ਸਲਮਾਨ ਖ਼ਾਨ ਜੇਲ੍ਹ 'ਚ ਰਹੇ ਤਾਂ ਇੰਡਸਟਰੀ ਨੂੰ ਕਿੰਨੇ ਕਰੋੜ ਦਾ ਘਾਟਾ?

  • ਮਧੂ ਪਾਲ
  • ਮੁੰਬਈ ਤੋਂ, ਬੀਬੀਸੀ ਦੇ ਲਈ

ਜੋਧਪੁਰ ਕੋਰਟ ਨੇ ਕਾਲਾ ਹਿਰਨ ਮਾਮਲੇ ਵਿੱਚ ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਪੰਜ ਸਾਲ ਦੀ ਸਜ਼ਾ ਸੁਣਾਈ ਹੈ। ਜੇਕਰ ਸਲਮਾਨ ਜੇਲ੍ਹ ਜਾਂਦੇ ਹਨ ਤਾਂ ਬਾਲੀਵੁੱਡ ਨੂੰ ਕਰੋੜਾਂ ਦਾ ਨੁਕਸਾਨ ਹੁੰਦਾ ਹੈ।

1993 ਵਿੱਚ ਆਈ ਫ਼ਿਲਮ ''ਹਮ ਸਾਥ ਸਾਥ ਹੈ'' ਦੀ ਸ਼ੂਟਿੰਗ ਦੌਰਾਨ ਕਾਲੇ ਹਿਰਨ ਨੂੰ ਮਾਰਨ ਦੇ ਇਲਜ਼ਾਮ ਵਿੱਚ ਸਲਮਾਨ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ।

ਸੁਪਰ ਸਟਾਰ ਸਲਮਾਨ ਖ਼ਾਨ 'ਤੇ ਬਾਲੀਵੁੱਡ ਦਾ ਕਰੀਬ 400 ਕਰੋੜ ਰੁਪਿਆ ਦਾਅ 'ਤੇ ਲੱਗਾ ਹੋਇਆ ਹੈ। ਜੇਕਰ ਸਲਮਾਨ ਖ਼ਾਨ ਨੂੰ 5 ਸਾਲ ਜੇਲ੍ਹ ਵਿੱਚ ਰਹਿਣਾ ਪੈਂਦਾ ਹੈ ਤਾਂ ਬਾਲੀਵੁੱਡ ਨੂੰ ਉਨ੍ਹਾਂ ਕਾਰਨ ਇਹ ਨੁਕਸਾਨ ਝੱਲਣਾ ਪੈ ਸਕਦਾ ਹੈ।

150 ਕਰੋੜ ਦੀ ਫ਼ਿਲਮ-ਰੇਸ

ਫ਼ਿਲਹਾਲ ਸਲਮਾਨ ਖ਼ਾਨ ਦੀ ਫ਼ਿਲਮ 'ਰੇਸ-3' ਦੀ ਸ਼ੂਟਿੰਗ ਚੱਲ ਰਹੀ ਹੈ। ਸਲਮਾਨ ਖ਼ਾਨ ਦੇ ਲੀਡ ਰੋਲ ਵਾਲੀ ਇਸ ਫ਼ਿਲਮ ਦਾ ਬਜਟ 150 ਕਰੋੜ ਰੁਪਏ ਹੈ। ਇਸ ਫ਼ਿਲਮ ਦੀ ਸ਼ੂਟਿੰਗ ਅਜੇ ਪੂਰੀ ਨਹੀਂ ਹੋਈ ਹੈ। ਸਲਮਾਨ ਖ਼ਾਨ ਨੂੰ ਸਜ਼ਾ ਹੋਣ 'ਤੇ ਇਹ ਪ੍ਰਾਜੈਕਟ ਵਿਚਾਲੇ ਹੀ ਰੁਕ ਸਕਦਾ ਹੈ।

ਇਸ ਨਾਲ ਪ੍ਰੋਡਿਊਸਰਜ਼ ਦੀ ਵੱਡੀ ਰਕਮ ਫ਼ਸ ਸਕਦੀ ਹੈ।

ਦਬੰਗ-3 ਦਾ ਬਜਟ 100 ਕਰੋੜ

'ਦਬੰਗ ਸੀਰੀਜ਼' ਦਾ ਤੀਜਾ ਪਾਰਟ 'ਦਬੰਗ 3' ਦੀ ਸ਼ੂਟਿੰਗ ਜਲਦੀ ਹੀ ਸ਼ੁਰੂ ਹੋਣ ਵਾਲੀ ਹੈ। ਪਹਿਲੀਆਂ ਦੋਹਾਂ ਫ਼ਿਲਮਾਂ ਵਿੱਚ ਸਲਮਾਨ ਖ਼ਾਨ ਤੇ ਸੋਨਾਕਸ਼ੀ ਸਿਨਹਾ ਨੇ ਭੂਮਿਕਾ ਅਦਾ ਕੀਤੀ ਹੈ ਅਤੇ ਤੀਜੇ ਪਾਰਟ ਵਿੱਚ ਵੀ ਸਲਮਾਨ ਖ਼ਾਨ ਹੀ ਨਜ਼ਰ ਆਉਣਗੇ। ਇਸ ਫ਼ਿਲਮ ਦਾ ਬਜਟ 100 ਕਰੋੜ ਹੈ।

ਕਈ ਫ਼ਿਲਮਾਂ ਦਾ ਹੋ ਚੁੱਕਿਆ ਹੈ ਪ੍ਰੀ-ਪ੍ਰੋਡਕਸ਼ਨ

ਫ਼ਿਲਮ ਟਰੇਡ ਸਮੀਖਿਅਕ ਅਮੋਦ ਮਹਿਰਾ ਦਾ ਕਹਿਣਾ ਹੈ ਕਿ 'ਰੇਸ-3' ਤੋਂ ਇਲਾਵਾ ਉਨ੍ਹਾਂ ਦੀਆਂ ਬਾਕੀ ਫ਼ਿਲਮਾਂ ਜਿਵੇਂ ''ਦਬੰਗ 3'', ''ਕਿੱਕ 2'' ਅਤੇ ''ਭਾਰਤ'' ਵਿੱਚੋਂ ਕਿਸੇ ਵੀ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਨਹੀਂ ਹੋਈ ਹੈ।

ਫ਼ਿਲਮ ਸ਼ੁਰੂ ਹੋਣ ਤੋਂ ਪਹਿਲਾਂ ਪ੍ਰੀ- ਪ੍ਰੋਡਕਸ਼ਨ ਦਾ ਕੰਮ ਸ਼ੁਰੂ ਹੋ ਚੁੱਕਿਆ ਹੈ ਜਿਸ ਵਿੱਚ ਘੱਟੋ-ਘੱਟ 100 ਕਰੋੜ ਰੁਪਏ ਖ਼ਰਚ ਹੋ ਚੁੱਕੇ ਹਨ।

ਟੀਵੀ ਸ਼ੋਅਵੀ ਦਾਅ'ਤੇ

ਸਲਮਾਨ ਖ਼ਾਨ ਦੀਆਂ ਫ਼ਿਲਮਾਂ ਹੀ ਨਹੀਂ ਸਗੋਂ ਉਨ੍ਹਾਂ ਦੇ ਟੀਵੀ ਰਿਐਲਟੀ ਸ਼ੋਅ ਵੀ ਦਾਅ 'ਤੇ ਲੱਗੇ ਹੋਏ ਹਨ।

ਉਹ 10 ਸਾਲ ਬਾਅਦ ਮੁੜ 'ਦਸ ਕਾ ਦਮ' ਲੈ ਕੇ ਵਾਪਿਸ ਆ ਰਹੇ ਹਨ। ਇਸ ਗੇਮ ਸ਼ੋਅ ਦਾ ਪ੍ਰੋਮੋ ਸਾਹਮਣੇ ਆ ਚੁੱਕਿਆ ਹੈ। ਇਹ ਸ਼ੋਅ ਜਲਦੀ ਹੀ ਸ਼ੁਰੂ ਹੋਣ ਵਾਲਾ ਹੈ। ਇਸ ਵਿੱਚ ਸਲਮਾਨ ਖ਼ਾਨ ਬਤੌਰ ਹੋਸਟ ਨਜ਼ਰ ਆਉਣ ਵਾਲੇ ਹਨ।

ਅਮੋਦ ਮਹਿਰਾ ਕਹਿੰਦੇ ਹਨ,''ਦਸ ਕਾ ਦਮ-2'' ਸ਼ੋਅ ਲਈ ਚੈੱਨਲ ਬਹੁਤਾ ਖ਼ਰਚਾ ਪਹਿਲਾਂ ਹੀ ਕਰ ਚੁੱਕਿਆ ਹੈ। ਇੰਡਸਟਰੀ ਨੂੰ ਤਾਂ ਨੁਕਸਾਨ ਹੋਵੇਗਾ ਹੀ ਪਰ ਸਲਮਾਨ ਖ਼ਾਨ ਦੇ ਕਰੀਅਰ ਨੂੰ ਵੀ ਵੱਡਾ ਨੁਕਸਾਨ ਹੋ ਸਕਦਾ ਹੈ।''

ਇਸ ਤੋਂ ਇਲਾਵਾ ਸਲਮਾਨ ਖ਼ਾਨ ਟੀਵੀ ਸ਼ੋਅ ਬਿੱਗ ਬੌਸ ਵਿੱਚ ਵੀ ਹੋਸਟ ਦੀ ਭੂਮਿਕਾ ਨਿਭਾਉਂਦੇ ਰਹੇ ਹਨ ਪਰ ਸੀਜ਼ਨ-12 ਲਈ ਪ੍ਰੀ-ਪ੍ਰੋਡਕਸ਼ਨ ਦਾ ਐਲਾਨ ਨਹੀਂ ਹੋਇਆ ਹੈ।

ਸਲਮਾਨ ਖ਼ਾਨ ਉਨ੍ਹਾਂ ਸਿਤਾਰਿਆਂ ਵਿੱਚੋਂ ਇੱਕ ਹਨ ਜਿਨ੍ਹਾਂ 'ਤੇ ਫ਼ਿਲਮ ਇੰਡਸਟਰੀ ਕਾਫ਼ੀ ਹੱਦ ਤੱਕ ਨਿਰਭਰ ਹੈ। ਜੇਕਰ ਜੇਲ੍ਹ 'ਚ ਰਹਿਣਾ ਪਿਆ ਤਾਂ ਉਨ੍ਹਾਂ 'ਤੇ ਲੱਗੇ ਪੈਸਿਆਂ ਕਰਕੇ ਪੂਰੀ ਹਿੰਦੀ ਫ਼ਿਲਮ ਇੰਡਸਟਰੀ ਨੂੰ ਖ਼ਮਿਆਜ਼ਾ ਭੁਗਤਣਾ ਪਵੇਗਾ।''

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)