'ਉਹ ਮਰ ਕੇ ਵੀ ਸਾਨੂੰ ਰੋਟੀ ਜੋਗਾ ਕਰ ਗਿਆ'- ਦਵਿੰਦਰ ਦੀ ਪਤਨੀ ਮਨਜੀਤ ਕੌਰ

  • ਅਰਵਿੰਦ ਛਾਬੜਾ
  • ਬੀਬੀਸੀ ਪੱਤਰਕਾਰ

ਦਵਿੰਦਰ ਸਿੰਘ ਦੀ ਪਤਨੀ ਮਨਜੀਤ ਕੌਰ ਨੇ ਭਰੀਆਂ ਅੱਖਾਂ ਨਾਲ ਕਿਹਾ, "ਉਹ ਮਰ ਕੇ ਵੀ ਸਾਨੂੰ ਰੋਟੀ ਜੋਗਾ ਕਰ ਗਿਆ।"

ਦਵਿੰਦਰ ਸਿੰਘ ਇਰਾਕ ਵਿੱਚ ਮਾਰੇ ਗਏ 39 ਭਾਰਤੀਆਂ ਵਿੱਚੋਂ ਇੱਕ ਸਨ।

ਮਨਜੀਤ ਕੌਰ ਨੇ ਇਹ ਪ੍ਰਤੀਕ੍ਰਿਆ ਪੰਜਾਬ ਸਰਕਾਰ ਵੱਲੋਂ ਇਰਾਕ ਪੀੜਤਾਂ ਲਈ ਕੀਤੇ ਗਏ ਐਲਾਨ ਤੋਂ ਬਾਅਦ ਕੀਤੀ। ਜਲੰਧਰ ਜ਼ਿਲ੍ਹੇ ਦੇ ਪਿੰਡ ਰੁੜਕਾ ਕਲਾਂ ਵਿੱਚ ਆਪਣੇ ਪੇਕੇ ਪਿੰਡ ਵਿੱਚ ਬੱਚਿਆ ਨਾਲ ਰਹਿ ਰਹੀ ਹੈ।

ਮਨਜੀਤ ਨੇ ਕਿਹਾ, "ਉਹ ਸਾਨੂੰ ਚੰਗੀ ਜ਼ਿੰਦਗੀ ਦੇਣ ਲਈ ਵਿਦੇਸ਼ ਗਏ ਸੀ ਪਰ ਹੋਣੀ ਨੇ ਸਾਡੇ ਤੋਂ ਉਨ੍ਹਾਂ ਨੂੰ ਖੋਹ ਗਿਆ।" ਮਨਜੀਤ ਕੌਰ ਨੇ ਉਮੀਦ ਪ੍ਰਗਟ ਕੀਤੀ ਕਿ ਹੁਣ ਸਰਕਾਰੀ ਨੌਕਰੀ ਨਾਲ ਉਹ ਆਪਣੇ ਬੱਚਿਆਂ ਦਾ ਪਾਲਨ ਪੋਸ਼ਣ ਸਹੀ ਢੰਗ ਨਾਲ ਕਰ ਸਕੇਗੀ।

ਮ੍ਰਿਤਕ ਦਵਿੰਦਰ ਸਿੰਘ ਜਲੰਧਰ ਜ਼ਿਲ੍ਹੇ ਦੇ ਪਿੰਡ ਚੱਕ ਦੇਸ ਰਾਜ ਦਾ ਵਾਸੀ ਸਨ, ਪਰ ਉਨ੍ਹਾਂ ਦੀ ਪਤਨੀ ਹੁਣ ਆਪਣੇ ਮਾਪਿਆਂ ਕੋਲ ਰੁੜਕਾ ਕਲਾਂ ਵਿੱਚ ਹੀ ਰਹਿ ਰਹੀ ਹੈ।

ਇਸ ਦੌਰਾਨ ਮਨਜੀਤ ਕੌਰ ਨੂੰ ਆਪਣੇ ਪਤੀ ਦੀ ਲਾਸ਼ ਲਈ ਸਾਰਾ ਦਿਨ ਪ੍ਰੇਸ਼ਾਨ ਹੋਣਾ ਪਿਆ। ਦਵਿੰਦਰ ਸਿੰਘ ਦਾ ਅੰਤਿਮ ਸੰਸਕਾਰ ਹੁਣ ਸੋਮਵਾਰ ਦੀ ਥਾਂ ਮੰਗਲਵਾਰ ਨੂੰ ਕੀਤਾ ਜਾਵੇਗਾ ਪਰ ਇਸ ਬਾਰੇ ਮਨਜੀਤ ਕੌਰ ਨੂੰ ਦੇਰ ਨਾਲ ਪਤਾ ਲੱਗਿਆ।

ਸੋਮਵਾਰ ਨੂੰ ਜਦੋਂ ਬੀਬੀਸੀ ਦੀ ਟੀਮ ਮਨਜੀਤ ਕੌਰ ਦੇ ਪੇਕੇ ਪਿੰਡ ਰੁੜਕਾ ਕਲਾਂ ਪਹੁੰਚੀ ਤਾਂ ਮਾਹੌਲ ਗ਼ਮਗੀਨ ਸੀ।

ਆਂਢ ਗੁਆਂਢ ਦੀਆਂ ਕੁਝ ਔਰਤਾਂ ਮਨਜੀਤ ਕੌਰ ਦਾ ਦੁੱਖ ਵੰਢਾਉਣ ਲਈ ਉਸ ਦੇ ਘਰ ਆਈਆਂ ਹੋਈਆਂ ਸਨ।

ਘਰ ਦੀ ਗਰੀਬੀ ਨੇ ਆਪਣਿਆਂ ਤੋਂ ਕੀਤਾ ਸੀ ਦੂਰ

2011 ਵਿੱਚ ਦਵਿੰਦਰ ਸਿੰਘ ਪਰਿਵਾਰ ਦੀ ਗ਼ਰੀਬੀ ਦੂਰ ਕਰਨ ਲਈ ਇਰਾਕ ਰਵਾਨਾ ਹੋਇਆ ਸੀ। ਉਸ ਸਮੇਂ ਉਸ ਦੇ ਵੱਡੇ ਪੁੱਤਰ ਦੀ ਉਮਰ ਅੱਠ ਸਾਲ ਸੀ ਜਦੋਂ ਕਿ ਦੋ ਜੌੜੀਆਂ ਬੇਟਿਆਂ ਦੀ ਉਮਰ ਅਜੇ ਅੱਠ ਮਹੀਨੇ ਹੀ ਸੀ।

ਦੋਵੇਂ ਆਪਣੇ ਪਿਤਾ ਦੀ ਸ਼ਕਲ ਤੋਂ ਵੀ ਅਣਜਾਣ ਹਨ। ਰੁੜਕਾ ਕਲਾਂ ਵਿੱਚ ਮਨਜੀਤ ਕੌਰ ਆਪਣੇ ਮਾਪਿਆਂ ਦੇ ਘਰ ਤੋਂ ਕਰੀਬ ਸੋ ਮੀਟਰ ਦੀ ਦੂਰ ਇੱਕ ਕਿਰਾਏ ਦੇ ਕਮਰੇ ਵਿੱਚ ਆਪਣੇ ਤਿੰਨਾਂ ਬੱਚਿਆਂ ਨਾਲ ਰਹਿ ਰਹੀ ਹੈ।

ਗੁਜ਼ਾਰੇ ਲਈ ਉਹ ਲੜਕੀਆਂ ਨੂੰ ਸਿਲਾਈ ਅਤੇ ਟੇਲਰਿੰਗ ਦੀ ਸਿਖਲਾਈ ਦਿੰਦੀ ਹੈ ਅਤੇ ਪ੍ਰਤੀ ਮਹੀਨਾ 2500 ਰੁਪਏ ਕਮਾ ਲੈਂਦੀ ਹੈ।

ਮਨਜੀਤ ਕੌਰ ਦਾ ਦੱਸਣਾ ਹੈ ਕਿ ਇਰਾਕ ਜਾਣ ਤੋਂ ਪਹਿਲਾਂ ਦਵਿੰਦਰ ਸਿੰਘ ਮਜ਼ਦੂਰੀ ਕਰਦੇ ਸਨ ਅਤੇ ਹਰ ਰੋਜ਼ 200 ਤੋਂ 250 ਰੁਪਏ ਕਮਾਉਂਦੇ ਸੀ।

ਪਰਿਵਾਰ ਨੂੰ ਖ਼ੁਸ਼ਹਾਲ ਜ਼ਿੰਦਗੀ ਮਿਲ ਸਕੇ ਇਸ ਲਈ ਦਵਿੰਦਰ ਸਿੰਘ ਨੇ ਵਿਦੇਸ਼ ਜਾਣ ਬਾਰੇ ਸੋਚਿਆ। ਮਨਜੀਤ ਕੌਰ ਨੇ ਦੱਸਿਆ," ਵਿਦੇਸ਼ ਜਾਣ ਲਈ ਇੱਕ ਏਜੰਟ ਨੂੰ ਡੇਢ ਲੱਖ ਰੁਪਏ ਕਿਸੇ ਤੋਂ ਉਧਾਰੇ ਲੈ ਕੇ ਦਿੱਤੇ ਗਏ ਅਤੇ ਦਵਿੰਦਰ ਇਰਾਕ ਚਲਾ ਗਿਆ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)