰ ਹੋਰ ਪਿੰਡ ਵਾਲਿਆਂ ਨਾਲ ਚਾਹ ਪੀਣ ਦੀ ਵੀ ਇਜਾਜ਼ਤ ਨਹੀਂ ਹੁੰਦੀ।

ਦਲਿਤਾਂ ਦੇ ਚਾਹ ਪੀਣ ਦੇ ਗਲਾਸ ਵੱਖਰੇ ਰੱਖੇ ਜਾਣ ਦੀ ਰਵਾਇਤ ਨੂੰ 'ਟੂ-ਗਲਾਸ ਸਿਸਟਮ' ਕਹਿੰਦੇ ਹਨ। ਭਾਰਤ ਦੇ ਕੁੱਝ ਹਿੱਸਿਆਂ ਵਿੱਚ ਇਹ ਅਜੇ ਵੀ ਹੁੰਦਾ ਹੈ।

ਟੂ-ਗਲਾਸ ਸਿਸਟਮ ਕਿਉਂ?

ਕੁਝ ਉੱਚ ਜਾਤੀ ਪਰਿਵਾਰਾਂ ਵਿੱਚ ਦਲਿਤ ਆਗਂਤੁਕਾਂ ਲਈ ਅੱਜ ਵੀ ਵੱਖਰੇ ਬਰਤਨ ਰੱਖੇ ਜਾਂਦੇ ਹਨ। ਪਰ ਸਾਰਵਜਨਿਕ ਦੁਕਾਨਾਂ 'ਤੇ ਵੱਖਰੇ ਗਲਾਸ ਰੱਖਣ ਦੀ ਪਰੰਪਰਾ ਹੈਰਾਨ ਕਰਦੀ ਹੈ।

ਜਾਤ 'ਤੇ ਅਧਾਰਿਤ ਭੇਦਭਾਅ ਖਿਲਾਫ ਭਾਰਤ ਦੇ ਸੰਵਿਧਾਨ ਵਿੱਚ ਕਈ ਕਾਨੂੰਨ ਹਨ। ਸੰਵਿਧਾਨ ਦਾ ਅਨੁਛੇਦ 15 ਜਾਤ, ਧਰਮ, ਲਿੰਗ ਅਤੇ ਜਨਮ ਦੀ ਥਾਂ ਦੇ ਆਧਾਰ 'ਤੇ ਭੇਦਭਾਅ ਨੂੰ ਗਲਤ ਦੱਸਦਾ ਹੈ।

ਇਸਦੇ ਬਾਵਜੂਦ ਇਹ ਭੇਦਭਾਅ ਭਾਰਤ ਦਾ ਇੱਕ ਕੌੜਾ ਸੱਚ ਹੈ।

ਤਸਵੀਰ ਸਰੋਤ, PUNEET KUMAR/BBC

ਪਰ ਪੇਪਰ ਕੱਪ ਵਰਗੀ ਨਿੱਕੀ ਜਿਹੀ ਚੀਜ਼ ਨੇ ਇਸ ਰੂੜੀਵਾਦੀ ਪ੍ਰਥਾ ਨੂੰ ਤੋੜਣ ਦੀ ਕੋਸ਼ਿਸ਼ ਕੀਤੀ ਹੈ।

ਚਾਹ ਦੀਆਂ ਛੋਟੀਆਂ ਦੁਕਾਨਾਂ ਅਤੇ ਹੋਟਲਾਂ ਵਿੱਚ ਡਿਸਪੋਜ਼ੇਬਲ ਗਲਾਸ ਰੱਖੇ ਜਾਣ ਲੱਗੇ ਹਨ।

ਇਸ ਨਾਲ ਦਲਿਤਾਂ ਲਈ ਵੱਖਰੇ ਗਲਾਸ ਰੱਖਣ ਦੀ ਪ੍ਰਥਾ ਵਿੱਚ ਬਦਲਾਅ ਆਇਆ ਹੈ। ਹੁਣ ਕਿਸੇ ਨੂੰ ਚਾਹ ਪੀਣ ਤੋਂ ਬਾਅਦ ਆਪਣਾ ਗਲਾਸ ਧੋਣਾ ਨਹੀਂ ਪੈਂਦਾ।

ਕਾਗਜ਼ ਦੇ ਗਲਾਸ ਨੇ ਕਿੰਨੇ ਬਦਲੇ ਹਾਲਾਤ?

ਬੀਬੀਸੀ ਦੀ ਟੀਮ ਦੇ ਆਂਧਰਾ ਪ੍ਰਦੇਸ਼ ਦੇ ਕੁਝ ਪਿੰਡਾਂ ਦਾ ਦੌਰਾ ਕੀਤਾ ਅਤੇ ਇਹ ਸਮਝਣ ਦੀ ਕੋਸ਼ਿਸ਼ ਕੀਤੀ ਕਿ ਕਾਗਜ਼ ਦੇ ਗਲਾਸਾਂ ਕਰਕੇ ਦਲਿਤਾਂ ਦੇ ਜੀਵਨ ਵਿੱਚ ਕੀ ਬਦਲਾਅ ਆਏ ਹਨ?

ਟੀਮ ਵਿਜੇਨਗਰਮ ਜ਼ਿਲੇ ਦੇ ਮੁੱਤਾਈ ਵਿਲਸਾ ਪਿੰਡ ਪਹੁੰਚੀ। ਉੱਥੇ ਛੋਟਾ ਜਿਹਾ ਹੋਟਲ ਚਲਾਉਣ ਵਾਲੇ ਇੱਕ ਬੰਦੇ ਨਾਲ ਗੱਲ ਕੀਤੀ। ਉਨ੍ਹਾਂ ਇਹ ਮੰਨਿਆ ਕਿ ਦਲਿਤਾਂ ਨੂੰ ਡਿਸਪੋਜ਼ੇਬਲ ਗਲਾਸਾਂ ਵਿੱਚ ਚਾਹ ਦਿੰਦੇ ਹਨ ਅਤੇ ਹੋਰਾਂ ਨੂੰ ਦੂਜੇ ਗਲਾਸਾਂ ਵਿੱਚ।

ਪਿੰਡ ਵਿੱਚ ਰਹਿਣ ਵਾਲੇ ਦਲਿਤ ਵੇਨਕੰਨਾ ਨੇ ਕਿਹਾ, ''ਪਹਿਲਾਂ ਸਾਡੇ ਪਿੰਡ ਵਿੱਚ ਸਭ ਦੋ ਤਰ੍ਹਾਂ ਦੇ ਗਲਾਸ ਰੱਖਦੇ ਸਨ, ਪਰ ਬਾਅਦ ਵਿੱਚ ਪ੍ਰਸ਼ਾਸਨ ਦੇ ਡਰ ਤੋਂ ਡਿਸਪੋਜ਼ੇਬਲ ਗਲਾਸਾਂ ਦਾ ਇਸਤੇਮਾਲ ਕੀਤਾ ਜਾਣ ਲੱਗਾ।''

''ਅਸੀਂ ਸਾਰੇ ਪਿਆਰ ਨਾਲ ਰਹਿੰਦੇ ਹਨ। ਜੇ ਕਿਸੇ ਨੂੰ ਪਲਾਸਟਿਕ ਦੇ ਗਲਾਸ ਵਿੱਚ ਚਾਹ ਪੀਣੀ ਹੁੰਦੀ ਹੈ ਤਾਂ ਉਹ ਖੁਦ ਆਪਣੇ ਘਰ ਤੋਂ ਲੈ ਆਂਦਾ ਹੈ।''

ਹੋਰ ਜਾਤਾਂ ਦੇ ਪਿੰਡ ਵਾਲੇ ਕਿਸੇ ਵੀ ਤਰ੍ਹਾਂ ਦੇ ਭੇਦਭਾਅ ਤੋਂ ਇਨਕਾਰ ਕਰਦੇ ਹਨ।

60 ਸਾਲ ਦੇ ਇੱਕ ਬਜ਼ੁਰਗ ਨੇ ਦੱਸਿਆ, ''ਤਿਉਹਾਰਾਂ ਵਿੱਚ ਦਲਿਤ ਸਾਡੇ ਘਰ ਆਉਂਦੇ ਹਨ, ਸਾਡੇ ਨਾਲ ਖਾਣਾ ਖਾਂਦੇ ਹਨ, ਇੱਥੇ 'ਟੂ-ਗਲਾਸ ਸਿਸਟਮ' ਬਿਲਕੁਲ ਵੀ ਨਹੀਂ ਹੈ।''

ਏਕਤਾ ਦੀ ਭਾਵਨਾ

ਪਿੰਡ ਦੇ ਦਲਿਤ ਜਾਣਦੇ ਹਨ ਕਿ ਭੇਦਭਾਅ ਖਿਲਾਫ ਉਨ੍ਹਾਂ ਦੇ ਕਿਹੜੇ ਕਾਨੂੰਨੀ ਹੱਕ ਹਨ। ਇਸਦੇ ਬਾਵਜੂਦ ਉਹ ਪਿੰਡ ਵਿੱਚ ਮਿਲ ਜੁਲ ਕੇ ਰਹਿਣਾ ਚਾਹੁੰਦੇ ਹਨ।

ਪਿੰਡ ਪਿਰੀਡੀ ਵਿੱਚ 'ਟੂ-ਗਲਾਸ ਸਿਸਟਮ' ਨੂੰ 1990 ਵਿੱਚ ਵੀ ਖਤਮ ਕਰ ਦਿੱਤਾ ਗਿਆ ਸੀ।

40 ਸਾਲ ਦੇ ਦਲਿਤ ਰਾਮਾਰਾਵ ਨੇ ਕਿਹਾ ਕਿ ਉਨ੍ਹਾਂ ਕਦੇ 'ਟੂ-ਗਲਾਸ ਸਿਸਟਮ' ਵਰਗਾ ਭੇਦਭਾਅ ਹੁੰਦਾ ਨਹੀਂ ਵੇਖਿਆ ਹੈ।

ਪਿੰਡ ਸਿਮਹਾਚਲਮ ਦੇ ਰਹਿਣ ਵਾਲਿਆਂ ਦਾ ਕਹਿਣਾ ਹੈ ਕਿ ਜਦ ਸਮਾਜ ਵਿੱਚ 'ਟੂ-ਗਲਾਸ ਸਿਸਟਮ' ਖਿਲਾਫ ਆਵਾਜ਼ ਚੁੱਕੀ ਗਈ ਉਦੋਂ ਇਸ ਪ੍ਰਥਾ ਨੂੰ ਖਤਮ ਕਰ ਦਿੱਤਾ ਗਿਆ।

ਦਲਿਤਾਂ ਦੇ ਹੱਕਾਂ ਲਈ ਕੰਮ ਕਰਨ ਵਾਲੇ ਇੱਕ ਨੇਤਾ ਸੋਰੂ ਰਾਮਬੈਯਾ ਨੇ ਦੱਸਿਆ ਕਿ ਕੁਝ ਹੋਟਲਾਂ ਵਿੱਚ ਇਹ ਸਿਸਟਮ ਅਜੇ ਵੀ ਚੱਲ ਰਿਹਾ ਹੈ।

ਇਸ ਪਿੰਡ ਦੇ ਬਜ਼ੁਰਗਾਂ ਮੁਤਾਬਕ ਪਿੰਡ ਵਿੱਚ ਸਾਰਿਆਂ ਨੂੰ ਇੱਕ ਹੀ ਕੱਪ ਵਿੱਚ ਚਾਹ ਮਿਲਣੀ ਚਾਹੀਦੀ ਹੈ। ਇਸ ਨਾਲ ਆਪਸ ਵਿੱਚ ਸਮਾਨਤਾ ਆਵੇਗੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)