ਬਲਾਗ : 'ਦਲਿਤਾਂ ਦੇ 'ਭਾਰਤ ਬੰਦ' ਬਾਰੇ ਖੁਲ੍ਹੇ ਦਿਮਾਗ ਨਾਲ ਸੋਚੋ'

ਦੇਸ ਨੇ ਹੱਥ ਵਿੱਚ ਨੰਗੀਆਂ ਤਲਾਵਾਰਾਂ ਚੁੱਕ ਕੇ ਇੱਕ ਫ਼ਿਲਮ ਦਾ ਵਿਰੋਧ ਕਰਦੇ ਹੁੜਦੰਗੀਆਂ ਨੂੰ ਦੇਖਿਆ, ਹਿੰਸਕ 'ਗਊਰੱਖਿਅਕਾਂ' ਨੂੰ ਦੇਖਿਆ, ਜਾਟਾਂ ਦਾ ਤਬਾਹੀ ਕਰਨ ਵਾਲਾ ਅੰਦੋਲਨ ਦੇਖਿਆ ਅਤੇ ਬਿਹਾਰ-ਬੰਗਾਲ ਵਿੱਚ ਰਾਮ ਦਾ ਨਾਂ ਲੈ ਕੇ ਦੁਕਾਨਾਂ ਸਾੜਨ ਵਾਲਿਆਂ ਦਾ ਕਾਰਨਾਮਾ ਦੇਖਿਆ ਜਿਹੜਾ ਇੱਕਦਮ ਤਾਜ਼ਾ ਹੈ।
ਸਿਰਫ਼ ਇੱਕ ਚੀਜ਼ ਜਿਹੜੀ ਹੁਣ ਤੱਕ ਨਹੀਂ ਦੇਖਣ ਨੂੰ ਮਿਲ ਰਹੀ ਸੀ, ਉਹ ਸੀ ਕਾਨੂੰਨ-ਪ੍ਰਬੰਧਾਂ ਨੂੰ ਕਾਇਮ ਰੱਖਣ ਵਿੱਚ ਪੁਲਿਸ ਦੀ ਕਾਰਗੁਜ਼ਾਰੀ, ਪੁਲਿਸ ਨੇ ਜਿਵੇਂ ਆਪਣੀ ਸਾਰੀ ਊਰਜਾ ਦਲਿਤਾਂ ਦੇ 'ਭਾਰਤ ਬੰਦ' ਲਈ ਬਚਾ ਕੇ ਰੱਖੀ ਸੀ।
ਜਿਹੜੇ ਵੀਡੀਓ ਦੇਖਣ ਨੂੰ ਮਿਲ ਰਹੇ ਹਨ ਉਨ੍ਹਾਂ ਵਿੱਚ ਪੁਲਿਸ ਦੀ ਲਾਠੀ ਦਲਿਤਾਂ 'ਤੇ ਪੂਰੀ ਰਫ਼ਤਾਰ ਨਾਲ ਚੱਲ ਹੀ ਹੈ।
ਹਰ ਪ੍ਰਦਰਸ਼ਨ ਅਤੇ ਹਿੰਸਾ ਆਪਣੇ ਆਪ 'ਚ ਵੱਖਰੀ
ਜਦੋਂ ਕਰਣੀ ਸੈਨਾ ਆਪਣੀ ਜਾਤੀਵਾਦ ਦੀ ਆਨ ਦੀ ਰੱਖਿਆ ਦੇ ਨਾਂ 'ਤੇ ਹੰਗਾਮਾ ਮਚਾ ਰਹੀ ਸੀ ਤਾਂ ਕਾਰਵਾਈ ਤਾਂ ਦੂਰ ਦੀ ਗੱਲ, ਭਾਜਪਾ ਅਤੇ ਸਰਕਾਰ ਦੇ ਬੁਲਾਰੇ ਇਤਿਹਾਸ ਦੇ ਰਾਜਪੂਤੀ ਵਰਜਨ ਦੇ ਪੱਖ ਵਿੱਚ ਬਹਿਸ ਕਰ ਰਹੇ ਸਨ।
ਮੁੱਖ ਮੰਤਰੀ ਲੋਕਤੰਤਰ ਅਤੇ ਸੰਵਿਧਾਨ ਨੂੰ ਅਹਿਮ ਰੱਖ ਕੇ 'ਪਦਮਾਵਤ' ਨੂੰ ਬੈਨ ਕਰਕੇ ਉਨ੍ਹਾਂ ਦੀ ਆਨ-ਬਾਨ ਨੂੰ ਹੱਲਾਸ਼ੇਰੀ ਦੇ ਰਹੇ ਸਨ।
ਹਰ ਪ੍ਰਦਰਸ਼ਨ ਅਤੇ ਹਿੰਸਾ ਆਪਣੇ ਆਪ ਵਿੱਚ ਵੱਖਰੀ ਹੁੰਦੀ ਹੈ। ਉਸਦੀਆਂ ਛੋਟੀਆਂ-ਛੋਟੀਆਂ ਚੀਜ਼ਾਂ ਵਿੱਚ ਉਲਝਣ ਦੀ ਥਾਂ ਸਿਰਫ਼ ਇੱਕ ਗੱਲ ਉੱਤੇ ਧਿਆਨ ਦਵੋ ਕਿ ਸੱਤਾ ਅਤੇ ਉਸ ਦਾ ਪੁਲਿਸ ਕਾਨੂੰਨ-ਪ੍ਰਬੰਧ ਵੀ ਵੱਖ-ਵੱਖ ਮਾਮਲਿਆਂ ਵਿੱਚ, ਵੱਖ-ਵੱਖ ਤਰੀਕੇ ਨਾਲ ਲਾਗੂ ਹੁੰਦਾ ਹੈ।
ਸੋਚੋ ਕਿ ਪੈਲੇਟਗਨ ਸਿਰਫ਼ ਕਸ਼ਮੀਰ ਵਿੱਚ ਹੀ ਕਿਉਂ ਚਲਦੀ ਹੈ?
ਇਹ ਗਿਆਨ ਦੇਣ ਦਾ ਨੈਤਿਕ ਹੱਕ ਸਰਕਾਰੀ ਦਮਨ ਦੇ ਸਮਰਥਕਾਂ ਨੂੰ ਨਹੀਂ ਹੈ ਕਿ ਹਿੰਸਾ ਬੁਰੀ ਚੀਜ਼ ਹੈ। ਲੋਕਤੰਤਰ ਵਿੱਚ ਹਿੰਸਾ ਨਹੀਂ ਹੋਣੀ ਚਾਹੀਦੀ, ਕਿਸੇ ਨੂੰ ਨਹੀਂ ਕਰਨੀ ਚੀਹੀਦੀ, ਇਸ 'ਤੇ ਬਹਿਸ ਦੀ ਕੋਈ ਗੁੰਜਾਇਸ਼ ਕਿੱਥੇ ਹੈ।
ਜਿਹੜੇ ਲੋਕ ਸਦੀਆਂ ਤੋਂ ਜਾਤੀ ਨਫ਼ਰਤ ਨਾਲ ਪ੍ਰੇਰਿਤ ਸੋਚੀ ਸਮਝੀ ਅਤੇ ਲਗਾਤਾਰ ਹਿੰਸਾ ਦੇ ਸ਼ਿਕਾਰ ਰਹੇ ਹਨ ਉਨ੍ਹਾਂ ਦਲਿਤਾਂ ਨੂੰ ਵੀ ਹਿੰਸਾ ਦਾ ਸਹਾਰਾ ਨਹੀਂ ਲੈਣਾ ਚਾਹੀਦਾ।
ਕੋਈ ਅਜੇ ਦਾਅਵੇ ਨਾਲ ਨਹੀਂ ਕਹਿ ਸਕਦਾ ਕਿ ਹਿਸਾ ਕਿਵੇਂ ਹੋਈ, ਪਰ ਰਿਪੋਰਟ ਦੱਸ ਰਹੀ ਹੈ ਕਿ ਕਈ ਥਾਵਾਂ 'ਤੇ ਹਥਿਆਰਬੰਦ ਗੁੱਟਾਂ ਅਤੇ ਦਲਿਤਾਂ ਦੇ ਵਿੱਚ ਹਿੰਸਕ ਝੜਪਾਂ ਹੋਈਆਂ ਜਿਨ੍ਹਾਂ ਵਿੱਚ ਕਈ ਲੋਕ ਮਾਰੇ ਗਏ ਹਨ।
ਦਲਿਤਾਂ ਦੇ ਖ਼ਿਲਾਫ਼ ਹਿੰਸਾ ਦੀਆਂ ਹੁਣ ਤੱਕ ਜਿੰਨੀਆਂ ਘਟਨਾਵਾਂ ਹੋਈਆਂ ਹਨ ਉਨ੍ਹਾਂ ਵਿੱਚ ਕੌਣ ਲੋਕ ਸ਼ਾਮਲ ਰਹੇ ਹਨ ਇਹ ਕੋਈ ਰਾਜ਼ ਨਹੀਂ ਹੈ।
ਜਿਨ੍ਹਾਂ ਲੋਕਾਂ ਨਾਲ ਇਨ੍ਹਾਂ ਦਲਿਤ ਪ੍ਰਦਰਸ਼ਨਕਾਰੀਆਂ ਦਾ ਟਾਕਰਾ ਹੋਇਆ ਉਨ੍ਹਾਂ ਬਾਰੇ ਪੂਰੀ ਜਾਣਕਾਰੀ ਮਿਲਣ ਵਿੱਚ ਸਮਾਂ ਲੱਗੇਗਾ ਪਰ ਇਹ ਕੋਈ ਹੈਰਾਨ ਕਰਨ ਵਾਲੀ ਜਾਣਕਾਰੀ ਨਹੀਂ ਹੋਵੇਗੀ।
ਦਲਿਤਾਂ 'ਤੇ ਹਿੰਸਾ ਕਰਨ ਦੇ ਇਲਜ਼ਾਮ
ਇਹ ਤੱਥ ਹੈ ਕਿ ਗੁਜਰਾਤ ਦੇ ਊਨਾ ਤੋਂ ਲੈ ਕੇ ਸਹਾਰਨਪੁਰ ਅਤੇ ਕੋਰੇਗਾਂਓ ਭੀਮਾ ਤੱਕ ਜਿੱਥੇ ਵੀ ਦਲਿਤਾਂ ਨਾਲ ਹਿੰਸਾ ਹੋਈ ਹੈ ਉਨ੍ਹਾਂ ਵਿੱਚ ਬਿਨਾਂ ਕਿਸੇ ਅਪਵਾਦ ਦੇ 'ਹਿੰਦੂਤਵ ਦੇ ਵੀਰ ਸੈਨਾਨੀਆਂ' ਦਾ ਹੀ ਨਾਮ ਆਇਆ ਹੈ।
ਹਿੰਸਾ ਦੇ ਇਲਜ਼ਾਮ ਦਲਿਤਾਂ 'ਤੇ ਲੱਗਣਗੇ ਅਤੇ ਸਵਰਣਾਂ 'ਤੇ ਵੀ, ਹੜਬੜੀ ਵਿੱਚ ਕੁਝ ਕਹਿਣਾ ਗ਼ਲਤ ਹੋਵੇਗਾ ਪਰ ਇਹ ਕਿਹਾ ਜਾਣਾ ਚਾਹੀਦਾ ਹੈ ਕਿ ਦਲਿਤਾਂ ਨੂੰ ਸੜਕਾਂ 'ਤੇ ਹਿੰਸਾ ਕਰਦੇ ਹੁਣ ਤੱਕ ਇਸ ਦੇਸ ਨੇ ਨਹੀਂ ਦੇਖਿਆ ਹੈ, ਇਸ ਮਾਮਲੇ ਵਿੱਚ ਵੀ ਪੂਰੀ ਜਾਣਕਾਰੀ ਆਉਣ ਤੱਕ ਉਡੀਕ ਕਰੋ।
ਇਸ ਗੱਲ ਤੋਂ ਇਨਕਾਰ ਕਰਨਾ ਮੁਸ਼ਕਿਲ ਹੋਵੇਗਾ ਕਿ ਇਸ ਦੇਸ ਵਿੱਚ ਲੰਬੇ ਸਮੇਂ ਤੋਂ ਸੰਸਥਾਗਤ ਪੱਧਰ 'ਤੇ ਦਲਿਤਾਂ ਨਾਲ ਬੇਇਨਸਾਫ਼ੀ ਹੁੰਦੀ ਰਹੀ ਹੈ ਅਤੇ ਉਸਦੀਆਂ ਕਈ ਮਿਸਾਲਾਂ ਦਿੱਤੀਆਂ ਜਾ ਸਕਦੀਆਂ ਹਨ।
ਸ਼ੰਕਰਬੀਘਾ, ਲਕਸ਼ਮਣਪੁਰ, ਬਾਥੇ, ਬੇਛਲੀ, ਗੋਹਾਨਾ, ਕੁਮਹੇਰ, ਮਿਰਚਪੁਰ, ਖੈਰਲਾਂਜੀ, ਘੜਕੌਲੀ, ਘਾਟਕੋਪਰ...ਸਭ ਨੂੰ ਵਾਰੀ-ਵਾਰੀ ਗੂਗਲ ਕਰੋ। ਇਨ੍ਹਾਂ ਵਿੱਚੋਂ ਵਧੇਰੇ ਮਾਮਲੇ ਕਾਂਗਰਸ ਦੇ ਸ਼ਾਸਨਕਾਲ ਦੇ ਹਨ।
ਚਰਚਿਤ ਭੰਵਰੀ ਦੇਵੀ ਬਲਾਤਕਾਰ ਕਾਂਡ ਵਿੱਚ ਜੱਜ ਨੇ ਇਹ ਕਹਿੰਦੇ ਹੋਏ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਸੀ ਕਿ ''ਉੱਚੀ ਜਾਤ ਦੇ ਲੋਕ ਇੱਕ ਦਲਿਤ ਨੂੰ ਛੂੰਹਦੇ ਵੀ ਨਹੀਂ, ਬਲਾਤਾਕਾਰ ਕੀ ਕਰਨਗੇ।''
ਪਿਛਲੇ ਸਾਲ ਜੂਨ ਵਿੱਚ ਰਾਣਾ ਪ੍ਰਤਾਪ ਜੰਯਤੀ ਸਹਾਰਨਪੁਰ ਵਿੱਚ ਪਹਿਲੀ ਵਾਰ ਮਨਾਈ ਗਈ, ਦਲਿਤਾਂ ਦੇ ਕਈ ਘਰ ਸਾੜੇ ਗਏ ਅਤੇ ਦਲਿਤਾਂ ਦੇ ਨੇਤਾ ਚੰਦਰਸ਼ੇਖਰ ਆਜ਼ਾਦ ਜ਼ਮਾਨਤ ਮਿਲਣ ਅਤੇ ਸਿਹਤ ਖ਼ਰਾਬ ਹੋਣ ਦੇ ਬਾਵਜੂਦ ਕੌਮੀ ਸੁਰੱਖਿਆ ਕਾਨੂੰਨ ਦੇ ਤਹਿਤ ਲੰਬੇ ਸਮੇਂ ਤੋਂ ਜੇਲ ਵਿੱਚ ਬੰਦ ਹਨ।
ਜਾਤੀਵਾਦ, ਰਾਖਵਾਂਕਰਨ ਅਤੇ ਸਰਕਾਰ ਦੀ ਦੁਬਿਧਾ
ਭਾਰਤ ਵਿੱਚ ਜਾਤੀਵਾਦ ਦੀ ਬਹਿਸ ਬਹੁਤ ਦਿਲਚਸਪ ਹੈ। ਜਾਤੀਵਾਦੀ ਉਸ ਵਿਅਕਤੀ ਨੂੰ ਕਿਹਾ ਜਾਂਦਾ ਹੈ ਜਿਹੜੇ ਜਾਤੀ ਦੇ ਆਧਾਰ 'ਤੇ ਹੋਣ ਵਾਲੇ ਭੇਦਭਾਵ ਦੀ ਚਰਚਾ ਕਰਨ, ਉਸ ਨੂੰ ਰੋਕਣ ਦੀ ਕੋਸ਼ਿਸ਼ ਕਰਨ, ਪੀੜਤਾਂ ਨੂੰ ਨਿਆਂ ਦਿਵਾਉਣ ਦੀ ਗੱਲ ਕਰਨ।
ਜਾਤੀਵਾਦ ਦਾ ਵਿਰੋਧੀ ਉਹ ਹੁੰਦਾ ਹੈ ਜਿਹੜੇ ਕਹੇ ਕਿ ਜਾਤ-ਪਾਤ ਪੁਰਾਣੀ ਗੱਲ ਹੈ, ਹੁਣ ਖ਼ਤਮ ਹੋ ਗਈ ਹੈ ਇਸ ਲਈ ਰਿਜ਼ਰਵੇਸ਼ਨ ਬੰਦ ਕਰ ਦੇਣਾ ਚਾਹੀਦਾ ਹੈ।
'ਦਲਿਤ ਵੀ ਹਿੰਦੂ ਹੈ', ਕਹਿਣ ਵਾਲੇ , ਉਨ੍ਹਾਂ ਦੇ ਘਰ ਖਾਣਾ ਖਾਣ ਦਾ ਕਰਤਬ ਦਿਖਾਉਣ ਵਾਲੇ, ਉਸ ਦਿਨ ਇਹ ਗੱਲ ਨਹੀਂ ਕਹਿੰਦੇ ਜਿਸ ਦਿਨ ਦਲਿਤਾਂ ਨੂੰ ਮੁੱਛ ਰੱਖਣ 'ਤੇ ਮਰੀ ਹੋਈ ਗਾਂ ਦੀ ਚਮੜੀ ਲਾਉਣ 'ਤੇ ਜਾਂ ਘੋੜੀ 'ਤੇ ਬੈਠਣ ਲਈ ਮਾਰ ਦਿੱਤਾ ਜਾਂਦਾ ਹੈ।
ਉਹ ਜਾਣਦੇ ਹਨ ਕਿ ਦਲਿਤਾਂ 'ਤੇ ਬੇਇਨਸਾਫ਼ੀ ਦੀ ਗੱਲ ਕਰਨ ਵਾਲੇ 'ਜਾਤੀਵਾਦੀ' ਹੁੰਦੇ ਹਨ, ਉਨ੍ਹਾਂ ਨਾਲ ਨਾਇਨਸਾਫ਼ੀ ਕਰਨ ਵਾਲੇ ਨਹੀਂ।
ਸੋਮਵਾਰ ਨੂੰ ਦਲਿਤਾਂ ਦੇ ਹੱਥਾਂ ਵਿੱਚ ਜਿਹੜੇ ਬੈਨਰ-ਪੋਸਟਰ ਸੀ ਉਹ ਦੱਸਦੇ ਹਨ ਕਿ ਉਨ੍ਹਾਂ ਦੀ ਚਿੰਤਾ ਐੱਸਸੀ-ਐੱਸਟੀ ਐਕਟ 'ਤੇ ਸੁਪਰੀਮ ਕੋਰਟ ਦੇ ਫ਼ੈਸਲੇ ਤੋਂ ਕਿਤੇ ਵੱਧ ਉਸ ਸੰਵਿਧਾਨ ਨੂੰ ਲੈ ਕੇ ਹੈ ਜਿਹੜਾ ਉਨ੍ਹਾਂ ਆਰਕਸ਼ਣ ਅਧਿਕਾਰ ਦੀ ਤਰ੍ਹਾਂ ਦਿੰਦਾ ਹੈ।
ਮੋਹਨ ਭਾਗਵਤ ਤੋਂ ਲੈ ਕੇ ਸੀਪੀ ਠਾਕੁਰ ਅਤੇ ਅਨੰਤ ਹੇਗੜੇ ਤੱਕ, ਹਰ ਪੱਧਰ 'ਤੇ ਸੱਤਾ ਨਾਲ ਜੁੜੇ ਕਈ ਲੋਕ ਸੰਵਿਧਾਨ ਅਤੇ ਆਰਕਸ਼ਣ ਵਿੱਚ ਬਦਲਾਅ ਦੀ ਗੱਲ ਕਰ ਚੁੱਕੇ ਹਨ।
ਆਰਕਸ਼ਣ ਇੱਕ ਭਾਵਨਾਤਮਕ ਮੁੱਦਾ ਹੈ ਉਨ੍ਹਾਂ ਲਈ ਵੀ ਜਿਨ੍ਹਾਂ ਨੂੰ ਉਸ ਦੇ ਜ਼ਰੀਏ ਸਨਮਾਨ ਨਾਲ ਜੀ ਸਕਣ ਦੀ ਉਮੀਦ ਦਿਖਦੀ ਹੈ ਅਤੇ ਉਨ੍ਹਾਂ ਲਈ ਵੀ ਜਿਹੜੇ ਇਹ ਮੰਨਦੇ ਹਨ ਕਿ ਰਾਖਵਾਂਕਰਨ ਨਹੀਂ ਹੁੰਦਾ ਤਾਂ ਸਰਕਾਰੀ ਨੌਕਰੀ ਮਿਲ ਗਈ ਹੁੰਦੀ ।
ਖ਼ੁਦ ਨੂੰ ਕਮਜ਼ੋਰ ਸਾਬਤ ਕਰਨ ਲਈ ਪਟੇਲਾਂ, ਜਾਟਾਂ ਅਤੇ ਗੁੱਜਰਾਂ ਨੇ ਦੇਸ ਵਿੱਚ ਤਿੱਖੇ ਪ੍ਰਦਰਸ਼ਨ ਕੀਤੇ ਹਨ ਪਰ ਸਵਰਣਾਂ ਦਾ ਇੱਕ ਵੱਡਾ ਬੇਰੁਜ਼ਗਾਰ ਤਬਕਾ ਆਪਣਾ ਗੁੱਸਾ ਸਿਰਫ਼ ਸੋਸ਼ਲ ਮੀਡੀਆ 'ਤੇ ਜ਼ਾਹਰ ਕਰਦਾ ਰਿਹਾ ਹੈ।
ਰੁਜ਼ਗਾਰ ਦੋਣ ਵਿੱਚ ਸਰਕਾਰ ਦੀ ਨਾਕਾਮੀ 'ਤੇ ਜਿਹੜਾ ਗੁੱਸਾ ਭੜਕ ਸਕਦਾ ਸੀ, ਉਹੀ ਗੁੱਸਾ ਫਿਲਹਾਲ ਉਗਰ ਹਿੰਦੂਤਵ ਦੇ ਨਾਂ 'ਤੇ ਦੇਸ ਦੇ ਕਈ ਹਿੱਸਿਆ ਵਿੱਚ ਦਿਖ ਰਿਹਾ ਹੈ।
ਇਹੀ ਕਾਰਨ ਹੈ ਕਿ ਕਰਣੀ ਸੈਨਾ, ਹਿੰਦੂ ਯੁਵਾ ਵਾਹਿਨੀ ਜਾਂ ਹਿੰਦੂਤਵ/ਰਾਸ਼ਟਰਵਾਦ ਦੇ ਨਾਂ ਮੋਟਰਬਾਈਕ ਲੈ ਕੇ ਰੈਲੀਆਂ ਕੱਢਣ ਵਾਲਿਆਂ ਅਤੇ ਸਰਕਾਰ ਵਿਚਕਾਰ ਆਪਸੀ ਸਹਿਮਤੀ ਵਾਲੀ ਚੁੱਪੀ ਰਹੀ ਹੈ। ਇਹ ਉਹੀ ਨੌਜਵਾਨ ਹਨ ਜਿਹੜੇ ਗ੍ਰਾਊਂਡ ਪੱਧਰ 'ਤੇ ਹਿੰਦੂ ਧਰੂਵੀਕਰਨ ਦੇ ਪਿਆਦੇ ਹਨ।
ਆਰਐੱਸਐੱਸ ਅਤੇ ਭਾਜਪਾ ਲਈ ਇਹ ਬਹੁਤ ਵੱਡੀ ਚੁਣੌਤੀ ਹੈ, ਉਸ ਨੂੰ ਲਗਾਤਾਰ ਚੋਣ ਜਿੱਤਣ ਲਈ ਨਵੇਂ ਵੋਟਰ ਚਾਹੀਦੇ ਹਨ ਅਤੇ ਮੁਸਲਮਾਨਾਂ ਦੀ ਤਰ੍ਹਾਂ ਦਲਿਤ ਭਾਜਪਾ ਨੂੰ ਅਛੂਤ ਨਹੀਂ ਮੰਨਦੇ।
ਇਸ ਲਈ ਉਸ ਨੇ ਉੱਥੇ ਵੱਡੀ ਸੰਭਾਵਨਾ ਦੇਖੀ ਹੈ, ਪਰ ਜਦੋਂ ਉਸ ਦਾ ਪੁਰਾਣਾ ਵਫ਼ਾਦਾਰ-ਕੱਟਰ ਸਮਰਥਕ ਜਿਸ ਵਿੱਚ ਬ੍ਰਾਹਮਣ, ਰਾਜਪੂਤ ਅਤੇ ਕੁਝ ਓਬੀਸੀ ਜਾਤੀਆਂ ਸ਼ਾਮਲ ਹਨ-ਨਵੀਂ ਉਮੀਦ ਨਾਲ ਟਕਰਾਏਗਾ ਤਾਂ ਭਾਜਪਾ ਇਸ ਹਾਲਤ ਨਾਲ ਕਿਵੇਂ ਨਿਪਟੇਗੀ?
ਆਰਐੱਸਐੱਸ ਦੀ ਨੀਤੀ ਇਹ ਹੈ ਕਿ ਸਥਿਤੀ ਜਿਉਂ ਦੀ ਤਿਉਂ ਬਣੀ ਰਹੇ। ਕੱਟਰ ਸਮਰਥਕ ਦੀ ਉਮੀਦ ਬਣੀ ਰਹੇ ਕਿ ਰਾਖਵਾਂਕਰਨ ਹਟੇਗਾ ਅਤੇ ਪੱਛੜੀ ਜਾਤੀਆਂ ਨੂੰ ਪੂਜਾ-ਹਵਨ-ਯਗ-ਸਾਮੂਹਿਕ ਭੋਜਨ ਆਦਿ ਵਿੱਚ ਸ਼ਾਮਲ ਕਰਕੇ ਮਾਣ-ਸਨਮਾਨ ਦਿੱਤਾ ਜਾਵੇ ਤਾਂਕਿ ਜਾਤੀਆਂ ਤੋਂ ਪਰਾਂ ਹਿੰਦੂ ਇੱਕ ਚੋਣ ਸ਼ਕਤੀ ਬਣੇ।
ਬਿਹਾਰ ਚੋਣਾਂ ਤੋਂ ਪਹਿਲਾਂ ਮੋਹਨ ਭਾਗਵਤ ਨੇ ਕਿਹਾ ਸੀ ਰਿਜ਼ਰਵੇਸ਼ਨ ਦੀ ਸਮੀਖਿਆ ਹੋਣੀ ਚਾਹੀਦੀ ਹੈ, ਉਸ ਤੋਂ ਬਾਅਦ ਨਰਿੰਦਰ ਮੋਦੀ ਨੇ ਕਿਹਾ ਸੀ ਕਿ 'ਪ੍ਰਾਣ ਦੇ ਕੇ ਵੀ ਆਕਰਸ਼ਣ ਦਾ ਪ੍ਰਬੰਧ ਕਾਇਮ ਰੱਖਾਂਗਾ'।
ਜੇਕਰ ਦਲਿਤਾਂ ਅਤੇ ਰਾਖਵਾਂਕਰਨ ਵਿਰੋਧੀਆਂ ਵਿਚਾਲੇ ਅਜਿਹੇ ਟਕਰਾਅ ਜਾਰੀ ਰਹੇ ਜਾਂ ਵਧੇ ਤਾਂ ਨਰਿੰਦਰ ਮੋਦੀ ਅਤੇ ਆਰਐੱਸਐੱਸ ਲਈ ਵੱਡੀ ਮੁਸੀਬਤ ਇਹ ਹੋਵੇਗੀ ਕਿ ਉਹ ਕਿਸ ਨਾਲ ਖੜੇ ਦਿਖਾਣਾ ਚਾਹੁਣਗੇ।
ਇਸ ਲਿਹਾਜ਼ ਨਾਲ ਇਹ ਸਰਕਾਰ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਚੁਣੌਤੀ ਹੋਵੇਗੀ, ਉਹ ਵੀ ਅਜਿਹੇ ਸਮੇਂ ਵਿੱਚ ਜਦੋਂ ਸਪਾ-ਬਸਪਾ ਇੱਕਜੁੱਟ ਹੁੰਦੇ ਦਿਖਾਈ ਦੇ ਰਹੇ ਹਨ।
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)