ਪਰਵੀਨ ਬਾਬੀ ਨੂੰ ਕਿਉਂ ਲਗਦਾ ਸੀ ਅਮਿਤਾਭ ਬੱਚਨ ਤੋਂ ਡਰ?

ਪਰਵੀਨ ਬਾਬੀ Image copyright Twitter@NFAIOfficial

ਪਰਵੀਨ ਬਾਬੀ ਸਿਨੇਮਾ ਪਰਦੇ 'ਤੇ ਉਹ ਸਭ ਕੁਝ 70 ਦੇ ਦਹਾਕੇ ਵਿੱਚ ਕਰ ਰਹੀ ਸੀ, ਜਿਹੜੀ ਆਪਣੀ ਚਾਹਤ, ਆਧੁਨਿਕਤਾ ਅਤੇ ਆਤਮ-ਨਿਰਭਰਤਾ ਦੇ ਨਾਂ 'ਤੇ ਔਰਤਾਂ ਅੱਜ ਕਰਨਾ ਚਾਹੁੰਦੀਆਂ ਹਨ।

ਯਕੀਨ ਨਾ ਹੋਵੇ ਤਾਂ 'ਦੀਵਾਰ' ਦਾ ਉਹ ਦ੍ਰਿਸ਼ ਯਾਦ ਕਰੋ ਜਿਸ ਵਿੱਚ ਅਮਿਤਾਭ ਇੱਕ ਬੀਅਰ ਬਾਰ ਵਿੱਚ ਬੈਠੇ ਹੋਏ ਹਨ ਅਤੇ ਉੱਥੇ ਉਨ੍ਹਾਂ ਨੂੰ ਇਕੱਲਾ ਦੇਖ ਕੇ ਪਰਵੀਨ ਬਾਬੀ ਪਹੁੰਚ ਜਾਂਦੀ ਹੈ ਅਤੇ ਬਿਨਾਂ ਜਾਣ-ਪਛਾਣ ਦੇ ਗੱਲਬਾਤ ਸ਼ੁਰੂ ਕਰਦੀ ਹੈ।

ਇੱਕ ਹੱਥ ਵਿੱਚ ਸਿਗਰਟ ਅਤੇ ਦੂਜੇ ਹੱਥ ਵਿੱਚ ਸ਼ਰਾਬ ਦਾ ਪਿਆਲਾ। ਇੱਕਦਮ ਆਤਮ-ਵਿਸ਼ਵਾਸ ਨਾਲ ਭਰੀ ਹੋਈ ਅਤੇ ਮਾਡਰਨ ਡਰੈੱਸ ਪਹਿਨੀ ਹੋਈ।

ਇਹ ਤਾਂ ਸਿਰਫ਼ ਇੱਕ ਦ੍ਰਿਸ਼ ਹੈ, ਪਰਵੀਨ ਬਾਬੀ ਦਾ ਪੂਰਾ ਕਰੀਅਰ ਅਜਿਹੇ ਹੀ ਦ੍ਰਿਸ਼ਾਂ ਨਾਲ ਭਰਿਆ ਪਿਆ ਹੈ ਜਿਸ ਵਿੱਚ ਉਹ ਆਪਣੇ ਦੌਰ ਨੂੰ ਬਦਲਦੇ ਹੋਏ ਦਿਖਾਈ ਦਿੰਦੀ ਹੈ।

ਇੱਕ ਅਜਿਹੀ ਕੁੜੀ ਦੇ ਕਿਰਦਾਰ ਵਿੱਚ ਜਿਹੜੀ ਕੰਮਕਾਜੀ ਹੈ, ਆਤਮ-ਨਿਰਭਰ ਵੀ ਹੈ ਅਤੇ ਵਿਆਹ ਤੋਂ ਪਹਿਲਾਂ ਆਪਣੇ ਪੁਰਸ਼ ਦੋਸਤ ਨਾਲ ਜਿਸਮਾਨੀ ਰਿਸ਼ਤਾ ਬਣਾਉਣ ਵਿੱਚ ਉਸ ਨੂੰ ਕੋਈ ਪਰਹੇਜ਼ ਨਹੀਂ ਹੈ।

Image copyright Twitter@FilmHistoryPic

ਇਹ ਸਭ ਕਰਦੇ ਹੋਏ ਉਸਦਾ ਆਪਣਾ ਅਕਸ ਵੀ ਉਸ ਨਾਲ ਬਣਿਆ ਰਹਿੰਦਾ ਹੈ, ਕਿਤੇ ਕੋਈ ਦਾਗ਼ ਨਹੀਂ ਲਗਦਾ। ਉਸ ਨੂੰ ਨਾ ਤਾਂ ਦਾਗ਼ ਦੀ ਫਿਕਰ ਹੈ ਅਤੇ ਨਾ ਹੀ ਜ਼ਮਾਨੇ ਦੀ।

ਛੋਟੀਆਂ ਭੂਮਿਕਾਵਾਂ ਵਿੱਚ ਵੀ ਜਾਦੂ

'ਦੀਵਾਰ' ਦੀ ਛੋਟੀ ਜਿਹੀ ਭੂਮਿਕਾ ਵਿੱਚ ਹੀ ਪਰਵੀਨ ਬਾਬੀ ਨੇ ਵੱਡੀ ਲਕੀਰ ਖਿੱਚ ਦਿੱਤੀ ਸੀ।

ਇਹੀ ਕਾਰਨ ਹੈ ਕਿ ਪਰਵੀਨ ਬਾਬੀ ਦੇ ਸਰਗਰਮ ਫ਼ਿਲਮੀ ਕਰੀਅਰ ਤੋਂ ਤਿੰਨ ਦਹਾਕੇ ਦੇ ਲੰਬੇ ਵਕਫ਼ੇ ਤੋਂ ਬਾਅਦ ਵੀ ਉਨ੍ਹਾਂ ਦੀਆਂ ਭੂਮਿਕਾਵਾਂ ਲੋਕਾਂ ਨੂੰ ਯਾਦ ਹਨ।

ਇਹ ਗੱਲ ਵੀ ਮਹੱਤਵਪੂਰਨ ਹੈ ਕਿ ਪਰਵੀਨ ਬਾਬੀ ਦੀਆਂ ਭੂਮਿਕਾਵਾਂ, ਹੀਰੋ ਨੂੰ ਧਿਆਨ ਵਿੱਚ ਰੱਖ ਕੇ ਬਣੀਆਂ ਫ਼ਿਲਮਾਂ ਵਿੱਚ ਬੇਹੱਦ ਛੋਟੀ ਹੁੰਦੀਆਂ ਸਨ ਪਰ ਇਹ ਉਨ੍ਹਾਂ ਦੇ ਚਿਹਰੇ ਅਤੇ ਅੰਦਾਜ਼ ਦਾ ਜਾਦੂ ਸੀ ਕਿ ਛੋਟੀਆਂ ਭੂਮਿਕਾਵਾਂ ਵੀ ਉਨ੍ਹਾਂ ਨੂੰ ਚਰਚਾ ਵਿੱਚ ਬਣਾਈ ਰੱਖਣ ਲਈ ਕਾਫ਼ੀ ਸੀ।

ਜਦੋਂ ਪਰਦੇ 'ਤੇ ਚੰਗੀਆਂ ਕੁੜੀਆਂ ਦੇ ਸਲਵਾਰ ਸੂਟ ਅਤੇ ਸਾੜ੍ਹੀ ਪਹਿਨਣ ਦਾ ਫੈਸ਼ਨ ਸੀ, ਉਦੋਂ ਪੱਛਮੀ ਰੰਗ-ਢੰਗ ਵਿੱਚ ਵੱਡੀ ਹੋਈ ਪਰਵੀਨ ਬਾਬੀ ਨੂੰ ਫਿਲਮ ਨਿਰਦੇਸ਼ਕ ਬੀਆਰ ਇਸ਼ਾਰਾ ਨੇ ਪਹਿਲੀ ਵਾਰ ਕ੍ਰਿਕਟਰ ਸਲੀਮ ਦੁਰਾਨੀ ਦੇ ਨਾਲ 1973 ਵਿੱਚ ਫ਼ਿਲਮ 'ਚਰਿੱਤਰ' ਵਿੱਚ ਮੌਕਾ ਦਿੱਤਾ। ਫ਼ਿਲਮ ਤਾਂ ਫਲਾਪ ਹੋ ਗਈ, ਪਰ ਪਰਵੀਨ ਬਾਬੀ ਦਾ ਜਾਦੂ ਚਲ ਗਿਆ।

4 ਅਪ੍ਰੈਲ, 1949 ਨੂੰ ਸੌਰਾਸ਼ਟਰ ਦੇ ਜੂਨਾਗੜ੍ਹ ਦੇ ਇੱਕ ਮਿਡਲ ਕਲਾਸ ਮੁਸਲਿਮ ਪਰਿਵਾਰ ਵਿੱਚ ਪੈਦਾ ਹੋਈ ਪਰਵੀਨ ਬਾਬੀ ਨੇ ਅਹਿਮਦਾਬਾਦ ਦੇ ਸੇਂਟ ਜ਼ੇਵੀਅਰਜ਼ ਕਾਲਜ ਤੋਂ ਅੰਗ੍ਰੇਜ਼ੀ ਸਾਹਿਤ ਵਿੱਚ ਬੀਏ ਕੀਤੀ ਸੀ ਅਤੇ ਮਾਡਲਿੰਗ ਵਿੱਚ ਕਰੀਅਰ ਤਲਾਸ਼ ਰਹੀ ਸੀ।

ਕਈ ਥਾਵਾਂ 'ਤੇ ਇਸਦਾ ਜ਼ਿਕਰ ਹੈ ਕਿ ਬੀਆਰ ਇਸ਼ਾਰਾ ਨਵੀਂ ਅਦਾਕਾਰਾ ਦੀ ਭਾਲ ਵਿੱਚ ਸੀ। ਕਿਸੇ ਦਿਨ ਉਨ੍ਹਾਂ ਦੀ ਨਜ਼ਰ ਪਰਵੀਨ ਬੌਬੀ 'ਤੇ ਪਈ ਜਿਹੜੀ ਉਸ ਵੇਲੇ ਸਿਗਰਟ ਦਾ ਕਸ਼ ਲਗਾ ਰਹੀ ਸੀ ਅਤੇ ਈਸ਼ਾਰਾ ਨੇ ਤੈਅ ਕਰ ਲਿਆ ਕਿ ਉਨ੍ਹਾਂ ਦੀ ਅਦਾਕਾਰਾ ਮਿਲ ਗਈ ਹੈ।

ਟਾਈਮ ਦੇ ਕਵਰ 'ਤੇ

ਪਰਵੀਨ ਬਾਬੀ ਨੂੰ ਪਹਿਲੀ ਕਾਮਯਾਬੀ 'ਮਜਬੂਰ' ਫ਼ਿਲਮ ਵਿੱਚ ਮਿਲੀ ਜਿਹੜੀ ਉਨ੍ਹਾਂ ਨੇ 1974 ਵਿੱਚ ਅਮਿਤਾਭ ਬੱਚਨ ਨਾਲ ਕੀਤੀ ਸੀ।

ਇਸ ਤੋਂ ਬਾਅਦ ਐਂਗਰੀ ਐਂਗ ਮੈਨ ਦੇ ਨਾਲ ਪਰਵੀਨ ਬਾਬੀ ਨੇ ਕਈ ਕਾਮਯਾਬ ਫ਼ਿਲਮਾਂ ਕੀਤੀਆਂ ਜਿਨ੍ਹਾਂ ਵਿੱਚ 'ਦੀਵਾਰ','ਅਮਰ ਅਕਬਰ ਐਂਥਨੀ', 'ਸ਼ਾਨ' ਅਤੇ 'ਕਾਲੀਆ' ਵਰਗੀਆਂ ਫ਼ਿਲਮਾਂ ਸ਼ਾਮਲ ਹਨ।

1976 ਵਿੱਚ ਪਰਵੀਨ ਬਾਬੀ ਇਸ ਤਰ੍ਹਾਂ ਕਾਮਯਾਬ ਹੋ ਚੁੱਕੀ ਸੀ ਕਿ ਉਸ ਸਾਲ ਮਸ਼ਹੂਰ ਮੈਗਜ਼ੀਨ ਟਾਈਮਜ਼ ਨੇ ਉਸ ਨੂੰ ਆਪਣੇ ਕਵਰ 'ਤੇ ਛਾਪਿਆ ਸੀ।

ਟਾਈਮਜ਼ ਦੇ ਕਵਰ 'ਤੇ ਆਪਣੀ ਥਾਂ ਬਣਾਉਣ ਵਾਲੀ ਪਹਿਲੀ ਬਾਲੀਵੁੱਡ ਅਦਾਕਾਰਾ ਪਰਵੀਨ ਬਾਬੀ ਸੀ।

ਫ਼ਿਲਮੀ ਕਰੀਅਰ ਵਿੱਚ ਉਹ ਜਿੰਨੀ ਕਾਮਯਾਬ ਹੋਈ, ਉਸ ਤਰ੍ਹਾਂ ਦੀ ਕਾਮਯਾਬੀ ਉਨ੍ਹਾਂ ਨੂੰ ਆਪਣੀ ਨਿੱਜੀ ਜ਼ਿੰਦਗੀ ਵਿੱਚ ਨਹੀਂ ਮਿਲੀ। ਸਭ ਤੋਂ ਪਹਿਲਾਂ ਉਨ੍ਹਾਂ ਦਾ ਅਫੇਅਰ ਡੈਨੀ ਨਾਲ ਹੋਇਆ ਸੀ।

ਪਰ ਇਹ ਰਿਸ਼ਤਾ ਬਹੁਤ ਅੱਗੇ ਨਹੀਂ ਵਧ ਸਕਿਆ। ਡੈਨੀ ਨੇ ਫ਼ਿਲਮਫੇਅਰ ਨੂੰ ਦਿੱਤੇ ਇੱਕ ਇੰਟਰਵਿਊ ਨੂੰ ਦੱਸਿਆ ਸੀ ਕਿ ਪਰਵੀਨ ਬਾਬੀ ਅਤੇ ਉਨ੍ਹਾਂ ਦਾ ਸਾਥ ਤਿੰਨ-ਚਾਰ ਸਾਲ ਤੱਕ ਰਿਹਾ ਸੀ, ਇਸ ਤੋਂ ਬਾਅਦ ਦੋਵਾਂ ਦੇ ਰਸਤੇ ਵੱਖਰੇ ਹੋ ਗਏ ਸੀ।

ਕਬੀਰ ਬੇਦੀ

ਡੈਨੀ ਤੋਂ ਬਾਅਦ ਪਰਵੀਨ ਬੌਬੀ ਦਾ ਪਿਆਰ ਕਬੀਰ ਬੇਦੀ ਨਾਲ ਹੋਇਆ।

Image copyright Twitter@FilmHistoryPic

ਦੋਵਾਂ ਨੇ 1976 ਵਿੱਚ 'ਬੁਲੇਟ' ਫ਼ਿਲਮ 'ਚ ਇਕੱਠੇ ਕੰਮ ਕੀਤਾ ਸੀ ਅਤੇ ਕਰੀਬ ਤਿੰਨ-ਚਾਰ ਸਾਲ ਤੱਕ ਦੋਵੇਂ ਇੱਕ ਦੂਜੇ ਦੇ ਪਿਆਰ ਵਿੱਚ ਡੁੱਬੇ ਰਹੇ।

ਕਬੀਰ ਬੇਦੀ ਦੇ ਪਿਆਰ ਦੀ ਖ਼ਾਤਰ ਪਰਵੀਨ ਬਾਬੀ ਨੇ ਆਪਣੇ ਚਮਕਦੇ ਕਰੀਅਰ ਨੂੰ ਵੀ ਛੱਡ ਦਿੱਤਾ।

ਉਸ ਦੌਰ ਵਿੱਚ ਕਬੀਰ ਬੇਦੀ ਨੂੰ ਇੱਕ ਇਤਾਲਵੀ ਟੀਵੀ ਸੀਰੀਅਲ ਵਿੱਚ ਲੀਡ ਰੋਲ ਮਿਲਿਆ ਸੀ ਅਤੇ ਪਰਵੀਨ ਬੌਬੀ ਉਨ੍ਹਾਂ ਦੇ ਨਾਲ ਯੂਰਪ ਸ਼ਿਫਟ ਹੋ ਗਈ।

ਦੋਵਾਂ ਵਿੱਚ ਸਭ ਕੁਝ ਠੀਕ ਨਾ ਚਲਣ 'ਤੇ ਪਰਵੀਨ ਬਾਬੀ ਬਾਲੀਵੁੱਡ ਵਾਪਸ ਆ ਗਈ। ਜਦੋਂ ਵਾਪਿਸ ਆਈ ਤਾਂ ਵੀ ਇੰਡਸਟਰੀ ਨੇ ਉਨ੍ਹਾਂ ਨੂੰ ਹੱਥੀਂ ਚੁੱਕ ਲਿਆ।

ਇਸੇ ਵਾਪਸੀ ਦੇ ਦੌਰ ਵਿੱਚ ਪ੍ਰਤੀਸ਼ ਨੰਦੀ ਦੇ ਕਹਿਣ 'ਤੇ ਪਰਵੀਨ ਬਾਬੀ ਨੇ 'ਦਿ ਇਲਸਟ੍ਰੇਟੇਡ ਵੀਕਲੀ ਆਫ਼ ਇੰਡੀਆ' ਵਿੱਚ ਆਪਣਾ ਇੱਕ ਲੇਖ ਲਿਖਿਆ ਸੀ-''ਮੇਰਾ ਕਰੀਅਰ ਇਸ ਤੋਂ ਬਿਹਤਰ ਕਦੇ ਨਹੀਂ ਰਿਹਾ। ਮੈਂ ਨੰਬਰ ਇੱਕ ਦੀ ਦੌੜ ਵਿੱਚ ਹੀ ਹਾਂ। ਮੁੰਬਈ ਵਿੱਚ ਕੋਈ ਅਜਿਹੀ ਫ਼ਿਲਮ ਨਹੀਂ ਬਣ ਰਹੀ ਹੈ, ਜਿਸ ਵਿੱਚ ਪਰਵੀਨ ਬਾਬੀ ਨਾ ਹੋਵੇ। ਲੋਕ ਮੇਰੀ ਇਸ ਕਾਮਯਾਬ ਵਾਪਸੀ ਤੋਂ ਖੁਸ਼ ਹਨ।''

Image copyright Youtube Grab

''ਕਈ ਲੋਕ ਇਸ ਨੂੰ ਮੇਰੀ ਕਿਸਮਤ ਕਹਿ ਰਹੇ ਹਨ, ਪਰ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦੀ ਹਾਂ ਕਿ ਇਸ ਵਿੱਚ ਕਿਸਮਤ ਵਾਲੀ ਕੋਈ ਗੱਲ ਨਹੀਂ ਹੈ, ਇਹ ਬਿਲਕੁਲ ਪਸੀਨਾ ਅਤੇ ਅੱਥਰੂ ਹਨ ਜਿਹੜੇ ਟੁੱਟੇ ਦਿਲ ਦੇ ਨਾਲ ਸਖ਼ਤ ਮਿਹਨਤ ਨਾਲ ਆਇ ਹਨ। ਇਸ ਦੌਰਾਨ ਮੈਨੂੰ ਇਹ ਪਤਾ ਲੱਗ ਗਿਆ ਹੈ ਕਿ ਸ਼ੋਅ ਬਿਜ ਵਿੱਚ ਬਣੇ ਰਹਿਣ ਦਾ ਆਪਣਾ ਸੰਘਰਸ਼ ਹੈ, ਦਬਾਅ ਅਤੇ ਚੁਣੌਤੀਆਂ ਹਨ। ਮੈਂ ਇਸ ਵਿੱਚ ਐਨੀ ਅੰਦਰ ਤੱਕ ਜਾ ਚੁੱਕੀ ਹਾਂ ਕਿ ਮੈਨੂੰ ਹੁਣ ਇਸ ਨੂੰ ਝੱਲਣਾ ਹੀ ਹੋਵੇਗਾ।''

ਮਹੇਸ਼ ਭੱਟ ਨਾਲ ਰੋਮਾਂਸ

ਕਬੀਰ ਬੇਦੀ ਨਾਲ ਬ੍ਰੇਕਅਪ ਨੂੰ ਆਪਣੇ ਜੀਵਨ ਦਾ ਟਰਨਿੰਗ ਪੁਆਇੰਟ ਦੱਸਣ ਵਾਲੀ ਪਰਵੀਨ ਬਾਬੀ ਇਸ ਤੋਂ ਮਹੇਸ਼ ਭੱਟ ਦੇ ਰੋਮਾਂਸ ਵਿੱਚ ਪਈ।

ਦੋਵਾਂ ਦਾ ਰੋਮਾਂਸ 1977 ਦੇ ਅਖ਼ੀਰ ਵਿੱਚ ਸ਼ੁਰੂ ਹੋਇਆ ਸੀ, ਉਦੋਂ ਮਹੇਸ਼ ਭੱਟ ਵੀ ਕਬੀਰ ਬੇਦੀ ਦੀ ਤਰ੍ਹਾਂ ਵਿਆਹੁਤਾ ਸੀ।

ਪਰ ਉਹ ਆਪਣੀ ਪਤਨੀ ਅਤੇ ਅਤੇ ਧੀ ਪੂਜਾ ਬੇਦੀ ਨੂੰ ਛੱਡ ਕੇ ਪਰਵੀਨ ਬਾਬੀ ਨਾਲ ਰਹਿਣ ਲੱਗੇ।

ਇਹ ਉਹ ਦੌਰ ਸੀ ਜਦੋਂ ਪਰਵੀਨ ਟੋਪ ਦੀ ਸਟਾਰ ਸੀ ਅਤੇ ਮਹੇਸ਼ ਭੱਟ ਇੱਕ ਫਲਾਪ ਫਿਲਮ-ਮੇਕਰ।

ਪਰਵੀਨ ਬਾਬੀ ਨਾਲ ਆਪਣੇ ਰਿਸ਼ਤਿਆਂ 'ਤੇ ਹੀ ਮਹੇਸ਼ ਭੱਟ ਨੇ 'ਅਰਥ' ਫ਼ਿਲਮ ਬਣਾਈ ਸੀ।

Image copyright Youtube Grab

ਇਸ ਫ਼ਿਲਮ ਵਿੱਚ ਜਿੱਥੇ ਮਹੇਸ਼ ਭੱਟ ਦਾ ਕਰੀਅਰ ਪ੍ਰਵਾਨ ਚੜ੍ਹਿਆ ਉੱਥੇ ਹੀ ਪਰਵੀਨ ਬਾਬੀ ਅਜਿਹੀ ਹਾਲਤ ਵਿੱਚ ਪਹੁੰਚ ਗਈ ਜਿੱਥੇ ਉਨ੍ਹਾਂ ਦਾ ਮਾਨਸਿਕ ਸੰਤੁਲਨ ਵਿਗੜਨ ਲੱਗਾ।

ਮਹੇਸ਼ ਭੱਟ ਨਾਲ ਰੋਮਾਂਸ ਦੇ ਦੌਰਾਨ ਹੀ ਪਰਵੀਨ ਬਾਬੀ ਨੂੰ ਦਿਮਾਗੀ ਬਿਮਾਰੀ ਸ਼ੁਰੂ ਹੋ ਗਈ ਜਿਸ ਨੂੰ ਮਹੇਸ਼ ਭੱਟ ਨੇ ਆਪਣੇ ਕਈ ਇੰਟਰਵਿਊ ਵਿੱਚ ਪੈਰਾਨਾਇਡ ਸਕਿਜ਼ੋਫਰੋਨੀਆ ਦੱਸਿਆ ਹੈ।

ਪਰਵੀਨ ਬਾਬੀ ਨੇ ਕਦੇ ਖ਼ੁਦ ਨੂੰ ਇਸ ਬਿਮਾਰੀ ਦੀ ਲਪੇਟ ਵਿੱਚ ਨਹੀਂ ਦੱਸਿਆ। ਉਨ੍ਹਾਂ ਨੇ ਇਹ ਜ਼ਰੂਰ ਮੰਨਿਆ ਕਿ ਜਨੈਟਿਕ ਮਾਨਸਿਕ ਬਿਮਾਰੀ ਨੇ ਉਨ੍ਹਾਂ ਨੂੰ ਆਪਣੀ ਚਪੇਟ ਵਿੱਚ ਲੈ ਲਿਆ ਹੈ।

ਧਰਮ ਵੱਲ

ਮਹੇਸ਼ ਭੱਟ ਨਾਲ ਰਹਿੰਦੇ ਹੀ ਪਰਵੀਨ ਬਾਬੀ ਅਧਿਆਤਮਿਕ ਗੁਰੂ ਕ੍ਰਿਸ਼ਨਾਮੂਰਤੀ ਦੇ ਸੰਪਰਕ ਵਿੱਚ ਆਈ ਅਤੇ ਉਨ੍ਹਾਂ ਦੇ ਕਹਿਣ 'ਤੇ ਹੀ 1983 ਵਿੱਚ ਪਰਵੀਨ ਬਾਬੀ ਨੇ ਬਾਲੀਵੁੱਡ ਨੂੰ ਛੱਡ ਦਿੱਤਾ। ਥੋੜ੍ਹੇ ਸਮੇਂ ਤੱਕ ਉਹ ਬੰਗਲੌਰ ਵਿੱਚ ਰਹੀ ਅਤੇ ਬਾਅਦ ਵਿੱਚ ਅਮਰੀਕਾ ਚਲੀ ਗਈ।

ਇਹ ਉਹੀ ਸਮਾਂ ਸੀ ਜਦੋਂ ਪਰਵੀਨ ਬਾਬੀ ਆਪਣੇ ਕਰੀਅਰ ਨੂੰ ਗੰਭੀਰਤ ਨਾਲ ਲੈ ਰਹੀ ਸੀ ਅਤੇ ਅਮਿਤਾਭ ਬੱਚਨ ਦੇ ਸਾਏ ਤੋਂ ਬਾਹਰ ਕੁਝ ਵੱਖਰਾ ਕਰਨ ਦੀ ਕੋਸ਼ਿਸ਼ ਵੀ ਕਰ ਰਹੀ ਸੀ।

ਇਸਦੀ ਝਲਕ ਉਨ੍ਹਾਂ ਦੀ ਜਤਿੰਦਰ ਨਾਲ 'ਅਪਰਣ' ਫ਼ਿਲਮ ਵਿੱਚ ਦੇਖਣ ਨੂੰ ਮਿਲੀ।

Image copyright Shaan Movie

ਅਮਰੀਕਾ ਵਿੱਚ ਵੀ ਉਨ੍ਹਾਂ ਦੀ ਇਸ ਬਿਮਾਰੀ ਦਾ ਇਲਾਜ ਨਹੀਂ ਮਿਲਿਆ।

ਅਮਿਤਾਭ ਤੋਂ ਡਰ

ਆਪਣੀ ਬਿਮਾਰੀ ਦੇ ਦੌਰਾਨ ਹੀ ਉਨ੍ਹਾਂ ਨੇ ਅਮਿਤਾਭ ਬੱਚਨ ਸਮੇਤ ਦੁਨੀਆਂ ਦੇ ਨਾਮੀ ਲੋਕਾਂ ਤੋਂ ਆਪਣੀ ਜਾਨ ਨੂੰ ਖ਼ਤਰਾ ਦੱਸਿਆ ਸੀ।

1989 ਵਿੱਚ ਪਰਵੀਨ ਬਾਬੀ ਭਾਰਤ ਵਾਪਿਸ ਆਈ ਅਤੇ 2005 ਤੱਕ ਮੁੰਬਈ ਵਿੱਚ ਰਹੀ, ਬਾਲੀਵੁੱਡ ਦੀ ਚਮਕ ਤੋਂ ਦੂਰ।

ਅਮਿਤਾਭ ਬੱਚਨ ਨੂੰ ਲੈ ਕੇ ਉਨ੍ਹਾਂ ਦਾ ਡਰ ਆਖ਼ਰੀ ਸਮੇਂ ਤੱਕ ਬਣਿਆ ਰਿਹਾ। ਆਪਣੀ ਮੌਤ ਤੋਂ ਇੱਕ ਸਾਲ ਪਹਿਲਾਂ ਸ਼ੇਖਰ ਸੁਮਨ ਨੂੰ ਦਿੱਤੇ ਇੱਕ ਟੀਵੀ ਇੰਟਰਵਿਊ ਵਿੱਚ ਉਨ੍ਹਾਂ ਨੇ ਕਿਹਾ ਸੀ ਮਰਲਿਨ ਬਰਾਂਡੋ, ਐਲਵਿਸ ਪਰਿਸਲੋ, ਲਾਰੇਂਸ ਓਲੀਵਰ ਅਤੇ ਮਾਈਕਲ ਜੈਕਸਨ ਦੇ ਰਹਿੰਦੇ ਅਮਿਤਾਭ ਬੱਚਨ ਨੂੰ ਸਦੀ ਦਾ ਸਟਾਰ ਚੁਣਿਆ ਜਾ ਰਿਹਾ ਹੈ, ਇਸ ਤੋਂ ਵੱਡਾ ਮਜ਼ਾਕ ਹੋਰ ਕੀ ਹੋ ਸਕਦਾ ਹੈ।

ਆਪਣੀਆਂ ਸ਼ਰਤਾਂ 'ਤੇ ਜੀਣ ਵਾਲੀ

ਇਸੇ ਇੰਟਰਵਿਊ ਵਿੱਚ ਉਨ੍ਹਾਂ ਨੇ ਅਮਿਤਾਭ ਨੂੰ ਭਾਰਤ ਦਾ ਦਸਵਾਂ ਸਭ ਤੋਂ ਹੈਂਡਸਮ ਮੈਨ ਚੁਣੇ ਜਾਣ 'ਤੇ ਵੀ ਮਜ਼ਾਕ ਉਡਾਇਆ ਤੇ ਕਿਹਾ ਕਿ ਦੇਵਾਨੰਦ, ਫਿਰੋਜ਼ ਖ਼ਾਨ, ਸ਼ਮੀ ਕਪੂਰ, ਸ਼ਸ਼ੀ ਕਪੂਰ, ਇੱਥੋਂ ਤੱਕ ਕਿ ਰਾਜਕਪੂਰ ਜਾਂ ਫੇਰ ਰਿਸ਼ੀ ਕੁਮਾਰ ਵੱਧ ਹੈਂਡਸਮ ਸੀ।

Image copyright Deewar Movie

ਐਨਾ ਹੀ ਨਹੀਂ ਸ਼ਸ਼ੀ ਕਪੂਰ ਦੇ ਪੁੱਤਰ ਕਰਨ ਕਪੂਰ ਅਤੇ ਸੰਜੇ ਗਾਂਧੀ ਨੂੰ ਵੀ ਪਰਵੀਨ ਬਾਬੀ ਨੇ ਅਮਿਤਾਭ ਤੋਂ ਵੱਧ ਗੁੱਡ ਲੁਕਿੰਗ ਦੱਸਿਆ ਸੀ।

ਜਦਕਿ ਅਮਿਤਾਭ ਨੇ ਕਦੇ ਪਰਵੀਨ ਬਾਬੀ ਨੂੰ ਲੈ ਕੇ ਜਨਤਕ ਤੌਰ 'ਤੇ ਕੋਈ ਅਜਿਹਾ ਬਿਆਨ ਨਹੀਂ ਦਿੱਤਾ।

ਸਾਲ 2005 ਵਿੱਚ ਪਰਵੀਨ ਦੀ ਮੌਤ ਤੋਂ ਬਾਅਦ ਉਨ੍ਹਾਂ ਨੇ ਮੀਡੀਆ ਨੂੰ ਕਿਹਾ ਸੀ ਕਿ ਪਰਵੀਨ ਆਪਣੀਆਂ ਸ਼ਰਤਾਂ 'ਤੇ ਜੀਣ ਵਾਲੀ ਕਲਾਕਾਰ ਸੀ ਜਿਨ੍ਹਾਂ ਦਾ ਹਿੰਦੀ ਸਿਨੇਮਾ 'ਤੇ ਡੂੰਘਾ ਅਸਰ ਰਹੇਗਾ।

ਪਰਵੀਨ ਬਾਬੀ ਆਪਣੀ ਜ਼ਿੰਦਗੀ ਦੇ ਆਖ਼ਰੀ ਦਿਨਾਂ 'ਚ ਵੀ ਕਿਸੇ 'ਤੇ ਬੋਝ ਨਹੀਂ ਬਣੀ।

ਪਰ ਇਹ ਵੀ ਸੱਚ ਹੈ ਕਿ ਜਿਸ ਪਰਵੀਨ ਬਾਬੀ ਦੇ ਘਰ ਦੇ ਸਾਹਮਣੇ ਪ੍ਰੋਡਿਊਸਰਾਂ ਦੀ ਲਾਈਨ ਲੱਗੀ ਰਹਿੰਦੀ ਸੀ, ਉਸ ਪਰਵੀਨ ਬਾਬੀ ਦੇ ਆਖ਼ਰੀ ਦਿਨਾਂ ਵਿੱਚ ਸਾਰਿਆਂ ਨੇ ਉਨ੍ਹਾਂ ਨੂੰ ਭੁਲਾ ਦਿੱਤਾ।

ਕਰੀਬ ਇੱਕ ਦਹਾਕੇ ਤੱਕ ਦਾ ਸਟਾਰਡਮ ਅਤੇ ਕਰੀਬ 50 ਫ਼ਿਲਮਾਂ ਉਨ੍ਹਾਂ ਦੇ ਖਾਲੀਪਣ ਨੂੰ ਦੂਰ ਨਹੀਂ ਕਰ ਸਕੀਆਂ, ਇਹੀ ਇਕੱਲਾਪਣ ਉਨ੍ਹਾਂ ਨੂੰ ਆਖ਼ਰੀ ਸਮੇਂ ਤੱਕ ਦੁਖਦਾ ਰਿਹਾ।

ਪਰਵੀਨ ਬਾਬੀ ਦੀ ਕਹਾਣੀ,ਇੱਕ ਛੋਟੇ ਸ਼ਹਿਰ ਤੋਂ ਆ ਕੇ ਬਾਲੀਵੁੱਡ ਵਿੱਚ ਆਪਣੀ ਵੱਖਰੀ ਪਛਾਣ ਬਣਾਉਣ ਵਾਲੀ ਉਸ ਕੁੜੀ ਦੀ ਕਹਾਣੀ ਹੈ ਜਿਸ ਨੂੰ ਮੁਕੰਮਲ ਜਹਾਂ ਨਹੀਂ ਮਿਲਿਆ।

ਕੁਝ ਤਾਂ ਬਾਲੀਵੁੱਡ ਵਿੱਚ ਬਣੇ ਰਹਿਣ ਦਾ ਦਬਾਅ, ਕੁਝ ਪਿਆਰ ਵਿੱਚ ਮਿਲਣ ਵਾਲੇ ਧੋਖੇ ਅਤੇ ਕੁਝ ਮਾਨਸਿਕ ਬਿਮਾਰੀ-ਇਨ੍ਹਾਂ ਸਾਰਿਆਂ ਨੇ ਮਿਲ ਕੇ ਪਰਵੀਨ ਬਾਬੀ ਦੇ ਕਰਿਸ਼ਮੇ ਨੂੰ ਫਿੱਕਾ ਜ਼ਰੂਰ ਕਰ ਦਿੱਤਾ ਪਰ ਉਨ੍ਹਾਂ ਦਾ ਅਸਰ ਬਾਲੀਵੁੱਡ ਵਿੱਚ ਲੰਬੇ ਸਮੇਂ ਤੱਕ ਬਣਿਆ ਰਹੇਗਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)