ਭਗਤ ਸਿੰਘ ਦੇ ਸਾਥੀ ਰਾਜਗੁਰੂ ਨੂੰ ਸੰਘ ਕਾਰਕੁਨ ਸਾਬਤ ਕਰਨ ਦੇ ਪ੍ਰਚਾਰ ਦਾ ਕੀ ਹੈ ਮਤਲਬ ?

  • ਤੁਸ਼ਾਰ ਕੁਲਕਰਣੀ
  • ਬੀਬੀਸੀ ਪੱਤਰਕਾਰ
Rajguru

ਤਸਵੀਰ ਸਰੋਤ, NARINDER NANU/AFP/Getty Images

23 ਮਾਰਚ 1931 ਨੂੰ ਭਗਤ ਸਿੰਘ ਅਤੇ ਸੁਖਦੇਵ ਦੇ ਨਾਲ ਫਾਂਸੀ ਚੜਨ ਵਾਲੇ ਆਜ਼ਾਦੀ ਘੁਲਾਟੀਏ ਰਾਜਗੁਰੂ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਕਾਰਕੁਨ ਸੀ। ਅਜਿਹਾ ਦਾਅਵਾ ਸੰਘ ਦੇ ਪ੍ਰਚਾਰਕ ਅਤੇ ਸੀਨੀਅਰ ਪੱਤਰਕਾਰ ਨਰਿੰਦਰ ਸਹਿਗਲ ਨੇ ਕੀਤਾ ਹੈ।

ਉਨ੍ਹਾਂ ਦੇ ਇਸ ਬਿਆਨ ਤੋਂ ਬਾਅਦ ਹਰ ਥਾਂ ਇਹ ਸਵਾਲ ਪੁੱਛਿਆ ਜਾ ਰਿਹਾ ਹੈ ਕੀ ਸੱਚ 'ਚ ਰਾਜਗੁਰੂ ਸੰਘ ਦੇ ਸਵੈਮਸੇਵਕ ਸੀ।

ਬ੍ਰਿਟਿਸ਼ ਅਫਸਰ ਜੇ.ਪੀ. ਸਾਂਡਰਸ ਦੇ ਕਤਲ ਤੋਂ ਬਾਅਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਫਾਂਸੀ ਹੋਈ ਸੀ।

ਲਾਲਾ ਲਾਜਪਤ ਰਾਏ ਦੀ ਮੌਤ ਦਾ ਬਦਲਾ ਤਿੰਨਾਂ ਨੇ ਸਾਂਡਰਸ ਦਾ ਕਤਲ ਕਰਕੇ ਲਿਆ ਸੀ। 1928 ਵਿੱਚ ਉਨ੍ਹਾਂ ਨੇ ਕਤਲ ਕੀਤਾ ਅਤੇ 1931 ਵਿੱਚ ਤਿੰਨਾਂ ਨੂੰ ਫਾਂਸੀ ਦੇ ਦਿੱਤੀ ਗਈ।

''ਆਜ਼ਾਦੀ ਦੀ ਲੜਾਈ ਵਿੱਚ ਸੰਘ ਦੀ ਕੀ ਭੂਮਿਕਾ ਹੈ? ਇਹ ਸਵਾਲ ਵਾਰ-ਵਾਰ ਪੁੱਛਿਆ ਜਾਂਦਾ ਹੈ। ਇਸ ਬਾਰੇ ਜਿਹੜੀ ਗ਼ਲਤਫਹਿਮੀ ਹੈ ਉਹ ਦੂਰ ਕਰਨ ਲਈ ਮੈਂ ਭਾਰਤਵਰਸ਼ ਦੀ ਸਵਰਾਂਗ ਸਵਤੰਤਰਤਾ' ਇਹ ਕਿਤਾਬ ਲਿਖੀ ਹੈ,''ਅਜਿਹਾ ਇਸ ਕਿਤਾਬ ਦੇ ਲੇਖਕ ਨਰਿੰਦਰ ਸਹਿਗਲ ਨੇ ਬੀਬੀਸੀ ਨੂੰ ਦੱਸਿਆ।

ਸਹਿਗਲ ਨੇ ਇਹ ਦਾਅਵਾ ਕੀਤਾ ਹੈ ਕਿ 'ਸ਼ਿਵਰਾਮ ਹਰੀ ਰਾਜਗੁਰੂ ਯਾਨਿ ਰਾਜਗੁਰੂ ਸੰਘ ਦੇ ਸਵੈਮਸੇਵਕ ਸੀ।'

ਸਹਿਗਲ ਨੇ ਦੱਸਿਆ,''ਸਾਂਡਰਸ ਦੇ ਕਤਲ ਤੋਂ ਬਾਅਦ ਉਹ ਨਾਗਪੁਰ ਆਏ ਸੀ ਅਤੇ ਉੱਥੇ ਉਨ੍ਹਾਂ ਦੀ ਮੁਲਾਕਾਤ ਸੰਘ ਦੇ ਸੰਸਥਾਪਕ ਡਾ. ਕੇਸ਼ਵ ਬਲੀਰਾਮ ਹੇਡਗੋਵਾਰ ਨਾਲ ਹੋਈ ਸੀ। ਡਾ. ਹੇਡਗੋਵਾਰ ਨੇ ਉਨ੍ਹਾਂ ਨੂੰ ਲੁਕਣ ਲਈ ਮਹਿਫੂਜ਼ ਥਾਂ ਦਿੱਤੀ ਅਤੇ ਮਾਮਲਾ ਠੰਡਾ ਹੋਣ ਤੱਕ ਪੂਨਾ ਨਾ ਜਾਣ ਦੀ ਸਲਾਹ ਵੀ ਦਿੱਤੀ ਸੀ।''

ਤਸਵੀਰ ਸਰੋਤ, Getty Images

ਡਾ. ਹੇਡਗੋਵਾਰ ਅਤੇ ਰਾਜਗੁਰੂ ਦੀ ਮੁਲਾਕਾਤ ਹੋਈ ਸੀ ਇਸਦਾ ਕੀ ਸਬੂਤ ਹੈ?

ਇਹ ਪੁੱਛੇ ਜਾਣ 'ਤੇ ਉਨ੍ਹਾਂ ਨੇ ਕਿਹਾ,''ਡਾ. ਹੇਡਗੋਵਾਰ ਦੇ ਜੀਵਨੀਕਾਰ ਨਾਰਾਇਣ ਹਰੀ ਪਾਲਕਰ ਨੇ 1960 ਵਿੱਚ ਲਿਖੀ ਕਿਤਾਬ 'ਚ ਇਸ ਮੁਲਾਕਾਤ ਬਾਰੇ ਲਿਖਿਆ ਹੈ। ਉਸੇ ਕਿਤਾਬ ਦਾ ਵਿਸ਼ਾ ਦੇ ਕੇ ਮੈਂ ਇਹ ਕਿਤਾਬ ਲਿਖੀ ਹੈ। ਸੰਘ ਦੇ ਨਾਲ ਰਾਜਗੁਰੂ ਦੇ ਕਰੀਬੀ ਸਬੰਧ ਸੀ ਇਸ ਲਈ ਉਨ੍ਹਾਂ ਨੇ ਲੁਕਣ ਲਈ ਨਾਗਪੁਰ ਨੂੰ ਚੁਣਿਆ ਸੀ।''

'ਰਾਜਗੁਰੂ ਡਾ. ਹੇਡਗੋਵਾਰ ਨਾਲ ਮਿਲੇ ਜ਼ਰੂਰ ਸੀ ਪਰ ਉਹ ਸਵੈਮਸੇਵਕ ਨਹੀਂ ਸੀ'

ਰਾਜਗੁਰੂ ਸੱਚ ਵਿੱਚ ਸਵੈਮਸੇਵਕ ਸੀ ਜਾਂ ਨਹੀਂ ਇਸ ਬਾਰੇ ਰਾਜਗੁਰੂ ਦੇ ਪਰਿਵਾਰਕ ਮੈਂਬਰਾਂ ਨੂੰ ਕੀ ਲਗਦਾ ਹੈ ਇਹ ਪਤਾ ਲਗਾਉਣ ਦੀ ਬੀਬੀਸੀ ਨੇ ਕੋਸ਼ਿਸ਼ ਕੀਤੀ।

ਪੂਣੇ ਵਿੱਚ ਸਥਿਤ ਰਾਜਗੁਰੂ ਦੇ ਵੰਸ਼ਜ (ਰਾਜਗੁਰੂ ਦੇ ਭਰਾ ਦੇ ਪੋਤੇ) ਸੱਤਿਆਸ਼ੀਲ ਰਾਜਗੁਰੂ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ,''ਰਾਜਗੁਰੂ ਅਤੇ ਡਾ.ਹੇਡਗੋਵਾਰ ਦੀ ਮੁਲਾਕਾਤ ਹੋਈ ਸੀ ਅਜਿਹਾ ਅਸੀਂ ਮੰਨਦੇ ਹਾਂ।''

ਸੱਤਿਆਸ਼ੀਲ ਦੱਸਦੇ ਹਨ,''ਲਾਹੌਰ ਤੋਂ ਵਾਪਿਸ ਆਉਣ ਤੋਂ ਬਾਅਦ ਰਾਜਗੁਰੂ ਨਾਗਪੁਰ ਗਏ ਸੀ ਅਤੇ ਉੱਥੇ ਉਹ ਡਾ. ਹੇਡਗੋਵਾਰ ਨਾਲ ਮਿਲੇ ਸੀ। ਉਸ ਸਮੇਂ ਰਾਜਗੁਰੂ ਗੁਪਤਵਾਸ ਵਿੱਚ ਸੀ ਅਤੇ ਉਨ੍ਹਾਂ ਨੂੰ ਲੁਕਣ ਲਈ ਥਾਂ ਵੀ ਉਨ੍ਹਾਂ ਨੇ ਦਿੱਤੀ ਸੀ, ਅਜਿਹਾ ਅਸੀਂ ਮੰਨਦੇ ਹਾਂ ਪਰ ਉਹ ਸਵੈਮਸੇਵਕ ਨਹੀਂ ਸੀ ਅਜਿਹਾ ਸਾਡੇ ਪਰਿਵਾਰ ਦਾ ਮੰਨਣਾ ਹੈ।''

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਰਾਜਗੁਰੂ, ਭਗਤ ਸਿੰਘ ਅਤੇ ਸੁਖਦੇਵ

ਉਨ੍ਹਾਂ ਅੱਗੇ ਕਿਹਾ, "ਉਸ ਦੌਰ ਵਿੱਚ ਆਜ਼ਾਦੀ ਘੁਲਾਟੀਏ ਅਤੇ ਸਮਾਜ ਸੇਵੀਆਂ ਦੀ ਬਹੁਤ ਇੱਜ਼ਤ ਹੁੰਦੀ ਸੀ ਅਤੇ ਉਸ ਸਮੇਂ ਆਮ ਜਨਤਾ ਆਸਾਨੀ ਨਾਲ ਕਿਸੇ ਨਾਲ ਵੀ ਮਿਲ ਸਕਦੀ ਸੀ। ਇਸ ਲਈ ਰਾਜਗੁਰੂ ਦੇਸ ਦੇ ਕਈ ਵੱਡੇ ਨੇਤਾਵਾਂ ਨੂੰ ਜਾ ਕੇ ਮਿਲਦੇ ਸੀ। ਉਸ ਸਮੇਂ ਡਾ. ਹੇਡਗੋਵਾਰ ਨਾਲ ਕਈ ਆਜ਼ਾਦੀ ਘੁਲਾਟੀਏ ਨਾਲ ਮੁਲਾਕਾਤ ਕੀਤੀ ਸੀ ਅਤੇ ਰਾਜਗੁਰੂ ਵੀ ਉਨ੍ਹਾਂ ਵਿੱਚੋਂ ਇੱਕ ਹੈ।"

ਸੰਘ ਆਜ਼ਾਦੀ ਘੁਲਾਟੀਆਂ ਨੂੰ ਆਪਣੇ ਨਾਲ ਕਿਉਂ ਜੋੜਦਾ ਹੈ?

ਇਤਿਹਾਸਕਾਰ ਅਤੇ ਜੇਐਨਯੂ ਦੇ ਪ੍ਰੋਫੈਸਰ ਚਮਨ ਲਾਲ ਨੇ ਬੀਬੀਸੀ ਨੂੰ ਦੱਸਿਆ,''ਭਾਰਤ ਦੀ ਆਜ਼ਾਦੀ ਦੀ ਲੜਾਈ ਵਿੱਚ ਆਪਣਾ ਯੋਗਦਾਨ ਨਾ ਹੋਣਾ ਇਹ ਗੱਲ ਸੰਘ ਦੇ ਲੋਕਾਂ ਨੂੰ ਅਜੇ ਵੀ ਮਾੜੀ ਲਗਦੀ ਹੈ। ਇਸ ਲਈ ਜਿਹੜੇ ਲੋਕ ਆਜ਼ਾਦੀ ਦੀ ਲੜਾਈ ਵਿੱਚ ਸ਼ਾਮਲ ਹੋਏ ਸੀ ਸੰਘ ਉਨ੍ਹਾਂ ਦੇ ਨਾਲ ਆਪਣਾ ਨਾਮ ਜੋੜਦਾ ਹੈ।''

ਚਮਨ ਲਾਲ ਨੇ 'ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨਾਲ ਸਬੰਧਿਤ ਦਸਤਾਵੇਜ' ਇਸ ਕਿਤਾਬ ਨੂੰ ਸੰਪਾਦਿਤ ਕੀਤਾ ਹੈ।

ਉਹ ਕਹਿੰਦੇ ਹਨ, ''ਇਸ ਤੋਂ ਪਹਿਲਾਂ ਵੀ ਸੰਘ ਨੇ ਕ੍ਰਾਂਤੀਕਾਰੀਆਂ ਨੂੰ ਆਪਣੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਹੈ। ਸੰਘ ਦੇ ਮੈਗਜ਼ੀਨ ਪੰਚਜਨਿਆ ਵਿੱਚ ਇਹ ਦਾਅਵਾ ਕੀਤਾ ਗਿਆ ਸੀ ਕਿ ਉਧਮ ਸਿੰਘ ਸੰਘ ਨਾਲ ਜੁੜੇ ਹੋਏ ਸਨ।''

ਤਸਵੀਰ ਸਰੋਤ, Getty Images

''ਰਾਜਗੁਰੂ ਅਤੇ ਡਾ. ਹੋਡਗੋਵਾਰ ਦੋਵੇਂ ਮਹਾਰਾਸ਼ਟਰ ਦੇ ਸੀ, ਇਸ ਲਈ ਦੋਵਾਂ ਦੀ ਮੁਲਾਕਾਤ ਹੋਈ ਹੋਵੇ ਅਜਿਹਾ ਹੋ ਸਕਦਾ ਹੈ, ਪਰ ਇਸਦੇ ਬਾਰੇ ਕੋਈ ਦਸਤਾਵੇਜ ਉਪਲਬਧ ਨਹੀਂ ਹੈ। ਪਰ ਕਿਸੇ ਦੋ ਵਿਅਕਤੀਆਂ ਦੀ ਮੁਲਾਕਾਤ ਹੋਣਾ ਉਸ ਵਿਅਕਤੀ ਦਾ ਉਸ ਵਿਚਾਰਧਾਰਾ ਨਾਲ ਜੁੜੇ ਹੋਣ ਦਾ ਕੋਈ ਸਬੂਤ ਨਹੀਂ ਹੈ।''

ਚਮਨ ਲਾਲ ਨੇ ਕਿਹਾ,''ਰਾਜਗੁਰੂ ਦੇ ਸਾਥੀ ਸ਼ਿਵ ਵਰਮਾ ਨੇ ਸੰਸਮ੍ਰਿਤੀਆਂ ਨਾਮ ਦੀ ਇੱਕ ਕਿਤਾਬ ਲਿਖੀ ਹੈ। ਇਸ ਕਿਤਾਬ ਵਿੱਚ ਉਨ੍ਹਾਂ ਨੇ ਲਿਖਿਆ ਹੈ, ਰਾਜਗੁਰੂ ਸਮਾਜਸੇਵੀ ਵਿਚਾਰਧਾਰਾ ਨਾਲ ਜੁੜੇ ਹੋਏ ਸੀ। ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀ ਹਿੰਦੂਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਦੇ ਮੈਂਬਰ ਸੀ। ਇਸ ਲਈ ਉਨ੍ਹਾਂ ਦਾ ਝੁਕਾਅ ਹਿੰਦੂਤਵਵਾਦੀ ਸੰਗਠਨ ਵੱਲ ਹੋਵੇ ਅਜਿਹੀ ਸੰਭਾਵਨਾ ਘੱਟ ਹੈ।''

ਤਸਵੀਰ ਸਰੋਤ, Getty Images

ਜੇਕਰ, ਰਾਜਗੁਰੂ ਸਵੈਮਸੇਵਕ ਸੀ ਤਾਂ ਇਹ ਗੱਲ ਉਨ੍ਹਾਂ ਨੇ ਹੀ ਕਦੇ ਕਿਉਂ ਦੱਸੀ ਨਹੀਂ ਅਜਿਹਾ ਪੁੱਛੇ ਜਾਣ 'ਤੇ ਸਹਿਗਲ ਨੇ ਕਿਹਾ,''ਲੜਾਈ ਦੀ ਆਜ਼ਾਦੀ ਦੇ ਸਮੇਂ ਸੰਘ ਨੇ ਆਪਣੇ ਸਵੈਮਸੇਵਕਾਂ ਨੂੰ ਦੱਸਿਆ ਸੀ, ਤੁਹਾਨੂੰ ਜਿਸ ਸੰਗਠਨ ਜਾਂ ਪੱਖ ਵਿੱਚ ਕੰਮ ਕਰਨ ਦੀ ਇੱਛਾ ਹੈ ਉੱਥੇ ਤੁਸੀਂ ਕੰਮ ਕਰ ਸਕਦੇ ਹੋ। ਇਸ ਲਈ ਕਈ ਲੋਕ ਮਹਾਤਮਾ ਗਾਂਧੀ ਨਾਲ ਜੁੜ ਗਏ ਅਤੇ ਕਈ ਸਾਰੇ ਲੋਕ ਕ੍ਰਾਂਤੀਕਾਰੀਆਂ ਦੇ ਨਾਲ ਜੁੜੇ।''

''ਐਮਰਜੈਂਸੀ ਦੇ ਸਮੇਂ ਸੰਘ ਦੇ ਲੋਕਾਂ ਨੇ ਜੈ ਪ੍ਰਕਾਸ਼ ਨਰਾਇਣ ਦੀ ਅਗਵਾਈ ਨੂੰ ਸਵੀਕਾਰ ਕੀਤਾ ਸੀ। ਜੇਕਰ ਸੰਘ ਦੇ ਸਵੈਮਸੇਵਕ ਕਿਸੇ ਹੋਰ ਵਿਅਕਤੀ ਦੀ ਅਗਵਾਈ ਸਵੀਕਾਰਦੇ ਹਨ ਤਾਂ ਇਸਦਾ ਮਤਲਬ ਇਹ ਨਹੀਂ ਕਿ ਉਹ ਸੰਘ ਦੇ ਨਹੀਂ ਰਹੇ।''

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)