ਇਰਾਕ ਦੁਖਾਂਤ꞉ 'ਟਰੈਵਲ ਏਜੰਟ ਨੇ ਸੁਰਜੀਤ ਨੂੰ ਕੁਵੈਤ ਦੱਸ ਕੇ ਭੇਜਿਆ ਇਰਾਕ'

  • ਪਾਲ ਸਿੰਘ ਨੌਲੀ
  • ਬੀਬੀਸੀ ਪੰਜਾਬੀ ਲਈ

ਇਰਾਕ ਤੋਂ ਤਾਬੂਤਾਂ ਵਿੱਚ ਬੰਦ ਹੋ ਕੇ ਆਈਆਂ ਪੰਜਾਬੀਆਂ ਦੀਆਂ ਹੱਡੀਆਂ ਦੇ ਭਾਵੇਂ ਸਸਕਾਰ ਹੋ ਗਏ ਹਨ ਪਰ ਇੰਨ੍ਹਾਂ ਪਰਿਵਾਰਾਂ ਦੇ ਦੁੱਖਾਂ ਦੀਆਂ ਕਹਾਣੀਆਂ ਦਾ ਅੰਤ ਨਹੀਂ ਹੋਇਆ।

ਪਿੰਡ ਚੂਹੜਵਾਲੀ ਦੇ ਸੁਰਜੀਤ ਮੇਨਕਾ ਦੀਆਂ ਹੱਡੀਆਂ ਵਾਲਾ ਤਾਬੂਤ ਜਦੋਂ ਪਿੰਡ ਪਹੁੰਚਿਆ ਤਾਂ ਉਨ੍ਹਾਂ ਦੀ ਭੈਣ ਨੇ ਇਹ ਸਵਾਲ ਖੜ੍ਹਾ ਕਰ ਦਿੱਤਾ ਕਿ ਇਹ ਉਸ ਦੇ ਭਰਾ ਦੀਆਂ ਹੱਡੀਆਂ ਨਹੀਂ ਹਨ।

ਸੁਰਜੀਤ ਮੇਨਕਾ ਨੇ ਆਪਣੇ ਘਰ ਦਾ ਚੁੱਲ੍ਹਾ ਬਲਦਾ ਰੱਖਣ ਲਈ ਕਿਹੜੇ-ਕਿਹੜੇ ਪਾਪੜ ਨਹੀਂ ਵੇਲੇ ।

ਲਾਰਿਆਂ ਦੀ ਸ਼ੁਰੂਆਤ

ਉਨ੍ਹਾਂ ਦੇ ਇੱਕ ਰਿਸ਼ਤੇਦਾਰ ਵਿਜੈ ਕੁਮਾਰ ਨੇ ਦੱਸਿਆ ਕਿ ਪਹਿਲਾਂ ਵਿਦੇਸ਼ ਜਾਣ ਲਈ ਸੁਰਜੀਤ ਨੇ ਦੋ ਲੱਖ ਦਾ ਕਰਜ਼ਾ ਚੁੱਕਿਆ ਸੀ ਤੇ ਟ੍ਰੈਵਲ ਏਜੰਟ ਨੇ ਉਸ ਨੂੰ ਅਫ਼ਗਾਨਿਸਤਾਨ ਭੇਜਣ ਦਾ ਵਾਅਦਾ ਕੀਤਾ ਸੀ ਅਤੇ ਉਥੇ ਅਮਰੀਕਾ ਦੇ ਕੈਂਪ ਵਿੱਚ ਹਰ ਮਹੀਨੇ 1500 ਡਾਲਰ ਦੀ ਤਨਖਾਹ ਹੋਣ ਦਾ ਵੀ ਭਰੋਸਾ ਦਿੱਤਾ ਸੀ।

14 ਅਗਸਤ 2012 ਨੂੰ ਟ੍ਰੈਵਲ ਏਜੰਟ ਨੇ ਅਫ਼ਗਾਨਿਸਤਾਨ ਦਾ ਲਾਰਾ ਲਾ ਕੇ ਉਸ ਨੂੰ ਟੂਰਿਸਟ ਵੀਜ਼ੇ 'ਤੇ ਦੁਬਈ ਭੇਜ ਦਿੱਤਾ।

ਤਿੰਨ ਮਹੀਨੇ ਬਾਅਦ ਵੀਜ਼ਾ ਖਤਮ ਹੋਣ 'ਤੇ ਸੁਰਜੀਤ ਨੇ ਘਰੋਂ 15000 ਰੁਪਏ ਮੰਗਵਾ ਕੇ ਵਾਪਸੀ ਦੀ ਟਿਕਟ ਲਈ ਸੀ ਜਦ ਕਿ ਇੱਥੋਂ ਹੀ ਟ੍ਰੈਵਲ ਏਜੰਟ ਨੇ ਉਸ ਨੂੰ ਅਫ਼ਗਾਨਿਸਤਾਨ ਭੇਜਣਾ ਸੀ।

ਪੰਜਾਬ ਵਾਪਸ ਆ ਕੇ ਉਨ੍ਹਾਂ ਨੇ ਟ੍ਰੈਵਲ ਏਜੰਟ ਵਿਰੁੱਧ ਪੁਲਿਸ ਸ਼ਿਕਾਇਤ ਕਰਾ ਦਿੱਤੀ। ਪੁਲਿਸ ਨੇ ਉਸ ਟ੍ਰੈਵਲ ਏਜੰਟ ਨੂੰ ਕਲੀਨ ਚਿੱਟ ਦੇ ਦਿੱਤੀ।

ਸੁਰਜੀਤ ਨੂੰ ਟ੍ਰੈਵਲ ਏਜੰਟ ਨੇ ਅਦਾਲਤੀ ਕੇਸਾਂ ਵਿੱਚ ਉਲਝਾ ਲਿਆ। ਫਿਰ ਸਮਝੌਤਾ ਹੋਇਆ ਕਿ ਉਨ੍ਹਾਂ ਪੈਸਿਆਂ ਵਿੱਚ ਹੀ ਸੁਰਜੀਤ ਨੂੰ ਵਿਦੇਸ਼ ਭੇਜਿਆ ਜਾਵੇਗਾ।

ਕੁਵੈਤ ਦੱਸ ਕੇ ਭੇਜਿਆ ਇਰਾਕ

ਸੁਰਜੀਤ ਦੇ ਭਰਾ ਓਮ ਪ੍ਰਕਾਸ਼ ਨੇ ਦੱਸਿਆ ਕਿ ਫਿਰ ਸੁਰਜੀਤ ਨੇ ਜਨਵਰੀ 2013 ਕੁਵੈਤ ਜਾਣ ਦੀ ਤਿਆਰੀ ਕਰ ਲਈ। ਇੱਥੇ ਵੀ ਟ੍ਰੈਵਲ ਏਜੰਟ ਨੇ ਧੋਖਾ ਕੀਤਾ।

ਕੁਵੈਤ ਦਾ ਕਹਿ ਕੇ ਸੁਰਜੀਤ ਨੂੰ ਇਰਾਕ ਭੇਜ ਦਿੱਤਾ। ਇੱਕ ਸਾਲ ਇਰਾਕ ਵਿੱਚ ਰਹਿੰਦਿਆ ਸੁਰਜੀਤ ਨੇ 40 ਹਾਜ਼ਾਰ ਰੁਪਏ ਹੀ ਭੇਜੇ ਸਨ।

ਓਮ ਪ੍ਰਕਾਸ਼ ਨੇ ਅੱਖਾਂ ਭਰਦਿਆ ਕਿਹਾ ਸੁਰਜੀਤ ਦਾ ਕਰਜ਼ਾ ਤਾਂ ਅਜੇ ਲੱਥਾ ਨਹੀਂ ਸੀ ਪਰ ਉਹਦਾ ਤਾਬੂਤ ਘਰ ਆ ਗਿਆ।

ਤਿੰਨਾਂ ਭਰਾਵਾਂ ਵਿੱਚ ਘਰ ਦੀ ਵੰਡ ਹੋਈ ਸੀ ਤਾਂ ਸੁਰਜੀਤ ਦੇ ਹਿੱਸੇ ਵਾਲਾ ਘਰ ਕਰਜ਼ੇ ਦੀਆਂ ਕਿਸ਼ਤਾਂ ਮੋੜਦਿਆ ਹੀ ਵਿਕ ਗਿਆ ਸੀ ਤੇ ਹੁਣ ਸੁਰਜੀਤ ਦੀ ਪਤਨੀ ਤੇ ਮਾਂ ਕੋਲ ਆਪਣੀ ਛੱਤ ਵੀ ਨਹੀਂ ਬਚੀ।

ਫੁਟਬਾਲ ਸਿਉਂ ਕੇ ਗੁਜ਼ਾਰਾ

ਇਰਾਕ ਵਿੱਚ ਕੱਟੜਵਾਦੀਆਂ ਵੱਲੋਂ ਬੰਦੀ ਬਣਾਏ ਜਾਣ ਤੋਂ ਬਾਅਦ ਚਾਰ ਸਾਲ ਦੁੱਖਾਂ ਤਕਲੀਫਾਂ ਵਿੱਚ ਹੀ ਲੰਘੇ।

ਬੱਚੇ ਛੋਟੇ ਹਨ। ਉਨ੍ਹਾਂ ਦੀ ਪੜ੍ਹਾਈ ਦਾ ਖਰਚਾ ਚੁੱਕਣ ਤੇ ਘਰ ਦਾ ਗੁਜ਼ਾਰਾ ਚਲਾਉਣ ਲਈ ਫੁੱਟਬਾਲ ਸਿਉਣ ਦਾ ਕੰਮ ਸ਼ੁਰੂ ਕਰ ਲਿਆ।

ਸੁਰਜੀਤ ਦੀ ਪਤਨੀ ਤੇ ਮਾਂ ਫੁੱਟਬਾਲ ਸੀਉਂ ਕੇ ਗੁਜ਼ਾਰਾ ਕਰਦੀਆਂ ਹਨ। ਉਨ੍ਹਾਂ ਨੇ ਇੱਕ ਗਾਂ ਰੱਖੀ ਹੋਈ ਹੈ ਜਿਸ ਦਾ ਦੁੱਧ ਵੇਚ ਕੇ ਵੀ ਗੁਜ਼ਾਰਾ ਹੁੰਦਾ ਹੈ।

ਸੁਰਜੀਤ ਦੀ ਵਿਧਵਾ ਪਤਨੀ ਦਾ ਕਹਿਣਾ ਸੀ ਕਿ ਉਹ ਆਪਣੀ ਸੱਸ ਨੂੰ ਛੱਡ ਕੇ ਕਿਤੇ ਨਹੀਂ ਜਾਵੇਗੀ ਸਗੋਂ ਇਸੇ ਘਰ ਵਿੱਚ ਰਹਿ ਕੇ ਆਪਣੀ ਜਿੰਦਗੀ ਗੁਜ਼ਾਰੇਗੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)