ਸਵਿਤਾ ਪੂਨੀਆ: ਮਾਂ ਨੇ ਚੁੰਨੀ ਲੈਣ ਨੂੰ ਕਿਹਾ, ਦਾਦੇ ਨੇ ਹਾਕੀ ਫੜਾਈ

  • ਸੁਰਿਆਂਸ਼ੀ ਪਾਂਡੇ
  • ਬੀਬੀਸੀ ਪੱਤਰਕਾਰ
ਸਵਿਤਾ ਪੁਨੀਆ

ਤਸਵੀਰ ਸਰੋਤ, HOCKEY INDIA

ਨੀਦਰਲੈਂਡਸ ਵਿੱਚ ਹੋਣ ਵਾਲੇ ਹਾਕੀ ਵਰਲਡ ਕੱਪ ਵਿੱਚ ਭਾਰਤ ਦੀ ਮਹਿਲਾ ਟੀਮ ਦੀ ਕਪਤਾਨੀ ਗੋਲਕੀਪਰ ਸਵਿਤਾ ਪੂਨੀਆ ਕਰਨਗੇ।

ਪਰੀਆਂ ਦੀ ਕਹਾਣੀ ਨਹੀਂ ਬਲਕਿ ਬਚਪਨ ਵਿੱਚ ਹੌਂਸਲੇ ਦੀ ਕਹਾਣੀ ਸੁਣ ਕੇ ਇਸ ਖਿਡਾਰਨ ਨੇ ਹਰਿਆਣਾ ਦੇ ਆਪਣੇ ਪਿੰਡ ਜੋਧਕਨ ਤੋਂ ਅਜਿਹੀ ਉਡਾਣ ਭਰੀ ਕਿ ਅੱਜ ਭਾਰਤੀ ਮਹਿਲਾ ਹਾਕੀ ਟੀਮ ਵਿੱਚ ਬਤੌਰ ਗੋਲਕੀਪਰ ਉਹ ਟੀਮ ਦੀ ਮਜਬੂਤ ਕੜੀ ਹੈ।

2017 ਵਿੱਚ ਹੋਏ ਏਸ਼ੀਆ ਕੱਪ ਦੇ ਫਾਇਨਲ ਮੁਕਾਬਲੇ ਵਿੱਚ ਚੀਨ ਦੀ ਦੀਵਾਰ ਢਾਹੁਣ ਵਿੱਚ ਸਭ ਤੋਂ ਅਹਿਮ ਯੋਗਦਾਨ ਸਵਿਤਾ ਪੁਨੀਆ ਦਾ ਹੀ ਰਿਹਾ ਸੀ।

ਬੇਹਤਰੀਨ ਪ੍ਰਦਰਸ਼ਨ ਦੀ ਬਦੌਲਤ ਪੈਨਲਟੀ ਸ਼ੂਟਆਊਟ ਵਿੱਚ ਭਾਰਤ ਚੀਨ ਨੂੰ 5-4 ਨਾਲ ਮਾਤ ਦੇਣ ਵਿੱਚ ਕਾਮਯਾਬ ਹੋਇਆ ਸੀ।

ਇਸ ਜਿੱਤ ਦੇ ਨਾਲ ਨਾ ਸਿਰਫ ਭਾਰਤੀ ਮਹਿਲਾ ਹਾਕੀ ਟੀਮ ਨੇ 2017 ਵਿੱਚ 13 ਸਾਲ ਬਾਅਦ ਏਸ਼ੀਆ ਕੱਪ ਜਿੱਤਿਆ ਬਲਕਿ 2018 ਦੇ ਵਿਸ਼ਵ ਕੱਪ ਦੇ ਲਈ ਵੀ ਕੁਆਲੀਫਾਈ ਕੀਤਾ।

ਇਸ ਜਿੱਤ ਨੇ ਸਵਿਤਾ ਨੂੰ ਇੱਕ ਵੱਖ ਪਛਾਣ ਦਿੱਤੀ ਪਰ ਪੁਨੀਆ ਦੀ ਸ਼ਖਸ਼ੀਅਤ ਨੂੰ ਸਮਝਾਉਣ ਦੇ ਲਈ ਹਰਿਆਣਾ ਚੱਲਣਾ ਪਵੇਗਾ।

'ਅਜਿਹੇ ਦਾਦਾਜੀ ਰੱਬ ਸਾਰਿਆਂ ਨੂੰ ਦੇਵੇਂ'

ਹਰਿਆਣਾ ਦੇ ਸਿਰਸਾ ਜ਼ਿਲ੍ਹੇ ਦਾ ਪਿੰਡ ਜੋਧਕਨ ਵਿੱਚ ਰਹਿਣ ਵਾਲੀ ਸਵਿਤਾ ਪੁਨੀਆ ਬਚਪਨ ਵਿੱਚ ਕਿਸੇ ਆਮ ਕੁੜੀ ਦੇ ਵਾਂਗ ਹੀ ਸੀ।

ਪਰ ਉਨ੍ਹਾਂ ਦੇ ਦਾਦਾਜੀ, ਮਹਿੰਦਰ ਸਿੰਘ ਆਪਣੇ ਦੌਰ ਤੋਂ ਅੱਗੇ ਦੀ ਸੋਚ ਰੱਖਣ ਵਾਲੇ ਇਨਸਾਨ ਸੀ।

ਤਸਵੀਰ ਸਰੋਤ, Savita Punia/bbc

ਸਵਿਤਾ ਪੁਨੀਆ ਨੇ ਬੀਬੀਸੀ ਨਾਲ ਖ਼ਾਸ ਗੱਲਬਾਤ ਵਿੱਚ ਦੱਸਿਆ ਕਿ ਖੇਡਾਂ ਵਿੱਚ ਉਨ੍ਹਾਂ ਦੀ ਬਿਲਕੁਲ ਦਿਲਚਸਪੀ ਨਹੀਂ ਸੀ।

ਉਨ੍ਹਾਂ ਦੇ ਪਿਤਾ ਅਤੇ ਦਾਦਾਜੀ ਦੀ ਸੋਚ ਅਤੇ ਨਜ਼ਰੀਏ ਦਾ ਨਤੀਜਾ ਹੈ ਕਿ ਅੱਜ ਉਸ ਨੇ ਆਪਣੇ ਪਿੰਡ ਤੋਂ ਬਾਹਰ ਨਿਕਲ ਕੇ ਹੱਥ ਵਿੱਚ ਹਾਕੀ ਸਟਿਕ ਫੜ੍ਹ ਲਈ।

ਸਵਿਤਾ ਆਪਣੀ ਕਾਮਯਾਬੀ ਦੇ ਪਿੱਛੇ ਆਪਣੇ ਦਾਦਾਜੀ ਮਹਿੰਦਰ ਸਿੰਘ ਦਾ ਯੋਗਦਾਨ ਮੰਨਦੀ ਹੈ।

ਵੀਡੀਓ ਕੈਪਸ਼ਨ,

ਸਵਿਤਾ ਪੂਨੀਆ: ਜਦੋਂ ਲੋਕਾਂ ਦੀਆਂ ਗੱਲਾਂ ਸਹਿ ਕੇ ਵੀ ਧੀ ਨੂੰ ਖੇਡਾਂ ਨੂੰ ਹੱਲਾਸ਼ੇਰੀ ਦਿੰਦੀ ਰਹੀ ਬਿਮਾਰ ਮਾਂ

ਸਮਾਜਿਕ ਪਾਬੰਦੀਆਂ ਤੋਂ ਦੂਰ ਰਹੀ ਸਵਿਤਾ

ਬਚਪਨ ਤੋਂ ਹੀ ਸਵਿਤਾ ਪੁਨੀਆ ਦੇ ਦਾਦਾਜੀ ਨੇ ਉਸ 'ਤੇ ਕਿਸੇ ਤਰੀਕੇ ਦੀ ਪਾਬੰਦੀ ਨਹੀਂ ਲਾਈ ਸੀ।

ਉਹ ਇਸੇ ਕੋਸ਼ਿਸ਼ ਵਿੱਚ ਲੱਗੇ ਰਹਿੰਦੇ ਸੀ ਕਿ ਪੋਤੀ ਦਾ ਖੇਡ ਵੱਲ ਰੁਝਾਨ ਵਧੇ।

ਸਵਿਤਾ ਪੁਨੀਆ ਨੂੰ ਹਾਕੀ ਦਾ ਖਿਡਾਰੀ ਬਣਨ ਦਾ ਜਨੂੰਨ ਸਵਾਰ ਹੋ ਗਿਆ।

ਉਸ ਦੌਰ ਵਿੱਚ ਜਦੋਂ ਹਰਿਆਣਾ ਵਰਗੇ ਸਮਾਜ ਵਿੱਚ ਕੁੜੀਆਂ ਨੂੰ ਪੜ੍ਹਾਉਣਾ ਹੀ ਇੱਕ ਵੱਡੀ ਚੁਣੌਤੀ ਲਗਦੀ ਸੀ।

ਮਹਿੰਦਰ ਸਿੰਘ ਇੰਨਾ ਵੱਡਾ ਸੁਫ਼ਨਾ ਦੇਖਣ ਲੱਗੇ ਸੀ।

ਤਸਵੀਰ ਸਰੋਤ, SAVITA PUNIA/FB

ਮਹਿੰਦਰ ਸਿੰਘ ਜਿੰਨੀ ਉਮਰ ਵਾਲਿਆਂ ਨੂੰ ਪਿਛੜੀ ਸੋਚ ਦਾ ਮੰਨਿਆ ਜਾਂਦਾ ਹੈ ਪਰ ਤੁਸੀਂ ਇਹ ਜਾਣ ਕੇ ਹੈਰਾਨ ਰਹਿ ਜਾਓਗੇ ਕਿ ਮਹਿੰਦਰ ਸਿੰਘ ਇੱਕ ਵਾਰ ਸਵਿਤਾ ਪੁਨੀਆ ਦੀ ਮਾਂ ਤੋਂ ਸਿਰਫ਼ ਇਸ ਵਜ੍ਹਾ ਨਾਲ ਲੜ ਪਏ ਸੀ ਕਿਉਂਕਿ ਸਵੀਤਾ ਪੁਨੀਆ ਦੀ ਮਾਂ ਨੇ ਪੁਨੀਆ ਨੂੰ ਘਰ ਦੇ ਬਾਹਰ ਹਾਕੀ ਖੇਡਦੇ ਵਕਤ ਚੁੰਨੀ ਲੈਣ ਨੂੰ ਕਿਹਾ ਸੀ।

ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਮਹਿੰਦਰ ਸਿੰਘ ਬਿਲਕੁਲ ਵੀ ਪੜ੍ਹੇ - ਲਿਖੇ ਨਹੀਂ ਸੀ। ਉਨ੍ਹਾਂ ਨੇ ਆਪਣੀ ਪੋਤੀ ਦੇ ਰਹਿਣ-ਸਹਿਣ 'ਤੇ ਸਮਾਜ ਦੇ ਆਇਨੇ ਦੀ ਨਹੀਂ ਬਲਕਿ ਆਪਣੇ ਨਜ਼ਰੀਏ ਦੀ ਛਾਪ ਛੱਡੀ ਹੈ।

2013 ਵਿੱਚ ਸਵਿਤਾ ਪੁਨੀਆ ਦੇ ਦਾਦਾਜੀ ਦਾ ਦੇਹਾਂਤ ਹੋ ਗਿਆ ਸੀ।

ਕਦੋਂ ਫੜ੍ਹੀ ਸੀ ਹਾਕੀ?

2004 ਵਿੱਚ ਸਵਿਤਾ ਪੁਨੀਆ ਨੇ ਆਪਣੇ ਦਾਦਾਜੀ ਦੇ ਟੀਚੇ ਨੂੰ ਆਪਣਾ ਟੀਚਾ ਬਣਾ ਲਿਆ ਅਤੇ ਹਾਕੀ ਸਟਿਕ ਹਮੇਸ਼ਾ ਦੇ ਲਈ ਆਪਣੇ ਹੱਥਾਂ ਵਿੱਚ ਲੈ ਲਈ।

ਤਸਵੀਰ ਸਰੋਤ, Savita Punia/FB

ਮਾਂ ਦੀ ਤਬੀਅਤ ਠੀਕ ਨਹੀਂ ਰਹਿੰਦੀ ਸੀ ਪਰ ਕਿਸੇ ਵੀ ਤਰ੍ਹਾਂ ਦੀ ਰੁਕਾਵਟ ਨੂੰ ਦਾਦਾਜੀ ਨੇ ਪੁਨੀਆ ਦੇ ਕਰੀਅਰ ਵਿੱਚ ਅੱਗੇ ਨਹੀਂ ਆਉਣ ਦਿੱਤਾ।

ਉਨ੍ਹਾਂ ਨੇ ਆਪਣੀ ਪੋਤੀ ਦਾ ਹਰਿਆਣਾ ਦੇ ਹਿਸਾਰ ਵਿੱਚ ਸਥਿਤ ਸਾਈਂ ( ਸਪੋਰਟਸ ਅਥਾਰਿਟੀ ਆਫ ਇੰਡੀਆ) ਦੀ ਅਕਾਦਮੀ ਵਿੱਚ ਦਾਖਲਾ ਕਰਵਾਇਆ।

ਫਿਰ ਸਵਿਤਾ ਪੁਨੀਆ ਦੇ ਕੋਚ ਸੁੰਦਰ ਸਿੰਘ ਨੇ ਪੁਨੀਆ ਦੇ ਕਦ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਗੋਲਕੀਪਰ ਬਣਨ ਦਾ ਸੁਝਾਅ ਦਿੱਤਾ ਅਤੇ ਉਸ ਤੋਂ ਬਾਅਦ ਉਨ੍ਹਾਂ ਪਿੱਛੇ ਮੁੜ ਕੇ ਨਹੀਂ ਦੇਖਿਆ।

ਤਸਵੀਰ ਸਰੋਤ, Savita Punia/FB

ਸਵਿਤਾ ਪੁਨੀਆ ਅਤੇ ਉਨ੍ਹਾਂ ਦੇ ਪਰਿਵਾਰ ਦੇ ਜਜ਼ਬੇ ਨੂੰ ਹੁਣ ਆਸ ਹੈ ਤਾਂ ਭਾਰਤੀ ਹਾਕੀ ਫੈਡਰੇਸ਼ਨ ਤੋਂ ਕਿਉਂਕਿ 10 ਸਾਲ ਤੱਕ ਭਾਰਤ ਦੇ ਲਈ ਖੇਡਣ ਦੇ ਬਾਵਜੂਦ ਸਵਿਤਾ ਨੂੰ ਹੁਣ ਤੱਕ ਨੌਕਰੀ ਨਹੀਂ ਮਿਲੀ ਹੈ।

ਸਵਿਤਾ ਪੁਨੀਆ ਦੇ ਅਨੁਸਾਰ 2017 ਦੇ ਏਸ਼ੀਆ ਕੱਪ ਦੇ ਪ੍ਰਦਰਸ਼ਨ ਤੋਂ ਬਾਅਦ ਉਨ੍ਹਾਂ ਨੇ ਉਮੀਦ ਜਤਾਈ ਹੈ ਕਿ ਉਨ੍ਹਾਂ ਦੀ ਨੌਕਰੀ ਦੀ ਗੁਹਾਰ ਸਰਕਾਰ ਸੁਣੇਗੀ ਅਤੇ ਫੈਡਰੇਸ਼ਨ ਇਸ ਦਿਸ਼ਾ ਵਿੱਚ ਕਦਮ ਚੁੱਕੇਗੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)