SC/ST ਭਾਈਚਾਰੇ ਵੱਲੋਂ ਬੰਦ ਦਾ ਸੱਦਾ: ਪੰਜਾਬ 'ਚ ਸਕੂਲ, ਕਾਲਜ ਬੰਦ, ਆਵਾਜਾਈ ਠੱਪ

ਕੈਪਟਨ ਅਮਰਿੰਦਰ ਸਿੰਘ

ਸੁਪਰੀਮ ਕੋਰਟ ਵੱਲੋਂ ਐੱਸਸੀ/ਐੱਸਟੀ ਕਾਨੂੰਨ ਵਿੱਚ ਬਦਲਾਅ ਕਰਨ ਬਾਰੇ ਫੈਸਲਾ ਸੁਣਾਉਣ 'ਤੇ ਅਸਹਿਮਤੀ ਜਤਾਉਂਦੇ ਹੋਏ ਐਸਸੀ/ਐਸਟੀ ਭਾਈਚਾਰੇ ਨਾਲ ਜੁੜੀਆਂ ਜਥੇਬੰਦੀਆਂ ਵੱਲੋਂ ਪੂਰੇ ਦੇਸ ਵਿੱਚ ਸੋਮਵਾਰ ਨੂੰ ਬੰਦ ਦਾ ਸੱਦਾ ਦਿੱਤਾ ਗਿਆ ਹੈ।

ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਕੂਲ ਤੇ ਕਾਲਜਾਂ ਨੂੰ ਸੋਮਵਾਰ ਵਾਸਤੇ ਬੰਦ ਕਰ ਦਿੱਤਾ ਗਿਆ ਹੈ।

ਸੂਬੇ ਵਿੱਚ ਐਤਵਾਰ ਸ਼ਾਮ ਤੋਂ ਹੀ ਇੰਟਰਟਨੈਟ ਸੇਵਾ ਬੰਦ ਕਰ ਦਿੱਤੀ ਗਈ ਹੈ ਅਤੇ ਟ੍ਰਾਂਸਪੋਰਟ ਸੇਵਾ ਨੂੰ ਵੀ ਰੋਕ ਦਿੱਤਾ ਗਿਆ ਹੈ।

ਸੁਪਰੀਮ ਕੋਰਟ ਨੇ ਕੀ ਕਿਹਾ ਸੀ?

ਸੁਪਰੀਮ ਕੋਰਟ ਨੇ ਇੱਕ ਹੁਕਮ ਵਿੱਚ ਐੱਸਸੀ/ਐੱਸਟੀ ਐਕਟ ਦੇ ਗਲਤ ਇਸਤੇਮਾਲ 'ਤੇ ਚਿੰਤਾ ਜ਼ਾਹਿਰ ਕੀਤੀ ਸੀ ਅਤੇ ਕਿਹਾ ਸੀ ਕਿ ਇਸ ਦੇ ਤਹਿਤ ਮਾਮਲਿਆਂ ਵਿੱਚ ਤੁਰੰਤ ਗ੍ਰਿਫ਼ਤਾਰੀ ਦੀ ਥਾਂ ਪਹਿਲਾਂ ਸ਼ੁਰੂਆਤੀ ਜਾਂਚ ਹੋਣੀ ਚਾਹੀਦੀ ਹੈ।

ਇੱਕ ਹੁਕਮ ਵਿੱਚ ਜਸਟਿਸ ਏ ਕੇ ਗੋਇਲ ਅਤੇ ਯੂਯੂ ਲਲਿਤ 'ਦੀ ਬੈਂਚ ਨੇ ਕਿਹਾ ਕਿ ਸੱਤ ਦਿਨਾਂ ਦੇ ਅੰਦਰ ਸ਼ੁਰੂਆਤੀ ਜਾਂਚ ਜ਼ਰੂਰ ਪੂਰੀ ਹੋ ਜਾਣੀ ਚਾਹੀਦੀ ਹੈ।

ਮੁੱਖ ਮੰਤਰੀ ਦੀ ਅਪੀਲ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੁਜ਼ਾਹਰਾਕਾਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਕਾਨੂੰਨ ਨੂੰ ਆਪਣੇ ਹੱਥ ਵਿੱਚ ਨਾ ਲੈਣ।

ਕੈਪਟਨ ਅਮਰਿੰਦਰ ਨੇ ਕਿਹਾ, "ਅਸੀਂ ਪ੍ਰਦਰਸ਼ਨਕਾਰੀਆਂ ਨੂੰ ਅਪੀਲ ਕਰਦੇ ਹਾਂ ਕਿ ਉਹ ਕਿਸੇ ਵੀ ਤਰੀਕੇ ਨਾਲ ਸੂਬੇ ਵਿੱਚ ਆਵਾਜਾਈ ਨੂੰ ਨਾ ਰੋਕਣ। ਸੋਮਵਾਰ ਨੂੰ ਇਰਾਕ ਦੇ ਮੂਸਲ ਵਿੱਚ ਮਾਰੇ ਗਏ ਭਾਰਤੀਆਂ ਦੀਆਂ ਮ੍ਰਿਤਕ ਦੇਹਾਂ ਵੀ ਅੰਮ੍ਰਿਤਸਰ ਪਹੁੰਚ ਰਹੀਆਂ ਹਨ ਇਸਲਈ ਉਨ੍ਹਾਂ ਦੇ ਪਰਿਵਾਰਾਂ ਲਈ ਕਿਸੇ ਤਰੀਕੇ ਦੀ ਪ੍ਰੇਸ਼ਾਨੀ ਖੜ੍ਹੀ ਨਾ ਕੀਤੀ ਜਾਵੇ।''

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੁਲਿਸ ਤੇ ਨੀਮ ਫੌਜੀ ਦਸਤਿਆਂ ਨੂੰ ਵੀ ਸੋਮਵਾਰ ਲਈ ਅਲਰਟ ਰਹਿਣ ਦੇ ਹੁਕਮ ਦਿੱਤੇ ਹਨ।

ਸਕੂਲ ਕਾਲਜ ਬੰਦ

ਡੀਪੀਆਈ ਕਾਲਜਾਂ ਵੱਲੋਂ ਸਾਰੇ ਨਿੱਜੀ ਤੇ ਸਰਕਾਰੀ ਕਾਲਜਾਂ ਨੂੰ ਸੋਮਵਾਰ ਨੂੰ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਹਨ। ਇਸੇ ਤਰ੍ਹਾਂ ਸੂਬੇ ਦੇ ਸਾਰੇ ਸਕੂਲ ਵੀ ਸੋਮਵਾਰ ਨੂੰ ਬੰਦ ਰਹਿਣਗੇ।

ਤਸਵੀਰ ਕੈਪਸ਼ਨ,

ਸੰਕੇਤਕ ਤਸਵੀਰ

ਪੰਜਾਬ ਸਕੂਲ ਸਿੱਖਿਆ ਬੋਰਡ ਦੇ ਦਸਵੀਂ ਤੇ ਬਾਰਵੀਂ ਜਮਾਤ ਦੇ ਸੋਮਵਾਰ ਨੂੰ ਹੋਣ ਵਾਲੇ ਪ੍ਰੈਕਟਿਲ ਪੇਪਰਾਂ ਨੂੰ ਵੀ ਮੁਲਤਵੀ ਕਰ ਦਿੱਤਾ ਹੈ। ਹੁਣ ਉਹ ਪੇਪਰ 11 ਅਪ੍ਰੈਲ ਨੂੰ ਲਏ ਜਾਣਗੇ।

ਕੇਂਦਰ ਸਰਕਾਰ ਨੇ ਪਾਈ ਮੁੜ ਵਿਚਾਰ ਪਟੀਸ਼ਨ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਸੁਪਰੀਮ ਕੋਰਟ ਦੇ ਇਸ ਫੈਸਲੇ ਬਾਰੇ ਕੇਂਦਰ ਸਰਕਾਰ ਵੱਲੋਂ ਮੁੜ ਵਿਚਾਰ ਪਟੀਸ਼ਨ ਪਾਏ ਜਾਣ ਦਾ ਐਲਾਨ ਕੀਤਾ ਗਿਆ ਹੈ ਇਸ ਲਈ ਪ੍ਰਦਰਸ਼ਨਕਾਰੀਆਂ ਨੂੰ ਉਸ ਪਟੀਸ਼ਨ 'ਤੇ ਫੈਸਲਾ ਆਉਣ ਤੱਕ ਆਪਣਾ ਮੁਜ਼ਾਹਰਾ ਮੁਲਤਵੀ ਕਰਨਾ ਚਾਹੀਦਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)