ਇਰਾਕ ਦੁਖਾਂਤ: ਪੰਜਾਬੀਆਂ ਨੂੰ 2014 'ਚ ਸਿਰ 'ਚ ਗੋਲੀਆਂ ਮਾਰੀਆਂ

ਗੋਬਿੰਦਰ ਸਿੰਘ ਦਾ ਪਰਿਵਾਰ

ਤਸਵੀਰ ਸਰੋਤ, PAL SINGH NAULI/BBC

ਤਸਵੀਰ ਕੈਪਸ਼ਨ,

ਗੋਬਿੰਦਰ ਸਿੰਘ ਦੀ ਮੌਤ ਵੀ ਬਾਕੀਆਂ ਵਾਂਗ ਹੀ ਸਿਰ ਵਿੱਚ ਗੋਲੀ ਲੱਗਣ ਕਰਕੇ ਹੋਈ।

ਨਾਮ꞉ ਗੋਬਿੰਦਰ ਸਿੰਘ। ਉਮਰ-45 ਸਾਲ। ਵਾਸੀ ਪਿੰਡ ਮੁਰਰ ਜ਼ਿਲ੍ਹਾ ਕਪੂਰਥਲਾ। ਮੌਤ ਦੀ ਵਜ੍ਹਾ꞉ "ਸਿਰ ਵਿੱਚ ਗੋਲੀ ਵੱਜਣਾ"

ਨਾਮ : ਬਲਵੰਤ ਰਾਇ। ਉਮਰ - 55 ਸਾਲ। ਵਾਸੀ ਪਿੰਡ ਢੱਡਾ, ਜ਼ਿਲ੍ਹਾ ਜਲੰਧਰ। ਮੌਤ ਦੀ ਵਜ੍ਹਾ꞉ "ਸਿਰ ਵਿੱਚ ਗੋਲੀ ਵੱਜਣਾ"

ਦੇਵਿੰਦਰ ਸਿੰਘ। ਉਮਰ - 44 ਸਾਲ। ਵਾਸੀ ਪਿੰਡ ਚੱਕ ਦੇਸਰਾਜ, ਜ਼ਿਲ੍ਹਾ ਜਲੰਧਰ। ਮੌਤ ਦੀ ਵਜ੍ਹਾ꞉ "ਸਿਰ ਵਿੱਚ ਗੋਲੀ ਵੱਜਣਾ"

ਬੀਬੀਸੀ ਪੱਤਰਕਾਰ ਅਰਵਿੰਦ ਛਾਬੜਾ ਅਨੁਸਾਰ ਇਰਾਕ ਦੇ ਮੂਸਲ ਵਿੱਚ ਮਾਰੇ ਗਏ 38 ਭਾਰਤੀਆਂ ਵਿੱਚੋਂ ਕਈਆਂ ਦੀ ਮੌਤ ਦੇ ਪ੍ਰਮਾਣ - ਪੱਤਰਾਂ 'ਤੇ ਉਨ੍ਹਾਂ ਦੀ ਮੌਤ ਦਾ ਸਾਲ 2014 ਲਿਖਿਆ ਗਿਆ ਹੈ ਅਤੇ ਮੌਤ ਦੀ ਵਜ੍ਹਾ ਲਿਖੀ ਹੈ ਸਿਰ ਵਿੱਚ ਗੋਲੀ ਵੱਜੀ।

ਸੋਮਵਾਰ ਨੂੰ ਇਰਾਕ ਦੇ ਮੂਸਲ ਤੋਂ 38 ਭਾਰਤੀਆਂ ਦੀਆਂ ਲਾਸ਼ਾਂ ਭਾਰਤ ਪਹੁੰਚੀਆਂ ਸਨ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਲਾਸ਼ਾਂ ਸੌਂਪ ਦਿੱਤੀਆਂ ਗਈਆਂ।

ਇਰਾਕ ਤੋਂ ਭੱਜ ਕੇ ਆਏ ਹਰਜੀਤ ਮਸੀਹ ਨੇ ਇਹ ਦਾਅਵਾ ਕੀਤਾ ਸੀ ਕਿ 2014 ਵਿੱਚ 39 ਭਾਰਤੀਆਂ ਨੂੰ ਉਸ ਦੇ ਸਾਹਮਣੇ ਹੀ ਗੋਲੀ ਨਾਲ ਮਾਰ ਦਿੱਤਾ ਗਿਆ ਸੀ।

ਹਰਜੀਤ ਦੇ ਇਸ ਦਾਅਵੇ ਦਾ ਭਾਰਤ ਸਰਕਾਰ ਨੇ ਖੰਡਨ ਕੀਤਾ ਹੈ।

19 ਮਾਰਚ, 2018 ਨੂੰ ਲੋਕਸਭਾ ਵਿੱਚ ਦਿੱਤੇ ਬਿਆਨ ਵਿੱਚ ਕੇਂਦਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਹਰਜੀਤ ਮਸੀਹ ਦੇ ਦਾਅਵਿਆਂ ਨੂੰ ਸਿਰੋਂ ਖਾਰਜ ਕਰ ਦਿੱਤਾ ਸੀ।

ਤਸਵੀਰ ਸਰੋਤ, PAL SINGH NAULI/BBC

ਕੁਝ ਪ੍ਰਮਾਣ ਪੱਤਰਾਂ ਵਿੱਚ ਮੌਤ ਦਾ ਸਾਲ 2014 ਲਿਖਿਆ ਗਿਆ ਹੈ ਪਰ ਕੁਝ ਪ੍ਰਮਾਣ ਪੱਤਰਾਂ 'ਤੇ ਇਸ ਬਾਰੇ ਜ਼ਿਕਰ ਨਹੀਂ ਹੈ।

ਤਸਵੀਰ ਸਰੋਤ, PAL SINGH NAULI/BBC

ਫਗਵਾੜੇ ਦੇ ਇੱਕ ਸੰਬੰਧਿਤ ਅਧਿਕਾਰੀ ਨੇ ਦੱਸਿਆ ਕਿ ਭਾਰਤ ਸਰਕਾਰ ਨੇ ਡੀਐਨਏ ਰਿਪੋਰਟਾਂ ਅਤੇ ਸਰਟੀਫਿਕੇਟ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਦਿੱਤੇ ਹਨ ਜੋ ਜਲਦੀ ਹੀ ਸੰਬੰਧਿਤ ਪਰਿਵਾਰਾਂ ਨੂੰ ਸੌਂਪ ਦਿੱਤੇ ਜਾਣਗੇ।

ਦਵਿੰਦਰ ਸਿੰਘ ਦੀ ਵਿਧਵਾ ਮਨਜੀਤ ਕੌਰ ਇਸ ਗੱਲੋਂ ਸਦਮੇ ਵਿੱਚ ਸੀ ਕਿ ਉਨ੍ਹਾਂ ਦੇ ਪਤੀ ਨੂੰ ਸਿਰ ਵਿੱਚ ਗੋਲੀ ਮਾਰੀ ਗਈ ਸੀ। ਉਨ੍ਹਾਂ ਦਾ ਸਵਾਲ ਸੀ, "ਸਾਡੀ ਕਿਸੇ ਨਾਲ ਕੀ ਦੁਸ਼ਮਣੀ ਸੀ ਜੋ ਕਿਸੇ ਨੇ ਉਨ੍ਹਾਂ ਨੂੰ ਐਨੀ ਬੇਰਹਿਮੀ ਨਾਲ ਮਾਰਿਆ।"

ਅੰਮ੍ਰਿਤਸਰ ਤੋਂ ਪੱਤਰਕਾਰਰਵਿੰਦਰ ਸਿੰਘ ਰੌਬਿਨ ਅਨੁਸਾਰ ਮੌਤ ਦੇ ਇਹ ਪ੍ਰਮਾਣ ਪੱਤਰ 25 ਮਾਰਚ, 2018 ਨੂੰ ਜਾਰੀ ਕੀਤੇ ਗਏ ਹਨ। ਇਨ੍ਹਾਂ ਪ੍ਰਮਾਣ - ਪੱਤਰਾਂ ਵਿੱਚ ਮੌਤ ਦੀ ਥਾਂ ਇਰਾਕ ਦੇ ਵਾਡੀ ਅਗਬ ਨਿਨਵਾਹ ਦੱਸੀ ਗਈ ਹੈ।

ਇਰਾਕੀ ਸਰਕਾਰ ਦੇ ਸਿਹਤ ਮੰਤਰਾਲੇ ਦੇ ਫੌਰੈਂਸਿਕ ਸਾਇੰਸ ਵਿਭਾਗ ਵੱਲੋਂ ਜਾਰੀ ਮੌਤ ਦੇ ਪ੍ਰਮਾਣ-ਪੱਤਰਾਂ ਵਿੱਚ ਸਿਰ ਵਿੱਚ ਗੋਲੀ ਵੱਜਣ ਨੂੰ ਮੌਤ ਦੀ ਵਜ੍ਹਾ ਦੱਸਿਆ ਗਿਆ ਹੈ।

ਕਪੂਰਥਲਾ ਦੇ ਪਿੰਡ ਮੁਰਾਰ ਦੇ ਰਹਿਣ ਵਾਲੇ ਮ੍ਰਿਤਕ ਗੋਬਿੰਦਰ ਸਿੰਘ ਦੇ ਪਰਿਵਾਰਾਂ ਨੂੰ ਉਨ੍ਹਾਂ ਦੀ ਦੇਹ ਵਧੀਕ ਡੀਸੀ ਰਾਹੁਲ ਚਾਬਾ ਨੇ ਸੌਂਪੀ।

ਜਲੰਧਰ ਤੋਂ ਪੱਤਰਕਾਰ ਪਾਲ ਸਿੰਘ ਨੌਲੀ ਨੂੰ ਰਾਹੁਲ ਚਾਬਾ ਨੇ ਦੱਸਿਆ ਕਿ ਸਰਟੀਫੀਕੇਟ ਅਨੁਸਾਰ ਗੋਬਿੰਦਰ ਸਿੰਘ ਦੀ ਮੌਤ ਸਿਰ ਵਿੱਚ ਗੋਲੀ ਵੱਜਣ ਕਰਕੇ ਹੋਈ ਹੈ। ਮੌਤ ਦਾ ਇੱਕ ਸਰਟੀਫਿਕੇਟ ਇਰਾਕ ਵਿੱਚ ਮੌਜੂਦ ਭਾਰਤ ਦੀ ਐਂਬੈਸੀ ਵੱਲੋਂ ਵੀ ਜਾਰੀ ਕੀਤਾ ਗਿਆ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)