ਕਾਮਨਵੈਲਥ ਖੇਡਾਂ: ਖੇਡ ਨੂੰ ਅਲਵਿਦਾ ਕਹਿਣ ਦਾ ਮਨ ਬਣਾਉਣ ਵਾਲੀ ਮੀਰਾਬਾਈ ਚਾਨੂ ਨੇ ਜਿੱਤਿਆ ਭਾਰਤ ਲਈ ਗੋਲਡ

ਮੀਰਾਬਾਈ ਚਾਨੂ

ਤਸਵੀਰ ਸਰੋਤ, Getty Images

ਕਾਮਨਵੈਲਥ ਖੇਡਾਂ ਵਿੱਚ ਵੇਟਲਿਫਟਿੰਨਗ ਵਿੱਚ ਮੀਰਾਬਾਈ ਚਾਨੂ ਨੇ ਭਾਰਤ ਲਈ ਪਹਿਲਾ ਗੋਲਡ ਜਿੱਤ ਲਿਆ ਹੈ।

ਸਨੈਚ ਰਾਊਂਡ ਵਿੱਚ ਪਹਿਲਾਂ ਉਨ੍ਹਾਂ ਨੇ 80, ਫਿਰ 84 ਤੇ ਫਿਰ ਤੀਜੀ ਵਾਰ 86 ਕਿਲੋ ਭਾਰ ਚੁੱਕ ਕੇ ਆਪਣੇ ਲਈ ਗੋਲਡ ਮੈਡਲ ਪੱਕਾ ਕਰ ਲਿਆ।

ਸਨੈਚ ਵਰਗ ਵਿੱਚ ਉਹ ਪਹਿਲਾਂ ਹੀ 8 ਕਿਲੋ ਵਾਧੂ ਭਾਰ ਚੁੱਕਣ ਕਾਰਨ ਅੱਗੇ ਚੱਲ ਰਹੀ ਸੀ। 86 ਕਿਲੋ ਭਾਰ ਚੁੱਕ ਕੇ ਉਨ੍ਹਾਂ ਨੇ ਕਾਮਨਵੈਲਥ ਖੇਡਾਂ ਵਿੱਚ ਰਿਕਾਰਡ ਬਣਾਇਆ ਹੈ।

ਵੇਟਲਿਫਟਿੰਗ ਵਿੱਚ ਵੀ ਮੈਡਲ

ਆਸਟਰੇਲੀਆ ਦੇ ਗੋਲਡ ਕੋਸਟ ਵਿੱਚ ਭਾਰਤ ਦੀ ਝੋਲੀ ਪਹਿਲਾ ਮੈਡਲ ਪਾਇਆ ਹੈ ਕਰਨਾਟਕ ਦੇ ਗੁਰੂਰਾਜ ਨੇ।

ਪੁਰਸ਼ਾਂ ਦੇ 56 ਕਿੱਲੋ ਗਰਾਮ ਮੁਕਾਬਲੇ ਵਿੱਚ ਉੱਨ੍ਹਾਂ ਨੇ 249 ਕਿੱਲੋ ਭਾਰ ਚੁੱਕ ਕੇ ਸਿਲਵਰ ਮੈਡਲ ਜਿੱਤਿਆ।

ਪੜ੍ਹੋ ਮੀਰਾਬਾਈ ਚਾਨੂ ਬਾਰੇ

ਚਾਨੂ ਦਾ ਹੁਣ ਤੱਕ ਦਾ ਸਫ਼ਰ ਬੀਬੀਸੀ ਭਾਰਤੀ ਭਾਸ਼ਾਵਾਂ ਦੀ ਟੀਵੀ ਐਡੀਟਰ ਵੰਦਨਾ ਦੀ ਜ਼ੁਬਾਨੀ

'ਡਿਡ ਨਾਟ ਫਿਨਿਸ਼'-ਓਲੰਪਿਕ ਵਰਗੇ ਮੁਕਾਬਲੇ ਵਿੱਚ ਜੇਕਰ ਤੁਸੀਂ ਦੂਜੇ ਖਿਡਾਰੀਆਂ ਤੋਂ ਪੱਛੜ ਜਾਂਦੇ ਹੋ ਤਾਂ ਇੱਕ ਗੱਲ ਹੈ ਪਰ ਤੁਸੀਂ ਆਪਣੀ ਖੇਡ ਪੂਰੀ ਹੀ ਨਹੀਂ ਕਰ ਸਕੇ ਤਾਂ ਇਹ ਕਿਸੇ ਵੀ ਖਿਡਾਰੀ ਦੇ ਹੌਸਲੇ ਨੂੰ ਤੋੜਨ ਵਾਲੀ ਘਟਨਾ ਹੋ ਸਕਦੀ ਹੈ।

2016 ਵਿੱਚ ਭਾਰਤ ਦੀ ਵੇਟਲਿਫ਼ਟਰ ਮੀਰਾਬਾਈ ਚਾਨੂ ਨਾਲ ਅਜਿਹਾ ਹੀ ਹੋਇਆ ਸੀ। ਓਲੰਪਿਕ ਵਿੱਚ ਆਪਣੇ ਵਰਗ 'ਚ ਮੀਰਾ ਸਿਰਫ਼ ਦੂਜੀ ਖਿਡਾਰਨ ਸੀ ਜਿਸ ਦੇ ਨਾਂ ਦੇ ਅੱਗੇ ਓਲਪਿੰਕ ਵਿੱਚ ਲਿਖਿਆ ਗਿਆ ਸੀ 'ਡਿਡ ਨਾਟ ਫਿਨਿਸ਼।'

ਜਿਹੜਾ ਭਾਰ ਉਹ ਰੋਜ਼ਾਨਾ ਆਸਾਨੀ ਨਾਲ ਚੁੱਕਦੀ ਸੀ, ਉਸ ਦਿਨ ਓਲੰਪਿਕ ਵਿੱਚ ਜਿਵੇਂ ਮੀਰਾਬਾਈ ਦੇ ਹੱਥ ਬਰਫ਼ ਦੀ ਤਰ੍ਹਾਂ ਜਮ ਗਏ ਹੋਣ। ਉਸ ਸਮੇਂ ਭਾਰਤ ਵਿੱਚ ਰਾਤ ਸੀ, ਤਾਂ ਬਹੁਤ ਘੱਟ ਭਾਰਤੀਆਂ ਨੇ ਉਹ ਨਜ਼ਾਰਾ ਦੇਖਿਆ।

ਸਵੇਰੇ ਉੱਠ ਕੇ ਜਦੋਂ ਭਾਰਤ ਦੇ ਖੇਡ ਪ੍ਰੇਮੀਆਂ ਨੇ ਪੜ੍ਹਿਆ ਤਾਂ ਮੀਰਾਬਾਈ ਰਾਤੋ-ਰਾਤ ਭਾਰਤੀ ਪ੍ਰਸ਼ੰਸਕਾਂ ਦੀ ਨਜ਼ਰ ਵਿੱਚ ਵਿਲੇਨ ਬਣ ਗਈ।

ਨੌਬਤ ਇੱਥੋਂ ਤੱਕ ਆ ਗਈ ਕਿ 2016 ਤੋਂ ਬਾਅਦ ਉਹ ਡਿਪਰੈਸ਼ਨ ਵਿੱਚ ਚਲੀ ਗਈ ਸੀ ਅਤੇ ਉਨ੍ਹਾਂ ਨੂੰ ਹਰ ਹਫ਼ਤੇ ਮਨੋਵਿਗਿਆਨਕ ਸੈਸ਼ਨ ਲੈਣੇ ਪਏ।

ਤਸਵੀਰ ਸਰੋਤ, DEAN MOUHTAROPOULOS/GETTY IMAGES

ਮੀਰਾ ਨੇ ਇਸ ਅਸਫਲਤਾ ਤੋਂ ਬਾਅਦ ਇੱਕ ਵਾਰ ਤਾਂ ਖੇਡ ਨੂੰ ਅਲਵਿਦਾ ਕਹਿਣ ਦਾ ਮਨ ਬਣਾ ਲਿਆ ਸੀ। ਪਰ ਮੀਰਾ ਨੇ ਹਾਰ ਨਹੀਂ ਮੰਨੀ ਅਤੇ ਪਿਛਲੇ ਸਾਲ ਜ਼ਬਰਦਸਤ ਵਾਪਸੀ ਕੀਤੀ।

ਭਾਰ ਬਣਾਈ ਰੱਖਣ ਲਈ ਖਾਣਾ ਵੀ ਨਹੀਂ ਖਾਧਾ

ਉਂਝ 23 ਸਾਲ, 4 ਫੁੱਟ 11 ਇੰਚ ਦੀ ਮੀਰਾਬਾਈ ਚਾਨੂ ਨੂੰ ਦੇਖ ਕੇ ਅੰਦਾਜ਼ਾ ਲਗਾਉਣਾ ਵੀ ਮੁਸ਼ਕਿਲ ਹੈ ਕਿ ਦੇਖਣ ਵਿੱਚ ਛੋਟੀ ਜਿਹੀ ਮੀਰਾ ਵੱਡੇ-ਵੱਡਿਆਂ ਦੇ ਛੱਕੇ ਛੁਡਾ ਸਕਦੀ ਹੈ।

ਆਪਣੇ ਤੋਂ ਕਰੀਬ 4 ਗੁਣਾ ਵੱਧ ਭਾਰ ਯਾਨਿ 194 ਕਿੱਲੋਗ੍ਰਾਮ ਭਾਰ ਚੁੱਕ ਕੇ ਮੀਰਾ ਨੇ ਪਿਛਲੇ ਸਾਲ ਵਰਲਡ ਵੇਟਲਿਫਟਿੰਗ ਚੈਂਪੀਅਨਸ਼ਿਪ ਵਿੱਚ ਗੋਲਡ ਮੈਡਲ ਜਿੱਤਿਆ।

ਪਿਛਲੇ 22 ਸਾਲ ਵਿੱਚ ਅਜਿਹਾ ਕਰਨ ਵਾਲੀ ਮੀਰਾਬਾਈ ਪਹਿਲੀ ਭਾਰਤੀ ਮਹਿਲਾ ਬਣ ਗਈ ਸੀ।

48 ਕਿੱਲੋ ਦਾ ਭਾਰ ਬਣਾਈ ਰੱਖਣ ਲਈ ਮੀਰਾ ਨੇ ਉਸ ਦਿਨ ਖਾਣਾ ਵੀ ਨਹੀਂ ਖਾਧਾ ਸੀ। ਇਸ ਦਿਨ ਦੀ ਤਿਆਰੀ ਲਈ ਮੀਰਾਬਾਈ ਪਿਛਲੇ ਸਾਲ ਆਪਣੀ ਸਕੀ ਭੈਣ ਦੇ ਵਿਆਹ ਵਿੱਚ ਵੀ ਨਹੀਂ ਗਈ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਤਸਵੀਰ 'ਚ ਪਹਿਲੇ ਨੰਬਰ 'ਤੇ ਖੜ੍ਹੀ ਮੀਰਾਬਾਈ ਚਾਨੂ( 2014 ਦੀਆਂ ਕਾਮਨਵੈਲਥ ਗੇਮਜ਼ 'ਚ ਸਿਲਵਰ ਮੈਡਲ ਜਿੱਤਿਆ)

ਭਾਰਤ ਲਈ ਮੈਡਲ ਜਿੱਤਣ ਵਾਲੀ ਮੀਰਾ ਦੀਆਂ ਅੱਖਾਂ ਵਿੱਚੋਂ ਵਹਿੰਦੇ ਅੱਥਰੂ ਉਸ ਦਰਦ ਦਾ ਗਵਾਹ ਸੀ ਜਿਹੜਾ ਉਹ 2016 ਤੋਂ ਝੱਲ ਰਹੀ ਸੀ।

ਬਾਂਸ ਨਾਲ ਹੀ ਵੇਟਲਿਫਟਿੰਗ ਦੀ ਪ੍ਰੈਕਟਿਸ

8 ਅਗਸਤ 1994 ਵਿੱਚ ਮਣੀਪੁਰ ਦੇ ਇੱਕ ਛੋਟੇ ਜਿਹੇ ਪਿੰਡ 'ਚ ਵੱਡੀ ਹੋਈ ਮੀਰਾਬਾਈ ਬਚਪਨ ਤੋਂ ਹੀ ਕਾਫ਼ੀ ਹੁਨਰਮੰਦ ਸੀ।

ਬਿਨਾਂ ਖਾਸ ਸਹੂਲਤਾਂ ਵਾਲਾ ਉਨ੍ਹਾਂ ਦਾ ਪਿੰਡ ਇੰਫਾਲ ਤੋਂ 200 ਕਿੱਲੋਮੀਟਰ ਦੂਰੀ 'ਤੇ ਸੀ। ਉਨ੍ਹਾਂ ਦਿਨਾਂ 'ਚ ਮਣੀਪੁਰ ਦੀ ਮਹਿਲਾ ਵੇਟਲਿਫਟਰ ਕੁੰਜੁਰਾਣੀ ਦੇਵੀ ਸਟਾਰ ਸੀ ਅਤੇ ਏਥਨ ਓਲਪਿੰਕ ਵਿੱਚ ਖੇਡਣ ਗਈ ਸੀ।

ਉਹੀ ਦ੍ਰਿਸ਼ ਛੋਟੀ ਮੀਰਾ ਦੇ ਜ਼ਿਹਨ ਵਿੱਚ ਵਸ ਗਿਆ ਅਤੇ ਛੇ ਭੈਣ-ਭਰਾਵਾਂ ਵਿੱਚ ਸਭ ਤੋਂ ਛੋਟੀ ਮੀਰਾ ਨੇ ਵੇਟਲਿਫਟਰ ਬਣਨ ਦਾ ਮੰਨ ਬਣਾ ਲਿਆ।

ਮੀਰਾ ਦੀ ਜ਼ਿੱਦ ਦੇ ਅੱਗੇ ਮਾਂ-ਬਾਪ ਨੂੰ ਵੀ ਹਾਰ ਮੰਨਣੀ ਪਈ। 2007 ਵਿੱਚ ਜਦੋਂ ਪ੍ਰੈਕਟਿਸ ਸ਼ੁਰੂ ਕੀਤੀ ਤਾਂ ਉਨ੍ਹਾਂ ਕੋਲ ਲੋਹੇ ਦਾ ਬਾਰ ਨਹੀਂ ਸੀ ਤਾਂ ਉਹ ਬਾਂਸ ਨਾਲ ਹੀ ਪ੍ਰੈਕਟਿਸ ਕਰਦੀ ਸੀ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

2014 ਦੀਆਂ ਕਾਮਨਵੈਲਥ ਗੇਮਜ਼ ਵਿੱਚ ਸਿਲਵਰ ਮੈਡਲ ਜਿੱਤਿਆ ( ਫੋਟੋ 'ਚ ਸੱਜੇ ਪਾਸੇ ਪਹਿਲੇ ਨੰਬਰ 'ਤੇ ਖੜ੍ਹੀ ਹੈ ਮੀਰਾਬਾਈ ਚਾਨੂ)

ਪਿੰਡ ਵਿੱਚ ਟ੍ਰੇਨਿੰਗ ਸੈਂਟਰ ਨਹੀਂ ਸੀ ਤਾਂ 50-60 ਕਿੱਲੋਮੀਟਰ ਦੂਰ ਟ੍ਰੇਨਿੰਗ ਲਈ ਜਾਂਦੀ ਸੀ।

ਰੋਜ਼ਾਨਾ ਦੁੱਧ, ਚਿਕਨ ਡਾਈਟ ਵਿੱਚ ਚਾਹੀਦਾ ਸੀ ਪਰ ਆਮ ਪਰਿਵਾਰ ਤੋਂ ਆਈ ਮੀਰਾ ਲਈ ਇਹ ਮੁਮਕਿਨ ਨਹੀਂ ਸੀ। ਪਰ ਮੀਰਾ ਨੇ ਇਸ ਨੂੰ ਰੁਕਾਵਟ ਨਹੀਂ ਬਣਨ ਦਿੱਤਾ।

ਡਾਂਸ ਕਰਨਾ ਅਤੇ ਸਲਮਾਨ ਖਾਨ ਪਸੰਦ ਹੈ

11 ਸਾਲ ਦੀ ਉਮਰ ਵਿੱਚ ਉਹ ਅੰਡਰ-15 ਚੈਂਪੀਅਨ ਬਣ ਗਈ ਸੀ ਅਤੇ 17 ਸਾਲ ਵਿੱਚ ਜੂਨੀਅਰ ਚੈਂਪੀਅਨ।

ਜਿਸ ਕੁੰਜੂਰਾਣੀ ਨੂੰ ਦੇਖ ਕੇ ਮੀਰਾ ਦੇ ਮਨ ਵਿੱਚ ਚੈਂਪੀਅਨ ਬਣਨ ਦਾ ਸੁਪਨਾ ਜਾਗਿਆ ਸੀ, ਆਪਣੀ ਉਸੇ ਆਈਡਲ ਦੇ 12 ਸਾਲ ਪੁਰਾਣੇ ਰਾਸ਼ਟਰੀ ਰਿਕਾਰਡ ਨੂੰ ਮੀਰਾ ਨੇ 2016 ਵਿੱਚ ਤੋੜਿਆ-192 ਕਿੱਲੋਗ੍ਰਾਮ ਭਾਰ ਚੁੱਕ ਕੇ।

ਸਫ਼ਰ ਉਦੋਂ ਵੀ ਸੌਖਾ ਨਹੀਂ ਸੀ ਕਿਉਂਕਿ ਮੀਰਾ ਦੇ ਮਾਤਾ-ਪਿਤਾ ਕੋਲ ਐਨੀਆਂ ਸਹੂਲਤਾਂ ਨਹੀਂ ਸਨ। ਗੱਲ ਇੱਥੋਂ ਤੱਕ ਆ ਪਹੁੰਚੀ ਸੀ ਕਿ ਜੇਕਰ ਰੀਓ ਓਲੰਪਿਕ ਵਿੱਚ ਕੁਆਲੀਫਾਈ ਨਹੀਂ ਕਰ ਸਕੀ ਤਾਂ ਉਹ ਖੇਡ ਛੱਡ ਦੇਵੇਗੀ।

ਖ਼ੈਰ ਇੱਥੋਂ ਤੱਕ ਨੌਬਤ ਨਹੀਂ ਆਈ। ਵਰਲਡ ਚੈਂਪੀਅਨਸ਼ਿਪ ਤੋਂ ਇਲਾਵਾ, ਮੀਰਾਬਾਈ ਗਲਾਸਗੋ ਕਾਮਨਵੈਲਥ ਗੇਮਜ਼ ਵਿੱਚ ਸਿਲਵਰ ਮੈਡਲ ਜਿੱਤ ਚੁੱਕੀ ਹੈ।

ਉਂਝ ਵੇਟਲਿਫਟਿੰਗ ਤੋਂ ਇਲਾਵਾ ਮੀਰਾ ਨੂੰ ਡਾਂਸ ਕਰਨ ਦਾ ਵੀ ਸ਼ੌਕ ਹੈ।

ਬੀਬੀਸੀ ਨੂੰ ਦਿੱਤੇ ਇੰਟਰਵਿਊ ਵਿੱਚ ਉਨ੍ਹਾਂ ਨੇ ਦੱਸਿਆ ਸੀ,''ਮੈਂ ਕਦੇ-ਕਦੇ ਟ੍ਰੇਨਿੰਗ ਤੋਂ ਬਾਅਦ ਕਮਰਾ ਬੰਦ ਕਰਕੇ ਡਾਂਸ ਕਰਦੀ ਹਾਂ ਅਤੇ ਮੈਨੂੰ ਸਲਮਾਨ ਖ਼ਾਨ ਪਸੰਦ ਹੈ।''

ਮੀਰਾ ਦਾ ਅਗਲਾ ਪੜਾਅ ਇਸ ਸਾਲ ਅਗਸਤ ਵਿੱਚ ਹੋਣ ਵਾਲੀਆਂ ਏਅਸ਼ੀਆਈ ਖੇਡਾਂ ਹਨ ਅਤੇ ਉਸ ਤੋਂ ਬਾਅਦ 2020 ਟੋਕੀਓ ਓਲੰਪਿਕ।

ਗੋਲਡਕਾਸਟ ਵਿੱਚ ਵੇਟਲਿਫਟਿੰਗ ਮੁਕਾਬਲੇ(ਭਾਰਤੀ ਮਹਿਲਾਵਾਂ)

48 ਕਿੱਲੋਗ੍ਰਾਮ-ਮੀਰਾਬਾਈ ਚਾਨੂ, 5 ਅਪ੍ਰੈਲ

53 ਕਿੱਲੋਗ੍ਰਾਮ-ਸੰਜੀਤਾ ਚਾਨੂ, 6 ਅਪ੍ਰੈਲ

63 ਕਿੱਲੋਗ੍ਰਾਮ-ਵੰਦਨਾ ਗੁਪਤ, 7 ਅਪ੍ਰੈਲ

69 ਕਿੱਲੋਗ੍ਰਾਮ-ਪੂਨਮ ਯਾਦਵ, 8 ਅਪ੍ਰੈਲ

75 ਕਿੱਲੋਗ੍ਰਾਮ-ਸੀਮਾ, 8 ਅਪ੍ਰੈਲ

90+ ਕਿੱਲੋਗ੍ਰਾਮ-ਪੂਰਨਿਮਾ ਪਾਂਡੇ, 9 ਅਪ੍ਰੈਲ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)