ਬਿਸ਼ਨੋਈ ਜਿੰਨ੍ਹਾਂ ਨੇ ਸਲਮਾਨ ਖ਼ਾਨ ਦੀਆਂ ਗੋਡਣੀਆਂ ਲੁਆਈਆਂ

  • ਨਾਰਾਇਣ ਬਾਰੇਠ
  • ਜੈਪੁਰ ਤੋਂ, ਬੀਬੀਸੀ ਦੇ ਲਈ

ਬੀਆਬਾਨ ਰੇਗਿਸਤਾਨ ਵਿੱਚ ਬਿਸ਼ਨੋਈ ਭਾਈਚਾਰਾ ਜੰਗਲੀ ਜੀਵਾਂ ਅਤੇ ਪੌਦਿਆਂ ਦਾ ਰਾਖ਼ਾ ਹੈ।

ਬਿਸ਼ਨੋਈ ਭਾਈਚਾਰੇ ਦੇ ਲੋਕ ਜੰਗਲੀ ਜਾਨਵਰਾਂ ਅਤੇ ਦਰਖ਼ਤਾਂ ਲਈ ਆਪਣੀ ਜਾਨ ਦੇਣ ਨੂੰ ਵੀ ਤਿਆਰ ਰਹਿੰਦੇ ਹਨ।

ਇਸ ਲਈ ਜਦੋਂ ਫ਼ਿਲਮ ਸਟਾਰ ਸਲਮਾਨ ਖ਼ਾਨ ਦੇ ਹੱਥੋਂ ਕਾਲੇ ਹਿਰਨ ਦੇ ਸ਼ਿਕਾਰ ਦਾ ਮਾਮਲਾ ਸਾਹਮਣੇ ਆਇਆ ਤਾਂ ਉਹ ਸੜਕਾਂ 'ਤੇ ਆ ਗਏ।

ਬਿਸ਼ਨੋਈ ਆਪਣੇ ਆਰਾਧਿਆ ਗੁਰੂ ਜਮਭੇਸ਼ਵਰ ਵੱਲੋਂ ਦੱਸੇ 29 ਨਿਯਮਾਂ ਦਾ ਪਾਲਣ ਕਰਦੇ ਹਨ। ਇਨ੍ਹਾਂ ਵਿੱਚੋਂ ਇੱਕ ਨਿਯਮ ਜੰਗਲੀ ਜੀਵਾਂ ਦੀ ਰੱਖਿਆ ਅਤੇ ਦਰਖ਼ਤਾਂ ਦੀ ਹਿਫ਼ਾਜ਼ਤ ਨਾਲ ਜੁੜਿਆ ਹੈ।

ਬਿਸ਼ਨੋਈ ਸਮਾਜ ਦੇ ਲੋਕ ਸਿਰਫ਼ ਰੇਗਿਸਤਾਨ ਤੱਕ ਹੀ ਸੀਮਤ ਨਹੀਂ ਹਨ। ਉਹ ਰਾਜਸਥਾਨ ਤੋਂ ਇਲਾਵਾ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਵਿੱਚ ਵੀ ਆਬਾਦ ਹਨ।

ਬਿਸ਼ਨੋਈ ਸਮਾਜ

ਜੋਧਪੁਰ ਤੋਂ ਸੰਸਦ ਮੈਂਬਰ ਰਹੇ ਜਸਵੰਤ ਸਿੰਘ ਬਿਸ਼ਨੋਈ ਕਹਿੰਦੇ ਹਨ,''ਸਾਡੇ ਸੰਸਥਾਪਕ ਜਮਭੇਸ਼ਵਰ ਜੀ ਨੇ ਜੀਵਾਂ ਪ੍ਰਤੀ ਰਹਿਮ ਦਾ ਪਾਠ ਪੜ੍ਹਾਇਆ ਸੀ। ਉਹ ਕਹਿੰਦੇ ਸੀ,''ਜੀਵ ਦਯਾ ਪਾਲਨੀ, ਰੁਖ ਲੀਲੂ ਨਹੀਂ ਘਾਵੇ' ਮਤਲਬ ਜੀਵਾਂ ਦੇ ਪ੍ਰਤੀ ਦਯਾ ਰੱਖਣੀ ਚਾਹੀਦੀ ਹੈ ਅਤੇ ਦਰਖ਼ਤਾਂ ਦੀ ਹਿਫ਼ਾਜ਼ਤ ਕਰਨੀ ਚਾਹੀਦੀ ਹੈ। ਇਨ੍ਹਾਂ ਕੰਮਾਂ ਨਾਲ ਵਿਅਕਤੀ ਨੂੰ ਸਵਰਗ ਮਿਲਦਾ ਹੈ।''

ਤਸਵੀਰ ਕੈਪਸ਼ਨ,

ਕੁਰਬਾਨੀਆਂ ਦੀ ਯਾਦ ਵਿੱਚ ਹਰ ਸਾਲ ਖੇਜਡਲੀ ਵਿੱਚ ਮੇਲਾ ਲਗਾਇਆ ਜਾਂਦਾ ਹੈ

ਇਸ ਭਾਈਚਾਰੇ ਦੇ ਲੋਕ ਦਰਖਤਾਂ ਅਤੇ ਜੰਗਲੀ ਜੀਵਾਂ ਲਈ ਰਿਆਸਤ ਕਾਲ ਵਿੱਚ ਵੀ ਹਕੂਮਤ ਨਾਲ ਲੜਦੇ ਰਹੇ ਹਨ।

ਬਿਸ਼ਨੋਈ ਭਾਈਚਾਰੇ ਦੇ ਵਾਤਾਵਰਣ ਕਾਰਕੁਨ ਹਨੁਮਾਨ ਬਿਸ਼ਨੋਈ ਕਹਿੰਦੇ ਹਨ,''ਜੋਧਪੁਰ ਰਿਆਸਤ ਵਿੱਚ ਜਦੋਂ ਸਰਕਾਰ ਨੇ ਦਰਖ਼ਤ ਕੱਟਣ ਦਾ ਹੁਕਮ ਦਿੱਤਾ ਤਾਂ ਬਿਸ਼ਨੋਈ ਸਮਾਜ ਦੇ ਲੋਕ ਵਿਰੋਧ ਵਿੱਚ ਖੜ੍ਹੇ ਹੋ ਗਏ ਸੀ। ਇਹ 1787 ਦੀ ਗੱਲ ਹੈ। ਉਸ ਸਮੇਂ ਰਾਜਾ ਅਭੈ ਸਿੰਘ ਦਾ ਸ਼ਾਸਨ ਸੀ।''

ਜੋਧਪੁਰ ਦੇ ਸਾਬਕਾ ਸੰਸਦ ਮੈਂਬਰ ਅਤੇ ਸਾਬਕਾ ਮੰਤਰੀ ਬਿਸ਼ਨੋਈ ਕਹਿੰਦੇ ਹਨ,''ਉਸ ਸਮੇਂ ਇਹ ਨਾਅਰਾ ਦਿੱਤਾ ਗਿਆ ਸੀ, 'ਸਰ ਸਾਠੇ ਰੁਖ ਰਹੇ ਤੋ ਭੀ ਸਸਤੋ ਜਾਨ।' ਇਸਦਾ ਮਤਲਬ ਸੀ ਜੇਕਰ ਸਿਰ ਕੱਟ ਕੇ ਵੀ ਰੁਖ ਬੱਚ ਜਾਵੇ ਤਾਂ ਵੀ ਸਸਤਾ ਹੈ।''

'ਪੁਰਖਾਂ ਦੀ ਕੁਰਬਾਨੀ'

ਬਿਸ਼ਨੋਈ ਕਹਿੰਦੇ ਹਨ,''ਜਦੋਂ ਰਿਆਸਤ ਦੇ ਲੋਕ ਦਰਖਤ ਕੱਟਣ ਲਈ ਆਏ ਤਾਂ ਜੋਧਪੁਰ ਦੇ ਖੇਜਡਲੀ ਅਤੇ ਆਲੇ-ਦੁਆਲੇ ਦੇ ਲੋਕਾਂ ਨੇ ਵਿਰੋਧ ਕੀਤਾ।''

''ਉਸ ਸਮੇਂ ਬਿਸ਼ਨੋਈ ਸਮਾਜ ਦੀ ਅਮ੍ਰਿਤਾ ਦੇਵੀ ਨੇ ਪਹਿਲ ਕੀਤੀ ਅਤੇ ਰੁਖ਼ ਦੇ ਬਦਲੇ ਖ਼ੁਦ ਨੂੰ ਪੇਸ਼ ਕੀਤਾ।''

''ਇਸ ਦੌਰਾਨ ਬਿਸ਼ਨੋਈ ਭਾਈਚਾਰੇ ਦੇ 363 ਲੋਕਾਂ ਨੇ ਦਰਖ਼ਤਾਂ ਲਈ ਆਪਣੀ ਜਾਨ ਦੀ ਕੁਰਬਾਨੀ ਦਿੱਤੀ। ਇਨ੍ਹਾਂ ਵਿੱਚ 111 ਮਹਿਲਾਵਾਂ ਸੀ।''

''ਇਨ੍ਹਾਂ ਕੁਰਬਾਨੀਆਂ ਦੀ ਯਾਦ ਵਿੱਚ ਹਰ ਸਾਲ ਖੇਜਡਲੀ ਵਿੱਚ ਮੇਲਾ ਲਗਾਇਆ ਜਾਂਦਾ ਹੈ ਅਤੇ ਲੋਕ ਆਪਣੇ ਪੁਰਖਾਂ ਦੀ ਕੁਰਬਾਨੀ ਨੂੰ ਯਾਦ ਕਰਦੇ ਹਨ।''

'' ਇਸ ਮੇਲੇ ਰਾਹੀਂ ਨੀਵੀਂ ਪੀੜ੍ਹੀ ਨੂੰ ਜੰਗਲੀ ਜੀਵਾਂ ਦੀ ਰੱਖਿਆ ਕਰਨ ਅਤੇ ਦਰਖ਼ਤਾਂ ਦੀ ਹਿਫ਼ਾਜ਼ਤ ਕਰਨ ਦੀ ਪ੍ਰੇਰਨਾ ਮਿਲਦੀ ਹੈ।''

ਬਿਸ਼ਨੋਈ ਸਮਾਜ ਦੇ ਗੁਰੂ

ਗੁਰੂ ਜਮਭੇਸ਼ਵਰ ਦਾ ਜਨਮ 1451 ਵਿੱਚ ਹੋਇਆ ਸੀ। ਬੀਕਾਨੇਰ ਜ਼ਿਲ੍ਹੇ ਵਿੱਚ ਗੁਰੂ ਦਾ ਜਨਮ ਸਥਾਨ ਸਮਰਥਲ ਬਿਸ਼ਨੋਈ ਸਮਾਜ ਦਾ ਤੀਰਥ ਸਥਾਨ ਹੈ।

ਉਸ ਖੇਤਰ ਦੇ ਮਕਾਮ ਵਿੱਚ ਗੁਰੂ ਜਮਭੇਸ਼ਵਰ ਦਾ ਸਮਾਧੀ ਸਥਲ ਹੈ ਜਿੱਥੇ ਹਰ ਸਾਲ ਮੇਲਾ ਲਗਦਾ ਹੈ।

'ਵੀਹ ਅਤੇ ਨੌ ਮਿਲ ਕੇ ਬਿਸ਼ਨੋਈ'

ਬਿਸ਼ਨੋਈ ਸਮਾਜ ਦੀ ਵਿਆਖਿਆ ਇਸ ਤਰ੍ਹਾਂ ਵੀ ਕੀਤੀ ਜਾਂਦੀ ਹੈ ਕਿ ਜਮਭੋ ਜੀ ਨੇ ਕੁੱਲ 29 ਜੀਵਨ ਸੂਤਰ ਬਤੀਤ ਕੀਤੇ ਹਨ।

ਬਿਸ਼ਨੋਈ ਸਮਾਜ ਵਿੱਚ ਕਿਸੇ ਦੇ ਮਰਨ 'ਤੇ ਦਫਨਾਉਣ ਦੀ ਪ੍ਰਕਿਰਿਆ ਅਪਣਾਈ ਜਾਂਦੀ ਹੈ।

ਸਾਬਕਾ ਸੰਸਦ ਮੈਂਬਰ ਬਿਸ਼ਨੋਈ ਕਹਿੰਦੇ ਹਨ,''ਰਾਜਸਥਾਨ, ਹਰਿਆਣਾ, ਪੰਜਾਬ ਆਦਿ ਥਾਵਾਂ 'ਤੇ ਮਰਨ ਤੋਂ ਬਾਅਦ ਦਫ਼ਨਾਇਆ ਜਾਂਦਾ ਹੈ। ਯੂਪੀ ਦੇ ਕੁਝ ਹਿੱਸਿਆਂ ਵਿੱਚ ਦਾਹ ਸੰਸਕਾਰ ਵੀ ਕੀਤਾ ਜਾਂਦਾ ਹੈ।''

ਰੇਗਿਸਤਾਨ ਵਿੱਚ ਜੰਗਲੀ ਜੀਵਾਂ ਦੇ ਪ੍ਰਤੀ ਬਿਸ਼ਨੋਈ ਸਮਾਜ ਦੇ ਲੋਕ ਬਹੁਤ ਦਯਾ ਰੱਖਦੇ ਹਨ। ਕਈ ਵਾਰ ਹਿਰਨ ਦਾ ਸ਼ਿਕਾਰ ਕਰਨ ਵਾਲਿਆਂ ਨਾਲ ਉਨ੍ਹਾਂ ਦਾ ਮੁਕਾਬਲਾ ਵੀ ਹੁੰਦਾ ਰਹਿੰਦਾ ਹੈ।

ਬਿਸ਼ਨੋਈ ਬਹੁਲ ਪਿੰਡਾਂ ਵਿੱਚ ਅਜਿਹੇ ਵੀ ਮੰਜ਼ਰ ਦੇਖਣ ਨੂੰ ਮਿਲਦੇ ਹਨ ਕਿ ਕੋਈ ਬਿਸ਼ਨੋਈ ਮਹਿਲਾ ਕਿਸੇ ਅਨਾਥ ਹਿਰਨ ਦੇ ਬੱਚੇ ਨੂੰ ਆਪਣਾ ਦੁੱਧ ਪਿਆਂਦੀ ਵੀ ਨਜ਼ਰ ਆਉਂਦੀ ਹੈ।

ਹਨੂਮਾਨ ਬਿਸ਼ਨੋਈ ਕਹਿੰਦੇ ਹਨ,''ਜਿੰਨੀ ਕੀਮਤ ਮਨੁੱਖ ਦੇ ਜੀਵਨ ਦੀ ਹੈ ਓਨਾ ਹੀ ਮਹੱਤਵਪੂਰਨ ਹੈ ਵਾਤਾਵਰਨ ਦੀ ਰੱਖਿਆ ਕਰਨੀ।''

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)