ਧੀ ਨੂੰ ਪਿਤਾ ਨਾਲ ਮਿਲਵਾਉਣ ਦਾ ਵਾਅਦਾ ਟੁੱਟ ਗਿਆ....

  • ਗੁਰਪ੍ਰੀਤ ਚਾਵਲਾ
  • ਬੀਬੀਸੀ ਪੰਜਾਬੀ ਲਈ
ਇਰਾਕ 'ਚ ਮਾਰੇ ਗਏ ਨੌਜਵਾਨ ਦਾ ਪਰਿਵਾਰ

ਇਰਾਕ ਦੇ ਮੂਸਲ 'ਚ ਮਾਰੇ ਗਏ ਨੌਜਵਾਨਾਂ ਦੀਆ ਅਸਥੀਆਂ ਉਨ੍ਹਾਂ ਦੇ ਪਰਿਵਾਰਾਂ ਕੋਲ ਜਿਵੇਂ ਹੀ ਪੁੱਜੀਆਂ ਤਾਂ ਮਾਹੌਲ ਸੋਗਮਈ ਸੀ।

ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਰੂਪੋਵਾਲੀ ਦੇ ਨੌਜਵਾਨ ਕੰਵਲਜੀਤ ਸਿੰਘ ਦੀ ਕਹਾਣੀ ਕੁਝ ਅਜਿਹੀ ਦੁੱਖ ਭਰੀ ਹੈ ਜਿਸ ਨੂੰ ਸੁਣ ਕੇ ਹਰ ਕੋਈ ਭਾਵੁਕ ਹੋ ਜਾਵੇ।

ਨੌਜਵਾਨ ਕੰਵਲਜੀਤ ਸਿੰਘ ਜਦੋਂ ਜੂਨ 2013 'ਚ ਆਪਣੇ ਪਰਿਵਾਰ ਦੇ ਚੰਗੇ ਭਵਿੱਖ ਲਈ ਇਰਾਕ ਗਿਆ ਤਾਂ ਉਸ ਦੀ ਪਤਨੀ ਗਰਭਵਤੀ ਸੀ।

ਸਤੰਬਰ 2013 ਨੂੰ ਉਸ ਦੇ ਘਰ ਧੀ ਨੇ ਜਨਮ ਲਿਆ ਉਸ ਵੇਲੇ ਪਿਤਾ ਇਰਾਕ ਵਿੱਚ ਸੀ। ਨਾ ਪਿਤਾ ਨੇ ਧੀ ਨੂੰ ਦੇਖਿਆ ਤੇ ਨਾ ਹੀ ਧੀ ਨੇ ਪਿਤਾ ਦੀ ਬੁੱਕਲ ਦਾ ਅਹਿਸਾਸ ਲਿਆ।

ਸਾਢੇ 4 ਸਾਲ ਬਾਅਦ ਧੀ ਨੂੰ ਪਿਤਾ ਦੀਆਂ ਅਸਥੀਆਂ ਦੇਖਣ ਨੂੰ ਮਿਲੀਆਂ।

ਕੰਵਲਜੀਤ ਸਿੰਘ ਦੀ ਪਤਨੀ ਹਰਪ੍ਰੀਤ ਕੌਰ ਨੇ ਕੁਰਲਾਉਂਦੇ ਹੋਏ ਆਖਿਆ, ''ਧੀ ਹਰ ਰੋਜ਼ ਪਿਤਾ ਬਾਰੇ ਪੁੱਛਦੀ ਸੀ ਅਤੇ ਉਹ ਉਸ ਨੂੰ ਜਲਦ ਪਿਤਾ ਨਾ ਮਿਲਵਾਉਣ ਦੀ ਗੱਲ ਆਖਦੀ ਰਹੀ ਪਰ ਅੱਜ ਉਹ ਭਰੋਸਾ ਵੀ ਟੁੱਟ ਗਿਆ ਹੈ।''

''ਉਮੀਦਾਂ ਬਹੁਤ ਸਨ, ਚੰਗੇ ਦਿਨਾਂ ਦੀ ਉਡੀਕ ਸੀ, ਪਰ ਸਮੇਂ ਨੇ ਸਭ ਕੁਝ ਬਦਲ ਦਿੱਤਾ।''

ਉੱਥੇ ਹੀ ਬਜ਼ੁਰਗ ਪਿਤਾ ਹਰਭਜਨ ਸਿੰਘ ਅਤੇ ਮਾਂ ਮੋਹਿੰਦਰ ਕੌਰ ਨੂੰ ਵਿਸ਼ਵਾਸ ਸੀ ਕਿ ਉਨ੍ਹਾਂ ਦਾ ਪੁੱਤ ਬੁਢਾਪੇ ਵਿੱਚ ਉਨ੍ਹਾਂ ਦਾ ਸਹਾਰਾ ਬਣੇਗਾ।

ਮਾਂ-ਬਾਪ ਨੇ ਰੋਂਦੇ ਹੋਏ ਕਿਹਾ,''ਇੰਝ ਲੱਗ ਰਿਹਾ ਹੈ ਜਿਵੇਂ ਉਨ੍ਹਾਂ ਦੀ ਦੁਨੀਆਂ ਹੀ ਖ਼ਤਮ ਹੋ ਗਈ ਹੋਵੇ।''

ਪਿਤਾ ਹਰਭਜਨ ਸਿੰਘ ਨੇ ਆਖਿਆ, ''ਹੁਣ ਮੁੰਡੇ ਦੀ ਨਿਸ਼ਾਨੀ ਉਨ੍ਹਾਂ ਦੀ ਪੋਤੀ ਹਰਗੁਨ ਨੂੰ ਹੀ ਉਹ ਪਾਲਣਗੇ ਅਤੇ ਉਹ ਹੀ ਉਨ੍ਹਾਂ ਦੇ ਪੁੱਤ ਦੀ ਤਸਵੀਰ ਹੈ।''

ਜਿਵੇ ਕੰਵਲਜੀਤ ਸਿੰਘ ਦੀਆ ਅਸਥੀਆਂ ਤਾਬੂਤ 'ਚ ਬੰਦ ਪਹੁੰਚੀਆਂ ਤਾ ਪਰਿਵਾਰ ਵਲੋਂ ਤਾਬੂਤ ਨੂੰ ਖੋਲ੍ਹਣ ਦੀ ਇੱਛਾ ਵੀ ਜਤਾਈ ਗਈ।

ਪੁੱਤ ਕੰਵਲਜੀਤ ਦਾ ਅੰਤਿਮ ਸੰਸਕਾਰ ਪਿਤਾ ਹਰਭਜਨ ਸਿੰਘ ਨੇ ਅਗਨੀ ਭੇਟ ਕਰ ਕੀਤਾ।

ਪਿੰਡ ਵਿਚ ਵੀ ਸੈਂਕੜੇ ਲੋਕਾਂ ਦੀਆਂ ਅੱਖਾਂ ਵਿਚੋਂ ਅੱਥਰੂ ਵਹਿ ਰਹੇ ਸਨ।

ਪਿੰਡ ਵਾਸੀਆਂ ਅਤੇ ਰਿਸ਼ਤੇਦਾਰਾਂ ਨੇ ਨਮ ਅੱਖਾਂ ਨਾਲ ਕੰਵਲਜੀਤ ਸਿੰਘ ਨੂੰ ਅੰਤਿਮ ਵਿਦਾਈ ਦਿਤੀ।

ਜ਼ਿਲ੍ਹਾ ਗੁਰਦਸਾਪੁਰ ਦੇ ਤਲਵੰਡੀ ਦੇ ਧਰਮਿੰਦਰ ਕੁਮਾਰ, ਕਾਦੀਆਂ ਦੇ ਰਾਕੇਸ਼ ਕੁਮਾਰ ਅਤੇ ਪਿੰਡ ਤੇਲੀਆਂਵਾਲ ਦੇ ਮਲਕੀਤ ਸਿੰਘ ਦਾ ਵੀ ਸਸਕਾਰ ਕੀਤਾ ਗਿਆ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)