#BBCShe: 'ਮੀਡੀਆ ਸਫ਼ਲ ਅੰਤਰਜਾਤੀ ਵਿਆਹਾਂ ਦੀਆਂ ਕਹਾਣੀਆਂ ਕਿਉਂ ਨਹੀਂ ਦਿਖਾਉਂਦਾ?'

  • ਦਿਵਿਆ ਆਰਿਆ
  • ਬੀਬੀਸੀ ਪੱਤਰਕਾਰ, ਨਾਗਪੁਰ ਤੋਂ
ਨਾਗਪੁਰ

ਮੇਰੀਆਂ ਅੱਖਾਂ ਦੇ ਸਾਹਮਣੇ ਮਰਾਠੀ ਫ਼ਿਲਮ 'ਸੈਰਤ' ਦਾ ਉਹ ਆਖ਼ਰੀ ਦ੍ਰਿਸ਼ ਆ ਗਿਆ। ਜਦੋਂ 'ਉੱਚੀ' ਜਾਤ ਦੀ ਔਰਤ ਦਾ ਪਰਿਵਾਰ ਉਸ ਨੂੰ ਅਤੇ 'ਨੀਵੀਂ' ਜਾਤ ਦੇ ਉਸ ਦੇ ਪਤੀ ਨੂੰ ਜਾਨ ਤੋਂ ਮਾਰ ਦਿੰਦਾ ਹੈ।

ਕਤਲ ਹੁੰਦਾ ਦਿਖਾਇਆ ਨਹੀਂ ਜਾਂਦਾ ਪਰ ਜਦੋਂ ਉਸ ਜੋੜੇ ਦਾ ਬੱਚਾ ਰੋਂਦਾ ਹੈ ਤਾਂ ਉਹ ਹਿੰਸਾ ਦਿਲ ਵਿੱਚ ਅਜੀਬ ਜਿਹਾ ਦਰਦ ਪੈਦਾ ਕਰ ਦਿੰਦੀ ਹੈ। ਦਰਦ ਅਤੇ ਖੌਫ਼।

ਜਦੋਂ ਨਾਗਪੁਰ ਵਿੱਚ BBCShe ਦੇ ਪ੍ਰੋਗਰਾਮ ਵਿੱਚ ਇੱਕ ਕੁੜੀ ਬੋਲੀ, ਤਾਂ ਉਸਦਾ ਇਸ਼ਾਰਾ ਦਰਦ ਅਤੇ ਖ਼ੌਫ਼ ਦੇ ਉਸੇ ਮਾਹੌਲ ਵੱਲ ਸੀ।

ਉਸ ਨੇ ਕਿਹਾ,''ਵੱਖ-ਵੱਖ ਜਾਤੀ ਜਾਂ ਧਰਮ ਦੇ ਲੋਕ ਜਦੋਂ ਵਿਆਹ ਕਰਦੇ ਹਨ ਤਾਂ ਮੀਡੀਆ ਉਨ੍ਹਾਂ ਖ਼ਿਲਾਫ਼ ਉੱਠਦੀਆਂ ਆਵਾਜ਼ਾਂ ਅਤੇ ਹਿੰਸਾ ਦੀਆਂ ਖ਼ਬਰਾਂ ਹੀ ਦਿਖਾਉਂਦਾ ਹੈ ਜਿਸ ਨਾਲ ਸਾਡੇ 'ਤੇ ਹੋਰ ਦਬਾਅ ਪੈਂਦਾ ਹੈ। ਅਜਿਹੇ ਵਿਆਹ ਬਾਰੇ ਨਾ ਸੋਚੋ, ਪਤਾ ਨਹੀਂ ਕੀ ਹੋ ਜਾਵੇਗਾ।''

'ਸਫ਼ਲ ਅੰਤਰਜਾਤੀ ਵਿਆਹ ਵੀ ਦਿਖਾਏ ਮੀਡੀਆ'

''ਅਜਿਹਾ ਕਿਉਂ ਨਹੀਂ ਹੁੰਦਾ ਕਿ ਮੀਡੀਆ ਉਨ੍ਹਾਂ ਰਿਸ਼ਤਿਆਂ ਦੀ ਗੱਲ ਕਰੇ ਜਿਹੜੇ ਕਾਰਗਰ ਸਾਬਤ ਹੋਏ ਹੋਣ, ਜਿੱਥੇ ਪਰਿਵਾਰਾਂ ਨੇ ਸਾਥ ਦਿੱਤਾ, ਜਿੱਥੇ ਕੁੜੀ-ਮੁੰਡਾ ਉਨ੍ਹਾਂ ਨੂੰ ਆਪਣੀ ਗੱਲ ਸਮਝਾ ਸਕੇ।''

ਉਦਾਹਰਣ ਦੇ ਤੌਰ 'ਤੇ ਉਸ ਕੁੜੀ ਨੇ ਆਪਣੀ ਅਧਿਆਪਕਾ ਨਾਲ ਮਿਲਵਾਇਆ। ਉਹ ਦੱਖਣ ਭਾਰਤ ਤੋਂ ਹੈ ਅਤੇ ਉਨ੍ਹਾਂ ਦੇ ਪਤੀ ਮਹਾਰਾਸ਼ਟਰ ਤੋਂ। ਦੋਵੇਂ ਵੱਖਰੀ ਜਾਤ ਦੇ ਹਨ।

ਅਧਿਆਪਕਾ ਦਾ ਪਰਿਵਾਰ ਵਿਆਹ ਦੇ ਬਿਲਕੁਲ ਖ਼ਿਲਾਫ਼ ਸੀ ਪਰ ਉਨ੍ਹਾਂ ਦੇ ਪਤੀ ਦੇ ਪਰਿਵਾਰ ਨੂੰ ਇਸ ਨਾਲ ਕੋਈ ਦਿੱਕਤ ਨਹੀਂ ਸੀ।

ਅਧਿਆਪਕਾ ਦੱਸਦੀ ਹੈ ਇਸਦਾ ਕਾਰਨ ਸੀ ਉਸ ਦੇ ਪਤੀ ਦੇ ਭਰਾ ਨੇ ਕੁਝ ਸਾਲ ਪਹਿਲਾਂ ਅੰਤਰਜਾਤੀ ਵਿਆਹ ਕਰਵਾਇਆ ਸੀ।

ਉਦੋਂ ਵੀ ਪਰਿਵਾਰ ਨਹੀਂ ਮੰਨਿਆ ਸੀ, ਭਰਾ ਅਤੇ ਭਾਬੀ ਨੂੰ ਕੋਰਟ-ਮੈਰਿਜ ਕਰਕੇ ਸ਼ਹਿਰ ਛੱਡ ਕੇ ਭੱਜਣਾ ਪਿਆ ਸੀ।

ਫਿਰ ਪਰਿਵਾਰ ਨੇ ਉਨ੍ਹਾਂ ਦੇ ਠਿਕਾਣੇ ਦਾ ਪਤਾ ਲਗਾ ਲਿਆ ਅਤੇ ਲਗਾਤਾਰ ਉਨ੍ਹਾਂ 'ਤੇ ਤਲਾਕ ਦਾ ਦਬਾਅ ਬਣਾਇਆ ਗਿਆ।

ਪਰ ਵਿਆਹੁਤਾ ਜੋੜਾ ਅੜਿਆ ਰਿਹਾ। ਇੱਕ ਮਹੀਨੇ ਤੱਕ ਲੁਕਣ ਤੋਂ ਬਾਅਦ ਉਹ ਵਾਪਿਸ ਆਏ ਅਤੇ ਪਰਿਵਾਰ ਨੇ ਉਨ੍ਹਾਂ ਨੂੰ ਅਪਣਾ ਲਿਆ।

ਇਹੀ ਕਾਰਨ ਸੀ ਕਿ ਜਦੋਂ ਅਧਿਆਪਕਾ ਦੇ ਪਤੀ ਨੇ ਅੰਤਰਜਾਤੀ ਵਿਆਹ ਦਾ ਪ੍ਰਸਤਾਵ ਰੱਖਿਆ ਤਾਂ ਪਰਿਵਾਰ ਮੰਨ ਗਿਆ।

'ਸਕਾਰਾਤਮਕ ਤਜ਼ਰਬੇ ਨਾਲ ਲੜਾਈ ਸੌਖੀ ਹੋ ਜਾਵੇਗੀ'

ਅਧਿਆਪਕਾ ਦੱਸਦੀ ਹੈ ਕਿ ਉਨ੍ਹਾਂ ਦਾ ਪਰਿਵਾਰ ਬਹੁਤ ਰੂੜੀਵਾਦੀ ਹੈ। ਪਤੀ ਦੇ ਪਰਿਵਾਰ ਦੇ ਸਕਾਰਾਤਮਰ ਰਵੱਈਏ ਦੇ ਬਾਵਜੂਦ ਉਨ੍ਹਾਂ ਦੇ ਮਾਤਾ-ਪਿਤਾ ਇੱਕ ਸਾਲ ਤੱਕ ਦੂਜਾ ਮੁੰਡਾ ਦੇਖਦੇ ਰਹੇ।

''ਅਖ਼ੀਰ ਵਿੱਚ ਉਹ ਮੰਨ ਗਏ ਕਿਉਂਕਿ ਇੱਕ ਸਕਾਰਾਤਮਕ ਤਜ਼ਰਬਾ ਹੋ ਜਾਣਾ, ਭਰਾ-ਭਾਬੀ ਦੀ ਲੜਾਈ ਨੇ ਸਾਡੇ ਲਈ ਰਸਤਾ ਖੋਲ੍ਹ ਦਿੱਤਾ, ਮੀਡੀਆ ਵਿੱਚ ਅਜਿਹੇ ਤਜ਼ਰਬੇ ਆਉਣ ਤਾਂ ਪਤਾ ਨਹੀਂ ਕਿੰਨੇ ਕੁੜੀਆਂ-ਮੁੰਡਿਆਂ ਦੀ ਲੜਾਈ ਸੌਖੀ ਹੋ ਜਾਵੇ।''

ਪੰਜਾਬ, ਹਰਿਆਣਾ ਅਤੇ ਉੱਤਰ-ਪ੍ਰਦੇਸ਼ ਦੀ ਹੀ ਤਰ੍ਹਾਂ ਮਹਾਰਾਸ਼ਟਰ ਵਿੱਚ ਵੀ ਦੂਜੀ ਜਾਤ ਜਾਂ ਧਰਮ ਵਿੱਚ ਵਿਆਹ ਕਰਨ 'ਤੇ ਕੁੜੀ ਜਾਂ ਮੁੰਡੇ ਦੀ ਹੱਤਿਆ ਕਰਨ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ।

'ਸੈਰਤ' ਫ਼ਿਲਮ ਇੱਕ ਅਜਿਹੇ ਹੀ ਰਿਸ਼ਤੇ ਅਤੇ ਉਸ 'ਤੇ ਪਰਿਵਾਰਕ ਹਿੰਸਾ ਦੀ ਕਹਾਣੀ ਸੀ।

ਉੱਤਰੀ ਮਹਾਰਾਸ਼ਟਰ ਦਾ ਨਾਗਪੁਰ, ਸ਼ਾਂਤ ਸ਼ਹਿਰ ਲਗਦਾ ਹੈ। ਇੱਥੇ ਅਜਿਹੀ ਹਿੰਸਾ ਦੀ ਖ਼ਬਰ ਨਹੀਂ ਮਿਲਦੀ। ਬਲਕਿ ਅਜਿਹੇ ਮਾਮਲੇ ਪੱਛਮੀ ਮਹਾਰਾਸ਼ਟਰ ਵਿੱਚ ਵੱਧ ਸਾਹਮਣੇ ਆਏ ਹਨ।

ਪਰ ਇਤਿਹਾਸਕ ਨਜ਼ਰੀਏ ਨਾਲ ਜਾਤ ਦੀ ਬਹਿਸ ਨਾਗਪੁਰ ਲਈ ਬਹੁਤ ਅਹਿਮ ਹੈ।

ਇੱਥੇ ਹੀ 1956 ਵਿੱਚ ਬਾਬਾ ਸਾਹਿਬ ਅੰਬੇਦਕਰ ਨੇ ਜਾਤੀ ਦੇ ਆਧਾਰ 'ਤੇ ਭੇਦਭਾਵ ਦਾ ਵਿਰੋਧ ਕਰਦੇ ਹੋਏ ਹਿੰਦੂ ਧਰਮ ਤਿਆਗ ਕੇ ਬੁੱਧ ਧਰਮ ਅਪਣਾਇਆ ਸੀ।

75 ਫ਼ੀਸਦ ਆਬਾਦੀ ਬੁੱਧ ਧਰਮ ਨੂੰ ਮੰਨਣ ਵਾਲੀ

ਉਨ੍ਹਾਂ ਦੀ ਅਗਵਾਈ ਵਿੱਚ 'ਨੀਵੀਂ' ਜਾਤ ਦੇ ਕਰੀਬ ਪੰਜ ਲੱਖ ਲੋਕਾਂ ਨੇ ਵੀ ਧਰਮ ਪਰਿਵਰਤਨ ਕੀਤਾ ਸੀ ਅਤੇ ਉਸ ਥਾਂ ਨੂੰ ਹੁਣ 'ਦੀਕਸ਼ਾ-ਭੂਮੀ' ਦੇ ਨਾਂ ਨਾਲ ਜਾਣਿਆ ਜਾਂਦਾ ਹੈ।

ਉਸ ਇਤਿਹਾਸਕ ਪਹਿਲ ਦਾ ਅਸਰ ਅੱਜ ਵੀ ਮਹਾਰਾਸ਼ਟਰ ਵਿੱਚ ਦੇਖਣ ਨੂੰ ਮਿਲਦਾ ਹੈ। 2011 ਦੀ ਜਨਗਣਨਾ ਮੁਤਾਬਕ ਭਾਰਤ ਵਿੱਚ ਬੁੱਧ ਧਰਮ ਮੰਨਣ ਵਾਲਿਆਂ ਦੀ ਕੁੱਲ ਆਬਾਦੀ ਦਾ 75 ਫ਼ੀਸਦ ਮਹਾਰਾਸ਼ਟਰ ਵਿੱਚ ਰਹਿੰਦਾ ਹੈ।

ਰੂਪਾ ਕੁਲਕਰਣੀ ਬੋਧੀ 1945 ਵਿੱਚ ਨਾਗਪੁਰ ਦੇ ਬ੍ਰਾਹਮਣ ਪਰਿਵਾਰ ਵਿੱਚ ਪੈਦਾ ਹੋਈ। 1956 ਵਿੱਚ ਤਾਂ ਨਹੀਂ ਪਰ 1992 ਵਿੱਚ ਜਦੋਂ ਉਹ 47 ਸਾਲ ਦੀ ਸੀ ਤਾਂ ਉਨ੍ਹਾਂ ਨੇ ਹਿੰਦੂ ਧਰਮ ਤਿਆਗ ਕੇ ਬੁੱਧ ਧਰਮ ਅਪਣਾ ਲਿਆ।

ਅਜਿਹਾ ਕਿਉਂ ਹੋਇਆ? ਉਹ ਤਾਂ 'ਉੱਚੀ' ਜਾਤੀ ਵਿੱਚ ਪੈਦਾ ਹੋਈ ਸੀ, ਨਾਗਪੁਰ ਯੂਨੀਵਰਸਟੀ ਵਿੱਚ ਸੰਸਕ੍ਰਿਤ ਦੀ ਪ੍ਰੋਫ਼ੈਸਰ ਸੀ ਅਤੇ ਕਿਸੇ ਤਰ੍ਹਾਂ ਦਾ ਭੇਦਭਾਵ ਨਹੀਂ ਝੱਲਣਾ ਪਿਆ ਹੋਵੇਗਾ?

ਉਨ੍ਹਾਂ ਨੇ ਮੈਨੂੰ ਦੱਸਿਆ,'' ਮੈਂ ਘਰੇਲੂ ਕਾਮਿਆਂ ਨਾਲ ਕੰਮ ਕਰਨਾ ਸ਼ੁਰੂ ਕੀਤਾ ਸੀ ਅਤੇ ਉਹ ਸਾਰੇ ਉਨ੍ਹਾਂ ਜਾਤਾਂ ਤੋਂ ਸੀ ਜਿਨ੍ਹਾਂ ਨੂੰ ਨੀਵਾਂ ਮੰਨਿਆ ਜਾਂਦਾ ਸੀ, ਉਨ੍ਹਾਂ ਦੇ ਹਾਲਾਤ ਬਹੁਤ ਖ਼ਰਾਬ ਸੀ, ਇਸ ਲਈ ਮੈਨੂੰ ਮੇਰੀ ਜਾਤ ਇੱਕ ਬੋਝ, ਇੱਕ ਕਲੰਕ ਦੀ ਤਰ੍ਹਾਂ ਲੱਗਣ ਲੱਗੀ ਤਾਂ ਉਸ ਨੂੰ ਛੱਡਣਾ ਹੀ ਸਹੀ ਲੱਗਿਆ।''

ਰੂਪਾ ਕੁਲਕਰਣੀ ਬੋਧੀ ਮੁਤਾਬਕ ਖ਼ਬਰੀਆ ਚੈਨਲ, ਅਖ਼ਬਾਰ ਅਤੇ ਫ਼ਿਲਮੀ ਜਗਤ ਹੀ ਨਹੀਂ, ਟੀਵੀ 'ਤੇ ਆਉਣ ਵਾਲੇ ਸੀਰੀਅਲ ਵੀ ਜਾਤੀ ਦੇ ਆਧਾਰ 'ਤੇ ਵੱਖ ਰਹਿਣ ਦੇ ਸੱਭਿਆਚਾਰ ਨੂੰ ਹੱਲਾਸ਼ੇਰੀ ਦਿੰਦੇ ਹਨ।

ਵਧੇਰੇ ਮਰਾਠੀ ਸੀਰੀਅਲ 'ਉੱਚੀ' ਜਾਤੀ ਦੇ ਅਮੀਰ ਪਰਿਵਾਰਾਂ ਦੀ ਜ਼ਿੰਦਗੀ ਦਿਖਾਉਂਦੇ ਹਨ ਜਿਸ ਵਿੱਚ 'ਨੀਵੀਂ ਜਾਤ' ਦੇ ਲੋਕਾਂ ਦੀ ਭੂਮਿਕਾ ਘਰੇਲੂ ਕੰਮ ਕਰਨ ਵਾਲੀਆਂ ਔਰਤਾਂ ਜਾਂ ਮਜ਼ਦੂਰਾਂ ਦੀ ਹੁੰਦੀ ਹੈ ਜਿਹੜੇ ਕਹਾਣੀ ਦੇ ਹਾਸ਼ੀਏ 'ਤੇ ਹੀ ਹੁੰਦੇ ਹਨ।

ਬਾਬਾ ਸਾਹਿਬ ਅੰਬੇਦਕਰ ਨੇ ਵੱਖ-ਵੱਖ ਜਾਤਾਂ ਦੇ ਲੋਕਾਂ ਵਿੱਚਲਾ ਫ਼ਰਕ ਮਿਟਾਉਣ ਲਈ ਤਿੰਨ ਅਹਿਮ ਜ਼ਰੀਏ ਦਾ ਜ਼ਿਕਰ ਕੀਤਾ ਸੀ-ਵਿਆਹ, ਖਾਣ-ਪੀਣ ਅਤੇ ਸੱਭਿਆਚਾਰਕ ਮੇਲ-ਮਿਲਾਪ।

ਨਾਗਪੁਰ ਦੇ ਕਾਲਜ ਵਿੱਚ ਮਿਲੀ ਕੁੜੀ ਇਸੇ ਮੇਲ-ਮਿਲਾਪ 'ਤੇ ਖੁੱਲ੍ਹੀ ਚਰਚਾ ਚਾਹੁੰਦੀ ਹੈ।

ਮੈਨੂੰ ਕਹਿੰਦੀ ਹੈ ਕਿ ਉਸਦੇ ਲਈ ਉਸਦੀ ਟੀਚਰ ਦਾ ਸਕਾਰਾਤਮਕ ਉਦਾਹਰਣ ਹੈ ਜਿਹੜਾ ਉਸ ਨੂੰ ਸ਼ਕਤੀ ਦਿੰਦਾ ਹੈ। ਪਰ ਉਸਦੇ ਮਾਂ-ਬਾਪ ਦੀ ਸੋਚ ਕੀ ਹੈ? ਕਿਉਂਕਿ ਉਨ੍ਹਾਂ ਨੂੰ ਮੀਡੀਆ ਅਜਿਹੀਆਂ ਕਹਾਣੀਆਂ ਨਾਲ ਰੂਬਰੂ ਕਰਵਾਉਂਦਾ ਹੀ ਨਹੀਂ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)