ਬਾਲੀਵੁੱਡ ਸਿਤਾਰਿਆਂ ਖ਼ਿਲਾਫ਼ ਕੀ ਹੈ ਬਿਸ਼ਨੋਈ ਸਮਾਜ ਦਾ ਅਗਲਾ ਐਕਸ਼ਨ ਪਲਾਨ?
- ਸਤ ਸਿੰਘ
- ਫਤਿਹਾਬਾਦ ਤੋਂ ਬੀਬੀਸੀ ਪੰਜਾਬੀ ਲਈ

ਤਸਵੀਰ ਸਰੋਤ, Sat Singh/BBC
ਹਰਿਆਣਾ ਦੇ ਫਤਿਹਾਬਾਦ ਦੇ ਬਿਸ਼ਨੋਈ ਸਮਾਜ ਨੇ ਸਲਮਾਨ ਖਾਨ ਖਿਲਾਫ ਆਏ ਫ਼ੈਸਲੇ ਮਗਰੋਂ ਵੰਡੀਆਂ ਮਠਿਆਈਆਂ
ਜਿਵੇਂ ਹੀ ਰਾਜਸਥਾਨ ਦੀ ਜੋਧਪੁਰ ਕੋਰਟ ਨੇ ਬਾਲੀਵੁੱਡ ਸਟਾਰ ਸਲਮਾਨ ਖਾਨ ਨੂੰ 1998 ਦੇ ਕਾਲੇ ਹਿਰਨ ਸ਼ਿਕਾਰ ਮਾਮਲੇ ਵਿੱਚ 5 ਸਾਲ ਦੀ ਸਜ਼ਾ ਸੁਣਾਈ ਹਰਿਆਣਾ ਦੇ ਫਤਿਹਾਬਾਦ ਦਾ ਬਿਸ਼ਨੋਈ ਸਮਾਜ ਜਸ਼ਨ ਮਨਾਉਣ ਲੱਗਾ।
ਫ਼ੈਸਲਾ ਆਉਂਦਿਆਂ ਹੀ ਫਤਿਹਾਬਾਦ ਦੇ ਬਿਸ਼ਨੋਈ ਮੰਦਿਰ ਕੋਲ ਲੋਕ ਮਠਿਆਈਆਂ ਵੰਡੀਆਂ ਗਈਆਂ ਤੇ ਆਤਿਸ਼ਬਾਜ਼ੀ ਵੀ ਹੋਈ।
ਪਰਿਆਵਰਨ ਜੀਵ ਰੱਖਿਆ ਬਿਸ਼ਨੋਈ ਸਭਾ ਦੇ ਜਨਰਲ ਸਕੱਤਰ ਵਿਨੋਦ ਕੜਵਾਸਰਾ ਨੇ ਬੀਬੀਸੀ ਨੂੰ ਕਿਹਾ ਕਿ ਫ਼ੈਸਲਾ ਜਾਨਵਰ ਤੇ ਕੁਦਰਤ ਪ੍ਰੇਮੀਆਂ ਲਈ ਸੁਆਗਤਯੋਗ ਹੈ।
ਤਸਵੀਰ ਸਰੋਤ, Sat Singh/BBC
ਹਰਿਆਣਾ ਦੇ ਫਤਿਹਾਬਾਦ ਵਿੱਚ ਕਾਲੇ ਹਿਰਨ
ਉਨ੍ਹਾਂ ਕਿਹਾ," ਅਸੀਂ ਇਸ ਦਿਨ ਦਾ 20 ਸਾਲਾਂ ਤੋਂ ਇੰਤਜ਼ਾਰ ਕਰ ਰਹੇ ਸੀ। ਸਾਲ 2017 ਵਿੱਚ ਰਸੂਖ਼ਦਾਰ ਲੋਕਾਂ ਵੱਲੋਂ ਕਾਲੇ ਹਿਰਨ ਦੇ ਸ਼ਿਕਾਰ ਦੇ ਵਿਰੋਧ ਵਿੱਚ ਜੋਧਪੁਰ ਵਿੱਚ ਵੱਡੇ ਪੱਧਰ 'ਤੇ ਪ੍ਰਦਰਸ਼ਨ ਹੋਇਆ ਸੀ। ਫਤਿਹਾਬਾਦ ਤੋਂ ਵੀ ਬਿਸ਼ਨੋਈ ਭਾਈਚਾਰਾ ਵੱਡੀ ਗਿਣਤੀ ਵਿੱਚ ਉੱਥੇ ਪਹੁੰਚਿਆ ਸੀ।"
ਉਨ੍ਹਾਂ ਅੱਗੇ ਕਿਹਾ ਕਿ ਇਸ ਮਾਮਲੇ ਵਿੱਚ ਜੋਧਪੁਰ ਦੀ ਅਦਾਲਤ ਵੱਲੋਂ ਬਰੀ ਹੋਏ ਬਾਲੀਵੁੱਡ ਦੇ ਅਦਾਕਾਰਾਂ ਖ਼ਿਲਾਫ਼ ਉੱਪਰਲੀ ਅਦਾਲਤ ਦਾ ਰੁਖ਼ ਕਰਨ ਨੂੰ ਲੈ ਕੇ ਮਹਾਸਭਾ ਸੱਦੀ ਜਾਵੇਗੀ।
ਤਸਵੀਰ ਸਰੋਤ, AFP
ਸਲਮਾਨ ਨੂੰ 1998 ਦੇ ਕਾਲੇ ਹਿਰਨ ਸ਼ਿਕਾਰ ਮਾਮਲੇ ਵਿੱਚ 20 ਸਾਲ ਬਾਅਦ ਦੋਸ਼ੀ ਠਹਿਰਾਇਆ ਗਿਆ ਹੈ।
ਇਸ ਮਾਮਲੇ ਵਿੱਚ ਅਦਾਕਾਰ ਸੈਫ਼ ਅਲੀ ਖ਼ਾਨ, ਅਦਾਕਾਰਾ ਤੱਬੀ, ਨੀਲਮ ਅਤੇ ਸੋਨਾਲੀ ਬੇਂਦਰੇ ਨੂੰ ਬਰੀ ਕਰ ਦਿੱਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਹਰਿਆਣਾ ਦੇ ਫ਼ਤਿਹਾਬਾਦ ਦੇ 20 ਪਿੰਡਾ ਵਿੱਚ ਤਕਰੀਬਨ 50 ਹਜ਼ਾਰ ਬਿਸ਼ਨੋਈ ਭਾਈਚਾਰੇ ਦੇ ਲੋਕ ਰਹਿੰਦੇ ਹਨ।