ਪੀੜਤ ਪਰਿਵਾਰਾਂ ਨੇ ਡੀ.ਐਨ.ਏ. ਟੈਸਟ 'ਤੇ ਕਿਉਂ ਚੁੱਕੇ ਸਵਾਲ?

Iraq

ਤਸਵੀਰ ਸਰੋਤ, Ravinder Singh Robin/BBC

ਇਰਾਕ ਦੇ ਮੂਸਲ ਵਿੱਚ ਆਈਐੱਸ ਹੱਥੋਂ ਮਾਰੇ ਗਏ 31 ਭਾਰਤੀਆਂ ਦੀਆਂ ਮ੍ਰਿਤਕ ਦੇਹਾਂ ਲੈ ਕੇ ਜਨਰਲ ਵੀਕੇ ਸਿੰਘ ਇਰਾਕ ਤੋਂ ਅੰਮ੍ਰਿਤਸਰ ਪਹੁੰਚੇ। ਬਾਕੀ ਮ੍ਰਿਤਕਾਂ ਦੇਹਾਂ ਨੂੰ ਉਨ੍ਹਾਂ ਦੇ ਜੱਦੀ ਸ਼ਹਿਰ ਵਿੱਚ ਪਹੁੰਚਾਇਆ ਗਿਆ ਹੈ।

ਸਵੇਰ ਤੋਂ ਹੀ ਅੰਮ੍ਰਿਤਸਰ ਦੇ ਰਾਜਾ ਸਾਂਸੀ ਹਵਾਈ ਅੱਡੇ ਉੱਤੇ ਮੂਸਲ ਤ੍ਰਾਸਦੀ ਦਾ ਸ਼ਿਕਾਰ ਹੋਏ ਜੀਆਂ ਦੇ ਵਾਰਸ ਅਸਥੀਆਂ ਦੀ ਉਡੀਕ ਵਿੱਚ ਸਨ।

ਪੰਜਾਬ ਸਰਕਾਰ ਵੱਲੋਂ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਦੇ ਹਰ ਪੀੜਤ ਪਰਿਵਾਰ ਨੂੰ ਪੰਜ ਲੱਖ ਰੁਪਏ ਤੇ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਹੈ।

ਵੀਡੀਓ ਕੈਪਸ਼ਨ,

ਇਰਾਕ ਵਿੱਚ ਮਾਰੇ ਗਏ 38 ਪਰਿਵਾਰਾਂ ਦੇ ਮਨਾਂ ਵਿੱਚ ਕੀ ਹਨ ਸਵਾਲ?

ਜਲੰਧਰ ਦੇ ਡੀਸੀ ਵੀਰੇਂਦਰ ਕੁਮਾਰ ਸ਼ਰਮਾ ਨੇ ਬੀਬੀਸੀ ਨੂੰ ਦੱਸਿਆ ਕਿ ਪੰਜਾਬ ਬੰਦ ਕਾਰਨ ਜਲੰਧਰ ਦੇ 7 ਮ੍ਰਿਤਕਾਂ ਦੀਆਂ ਦੇਹਾਂ ਦਾ ਸੋਮਵਾਰ ਨੂੰ ਸਸਕਾਰ ਨਹੀਂ ਕੀਤਾ ਜਾਵੇਗਾ।

ਉਨ੍ਹਾਂ ਮ੍ਰਿਤਕ ਦੇਹਾਂ ਨੂੰ ਜਲੰਧਰ ਵਿੱਚ ਹੀ ਰੱਖਿਆ ਜਾਵੇਗਾ ਅਤੇ ਮੰਗਲਵਾਰ ਨੂੰ ਉਨ੍ਹਾਂ ਦੇ ਜੱਦੀ ਪਿੰਡਾਂ ਵਿੱਚ ਲਿਜਾਇਆ ਜਾਵੇਗਾ।

ਸੋਗ ਵਿੱਚ ਪਰਿਵਾਰ

ਪੀੜਤ ਪਰਿਵਾਰਾਂ ਦੀ ਤਕਰੀਬਨ ਚਾਰ ਸਾਲਾਂ ਦੀ ਉਡੀਕ ਹੁਣ ਬੇਕਾਬੂ ਹੋ ਰਹੀ ਸੀ। ਕਿਸੇ ਨਾ ਕਿਸੇ ਦੀਆਂ ਅੱਖਾਂ ਛਲਕਦੀਆਂ ਰਹਿੰਦੀਆਂ ਹਨ।

ਕਈ ਦਿਨਾਂ ਦੇ ਸੋਗ ਤੋਂ ਬਾਅਦ ਵੀ ਉਨ੍ਹਾਂ ਦਾ ਇਹ ਮੰਨਣ ਨੂੰ ਚਿੱਤ ਨਹੀਂ ਕਰਦਾ ਕਿ ਹੁਣ ਇਰਾਕ ਵਿੱਚ ਕਮਾਉਣ ਗਏ ਉਨ੍ਹਾਂ ਦੇ ਆਪਣਿਆਂ ਨੇ ਵਾਪਸ ਨਹੀਂ ਆਉਣਾ।

ਪਿੰਡ ਢੱਡੇ ਦੇ ਰਹਿਣ ਵਾਲੇ ਮ੍ਰਿਤਕ ਬਲਵੰਤ ਰਾਏ ਦੀ ਪਤਨੀ ਨੇ ਦੱਸਿਆ, "ਪਹਿਲਾਂ ਸਾਨੂੰ ਸਵੇਰੇ 5 ਵਜੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਸੱਦਿਆ ਸੀ ਕਿ ਸਵੇਰੇ ਜਲਦੀ ਨਿਕਲਣਾ ਹੈ ਪਰ ਬਾਅਦ ਵਿੱਚ ਸਾਨੂੰ ਘਰੇ ਹੀ ਰੁੱਕਣ ਲਈ ਕਿਹਾ ਗਿਆ।"

"ਉਨ੍ਹਾਂ ਨੇ ਕਿਹਾ ਕਿ ਬੰਦ ਦੇ ਕਾਰਨ ਰਸਤੇ ਵਿੱਚ ਦੇਰੀ ਹੋ ਸਕਦੀ ਹੈ ਇਸ ਲਈ ਅਸੀਂ ਮ੍ਰਿਤਕ ਦੇਹਾਂ ਖੁਦ ਹੀ ਘਰੇ ਲੈ ਕੇ ਆਵਾਂਗੇ।"

ਇਸ ਦੇ ਨਾਲ ਹੀ ਨਕੋਦਰ ਦੇ ਪਿੰਡ ਬਾਠਾਂ ਦੇ ਮ੍ਰਿਤਕ ਰੂਪਲਾਲ ਦੇ ਜੀਜੇ ਨੇ ਜਾਣਕਾਰੀ ਦਿੱਤੀ ਕਿ ਤਹਿਸੀਲਦਾਰ ਨੇ ਕਿਹਾ ਹੈ ਕਿ ਬੰਦ ਦੇ ਹਾਲਾਤ ਕਾਰਨ ਤੁਸੀਂ ਨਹੀਂ ਜਾਣਾ, ਘਰੇ ਹੀ ਰਹਿਣਾ ਹੈ।

ਰੂਪਲਾਲ ਦੀ ਪਤਨੀ ਦੇ ਭਰਾ ਪਵਨ ਨੇ ਦੱਸਿਆ, "ਸਾਡੇ ਉੱਤੇ ਪ੍ਰਸ਼ਾਸਨ ਵੱਲੋਂ ਦਬਾਅ ਪਾਇਆ ਜਾ ਰਿਹਾ ਹੈ ਕਿ ਤੁਸੀਂ ਦੇਹਾਂ ਦਾ ਤੁਰੰਤ ਸਸਕਾਰ ਕਰ ਦੇਣਾ, ਇਨ੍ਹਾਂ ਨੂੰ ਜ਼ਿਆਦਾ ਦੇਰ ਨਹੀਂ ਰੱਖਣਾ। "

ਪਵਨ ਦਾ ਕਹਿਣਾ ਹੈ ਕਿ ਅਜੇ ਤਾਂ ਸਾਡੇ ਰਿਸ਼ਤੇਦਾਰ ਵੀ ਨਹੀਂ ਆਏ ਕਿਉਂਕਿ ਉਹ ਦੂਰ ਰਹਿੰਦੇ ਹਨ ਅਤੇ ਅਜਿਹੇ ਵਿੱਚ ਇੰਨੀ ਜਲਦੀ ਕਿਵੇਂ ਸਸਕਾਰ ਕਰ ਦੇਈਏ।

ਤਸਵੀਰ ਸਰੋਤ, Ravinder Singh Robin

ਇਸ ਬਾਰੇ ਜਦੋਂ ਬੀਬੀਸੀ ਨੇ ਤਹਿਸੀਲਦਾਰ ਭੁਪਿੰਦਰ ਸਿੰਘ ਨੂੰ ਪੁੱਛਿਆ ਕਿ ਤਾਂ ਉਨ੍ਹਾਂ ਨੇ ਕਿਹਾ, "ਸਰਕਾਰ ਵੱਲੋਂ ਅਜਿਹਾ ਕੋਈ ਦਬਾਅ ਨਹੀਂ ਪਾਇਆ ਜਾ ਰਿਹਾ, ਬਸ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਦੇਹਾਂ ਨੂੰ ਕੈਮੀਕਲ ਲੱਗੇ ਹੁੰਦੇ ਹਨ ਅਤੇ ਤਾਬੂਤ ਨੂੰ ਖੋਲੇ ਜਾਣ ਤੇ ਇਸ ਨਾਲ ਨੇੜਲੇ ਲੋਕਾਂ ਨੂੰ ਨੁਕਸਾਨ ਪਹੁੰਚ ਸਕਦਾ ਹੈ।"

ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਹੋ ਸਕਦਾ ਹੈ ਬੰਦ ਕਾਰਨ ਦੇਹਾਂ ਨੂੰ ਘਰ ਪਹੁੰਚਾਉਣ ਲਈ ਦੇਰੀ ਹੋ ਸਕਦੀ ਹੈ।

ਮਨਜਿੰਦਰ ਸਿੰਘ ਦੀ ਭੈਣ ਗੁਰਪਿੰਦਰ ਕੌਰ, ਸੁਖਵਿੰਦਰ ਸਿੰਘ ਦੇ ਪਿਤਾ ਜੀ ਨਿਰਮਲ ਸਿੰਘ ਅਤੇ ਰਣਜੀਤ ਸਿੰਘ ਦੀ ਭੈਣ ਜਸਬੀਰ ਕੌਰ ਦੀਆਂ ਕਹਾਣੀਆਂ ਇੱਕੋ ਹਨ ਪਰ ਅੱਜ ਉਨ੍ਹਾਂ ਕੋਲ ਇੱਕ-ਦੂਜੇ ਨੂੰ ਦੇਣ ਲਈ ਕੋਈ ਧਰਵਾਸਾ ਨਹੀਂ ਹੈ।

ਡੀ.ਐਨ.ਏ. 'ਤੇ ਚੁੱਕੇ ਸਵਾਲ

ਸਰਕਾਰ ਦਾ ਦਾਅਵਾ ਹੈ ਕਿ ਇਰਾਕ ਵਿੱਚ ਆਈ.ਐੱਸ.ਆਈ.ਐੱਸ. ਦਾ ਸ਼ਿਕਾਰ ਹੋਣ ਵਾਲਿਆਂ ਦੀਆਂ ਲਾਸ਼ਾਂ ਦੀ ਸ਼ਨਾਖ਼ਤ ਡੀ.ਐੱਨ.ਏ. ਰਾਹੀਂ ਕੀਤੀ ਗਈ ਹੈ।

ਜਸਬੀਰ ਕੌਰ ਕਹਿੰਦੀ ਹੈ, 'ਡੀ.ਐੱਨ.ਏ. ਵਿੱਚ ਕਿਹੜਾ ਘਪਲਾ ਨਹੀਂ ਹੋ ਸਕਦਾ। ਸਾਡੇ ਕਿਹੜਾ ਅੱਖਾਂ ਸਾਹਮਣੇ ਕੁਝ ਹੋਇਆ ਹੈ।'

ਨਿਰਮਲ ਸਿੰਘ ਦੀਆਂ ਅੱਖਾਂ ਵਿੱਚ ਆਪਣੇ ਪੋਤੇ ਦੇ ਭਵਿੱਖ ਨਾਲ ਜੁੜਿਆ ਸਵਾਲ ਘੁੰਮ ਰਿਹਾ ਹੈ। ਉਹ ਕਹਿੰਦੇ ਹਨ, 'ਮੇਰਾ ਸਰੀਰ ਹੁਣ ਬੋਝ ਨਹੀਂ ਚੁੱਕਦਾ। ਮੇਰਾ ਪੋਤੇ ਦੀ ਪੜ੍ਹਾਈ ਬਾਕੀ ਹੈ ਅਤੇ ਸੁਖਵਿੰਦਰ ਤੋਂ ਬਾਅਦ ਸਹਾਰਾ ਕੋਈ ਨਹੀਂ ਹੈ।'

ਅੰਮ੍ਰਿਤਸਰ ਵਿੱਚ ਪ੍ਰਸ਼ਾਸਨ ਨੇ ਲੰਗਰ ਦਾ ਇੰਤਜ਼ਾਮ ਕੀਤਾ ਹੈ ਅਤੇ ਅਸਥੀਆਂ ਨੂੰ ਮ੍ਰਿਤਕਾਂ ਦੇ ਘਰਾਂ ਤੱਕ ਲਿਜਾਣ ਦਾ ਬੰਦੋਬਸਤ ਕੀਤਾ ਹੈ।

ਗੁਰਪਿੰਦਰ ਕੌਰ ਦਾ ਸਵਾਲ ਹੈ ਕਿ ਉਨ੍ਹਾਂ ਨੂੰ ਇਹ ਪਤਾ ਲਗਣਾ ਚਾਹੀਦਾ ਹੈ ਕਿ ਬੱਚਿਆਂ ਦਾ ਕਤਲ ਕਦੋਂ ਹੋਇਆ ਅਤੇ ਸਰਕਾਰ ਨੂੰ ਕਦੋਂ ਪਤਾ ਲੱਗਿਆ।

ਤਸਵੀਰ ਸਰੋਤ, Getty Images

52 ਸਾਲਾ ਦਵਿੰਦਰ ਸਿੰਘ ਵੀ ਸਨ, ਜੋ ਘਰ ਦੀ ਹਾਲਤ ਸੁਧਰਨ ਦਾ ਸੁਪਨਾ ਲੈ ਕੇ ਇਰਾਕ ਗਏ ਸਨ ਪਰ ਸ਼ਾਇਦ ਉਨ੍ਹਾਂ ਨੂੰ ਪਤਾ ਨਹੀਂ ਸੀ ਕਿ ਗੁਰਬਤ ਕਦ ਹੋਣੀ ਬਣ ਜਾਵੇਗੀ।

ਮਰਹੂਮ ਦਵਿੰਦਰ ਸਿੰਘ ਦੇ ਘਰ ਇਸ ਵੇਲੇ ਖਾਮੋਸ਼ੀ ਪਸਰੀ ਹੋਈ ਹੈ। ਉਨ੍ਹਾਂ ਦੀ ਪਤਨੀ ਅਤੇ ਤਿੰਨ ਬੱਚੇ ਵੀ ਹੋਰਨਾਂ ਪੀੜਤ ਪਰਿਵਾਰਾਂ ਵਾਂਗ ਦੁਖੀ ਹਿਰਦੇ ਨਾਲ ਮ੍ਰਿਤਕ ਦੇਹ ਦਾ ਇੰਤਜ਼ਾਰ ਕਰ ਰਹੇ ਹਨ।

ਦਵਿੰਦਰ ਸਿੰਘ ਦੀ ਪਤਨੀ ਮਨਜੀਤ ਕੌਰ ਦਾ ਕਹਿਣਾ ਹੈ, "2011 ਵਿੱਚ ਜਦੋਂ ਦਵਿੰਦਰ ਸਿੰਘ ਪਰਿਵਾਰ ਦੀ ਗਰੀਬੀ ਦੂਰ ਕਰਨ ਲਈ ਇਰਾਕ ਗਏ ਸਨ ਤਾਂ ਵੱਡਾ ਪੁੱਤਰ 6 ਸਾਲਾਂ ਦਾ ਸੀ 'ਤੇ ਉਨ੍ਹਾਂ ਦੇ ਜੌੜੇ ਬੱਚੇ ਕਰੀਬ 8 ਮਹੀਨਿਆਂ ਦੇ ਸਨ, ਇਨ੍ਹਾਂ ਬੱਚਿਆਂ ਨੇ ਤਾਂ ਆਪਣੇ ਪਿਤਾ ਨੂੰ ਦੇਖਿਆ ਵੀ ਨਹੀਂ ਹੈ।"

ਆਪਣੇ ਮਾਪਿਆਂ ਦੇ ਘਰ ਤੋਂ ਕਰੀਬ ਸੌ ਮੀਟਰ ਦੀ ਦੂਰੀ ਉੱਤੇ ਮਨਜੀਤ ਕੌਰ ਕਿਰਾਏ ਦੇ ਇੱਕ ਕਮਰੇ ਵਿੱਚ ਆਪਣੇ ਤਿੰਨ ਬੱਚਿਆਂ ਨਾਲ ਰਹਿ ਰਹੀ ਹੈ।

ਗੁਜ਼ਾਰੇ ਲਈ ਉਹ ਕੁੜੀਆਂ ਨੂੰ ਸਿਲਾਈ ਦੀ ਟ੍ਰੇਨਿੰਗ ਦਿੰਦੀ ਹੈ ਜਿਸ ਦੇ ਬਦਲੇ ਉਸ ਨੂੰ ਹਰ ਮਹੀਨੇ 2500 ਰੁਪਏ ਮਿਲਦੇ ਹਨ।

ਮਨਜੀਤ ਕੌਰ ਦੱਸਦੀ ਹੈ ਕਿ ਇਰਾਕ ਜਾਣ ਤੋਂ ਪਹਿਲਾਂ ਦਵਿੰਦਰ ਸਿੰਘ ਮਜ਼ਦੂਰੀ ਕਰਦਾ ਸੀ ਅਤੇ ਰੋਜ਼ਾਨਾ 200 ਤੋਂ 250 ਰੁਪਏ ਕਮਾਉਂਦਾ ਸੀ।

ਪਰਿਵਾਰ ਨੂੰ ਖ਼ੁਸ਼ਹਾਲ ਜ਼ਿੰਦਗੀ ਦੇਣ ਲਈ ਦਵਿੰਦਰ ਨੇ ਵਿਦੇਸ਼ ਜਾਣ ਬਾਰੇ ਸੋਚਿਆ।

ਦਵਿੰਦਰ ਸਿੰਘ ਦੀ ਪਤਨੀ ਮੁਤਾਬਕ 2014 ਵਿੱਚ ਜਦੋਂ ਉਨ੍ਹਾਂ ਦੀ ਆਪਣੇ ਪਤੀ ਨਾਲ ਆਖਰੀ ਵਾਰ ਗੱਲ ਹੋਈ ਤਾਂ ਉਸ ਸਮੇਂ ਵੀ ਉਨ੍ਹਾਂ ਨੇ ਇਹੀ ਕਿਹਾ ਸੀ ਕਿ ਚਿੰਤਾ ਦੀ ਕੋਈ ਗੱਲ ਨਹੀਂ ਹੈ।

ਇਹ ਉਦੋਂ ਦੀ ਗੱਲ ਸੀ ਜਦੋਂ ਆਈਐੱਸ ਨੇ ਦਵਿੰਦਰ ਸਿੰਘ ਨੂੰ ਬਾਕੀ 39 ਭਾਰਤੀਆਂ ਨਾਲ ਅਗਵਾ ਕਰ ਲਿਆ ਸੀ, ਪਰ ਪਰਿਵਾਰ ਨੂੰ ਪਰੇਸ਼ਾਨੀ ਨਾ ਹੋਵੇ ਇਸ ਲਈ ਉਨ੍ਹਾਂ ਨੇ ਇਹ ਗੱਲ ਲੁਕਾ ਕੇ ਰੱਖੀ ਅਤੇ ਅਖ਼ੀਰ ਤੱਕ ਕਹਿੰਦਾ ਰਿਹਾ ਕਿ ਸਭ ਠੀਕ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)