ਪ੍ਰੈੱਸ ਰਿਵੀਊ: ਫੇਸਬੁੱਕ 'ਤੇ ਵਾਇਰਲ ਤਸਵੀਰ ਨੇ ਕੀਤਾ ਪੜ੍ਹਾਈ ਦਾ ਸੁਪਨਾ ਪੂਰਾ

ਜਹਾਨਤਬ, ਅਫਗਾਨਿਸਤਾਨ

ਦਿ ਟ੍ਰਿਬਿਊਨ ਦੀ ਖ਼ਬਰ ਅਨੁਸਾਰ ਕਾਬੁਲ ਵਿੱਚ ਇੱਕ ਔਰਤ ਵੱਲੋਂ ਆਪਣੇ ਦੋ ਮਹੀਨਿਆਂ ਦੇ ਬੱਚੇ ਨੂੰ ਗੋਦੀ ਵਿੱਚ ਪਾ ਕੇ ਪੇਪਰ ਦੇਣ ਦੀ ਤਸਵੀਰ ਫੇਸਬੁੱਕ 'ਤੇ ਵਾਇਰਲ ਹੋਣ ਨਾਲ ਉਸ ਦੇ ਕਾਲਜ ਜਾਣ ਦਾ ਸੁਪਨਾ ਹੋਇਆ ਪੂਰਾ।

ਖ਼ਬਰ 'ਚ ਲਿਖਿਆ ਹੈ ਕਿ 5 ਸਾਲਾਂ ਤੋਂ ਘੱਟ ਉਮਰ ਤਿੰਨ ਬੱਚਿਆਂ ਅਤੇ ਅਨਪੜ੍ਹ ਪਤੀ ਨਾਲ ਰਹਿ ਰਹੀ ਜਹਾਂਤਬ ਅਹਿਮਦੀ ਆਪਣੀ ਕਾਲਜ ਦੀ ਪੜ੍ਹਾਈ ਪੂਰੀ ਕਰਨਾ ਚਾਹੁੰਦੀ ਸੀ।

ਹਾਲਾਂਕਿ ਉਸ ਦੀ ਹਾਈ ਸਕੂਲ ਤਕ ਦੀ ਪੜ੍ਹਾਈ ਕਾਰਨ ਉਹ ਪਿੰਡ ਦੇ ਸਕੂਲ ਵਿੱਚ ਅਧਿਆਪਕ ਬਣਨ ਦੇ ਕਾਬਿਲ ਸੀ ਪਰ ਉਹ ਆਪਣੀ ਕਾਲਜ ਦੀ ਡਿਗਰੀ ਪੂਰੀ ਕਰਨਾ ਚਾਹੁੰਦੀ ਸੀ।

ਇਸ ਲਈ ਉਸ ਦਾ ਪਤੀ ਉਸ ਨੂੰ ਯੂਨੀਵਰਸਿਟੀ ਦੀ ਦਾਖ਼ਲਾ ਪ੍ਰੀਖਿਆ ਲਈ ਲੈ ਕੇ ਗਿਆ। ਇਸ ਦੌਰਾਨ ਉਸ ਨੇ ਆਪਣੇ ਦੋ ਮਹੀਨਿਆਂ ਦੇ ਬੱਚੇ ਨਾਲ 10 ਘੰਟੇ ਲੰਬਾ ਪੈਦਲ ਰਸਤਾ ਪਾਰ ਕੀਤਾ।

ਇਰਾਕ 'ਚ ਮਾਰੇ ਗਏ ਭਾਰਤੀ ਨੌਜਵਾਨਾਂ ਦੇ ਪਰਿਵਾਰ ਵਾਲੇ ਆਪਣਿਆਂ ਨੂੰ ਦੇਖਣ ਲਈ ਜਿੱਥੇ ਪਿਛਲੇ ਚਾਰ ਸਾਲਾਂ ਤੋਂ ਤਰਸ ਰਹੇ ਹਨ, ਉੱਥੇ ਹੀ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੀਆਂ ਮ੍ਰਿਤਕ ਦੇਹਾਂ ਨੂੰ ਤਾਬੂਤਾਂ ਸਣੇ ਸਸਕਾਰ ਕਰਨ ਦੀ ਸਲਾਹ ਦਿੱਤੀ ਜਾ ਰਹੀ ਹੈ।

ਪੰਜਾਬੀ ਟ੍ਰਿਬਿਊਨ ਵਿੱਚ ਲੱਗੀ ਖ਼ਬਰ 'ਚ ਲਿਖਿਆ ਹੈ ਕਿ ਪ੍ਰਸ਼ਾਸਨ ਨੇ ਇਸ ਲਈ ਤਰਕ ਦਿੱਤਾ ਹੈ ਕਿ ਮ੍ਰਿਤਕਾਂ ਦੀ ਹਾਲਤ ਬੇਹੱਦ ਖ਼ਰਾਬ ਹੈ ਅਤੇ ਤਾਬੂਤ ਖੋਲ੍ਹਣ ਨਾਲ ਅਜਿਹੀਆਂ ਖ਼ਤਰਨਾਕ ਗੈਸਾਂ ਨਿਕਲਣਗੀਆਂ ਜੋ ਨੇੜਲੇ ਵਿਅਕਤੀਆਂ ਦੀ ਸਿਹਤ ਲਈ ਕਾਫੀ ਹਾਨੀਕਾਰਕ ਸਾਬਿਤ ਹੋ ਸਕਦੀਆਂ ਹਨ।

ਪਰ ਮ੍ਰਿਤਕਾਂ ਦੇ ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਉਹ ਹਰ ਹਾਲਤ ਵਿੱਚ ਉਨ੍ਹਾਂ ਦੇ ਆਖ਼ਰੀ ਦਰਸ਼ਨ ਕਰਨਗੇ।

ਦਿ ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ ਸਭ ਤੋਂ ਵੱਡੇ ਆਪਰੇਸ਼ਨਾਂ ਤਹਿਤ ਇਕੋ ਵੇਲੇ 3 ਵੱਖ ਵੱਖ ਦਹਿਸ਼ਤਗਰਦੀ ਵਿਰੋਧੀ ਕਾਰਵਾਈਆਂ ਦੌਰਾਨ 12 ਦਹਿਸ਼ਤਗਰਦਾਂ ਨੂੰ ਮਾਰ ਦਿੱਤਾ ਗਿਆ ਹੈ।

ਇਸ ਦੌਰਾਨ 3 ਫੌਜੀ ਅਤੇ ਇੱਕ ਨਾਗਰਿਕ ਵੀ ਮਾਰਿਆ ਗਿਆ ਹੈ। ਇਸ ਕਾਰਵਾਈ ਨੂੰ ਅੰਜ਼ਾਮ ਸ਼ੌਪੀਆਂ ਦੇ ਦਰਾਗੜ੍ਹ ਤੇ ਕੋਛਹਾਰਾ ਪਿੰਡ ਅਤੇ ਅਨੰਤਨਾਗ ਜ਼ਿਲੇ ਦੇ ਦਿਆਲਗਾਮ ਵਿੱਚ ਦਿੱਤਾ ਗਿਆ ਹੈ।

ਇਸ ਨਾਲ ਦੱਖਣੀ ਕਸ਼ਮੀਰ ਵਿੱਚ ਇੱਕ ਵਿਰੋਧ ਪ੍ਰਦਰਸ਼ਨ ਹੋਇਆ, ਜਿਸ ਵਿੱਚ ਸੁਰੱਖਿਆ ਕਰਮੀਆਂ ਨਾਲ ਟਕਰਾਅ ਦੌਰਾਨ ਤਿੰਨ ਲੋਕਾਂ ਦੀ ਮੌਤ ਅਤੇ 70 ਲੋਕ ਜਖ਼ਮੀ ਦੱਸੇ ਜਾ ਰਹੇ ਹਨ।

ਦਿ ਹਿੰਦੁਸਤਾਨ ਟਾਈਮਜ਼ ਅਖ਼ਬਾਰ ਮੁਤਾਬਕ ਪੰਜਾਬ ਪੁਲਿਸ ਦੇ ਖ਼ੁਫ਼ੀਆ ਵਿਭਾਗ ਨੇ ਸੂਬੇ ਦੇ ਸਿਹਤ ਸਬੰਧੀ ਮੁੱਖ ਸਕੱਤਰ ਨੂੰ ਇੱਕ ਰਿਪੋਰਟ ਸੌਂਪੀ ਹੈ ਅਤੇ ਦਾਅਵਾ ਕੀਤਾ ਹੈ ਕਿ ਸਰਕਾਰੀ ਡਾਕਟਰ ਸਿਵਿਲ ਹਸਪਤਾਲ ਦੇ ਬਾਹਰ ਨਿੱਜੀ ਦਵਾਈਆਂ ਦੀਆਂ ਦੁਕਾਨਾਂ ਦੀ ਦਵਾਈ ਲਿਖ ਕੇ ਉਨ੍ਹਾਂ ਵਿਚੋਂ 40 ਫੀਸਦ ਤੱਕ ਕਮਿਸ਼ਨ ਲੈਂਦੇ ਹਨ।

ਉਸ ਰਿਪੋਰਟ ਨੂੰ ਸੌਂਪਿਆ ਮਹੀਨਾ ਹੋਣ ਤੋਂ ਬਾਅਦ ਵੀ ਸਰਕਾਰ ਨੇ ਅਜੇ ਤੱਕ ਇਸ ਸਬੰਧੀ ਕੋਈ ਕਾਰਵਾਈ ਨਹੀਂ ਕੀਤੀ ਹੈ।

ਇਹ ਰਿਪੋਰਟ ਤਿੰਨ ਮਹੀਨਿਆਂ ਦੀ ਕਾਰਵਾਈ ਤੋਂ ਬਾਅਦ ਸੌਂਪੀ ਗਈ ਹੈ, ਜਿਸ ਵਿੱਚ ਡਾਕਟਰਾਂ ਅਤੇ ਦਵਾਈਆਂ ਦੀਆਂ ਦੁਕਾਨਾਂ ਦੇ ਨਾਮ ਵੀ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)