ਸੋਸ਼ਲ: 'ਕਸ਼ਮੀਰ ਦੀ ਪਿੱਚ' 'ਤੇ ਉੱਤਰੇ ਭਾਰਤ-ਪਾਕਿਸਤਾਨ ਦੇ ਖਿਡਾਰੀ!

ਤਸਵੀਰ ਸਰੋਤ, Getty Images
ਪਾਕਿਸਤਾਨੀ ਕ੍ਰਿਕਟਰ ਸ਼ਾਹਿਦ ਅਫ਼ਰੀਦੀ ਦੇ ਕਸ਼ਮੀਰ 'ਤੇ ਟਵੀਟ ਨੂੰ ਲੈ ਕੇ ਭਾਰਤੀ ਕ੍ਰਿਕਟਰਾਂ ਨੇ ਆਪਣਾ ਵਿਰੋਧ ਦਰਜ ਕਰਵਾਇਆ ਹੈ।
ਗੌਤਮ ਗੰਭੀਰ, ਕਪਤਾਨ ਵਿਰਾਟ ਕੋਹਲੀ, ਸੁਰੇਸ਼ ਰੈਨਾ ਅਤੇ ਕਪਿਲ ਦੇਵ ਤੋਂ ਬਾਅਦ ਹੁਣ ਇਸ ਮਾਮਲੇ 'ਤੇ ਅਫ਼ਰੀਦੀ ਨੂੰ ਨਸੀਹਤ ਦਿੱਤੀ ਹੈ ਸਚਿਨ ਤੇਂਦੂਲਕਰ ਨੇ।
ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸਚਿਨ ਨੇ ਕਿਹਾ, "ਦੇਸ ਚਲਾਉਣ ਲਈ ਸਾਡੇ ਕੋਲ ਚੰਗੇ ਲੋਕ ਹਨ। ਬਾਹਰੀ ਲੋਕਾਂ ਨੂੰ ਇਹ ਜਾਣਨ ਅਤੇ ਸਾਨੂੰ ਦੱਸਣ ਦੀ ਲੋੜ ਨਹੀਂ ਹੈ ਕਿ ਸਾਨੂੰ ਕੀ ਕਰਨਾ ਚਾਹੀਦਾ ਹੈ।"
ਗੌਤਮ ਗੰਭੀਰ ਨੇ ਤਾਂ ਇੱਕ ਦਿਨ ਪਹਿਲਾਂ ਇਸ ਦਾ ਜਵਾਬ ਦੇ ਦਿੱਤਾ ਸੀ। ਇਸ ਤੋਂ ਬਾਅਦ ਬਾਰੀ ਸੀ ਕਪਚਾਨ ਵਿਰਾਟ ਕੋਹਲੀ, ਸੁਰੇਸ਼ ਰੈਨਾ ਅਤੇ ਸਾਬਕਾ ਕਪਤਾਨ ਕਪਿਲ ਦੇਵ ਦੀ।
ਅਫ਼ਰੀਦੀ ਨੇ ਕੀ ਕਿਹਾ ਸੀ?
ਮੰਗਲਵਾਰ ਨੂੰ ਸ਼ਾਹਿਦ ਅਫ਼ਰੀਦੀ ਨੇ ਟਵੀਟ ਕਰਕੇ ਕਿਹਾ ਸੀ ਕਿ ਭਾਰਤ ਪ੍ਰਸ਼ਾਸਿਤ ਕਸ਼ਮੀਰ ਵਿੱਚ ਡਰ ਪੈਦਾ ਕਰਨ ਵਾਲੇ ਹਾਲਾਤ ਹਨ।
ਉਨ੍ਹਾਂ ਕਿਹਾ ਸੀ, ''ਬੇਕਸੂਰਾਂ ਨੂੰ ਗੋਲੀ ਮਾਰੀ ਜਾ ਰਹੀ ਹੈ ਤਾਂ ਜੋ ਇੱਕ ਆਜ਼ਾਦ ਆਵਾਜ਼ ਨੂੰ ਦਬਾਇਆ ਜਾ ਸਕੇ। ਕਿੱਥੇ ਹੈ ਸੰਯੁਕਤ ਰਾਸ਼ਟਰ ਅਤੇ ਹੋਰ ਸੰਸਥਾਵਾਂ? ਕਿਉਂ ਉਹ ਇਸ ਖੂਨ ਖਰਾਬੇ ਖ਼ਿਲਾਫ਼ ਨਹੀਂ ਬੋਲਦੇ?"
ਖ਼ਬਰ ਏਜੰਸੀ ਪੀਟੀਆਈ ਮੁਤਾਬਕ, ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਕਿਹਾ ਹੈ ਕਿ ਦੇਸ਼ ਦਾ ਹਿੱਤਾ ਉਨ੍ਹਾਂ ਲਈ ਸਭ ਤੋਂ ਉੱਪਰ ਹੈ।
ਉਨ੍ਹਾਂ ਕਿਹਾ, "ਇੱਕ ਭਾਰਤੀ ਦੇ ਰੂਪ ਵਿੱਚ ਤੁਸੀਂ ਓਹੀ ਕਹਿਣਾ ਚਾਹੁੰਦੇ ਹੋ ਜੋ ਤੁਹਾਡੇ ਮੁਲਕ ਲਈ ਸਭ ਤੋਂ ਚੰਗਾ ਹੋਵੇ ਅਤੇ ਮੇਰੇ ਹਿੱਤ ਹਮੇਸ਼ਾ ਦੇਸ ਦੇ ਫਾਇਦੇ ਨਾਲ ਹੀ ਜੁੜੇ ਹਨ। ਜੇਕਰ ਕੋਈ ਇਸ ਦਾ ਵਿਰੋਧ ਕਰਦਾ ਹੈ ਤਾਂ ਮੈਂ ਯਕੀਨਨ ਇਸ ਦਾ ਸਮਰਥਨ ਨਹੀਂ ਕਰਾਂਗਾ।"
ਤਸਵੀਰ ਸਰੋਤ, Getty Images
ਇਸਤੋਂ ਇਲਾਵਾ ਭਾਰਤੀ ਕ੍ਰਿਕਟਰ ਸੁਰੇਸ਼ ਰੈਨਾ ਨੇ ਵੀ ਟਵੀਟ ਕੀਤਾ।
ਉਨ੍ਹਾਂ ਲਿਖਿਆ, ''ਕਸ਼ਮੀਰ ਭਾਰਤ ਦਾ ਅਟੁੱਟ ਹਿੱਸਾ ਹੈ ਅਤੇ ਹਮੇਸ਼ਾ ਰਹੇਗਾ। ਕਸ਼ਮੀਰ ਉਹ ਪਵਿੱਤਰ ਧਰਤੀ ਹੈ ਜਿੱਥੇ ਮੇਰੇ ਪੁਰਖਿਆਂ ਦਾ ਜਨਮ ਹੋਇਆ। ਮੈਨੂੰ ਉਮੀਦ ਹੈ ਕਿ ਅਫ਼ਰੀਦੀ ਪਾਕਿਸਤਾਨੀ ਫੌਜ ਨੂੰ ਸਾਡੇ ਕਸ਼ਮੀਰ ਵਿੱਚ ਅੱਤਵਾਦ ਅਤੇ ਥੋਪੀ ਗਈ ਜੰਗ ਰੋਕਣ ਨੂੰ ਕਹਿਣਗੇ। ਅਸੀਂ ਸ਼ਾਂਤੀ ਚਾਹੁੰਦੇ ਹਾਂ, ਖੂਨ ਖਰਾਬਾ ਅਤੇ ਹਿੰਸਾ ਨਹੀਂ।''
ਅਫ਼ਰੀਦੀ ਦੇ ਟਵੀਟ 'ਤੇ ਸੋਸ਼ਲ ਮੀਡੀਆ 'ਤੇ ਪ੍ਰਤੀਕਿਰਿਆ ਆਉਣ ਦਾ ਦੌਰ ਜਾਰੀ ਹੈ।
ਭਾਰਤੀ ਕ੍ਰਿਕਟਰ ਗੌਤਮ ਗੰਭੀਰ ਨੇ ਵੀ ਟਵੀਟ ਕਰਕੇ ਜਵਾਬ ਦਿੱਤਾ ਸੀ।
ਉਨ੍ਹਾਂ ਲਿਖਿਆ, "ਮੀਡੀਆ ਦੇ ਲੋਕਾਂ ਨੇ ਮੈਨੂੰ ਸਾਡੇ ਕਸ਼ਮੀਰ ਬਾਰੇ ਅਫ਼ਰੀਦੀ ਨੇ ਜੋ ਟਵੀਟ ਕੀਤਾ ਹੈ, ਉਸ 'ਤੇ ਟਿੱਪਣੀ ਕਰਨ ਲਈ ਕਿਹਾ ਹੈ ਅਤੇ ਸੰਯੁਕਤ ਰਾਸ਼ਟਰ 'ਤੇ ਵੀ। ਕੀ ਕਿਹਾ ਜਾਵੇ? ਅਫ਼ਰੀਦੀ ਯੂਐੱਨ ਦਾ ਜ਼ਿਕਰ ਕਰ ਰਹੇ ਹਨ ਜਿਸਦਾ ਮਤਲਬ 'ਅੰਡਰ ਨਾਈਨਟੀਨ ' ਤੋਂ ਹੈ। ਸ਼ਾਹਿਦ ਨੋ-ਬਾਲ 'ਤੇ ਵਿਕਟ ਲੈ ਕੇ ਜਸ਼ਨ ਮਨਾ ਰਹੇ ਹਨ।"
ਗੌਤਮ ਗੰਭੀਰ ਦੀ ਇਸ ਟਿੱਪਣੀ 'ਤੇ ਕਈ ਲੋਕਾਂ ਨੇ ਪ੍ਰਤੀਕਿਰਿਆ ਦਿੱਤੀ।
ਸ਼ਾਹਿਦ ਅਫ਼ਰੀਦੀ ਦੇ ਟਵੀਟ 'ਤੇ ਜਾਵੇਦ ਅਖ਼ਤਰ ਨੇ ਵੀ ਟਵੀਟ ਕੀਤਾ।
ਉਨ੍ਹਾਂ ਲਿਖਿਆ ,ਪਿਆਰੇ ਅਫ਼ਰੀਦੀ ਤੁਸੀਂ ਅਜਿਹਾ ਸ਼ਾਂਤੀਪੂਰਨ ਜੰਮੂ-ਕਸ਼ਮੀਰ ਦੇਖਣਾ ਚਾਹੁੰਦ ਹੋ ਜਿੱਥੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨਾ ਹੁੰਦੀ ਹੋਵੇ। ਕਿਰਪਾ ਕਰਕੇ ਇਸ ਗੱਲ 'ਤੇ ਧਿਆਨ ਦੇਵੋਗੇ ਕਿ ਪਾਕਿਸਤਾਨ ਆਤੰਕੀ ਘੁਸਪੈਠ ਬੰਦ ਕਰ ਦੇਵੇ ਅਤੇ ਟਰੇਨਿੰਗ ਕੈਂਪ ਬੰਦ ਕਰਕੇ ਪਾਕ ਫੌਜ ਵੱਖਵਾਦੀਆਂ ਦੀ ਮਦਦ ਨੂੰ ਰੋਕ ਦੇਵੇ। ਇਸ ਨਾਲ ਸਮੱਸਿਆ ਦੇ ਹੱਲ ਵਿੱਚ ਮਦਦ ਮਿਲੇਗੀ"
ਕਪਿਲ ਦੇਵ ਦੀ ਟਿੱਪਣੀ
ਖ਼ਬਰ ਏਜੰਸੀ ਪੀਟੀਆਈ ਮੁਤਾਬਕ, ਅਫ਼ਰੀਦੀ ਦੇ ਟਵੀਟ 'ਤੇ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਕਪਿਲ ਦੇਵ ਨੇ ਵੀ ਟਿੱਪਣੀ ਕੀਤੀ ਅਤੇ ਕਿਹਾ ਕਿ ਇਸ 'ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਜਾਣੀ ਚਾਹੀਦੀ।
ਉਨ੍ਹਾਂ ਕਿਹਾ, "ਮੇਰੇ ਕੋਲ ਉਸ ਲਈ ਸਮਾਂ ਨਹੀਂ ਹੈ।ਉਹ ਕੌਣ ਹੈ? ਅਸੀਂ ਉਸਨੂੰ ਮਹੱਤਾ ਕਿਉਂ ਦੇ ਰਹੇ ਹਾਂ। ਜੇਕਰ ਦੁਨੀਆਂ ਦੇ ਇੱਕ ਕੋਨੇ ਵਿੱਚ ਬੈਠਾ ਸ਼ਖਸ ਕੁਝ ਕਹਿੰਦਾ ਹੈ ਤਾਂ ਮੈਨੂੰ ਲਗਦਾ ਹੈ ਕਿ ਉਸ 'ਤੇ ਪ੍ਰਤੀਕਿਰਿਆ ਨਾ ਦਿੱਤੀ ਜਾਵੇ।"