ਇਸ ਸਿੱਖ ਸੰਪ੍ਰਦਾਇ ਨੇ ਕਿਹਾ- 'ਰਾਮ ਮੰਦਰ ਉਸਾਰਾਂਗੇ'

  • ਪ੍ਰਭੂ ਦਿਆਲ
  • ਸਿਰਸਾ ਤੋਂ ਬੀਬੀਸੀ ਪੰਜਾਬੀ ਦੇ ਲਈ
ਮੋਹਨ ਭਾਗਵਤ

ਨਾਮਧਾਰੀ ਸੰਪ੍ਰਦਾਇ ਦੇ ਮੁੱਖ ਡੇਰੇ ਭੈਣੀ ਸਾਹਿਬ ਤੋਂ ਅਲੱਗ ਸੁਰ ਰੱਖਣ ਵਾਲੇ ਧੜੇ ਦੇ ਆਗੂ ਦਲੀਪ ਸਿੰਘ ਨੇ ਐਲਾਨ ਕੀਤਾ ਹੈ ਕਿ ਉਹ ਅਤੇ ਉਨ੍ਹਾਂ ਦੇ ਪੈਰੋਕਾਰ ਰਾਮ ਮੰਦਿਰ ਉਸਾਰੀ ਵਿੱਚ ਮੋਹਰੀ ਭੂਮਿਕਾ ਨਿਭਾਉਣਗੇ।

ਉਹ ਸਿਰਸਾ ਵਿੱਚ ਨਾਮਧਾਰੀਆਂ ਦੇ ਦਲੀਪ ਸਿੰਘ ਧੜੇ ਅਤੇ ਸੰਘ ਵਲੋਂ ਕਰਵਾਏ ਗਏ ਹਿੰਦੂ-ਸਿੱਖ ਏਕਤਾ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ।

ਬਾਬਰੀ ਮਸਜਿਦ ਦੀ ਗੱਲ ਕਰਦਿਆਂ ਉਨ੍ਹਾਂ ਨੇ ਕਿਹਾ, 'ਮੁਗਲਾਂ ਨੇ ਤਾਂ ਸਵਰਣ ਮੰਦਿਰ ਨੂੰ ਵੀ ਤਿੰਨ ਵਾਰ ਢਾਹਿਆ ਸੀ। ਮਸੀਤ ਢਾਹੁਣਾ ਕੋਈ ਗ਼ਲਤ ਨਹੀਂ। ਰਾਮ ਮੰਦਿਰ ਅਸੀਂ ਬਣਾਵਾਂਗੇ। ਇਹ ਸਾਡਾ ਜਨਮ ਸਿੱਧ ਅਧਿਕਾਰ ਹੈ। ਅਸੀਂ ਰਾਸ਼ਟਰਵਾਦੀ ਹਾਂ।'

ਦਲੀਪ ਸਿੰਘ ਨੇ ਨਾਮਧਾਰੀ ਇਤਿਹਾਸ ਦੀ ਗੱਲ ਕਰਦਿਆਂ ਕਿਹਾ ਕਿ ਇਹ ਸਮਾਜ ਅੰਗਰੇਜ਼ ਸਾਮਰਾਜ ਨਾਲ ਟੱਕਰ ਲੈਣ ਵਾਲਾ ਸਮਾਜ ਹੈ।' ਉਨ੍ਹਾਂ ਨੇ ਇਹ ਵੀ ਕਿਹਾ ਕਿ ਸਿੱਖ ਇਕ ਪੰਥ ਹੈ ਤੇ ਇਸ ਦੀ ਹੋਂਦ ਨਹੀਂ ਮਿਟਣੀ ਚਾਹੀਦੀ। ਉਨ੍ਹਾਂ ਨੇ ਰਾਸ਼ਟਰ ਦੀ ਹਿੰਦੀ ਭਾਸ਼ਾ ਦੇ ਨਾਲ ਆਪਣੀ ਮਾਂ ਬੋਲੀ ਪੰਜਾਬੀ ਦੀ ਅਹਿਮੀਅਤ ਦੀ ਵੀ ਗੱਲ ਕੀਤੀ।

ਇਸ ਮੌਕੇ ਦਲੀਪ ਸਿੰਘ ਨੇ ਆਪਣੇ ਸੰਬੋਧਨ ਵਿੱਚ ਕਈ ਸਵਾਲ ਖੜ੍ਹੇ ਕੀਤੇ। ਉਨ੍ਹਾਂ ਕਿਹਾ ਕਿ ਹਿੰਦੂ-ਸਿੱਖ ਏਕਤਾ ਦੀ ਲੋੜ ਕਿਉਂ? ਕੀ ਹਿੰਦੂ-ਸਿੱਖ ਵੱਖ-ਵੱਖ ਧਰਮ ਹਨ। ਉਨ੍ਹਾਂ ਕਿਹਾ ਕਿ ਚੰਦ ਬੰਦਿਆਂ ਨੇ ਹਿੰਦੂ-ਸਿੱਖਾਂ ਵਿੱਚ ਜ਼ਹਿਰ ਘੋਲ ਦਿੱਤੀ ਹੈ।

ਭਗਵਾਨ ਰਾਮ ਚੰਦਰ ਨੂੰ ਹਿੰਦੂ ਤੇ ਗੁਰੂ ਨਾਨਕ ਨੂੰ ਸਿੱਖੀ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ ਪਰ ਉਨ੍ਹਾਂ ਨੇ ਕਦੇ ਵੀ ਆਪਣੇ ਆਪ ਨੂੰ ਹਿੰਦੂ-ਸਿੱਖ ਵਿੱਚ ਵੱਖ-ਵੱਖ ਨਹੀਂ ਕੀਤਾ। ਇਸ ਕਰਕੇ ਸਾਨੂੰ ਹਿੰਦੂ-ਸਿੱਖ ਏਕਤਾ ਲਈ ਇਹ ਕਾਰਜ ਕਰਨਾ ਪਿਆ।

ਉਨ੍ਹਾਂ ਨੇ ਸਵਾਲ ਕੀਤਾ ਕਿ ਸਾਰੇ ਰਾਸ਼ਟਰ ਨੂੰ ਇੱਕ ਕਰਨਾ ਕੀ ਗ਼ਲਤ ਹੈ? 'ਜੋੜਨਾ ਧਰਮ ਹੈ ਤੇ ਤੋੜਨਾ ਅਧਰਮ ਹੈ।' ਉਨ੍ਹਾਂ ਨੇ ਕਿਹਾ ਕਿ ਨਾਮਧਾਰੀ ਬਾਣੀ ਅਨੁਸਾਰ ਉਹ ਰਾਮਨੌਮੀ ਮਨਾਉਂਦੇ ਹਨ।

ਉਨ੍ਹਾਂ ਨੇ ਇਹ ਵੀ ਕਿਹਾ, 'ਮੇਰੇ ਉੱਤੇ ਉਂਗਲ ਉੱਠੇਗੀ ਕਿ ਮੈਂ ਆਰ.ਐਸ.ਐਸ. ਨੂੰ ਖੁਸ਼ ਕਰਨ ਲਈ ਇਹ ਸੰਮੇਲਨ ਕਰਵਾ ਰਿਹਾ ਹਾਂ। ਪਰ ਉਹ ਇਸ ਤਰ੍ਹਾਂ ਦੀਆਂ ਉਂਗਲਾਂ ਤੋਂ ਡਰਨ ਵਾਲੇ ਨਹੀਂ ਹਨ।'

ਸਮਾਗਮ ਦੌਰਾਨ ਬੋਲਦਿਆਂ ਸੰਘ ਮੁਖੀ ਮੋਹਨ ਭਾਗਵਤ ਨੇ ਕਿਹਾ ਕਿ ਸਾਡੀ ਸੰਸਕ੍ਰਿਤੀ ਸਭ ਨੂੰ ਜੋੜਨ ਵਾਲੀ ਸੰਸਕ੍ਰਿਤੀ ਹੈ ਅਤੇ ਦੁਨੀਆਂ ਦੀ ਰਾਹ ਦਸੇਰਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਆਪਣੀ ਹੋਂਦ ਨੂੰ ਬਚਾਉਣ ਲਈ ਸਾਨੂੰ ਲੜਨਾ ਵੀ ਪਵੇਗਾ।

ਉਨ੍ਹਾਂ ਨੇ ਆਪਣੇ ਰਸਤੇ 'ਤੇ ਚੱਲਣ ਤੇ ਦੂਜੇ ਦਾ ਸਨਮਾਨ ਕਰਨ ਦੀ ਵੀ ਗੱਲ ਆਖੀ। ਆਪਸੀ ਵਿਤਕਰਿਆਂ ਨੂੰ ਮਿਟਾਉਣ ਦੀ ਗੱਲ ਆਖੀ। ਜੈ ਸ੍ਰੀ ਰਾਮ ਦੇ ਨਾਅਰਿਆਂ ਉਪਰੰਤ ਅਰਦਾਸ ਨਾਲ ਹਿੰਦੂ-ਸਿੱਖ ਏਕਤਾ ਸੰਮੇਲਨ ਸੰਪੰਨ ਹੋਇਆ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)