ਬੱਕਰੀ ਨੂੰ ਬਚਾਉਣ ਲਈ ਬਾਘ ਨਾਲ ਭਿੜੀ ਕੁੜੀ, ਫਿਰ ਲਈ ਸੈਲਫੀ

ਬਾਘ ਨਾਲ ਭਿੜੀ ਰੁਪਾਲੀ, ਫਿਰ ਲਈ ਸੈਲਫੀ Image copyright Rupali meshram/bbc

ਬਾਘ ਦੇ ਪੰਜਿਆਂ ਨਾਲ ਬੁਰੀ ਤਰ੍ਹਾਂ ਜ਼ਖ਼ਮੀ ਅਤੇ ਖ਼ੂਨ ਨਾਲ ਲਿਬੜੀ ਇਸ ਬਹਾਦੁਰ ਕੁੜੀ ਨੇ ਘਰ ਆਉਣ ਤੋਂ ਬਾਅਦ ਕੀ ਕੀਤਾ। ਆਪਣਾ ਮੋਬਾਈਲ ਫੋਨ ਕੱਢ ਕੇ ਆਪਣੀ ਅਤੇ ਜ਼ਖ਼ਮੀ ਮਾਂ ਦੀ ਸੈਲਫ਼ੀ ਲਈ।

ਕਿਉਂਕਿ ਬਾਘ ਅਜੇ ਵੀ ਬਾਹਰ ਸੀ, ਸੁਰੱਖਿਆ ਦੀ ਗਰੰਟੀ ਨਹੀਂ ਸੀ, ਲਿਹਾਜ਼ਾ ਉਹ ਆਪਣੀ ਹਾਲਤ ਨੂੰ ਕੈਮਰੇ ਵਿੱਚ ਕੈਦ ਕਰ ਲੈਣਾ ਚਾਹੁੰਦੀ ਸੀ।

ਮਹਾਰਾਸ਼ਟਰ ਦੇ ਭੰਡਾਰਾ ਜ਼ਿਲ੍ਹੇ ਦੀ ਵਸਨੀਕ 21 ਸਾਲਾ ਰੁਪਾਲੀ ਮੇਸ਼ਰਾਮ ਇੱਕ ਕਾਮਰਸ ਗ੍ਰੈਜੁਏਟ ਹੈ।

ਸਾਧਾਰਣ ਪਰਿਵਾਰ ਦੀ ਇਸ ਆਮ ਕੁੜੀ ਦੇ ਸਿਰ 'ਤੇ, ਦੋਵੇਂ ਹੱਥਾਂ-ਪੈਰਾਂ 'ਤੇ, ਲੱਕ 'ਤੇ ਸੱਟਾਂ ਦੇ ਨਿਸ਼ਾਨ ਦਿਖਦੇ ਹਨ।

ਸਿਰ ਅਤੇ ਲੱਕ ਦੇ ਜ਼ਖ਼ਮ ਡੂੰਘੇ ਸੀ ਉੱਥੇ ਟਾਂਕੇ ਲੱਗੇ ਹਨ।

Image copyright Sanjay ramakant tiwari/bbc

ਨਾਗਪੁਰ ਦੇ ਸਰਕਾਰੀ ਮੈਡੀਕਲ ਕਾਲਜ ਦੇ ਕੰਪਲੈਕਸ ਵਿੱਚ ਉਹ ਆਪਣਾ ਡਿਸਚਾਰਜ ਕਾਰਡ ਦਿਖਾਉਂਦੀ ਹੈ ਜਿਸ 'ਤੇ ਜ਼ਖ਼ਮਾਂ ਦਾ ਕਾਰਨ ਸਾਫ਼ ਲਿਖਿਆ ਹੈ- ਜੰਗਲੀ ਜਾਨਵਰ ਬਾਘ ਦਾ ਹਮਲਾ।

ਉਸ ਨੇ ਅਤੇ ਉਸਦੀ ਮਾਂ ਨੇ ਬਾਘ ਨਾਲ ਭਿੜ ਕੇ ਖ਼ੁਦ ਦੀ ਜਾਨ ਬਚਾਈ, ਪਰ ਫੇਰ ਵੀ ਪਿੰਡ ਮੁੜਨ ਦਾ ਹੌਸਲਾ ਬਰਕਰਾਰ ਹੈ।

ਲੱਕੜੀ ਨਾਲ ਕੁੜੀ ਨੇ ਕੀਤਾ ਬਾਘ ਦਾ ਸਾਹਮਣਾ

ਪੂਰਬੀ ਵਿਦਰਭ ਵਿੱਚ ਭੰਡਾਰਾ ਜ਼ਿਲ੍ਹੇ ਦੇ ਨਾਗਝਿਰਾ ਇਲਾਕੇ ਵਿੱਚ ਵਾਈਲਡ ਸੈਂਕਚੁਰੀ ਨਾਲ ਲਗਦੇ ਪਿੰਡ ਵਿੱਚ ਰੁਪਾਲੀ ਦਾ ਛੋਟਾ ਜਿਹਾ ਘਰ ਹੈ।

ਉਸਦੀ ਮਾਂ ਜੀਜਾਬਾਈ ਅਤੇ ਵੱਡਾ ਭਰਾ ਵਣ ਵਿਭਾਗ ਲਈ ਦਿਹਾੜੀ ਮਜ਼ਦੂਰੀ ਕਰਦੇ ਹਨ।

ਉਸ ਤੋਂ ਇਲਾਵਾ ਪਰਿਵਾਰ ਨੇ ਬੱਕਰੀਆਂ ਪਾਲੀਆਂ ਹੋਈਆਂ ਹਨ ਤਾਂਕਿ ਕੁਝ ਹੋਰ ਪੈਸੇ ਬੱਚ ਸਕਣ।

ਇਸ ਲਈ 24 ਮਾਰਚ ਦੀ ਰਾਤ ਜਦੋਂ ਬੱਕਰੀਆਂ ਦੇ ਚੀਕਾਂ ਮਾਰਨ ਦੀਆਂ ਆਵਾਜ਼ਾਂ ਆਈਆਂ ਤਾਂ ਨੀਂਦ ਤੋਂ ਉੱਠ ਕੇ ਰੁਪਾਲੀ ਨੇ ਘਰ ਦਾ ਦਰਵਾਜ਼ਾ ਖੋਲ੍ਹ ਦਿੱਤਾ।

Image copyright Sanjay ramakant tiwari/bbc

ਵਿਹੜੇ ਵਿੱਚ ਬੰਨੀ ਬੱਕਰੀ ਖ਼ੂਨ ਨਾਲ ਲਿਬੜੀ ਹੋਈ ਸੀ ਅਤੇ ਕਰੀਬ ਹਲਕੀ ਰੌਸ਼ਨੀ ਵਿੱਚ ਦਿਖਦਾ ਬਾਘ।

ਉਸ ਨੂੰ ਬੱਕਰੀ ਤੋਂ ਦੂਰ ਕਰਨ ਦੇ ਇਰਾਦੇ ਨਾਲ ਰੁਪਾਲੀ ਨੇ ਇੱਕ ਲੱਕੜੀ ਚੁੱਕ ਕੇ ਬਾਘ 'ਤੇ ਹਮਲਾ ਕਰ ਦਿੱਤਾ।

ਉਹ ਦੱਸਦੀ ਹੈ ਕਿ ਲੱਕੜੀ ਦੀ ਮਾਰ ਪੈਂਦੇ ਹੀ ਬਾਘ ਨੇ ਸਾਡੇ 'ਤੇ ਹਮਲਾ ਕੀਤਾ।

''ਉਸਦੇ ਪੰਜੇ ਦੀ ਮਾਰ ਨਾਲ ਮੇਰੇ ਸਿਰ 'ਤੇ ਖ਼ੂਨ ਵਗਣ ਲੱਗਾ, ਪਰ ਫਿਰ ਵੀ ਮੈਂ ਉਸ 'ਤੇ ਲੱਕੜੀ ਚਲਾਉਂਦੀ ਰਹੀ। ਮੈਂ ਚੀਕ ਕੇ ਮਾਂ ਨੂੰ ਉਠਾਇਆ।''

ਰੁਪਾਲੀ ਦੀ ਮਾਂ ਜੀਜਾਬਾਈ ਕਹਿੰਦੀ ਹੈ, ''ਜਦੋਂ ਮੈਂ ਰੁਪਾਲੀ ਦੀ ਚੀਕ ਸੁਣ ਕੇ ਬਾਹਰ ਆਈ ਤਾਂ ਉਸਦੇ ਕੱਪੜੇ ਖ਼ੂਨ ਨਾਲ ਲਿੱਬੜੇ ਹੋਏ ਸਨ। ਮੈਨੂੰ ਲੱਗਿਆ ਕਿ ਉਹ ਮਰ ਜਾਵੇਗੀ। ਉਸਦੇ ਸਾਹਮਣੇ ਬਾਘ ਸੀ। ਮੈਂ ਵੀ ਲੱਕੜੀ ਨਾਲ ਉਸ 'ਤੇ ਦੋ ਵਾਰ ਹਮਲਾ ਕੀਤਾ।''

ਪਰ, ਮੈਂ ਰੁਪਾਲੀ ਨੂੰ ਘਰ ਦੇ ਅੰਦਰ ਲਿਆਉਣ ਵਿੱਚ ਸਫ਼ਲ ਰਹੀ। ਅਸੀਂ ਦਰਵਾਜ਼ਾ ਵੀ ਬੰਦ ਕਰ ਦਿੱਤਾ। ਛੋਟੀ ਜਿਹੀ ਬਸਤੀ ਹੋਣ ਕਰਕੇ ਘਰ ਦੂਰ-ਦੂਰ ਬਣੇ ਹਨ। ਸ਼ਾਇਦ ਇਸ ਲਈ ਸਾਡੀਆਂ ਚੀਕਾਂ ਕਿਸੇ ਨੂੰ ਸੁਣਾਈ ਨਹੀਂ ਦਿੱਤੀਆਂ ਹੋਣੀਆਂ।''

ਠੀਕ ਉਸੇ ਵੇਲੇ ਰੁਪਾਲੀ ਨੇ ਕੁਝ ਅਜਿਹਾ ਕੀਤਾ ਜਿਸਦੀ ਅਜਿਹੇ ਸਮੇਂ ਕਲਪਨਾ ਵਿੱਚ ਨਹੀਂ ਕੀਤੀ ਜਾ ਸਕਦੀ ਸੀ।

ਉਸ ਨੇ ਮੋਬਾਈਲ ਫੋਨ ਕੱਢ ਕੇ ਆਪਣੀਆਂ ਅਤੇ ਮਾਂ ਦੀਆਂ ਕੁਝ ਸੈਲਫੀਆਂ ਲਈਆਂ।

'ਲੱਗਿਆ ਸੀ ਕਿ ਢੇਰ ਹੋ ਜਾਵਾਂਗੀ'

ਉਹ ਇਸਦਾ ਕਾਰਨ ਦੱਸਦੀ ਹੈ ਕਿ ''ਬਾਘ ਉਸ ਸਮੇਂ ਵੀ ਬਾਹਰ ਸੀ। ਸਾਡੇ ਬਚਣ ਦੀ ਕੋਈ ਉਮੀਦ ਨਹੀਂ ਸੀ। ਮੇਰੇ ਸਿਰ ਅਤੇ ਲੱਕ ਤੋਂ ਖ਼ੂਨ ਵਗ ਰਿਹਾ ਸੀ। ਕੱਪੜੇ ਖ਼ੂਨ ਨਾਲ ਭਰ ਗਏ ਸੀ। ਅਜਿਹੇ ਵਿੱਚ ਜੋ ਸਾਡੇ ਨਾਲ ਹੋਇਆ ਮੈਂ ਉਸਦਾ ਰਿਕਾਰਡ ਰੱਖਣਾ ਚਾਹੁੰਦੀ ਸੀ।''

''ਮਾਂ ਨੇ ਲੋਕਾਂ ਨੂੰ ਫੋਨ ਕਰਨ ਦਾ ਸੁਝਾਅ ਦਿੱਤਾ। ਮੈਂ ਕੁਝ ਲੋਕਾਂ ਨੂੰ ਫੋਨ ਕਰਕੇ ਦੱਸਿਆ। ਇਸ ਵਿੱਚ ਇੱਕ ਵਣ ਵਿਭਾਗ ਦਾ ਮੁਲਾਜਮ ਵੀ ਸੀ ਜਿਹੜਾ ਅੱਧੇ ਘੰਟੇ ਬਾਅਦ ਪੁੱਜਿਆ। ਅਸੀਂ ਵੀ ਬਾਹਰ ਆਏ, ਪਰ ਉਦੋਂ ਤੱਕ ਬਾਘ ਜਾ ਚੁੱਕਿਆ ਸੀ।''

ਰੁਪਾਲੀ ਨੇ ਦੱਸਿਆ, ''ਮੇਰਾ ਸਾਹ ਧੀਮੀ ਰਫ਼ਤਾਰ ਨਾਲ ਚੱਲ ਰਿਹਾ ਸੀ। ਲੱਗ ਰਿਹਾ ਸੀ ਕਿ ਮੈਂ ਢੇਰ ਹੋ ਜਾਵਾਂਗੀ। ਪਿੰਡ ਦੇ ਡਾਕਟਰ ਦੀ ਸਲਾਹ 'ਤੇ ਐਂਬੂਲੈਂਸ ਬੁਲਾ ਕੇ ਸਾਨੂੰ ਤਹਿਸੀਲ ਦੇ ਹਸਪਤਾਲ ਲਿਜਾਇਆ ਗਿਆ ਜਿੱਥੇ ਅਸੀਂ ਇਲਾਜ ਕਰਵਾਇਆ। ਫਿਰ ਸਾਨੂੰ ਜ਼ਿਲ੍ਹਾ ਹਸਪਤਾਲ ਭੇਜਿਆ ਗਿਆ। ਇੱਥੇ ਐਕਸ-ਰੇ ਅਤੇ ਸੋਨੋਗ੍ਰਾਫੀ ਤਮਾਮ ਟੈਸਟ ਹੋਏ।''

Image copyright Sanjay ramakant tiwari/bbc

ਮੰਗਲਵਾਰ ਨੂੰ ਉਨ੍ਹਾਂ ਨੂੰ ਡਿਸਚਾਰਜ ਕਰ ਦਿੱਤਾ ਗਿਆ ਅਤੇ ਇਸ ਮਹੀਨੇ ਦੋ ਵਾਰ ਹੋਰ ਆਉਣ ਨੂੰ ਕਿਹਾ ਗਿਆ ਹੈ।

ਹਸਪਤਾਲ ਦੇ ਸਰਜਰੀ ਵਿਭਾਗ ਦੇ ਮੁੱਖ ਡਾ. ਰਾਜ ਗਜਭਿਏ ਨੇ ਦੱਸਿਆ, ''ਹੁਣ ਦੋਵਾਂ ਦੇ ਜ਼ਖ਼ਮ ਭਰ ਰਹੇ ਹਨ ਪਰ ਉਨ੍ਹਾਂ ਦੀਆਂ ਸੱਟਾਂ ਤੋਂ ਪਤਾ ਲੱਗ ਰਿਹਾ ਸੀ ਕਿ ਬਾਘ ਨਾਲ ਭਿੜਣ ਦੌਰਾਨ ਉਨ੍ਹਾਂ ਨੇ ਬਹਾਦੁਰੀ ਦਾ ਸਬੂਤ ਦਿੱਤਾ।''

ਕਿਸਮਤ ਨਾਲ ਉਹ ਬਾਗ ਦੇ ਜਬੜੇ ਤੋਂ ਖ਼ੁਦ ਨੂੰ ਬਚਾਉਣ ਵਿੱਚ ਸਫ਼ਲ ਰਹੀ। ਅਸੀਂ ਉਨ੍ਹਾਂ ਨੂੰ ਰੇਬੀਜ ਅਤੇ ਉਸ ਤਰ੍ਹਾਂ ਦੀਆਂ ਬਿਮਾਰੀਆਂ ਦੀ ਅਸ਼ੰਕਾ ਤੋਂ ਸੁਰੱਖਿਅਤ ਰੱਖਣ ਲਈ ਦਵਾਈਆਂ ਦਿੱਤੀਆਂ ਹਨ।''

ਮੁਸ਼ਕਿਲਾਂ ਇੱਥੇ ਹੀ ਖ਼ਤਮ ਨਹੀਂ ਹੋ ਜਾਂਦੀਆਂ। ਪਿਛਲੇ 10 ਦਿਨਾਂ ਤੋਂ ਮਾਂ ਅਤੇ ਭਰਾ ਦੋਵੇਂ ਕੰਮ 'ਤੇ ਨਹੀਂ ਜਾ ਸਕੇ। ਜ਼ਾਹਰ ਹੈ ਕਿ ਆਰਥਿਕ ਸਮੱਸਿਆ ਕਾਫ਼ੀ ਹੈ।

ਰੁਪਾਲੀ ਦੱਸਦੀ ਹੈ ਕਿ ਇਲਾਕੇ ਦੇ ਸਾਬਕਾ ਸਾਂਸਦ ਸ਼ਿਸ਼ੂਪਾਲ ਪਟਲੇ ਨੇ ਉਨ੍ਹਾਂ ਨੂੰ ਫੋਨ ਕਰਕੇ ਮਦਦ ਦੀ ਗੱਲ ਕਹੀ ਹੈ।

ਅਸੀਂ ਸ਼੍ਰੀ ਪਟਲੇ ਤੋਂ ਫੋਨ ਕਰਕੇ ਪੁੱਛਿਆ ਤਾਂ ਉਨ੍ਹਾਂ ਨੇ ਮੇਸ਼ਰਾਮ ਪਰਿਵਾਰ ਨੂੰ ਜੰਗਲਾਤ ਵਿਭਾਗ ਤੋਂ ਮਦਦ ਦਿਵਾਉਣ ਲਈ ਸੂਬੇ ਦੇ ਜੰਗਲਾਤ ਮੰਤਰੀ ਨਾਲ ਸੰਪਰਕ ਵਿੱਚ ਹੋਣ ਦੀ ਗੱਲ ਕਹੀ।

ਉਨ੍ਹਾਂ ਨੇ ਕਿਹਾ ਕਿ ਇਸ ਬਹਾਦੁਰ ਕੁੜੀ ਨੂੰ ਜੰਗਲਾਤ ਵਿਭਾਗ ਵਿੱਚ ਹੀ ਸਥਾਈ ਨੌਕਰੀ ਮਿਲ ਜਾਵੇ ਤਾਂ ਉਨ੍ਹਾਂ ਨੂੰ ਖੁਸ਼ੀ ਹੋਵੇਗੀ।

'ਘਰ ਵਾਪਿਸ ਆਉਣ 'ਤੇ ਡਰ ਲਗਦਾ ਹੈ'

ਇੱਕ ਸਵਾਲ ਅਜੇ ਵੀ ਬਾਕੀ ਹੈ। ਸਿਰਫ਼ ਇੱਕ ਲੱਕੜੀ ਹੱਥ ਵਿੱਚ ਲੈ ਕੇ ਜਦੋਂ ਉਹ ਬਾਘ ਦੇ ਸਾਹਮਣੇ ਡਟੀ ਸੀ ਤਾਂ ਰੁਪਾਲੀ ਦੇ ਦਿਮਾਗ ਵਿੱਚ ਕੀ ਚੱਲ ਰਿਹਾ ਸੀ?

Image copyright Sanjay ramakant tiwari/bbc

ਰੁਪਾਲੀ ਦੀਆਂ ਅੱਖਾਂ ਵਿੱਚ ਦਰਦਨਾਕ ਖੌਫ ਫਿਰ ਆ ਜਾਂਦਾ ਹੈ। ਉਹ ਦੱਸਣ ਲਗਦੀ ਹੈ,''ਕੁਝ ਦੇਰ ਤੱਕ ਖਿਆਲ ਆਇਆ ਸ਼ਾਇਦ ਮੈਂ ਨਹੀਂ ਬਚਾਂਗੀ ਪਰ ਮੈਂ ਖ਼ੁਦ ਨੂੰ ਚੇਤਾਵਨੀ ਦਿੱਤੀ ਕਿ ਮੈਂ ਹਾਰਨਾ ਨਹੀਂ ਹੈ।''

ਕੀ ਵਾਪਿਸ ਆਉਣ 'ਤੇ ਡਰ ਲਗਦਾ ਹੈ?

ਉਸਦਾ ਜਵਾਬ ਹੈ ਕਿ,''ਚਿੰਤਾ ਹੋ ਸਕਦੀ ਹੈ ਪਰ ਡਰ ਬਿਲਕੁਲ ਨਹੀਂ ਹੈ। ਮੈਂ ਜ਼ਿੰਦਗੀ ਵਿੱਚ ਕਦੇ ਕਿਸੇ ਬਾਘ ਤੋਂ ਨਹੀਂ ਡਰਾਂਗੀ।''

ਹੁਣ ਉਹ ਕੀ ਬਣਨਾ ਚਾਹੁੰਦੀ ਹੈ?

ਉਸਦਾ ਕਹਿਣਾ ਹੈ,''ਕਿਸੇ ਬੈਂਕ ਵਿੱਚ ਨੌਕਰੀ ਦਾ ਸੁਪਨਾ ਦੇਖਦੀ ਹਾਂ। ਪਰ ਉਸਦੇ ਲਈ ਕੋਚਿੰਗ ਜ਼ਰੂਰੀ ਹੈ ਅਤੇ ਮੇਰੇ ਕੋਲ ਉਸ ਲਈ ਪੈਸੇ ਨਹੀਂ ਹਨ...ਤਾਂ ਜਿਹੜਾ ਠੀਕ-ਠਾਕ ਕੰਮ ਮਿਲ ਜਾਵੇ ਉਹੀ ਲੱਭਣਾ ਹੋਵੇਗਾ।''

ਫਿਰ ਉਹ ਕਹਿੰਦੀ ਹੈ,''ਪਰ ਕਿਸੇ ਜੰਗਲੀ ਬਾਘ ਤੋਂ ਡਰਨ ਦਾ ਸਵਾਲ ਹੀ ਨਹੀਂ ਹੈ।''

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)