#BBCShe ਕਿੱਥੇ ਪਹਿਲੀ ਮਾਹਵਾਰੀ 'ਤੇ ਮਨਾਇਆ ਜਾਂਦਾ ਹੈ ਜਸ਼ਨ?

ਮੁਟਿਆਰ

ਮੈਨੂੰ ਇਹ ਸੋਚ ਕੇ ਹੀ ਕੰਬਣੀ ਛਿੜ ਜਾਂਦੀ ਹੈ ਕਿ ਮੇਰੀ ਪਹਿਲੀ ਮਾਹਵਾਰੀ ਆਉਂਦਿਆਂ ਹੀ ਸਾਰਿਆਂ ਨੂੰ ਇਹ ਦੱਸ ਦਿੱਤਾ ਜਾਵੇਗਾ ਕਿ ਮੈਂ ਘਰ ਦੇ ਖ਼ਾਸ ਹਿੱਸੇ ਵਿੱਚ ਹੀ ਜਾ ਸਕਾਂਗੀ ਤੇ ਕੁਝ ਦਿਨ ਨਹਾ ਵੀ ਨਹੀਂ ਸਕਾਂਗੀ।

ਇਹ ਤਾਂ ਮੇਰੀ ਖ਼ੁਸ਼ ਨਸੀਬੀ ਸੀ ਕਿ ਮੇਰੇ ਮਾਪਿਆਂ ਨੇ ਮੈਨੂੰ ਇਸ ਰਿਵਾਜ ਦੀ ਪਾਲਣਾ ਕਰਨ ਲਈ ਮਜ਼ਬੂਰ ਨਹੀਂ ਕੀਤਾ।

ਇਸ ਦੇ ਉਲਟ ਉਨ੍ਹਾਂ ਮੈਨੂੰ ਲੋੜੀਂਦੀ ਜਾਣਕਾਰੀ ਦੇ ਕੇ ਮੇਰੇ ਸਰੀਰ ਦੀ ਇਸ ਕੁਦਰਤੀ ਤਬਦੀਲੀ ਨੂੰ ਸਮਝਣ ਵਿੱਚ ਮੇਰੀ ਸਹਾਇਤਾ ਕੀਤੀ। ਉਨ੍ਹਾਂ ਨੇ ਮੈਨੂੰ ਲੋੜੀਂਦਾ ਪੋਸ਼ਣ ਵੀ ਦਿੱਤਾ।

"ਪੁਸ਼ਪਾਵਤੀ ਮਹੋਤਸਵਮ" ਕੀ ਹੈ

ਮੇਰੀਆਂ ਬਹੁਤ ਸਾਰੀਆਂ ਸਹੇਲੀਆਂ ਲਈ ਉਨ੍ਹਾਂ ਦੀ ਪਹਿਲੀ ਮਾਹਵਾਰੀ ਇੱਕ ਵੱਖਰਾ ਹੀ ਸਮਾਗਮ ਸੀ। ਕਈਆਂ ਵਿੱਚ ਮੈਨੂੰ ਵੀ ਸੱਦਿਆ ਗਿਆ ਸੀ।

ਮੇਰੀਆਂ ਸਹੇਲੀਆਂ ਇੱਕ ਖਾਸ ਸਮਾਗਮ "ਪੁਸ਼ਪਾਵਤੀ ਮਹੋਤਸਵਮ" ਲਈ 10 ਦਿਨਾਂ ਤੱਕ ਸਕੂਲ ਨਹੀਂ ਜਾ ਸਕੀਆਂ ਸਨ।

"ਪੁਸ਼ਪਾਵਤੀ ਮਹੋਤਸਵਮ" ਦਾ ਭਾਵ ਹੈ ਖਿੜਦੇ ਫੁੱਲ ਦਾ ਉਤਸਵ। ਜਦੋਂ ਕਿਸੇ ਲੜਕੀ ਨੂੰ ਉਸਦੀ ਪਹਿਲੀ ਮਾਹਵਾਰੀ ਆਉਂਦੀ ਹੈ ਤਾਂ ਉਸਨੂੰ ਘਰ ਦੇ ਇੱਕ ਖ਼ਾਸ ਹਿੱਸੇ ਤੱਕ ਸੀਮਤ ਕਰ ਦਿੱਤਾ ਜਾਂਦਾ ਹੈ।

ਇੱਥੇ ਉਸਦੇ ਇਸਤੇਮਾਲ ਲਈ ਭਾਂਡੇ ਰੱਖੇ ਜਾਂਦੇ ਹਨ ਅਤੇ ਉਹ ਇੱਕ ਖ਼ਾਸ ਗੁਸਲਖਾਨਾ ਹੀ ਵਰਤ ਸਕਦੀ ਹੈ। ਉਹ ਅਗਲੇ 5-11 ਦਿਨਾਂ ਤੱਕ ਨਹਾ ਨਹੀਂ ਸਕਦੀ।

ਗਿਆਰਾਂ ਦਿਨਾਂ ਬਾਅਦ ਇੱਕ ਸਮਾਗਮ ਕੀਤਾ ਜਾਂਦਾ ਹੈ ਤੇ ਮਿੱਤਰਾਂ ਤੇ ਗੁਆਂਢੀਆਂ ਨੂੰ ਸੱਦਿਆ ਜਾਂਦਾ ਹੈ।

ਬੀਬੀਸੀ ਨੂੰ ਲੜਕੀਆਂ ਨੇ ਕੀ ਦੱਸਿਆ

ਬੀਬੀਸੀ ਸ਼ੀ ਪੌਪ ਅੱਪ ਦੌਰਾਨ ਆਂਧਰਾ ਯੂਨੀਵਰਸਿਟੀ, ਵਿਸ਼ਾਖ਼ਾਪਟਨਮ ਦੀਆਂ ਵਿਦਿਆਰਥਣਾਂ ਨੇ ਦੱਸਿਆ ਕਿ ਇਸ ਰਵਾਇਤ ਦਾ ਉਨ੍ਹਾਂ ਦੀ ਜ਼ਿੰਦਗੀ 'ਤੇ ਕੀ ਅਸਰ ਪਿਆ।

ਬਿਹਾਰ ਤੋਂ ਆਈ ਇੱਕ ਵਿਦਿਆਰਥਣ ਨੇ ਦੱਸਿਆ ਕਿ ਕਿਉਂ ਕਿਸੇ ਲੜਕੀ ਦੀ ਪਹਿਲੀ ਮਾਹਵਾਰੀ ਦਾ ਤਾਂ ਜਸ਼ਨ ਮਨਾਇਆ ਜਾਂਦਾ ਹੈ ਤੇ ਦੂਜੇ ਪਾਸੇ ਮਾਹਵਾਰੀ ਨੂੰ ਅਪਵਿੱਤਰ ਸਮਝਿਆ ਜਾਂਦਾ ਹੈ।

ਵਿਦਿਆਰਥਣ ਨੇ ਕਿਹਾ, "ਮੈਂ ਪੁੱਛਿਆ ਤਾਂ ਪਤਾ ਲਗਿਆ ਕਿ ਇਹ ਸਮਾਗਮ ਤਾਂ ਕੀਤਾ ਜਾਂਦਾ ਹੈ ਕਿ ਲੜਕੀ ਲਈ ਵਧੀਆ ਰਿਸ਼ਤੇ ਆਉਣ।" ਦੂਜੀਆਂ ਵਿਦਿਆਰਥਣਾਂ ਨੇ ਵੀ ਇਸ ਸੰਬੰਧੀ ਆਪਣੇ ਅਨੁਭਵ ਸਾਂਝੇ ਕੀਤੇ।

ਵੱਖੋ-ਵੱਖ ਉਮਰਾਂ ਤੇ ਸਮਾਜਿਕ ਪਿਛੋਕੜ ਨਾਲ ਜੁੜੀਆਂ ਸਾਰੀਆਂ ਹੀ ਔਰਤਾਂ ਨੇ ਵਖਰੇਵੇਂ ਅਤੇ ਨਹਾਉਣ ਦੀ ਪਾਬੰਦੀ ਖਿਲਾਫ ਵਿਚਾਰ ਰੱਖੇ। ਮਾਹਵਾਰੀ ਸੰਬੰਧੀ ਇਸ ਸਮਾਗਮ ਨੇ ਉਨ੍ਹਾਂ ਨੂੰ ਮਾਨਸਿਕ ਤੇ ਸਰੀਰਕ ਤੌਰ 'ਤੇ ਕਿਵੇਂ ਪ੍ਰਭਾਵਿਤ ਕੀਤਾ ਇਸ ਬਾਰੇ ਤਜਰਬੇ ਅਲੱਗ-ਅਲੱਗ ਸਨ।

22 ਸਾਲਾ ਸਵਪਨਾ ਨੂੰ 15 ਸਾਲ ਦੀ ਉਮਰ ਵਿੱਚ ਪਹਿਲੀ ਮਾਹਵਾਰੀ ਆਈ ਸੀ ਜਿਸ ਦੇ ਛੇ ਮਹੀਨੇ ਦੇ ਅੰਦਰ ਹੀ ਉਸਦਾ ਤਰਖਾਣ ਕਜ਼ਨ ਨਾਲ ਵਿਆਹ ਕਰ ਦਿੱਤਾ ਗਿਆ ਸੀ।

ਦੋ ਬੱਚਿਆਂ ਦੀ ਮਾਂ ਸਵਪਨਾ ਨੇ ਉਸ ਵੇਲੇ ਦਸਵੀਂ ਦੀ ਪ੍ਰੀਖਿਆ ਦਿੱਤੀ ਹੀ ਸੀ। ਸਵਾਪਨਾ ਨੇ ਕਿਹਾ, "ਇਸ ਤੋਂ ਪਹਿਲਾਂ ਕਿ ਮੈਂ ਕੁਝ ਸਮਝ ਸਕਦੀ ਮੇਰਾ ਵਿਆਹ ਕਰ ਦਿੱਤਾ ਗਿਆ। 16 ਸਾਲ ਦੀ ਉਮਰ ਵਿੱਚ ਮੈਂ ਆਪਣੇ ਪਹਿਲੇ ਬੱਚੇ ਦੀ ਮਾਂ ਬਣਨ ਵਾਲੀ ਸੀ। ਹੁਣ ਮੈਂ ਆਪਣੇ ਸੁਪਨੇ ਪੂਰੇ ਕਰਨ ਲਈ ਦ੍ਰਿੜ ਹਾਂ ਜੋ ਨਾਰੀਤਵ ਦੀ ਸ਼ੁਰੂਆਤ 'ਤੇ ਹੀ ਰੋਕ ਦਿੱਤੇ ਗਏ ਸਨ।"

ਸਮਾਜਿਕ ਕਾਰਕੁਨਾਂ ਦਾ ਕਹਿਣਾ ਹੈ ਕਿ ਹੁਣ ਲੜਕੀਆਂ ਵਿੱਚ ਮਾਹਵਾਰੀ ਦੀ ਔਸਤ ਉਮਰ 12 ਜਾਂ 13 ਸਾਲ ਹੈ।

ਉਨ੍ਹਾਂ ਦਾ ਮੰਨਣਾ ਹੈ ਕਿ ਇਸ ਦੌਰਾਨ ਉਨ੍ਹਾਂ ਦੀ ਸਿਹਤ ਤੇ ਵਿਕਾਸ 'ਤੇ ਨਜ਼ਰਸਾਨੀ ਕਰਨ ਅਤੇ ਉਨ੍ਹਾਂ ਨੂੰ ਸਿੱਖਿਅਤ ਕਰਨ ਦੀ ਲੋੜ ਹੈ ਨਾ ਕਿ ਉਨ੍ਹਾਂ 'ਤੇ ਗੈਰ-ਜ਼ਰੂਰੀ ਸਮਾਜਿਕ ਦਬਾਅ ਪਾਇਆ ਜਾਵੇ।

ਸਮਾਜਿਕ ਕਾਰਕੁਨਾਂ ਦੀ ਫ਼ਿਕਰ

ਸਵਰਨਾ ਕੁਮਾਰੀ ਮਹਿਲਾ ਐਕਸ਼ਨ ਨਾਲ ਸੰਬੰਧਿਤ ਹਨ ਤੇ ਲਿੰਗਕ ਬਰਾਬਰੀ ਅਤੇ ਬਾਲ ਵਿਆਹ ਲਈ ਕੰਮ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਲੜਕੀਆਂ ਉੱਪਰ ਰਾਤੋ-ਰਾਤ ਔਰਤ ਬਣਨ ਦਾ ਦਬਾਅ ਹੈ।

ਸਵਰਨਾ ਕੁਮਾਰੀ ਦਾ ਕਹਿਣਾ ਹੈ, "ਬੱਚੀ ਨੂੰ ਸਰੀਰਕ ਤਬਦੀਲੀਆਂ ਬਾਰੇ ਸਿੱਖਿਅਤ ਕਰਨ ਅਤੇ ਸਾਫ-ਸਫਾਈ ਸਿਖਾਉਣ ਦੀ ਥਾਂ ਮਾਂ ਬਾਪ ਜਸ਼ਨ ਮਨਾਉਣ ਵਿੱਚ ਰੁੱਝ ਜਾਂਦੇ ਹਨ।''

ਮਾਹਵਾਰੀ ਦੇ ਜਨਤਕ ਐਲਾਨ ਉੱਪਰ ਦੂਸਰੇ ਨਾਲੋਂ ਵਧਕੇ ਖਰਚਾ ਕਰਨ ਦੀ ਹੋੜ ਹੈ।"

ਮਹਿਲਾ ਐਕਸ਼ਨ ਵਿਸ਼ਾਖਾਪਟਨਮ ਦੀਆਂ ਸ਼ਹਿਰੀ ਝੁੱਗੀ ਬਸਤੀਆਂ ਵਿੱਚ ਮਾਸਿਕ ਸਿਹਤ ਬਾਰੇ ਚੇਤਨਾ ਪੈਦਾ ਕਰਨ ਲਈ ਸੈਮੀਨਾਰ ਕਰਦੀ ਹੈ।

ਅਜਿਹੇ ਹੀ ਇੱਕ ਸੈਮੀਨਾਰ ਵਿੱਚ 12 ਸਾਲਾ ਗਾਇਤਰੀ ਨੇ ਉਮੀਦ ਪ੍ਰਗਟਾਈ ਕਿ ਉਸਦੇ ਮਾਪੇ ਉਸਦੀ ਗੱਲ ਮੰਨਦੇ ਹੋਏ ਸਮਾਗਮ ਨਹੀਂ ਕਰਨਗੇ।

ਮਛੇਰਿਆਂ ਦੀ ਬਿਰਾਦਰੀ ਵਿੱਚ ਰਹਿਣ ਵਾਲੀ ਗਾਇਤਰੀ ਨੇ ਆਪਣਾ ਡਰ ਇਸ ਪ੍ਰਕਾਰ ਜ਼ਾਹਰ ਕੀਤਾ, "ਮੈਨੂੰ ਐਲਾਨ ਤੋਂ ਹੀ ਸਭ ਤੋਂ ਵੱਧ ਡਰ ਹੈ। ਹੁਣ ਮੈਂ ਖੇਡਦੀ ਹਾਂ ਤੇ ਗੁਆਂਢ ਦੇ ਮੁੰਡਿਆਂ ਨਾਲ ਭੱਜ ਕੇ ਖੁਸ਼ ਹਾਂ। ਮੈਨੂੰ ਪਤਾ ਹੈ ਕਿ ਮੇਰੀ ਵੱਡੀ ਭੈਣ ਵਾਂਗ ਮੇਰਾ ਵੀ ਇਹ ਸਭ ਛੁੱਟ ਜਾਵੇਗਾ।

ਇੱਥੋਂ ਤੱਕ ਕਿ ਹੁਣ ਮੇਰੀ ਵੱਡੀ ਭੈਣ ਮੇਰੇ ਭਰਾ ਜਾਂ ਮੈਥੋਂ ਬਿਨਾਂ ਬਾਹਰ ਨਿਕਲਣ ਤੋਂ ਘਬਰਾਉਂਦੀ ਹੈ। ਲੜਕੇ ਉਸਦੀ ਮਾਨਸਿਕਤਾ 'ਤੇ ਟਿੱਪਣੀਆਂ ਕਰਦੇ ਹਨ ਤੇ ਉਸ ਵੱਲ ਘੂਰਦੇ ਹਨ।"

ਕੁਝ ਪਰਿਵਾਰ ਅਜਿਹੇ ਵੀ ਹਨ ਜਿਨ੍ਹਾਂ ਨੂੰ ਪਰਿਵਾਰਕ ਦਬਾਅ ਕਰਕੇ ਸਮਾਗਮ ਕਰਨਾ ਪਿਆ। ਇੱਕ 16 ਸਾਲਾ ਲੜਕੀ ਦੇ ਪਿਤਾ ਮਧੂ ਦਾ ਕਹਿਣਾ ਹੈ ਕਿ ਭਾਵੇਂ ਇਹ ਰਸਮ ਨਹੀਂ ਸੀ ਕਰਨੀ ਚਾਹੁੰਦਾ ਪਰ ਫੇਰ ਵੀ ਉਸਨੂੰ ਆਪਣੀ ਮਾਂ ਦੇ ਕਹਿਣ 'ਤੇ ਆਪਣੇ ਪਰਿਵਾਰ ਤੇ ਦੋਸਤਾਂ ਨੂੰ ਸਮਾਗਮ ਲਈ ਸੱਦਣਾ ਪਿਆ।

ਉਸਨੂੰ ਹਾਲੇ ਵੀ ਇਸ ਬਾਰੇ ਬੁਰਾ ਲੱਗ ਰਿਹਾ ਹੈ। ਬੈਡਮਿੰਟਨ ਖੇਡਦੀ ਆਪਣੀ ਲੜਕੀ ਵੱਲ ਦੇਖਦਿਆਂ ਮਧੂ ਨੇ ਕਿਹਾ, "ਮੈਨੂੰ ਸੋਹਲਵੇਂ ਸਾਲ ਦੇ ਮਾਅਨੇ ਪਤਾ ਹਨ ਪਰ ਉਸ ਵਿੱਚ ਅਸੀਂ ਲੜਕੀ ਦਾ ਜਨਮ ਦਿਨ ਮਨਾਉਂਦੇ ਹਾਂ ਪਰ ਇਸ ਵਿੱਚ ਤਾਂ ਅਸੀਂ ਉਸ ਨਾਲ ਬੇਇਨਸਾਫ਼ੀ ਕਰਦੇ ਹਾਂ।''

ਉਨ੍ਹਾਂ ਕਿਹਾ, "ਆਪਣੀ ਲੜਕੀ ਨੂੰ ਸਮਝਾਇਆ ਕਿ ਉਸਦੀ ਦਿੱਖ ਵਿੱਚ ਤਬਦੀਲੀ ਆਉਣਾ ਕੁਦਰਤੀ ਹੈ ਜਿਸ ਬਾਰੇ ਉਸਨੂੰ ਖੁਸ਼ ਹੋਣਾ ਚਾਹੀਦਾ ਹੈ ਨਾ ਕਿ ਸ਼ਰਮਾਉਣਾ ਚਾਹੀਦਾ ਹੈ।"

ਆਰਥਿਕਤਾ ਕਿਹੋ-ਜਿਹੀ ਹੈ

ਮੇਰੀ ਦਿਲਚਸਪੀ ਅਜਿਹੇ ਸਮਾਗਮਾਂ ਪਿਛਲੀ ਆਰਥਿਕਤਾ ਵਿੱਚ ਸੀ। ਹੈਦਰਾਬਾਦ ਦੇ ਇੱਕ ਪ੍ਰਸਿੱਧ ਫੋਟੋਗ੍ਰਾਫਰ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਿਆ ਕਿ ਮਾਪੇ ਅਜਿਹੇ ਸਮਾਗਮਾਂ 'ਤੇ ਖੁੱਲ੍ਹਾ ਖਰਚ ਕਰਦੇ ਹਨ।

ਉਸ ਨੇ ਦੱਸਿਆ, "ਮੇਰੇ ਵਰਗੇ ਫੋਟੋਗ੍ਰਾਫ਼ਰ ਅਜਿਹੇ ਪ੍ਰੋਰਗਰਾਮਾਂ ਲਈ 2 ਤੋਂ 3 ਲੱਖ ਤੱਕ ਲੈਂਦੇ ਹਨ। ਮੈਂ ਅਜਿਹੇ ਸਮਾਗਮਾਂ 'ਤੇ ਵਿਆਹ ਵਰਗੀ ਸਜਾਵਟ ਦੇਖੀ ਹੈ।"

ਸੋਸ਼ਸ ਮੀਡੀਆ ਤੇ 'ਪੁਬਿਟਰੀ ਸੈਰਿਮਨੀ' ਨਾਲ ਕੀਤੀ ਇੱਕ ਛੋਟੀ ਜਿਹਾ ਸਰਚ ਨਾਲ ਵੀ ਉਨ੍ਹਾਂ ਲੜਕੀਆਂ ਦੀਆਂ ਵੀਡੀਓਜ਼ ਮਿਲ ਜਾਣਗੀਆਂ ਜਿਨ੍ਹਾਂ ਦਾ "ਪੁਸ਼ਪਾਵਤੀ ਮਹੋਤਸਵਮ" ਮਨਾਇਆ ਗਿਆ ਸੀ।

ਇੱਕ ਮੱਧ ਵਰਗੀ ਪਰਿਵਾਰ ਨਾਲ ਸੰਬੰਧਿਤ 19 ਸਾਲਾਂ ਦੀ ਗੌਰੀ ਦੇ ਤਿੰਨ ਭੈਣ-ਭਰਾ ਹਨ। ਉਸ ਨੇ ਕਿਹਾ, "ਮੇਰੇ ਪਿਤਾ ਨੂੰ ਅਣਖ ਲਈ ਅਜਿਹਾ ਐਲਾਨ ਕਰਨਾ ਪਿਆ। ਅੱਜ ਤੋਂ ਛੇ ਸਾਲ ਪਹਿਲਾਂ ਮੇਰੇ ਸਮਾਗਮ ਲਈ ਉਨ੍ਹਾਂ ਨੇ ਕਰਜ਼ਾ ਵੀ ਚੁੱਕਿਆ।"

ਗੌਰੀ ਨੇ ਕਿਹਾ, "ਅਸੀਂ ਹਾਲੇ ਵੀ ਉਹ ਕਰਜ਼ਾ ਲਾਹ ਰਹੇ ਹਾਂ।"

ਡਾ਼ ਸੀਤਾ ਰਤਨਮ ਨੇ ਰਾਇ ਪ੍ਰਗਟਾਈ, "ਇਸ ਮੌਕੇ ਫਿਜ਼ੂਲ ਖਰਚੀ ਕਰਨ ਦੀ ਥਾਂਵੇਂ ਲੜਕੀ ਨੂੰ ਪੋਸ਼ਣ ਦੇਣ ਦੀ ਜ਼ਰੂਰਤ ਹੈ। ਅਜਿਹੇ ਗੈਰ-ਜਰੂਰੀ ਖ਼ਰਚੇ ਹੀ ਲੜਕੀਆਂ ਨੂੰ ਮਾਪਿਆਂ 'ਤੇ ਭਾਰ ਬਣਾ ਦਿੰਦੇ ਹਨ।''

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)