#BBCShe: 'ਕੁੜੀਆਂ ਨੂੰ ਬੱਸਾਂ 'ਚ ਮੁੰਡੇ ਘੱਟ ਬਜ਼ੁਰਗ ਵੱਧ ਛੇੜਦੇ ਹਨ'

ਬੀਬੀਸੀ

BBCShe ਦੀ ਟੀਮ ਪਹੁੰਚੀ ਜਲੰਧਰ ਦੇ ਦੋਆਬਾ ਕਾਲਜ, ਜਿੱਥੇ ਵਿਦਿਆਰਥਣਾਂ ਤੇ ਆਲੇ-ਆਲੇ ਦੀਆਂ ਕੁੜੀਆਂ ਨੇ ਫੇਸਬੁੱਕ ਲਾਈਵ ਦੌਰਾਨ ਬੀਬੀਸੀ ਪੱਤਰਕਾਰ ਅਰਵਿੰਦ ਛਾਬੜਾ ਨਾਲ ਕਈ ਮੁੱਦਿਆਂ 'ਤੇ ਗੱਲਬਾਤ ਕੀਤੀ।

ਕੁੜੀਆਂ ਜਾਂ ਔਰਤਾਂ ਨੂੰ ਲੈ ਕੇ ਮੀਡੀਆ ਦੀ ਕਵਰੇਜ ਕਿਸ ਤਰ੍ਹਾਂ ਦੀ ਹੋਵੇ ਅਤੇ ਕੁੜੀਆਂ ਦੇ ਕੀ ਹਨ ਮੁੱਦੇ, ਅਸੀਂ ਇਹ ਸਭ ਜਾਣਿਆ ਕੁੜੀਆਂ ਤੋਂ ਹੀ।

ਚਰਚਾ ਦੀ ਸ਼ੁਰੂਆਤ 'ਚ ਕਾਲਜ ਦੀ ਇੱਕ ਵਿਦਿਆਰਥਣ ਨੇ ਕਿਹਾ, ''ਮੀਡੀਆ ਜੋ ਵੀ ਪੇਸ਼ ਕਰਦਾ ਹੈ ਸਾਨੂੰ ਸਿੱਖਿਆ ਮਿਲਦੀ ਹੈ ਅਤੇ ਆਮ ਜ਼ਿੰਦਗੀ ਤੇ ਆਮ ਔਰਤਾਂ ਦੀਆਂ ਹਿੰਮਤੀ ਤੇ ਸੇਧ ਦੇਣ ਵਾਲੀਆਂ ਕਹਾਣੀਆਂ ਵੱਧ ਤੋਂ ਵੱਧ ਪੇਸ਼ ਕੀਤੀਆਂ ਜਾਣੀਆਂ ਚਾਹੀਦੀਆਂ ਹਨ।''

''ਅਦਾਕਾਰਾਂ ਜਾਂ ਸੈਲਿਬਰਿਟੀਜ਼ ਦੇ ਇਲਾਵਾ ਆਮ ਔਰਤਾਂ ਦੀ ਕਹਾਣੀਆਂ ਦਿਖਾਉਣੀਆਂ ਚਾਹੀਦੀਆਂ ਹਨ।''

ਦੋਆਬਾ ਕਾਲਜ ਦੇ ਪੱਤਰਕਾਰੀ ਵਿਭਾਗ ਦੀ ਮੁਖੀ ਸਿਮਰਨ ਸਿੱਧੂ ਨੇ ਕਿਹਾ, ''ਇਸ ਸਮੇਂ ਸਾਡਾ ਮੀਡੀਆ ਸੰਤੁਲਿਤ ਕਵਰੇਜ ਨਹੀਂ ਦੇ ਰਿਹਾ। ਕੁੜੀਆਂ ਨੂੰ ਵਿਚਾਰੀਆਂ ਦੱਸਿਆ ਜਾਂਦਾ ਹੈ ਜਾਂ ਕੁੜੀਆਂ ਨੂੰ ਕਲੱਬਾਂ-ਪੱਬਾਂ ਵਾਲੀਆਂ ਮੰਨ ਲਿਆ ਜਾਂਦਾ ਹੈ ਜਾਂ ਸਾਡੇ ਮੀਡੀਆ ਨੇ ਇਹ ਧਾਰ ਲਿਆ ਹੈ ਕਿ ਇਨ੍ਹਾ ਨੂੰ ਸਿਰਫ਼ ਟੀਵੀ ਸੀਰੀਅਲਜ਼ ਹੀ ਦਿਖਾਉਣੇ ਹਨ।''

''ਜਾਣਕਾਰੀ ਭਰਪੂਰ ਕਈ ਤਰ੍ਹਾਂ ਦੇ ਪ੍ਰੋਗਰਾਮ ਦਿੱਤੇ ਜਾ ਸਕਦੇ ਹਨ।''

ਉਹ ਅੱਗੇ ਕਹਿੰਦੇ ਹਨ, ''ਸਾਡਾ ਮੀਡੀਆ ਉਸ ਔਰਤ ਨੂੰ ਕਦੇ ਨਹੀਂ ਪੁੱਛਦਾ ਜਿਹੜੀ ਇੱਕਲੀ ਮਾਂ ਹੈ ਅਤੇ ਆਪਣੇ ਬੱਚੇ ਪਾਲ ਰਹੀ ਹੈ ਜਾਂ ਫਿਰ ਵਿਧਵਾ ਔਰਤ ਦੀ ਕਹਾਣੀ ਉਦੋਂ ਸਾਹਮਣੇ ਆਉਂਦੀ ਹੈ ਜਦੋਂ ਉਸ ਦਾ ਪੁੱਤਰ ਕੁਝ ਬਣ ਜਾਂਦਾ ਹੈ।''

ਇੱਕ ਹੋਰ ਵਿਦਿਆਰਥਣ ਨੇ ਚਰਚਾ ਦੌਰਾਨ ਕਿਹਾ, ''ਮੀਡੀਆ ਨੂੰ ਸਿਰਫ਼ ਮਨੋਰੰਜਨ ਦਾ ਸਾਧਨ ਮੰਨਿਆ ਜਾਂਦਾ ਹੈ, ਸਗੋਂ ਮੀਡੀਆ ਨੂੰ ਲੋਕਾਂ ਨੂੰ ਸਿੱਖਿਆ ਦੇਣੀ ਚਾਹੀਦੀ ਹੈ, ਮੀਡੀਆ ਨੂੰ ਜਾਗਰੂਕ ਕਰਨਾ ਚਾਹੀਦਾ ਹੈ।''

ਇਸ ਚਰਚਾ ਦੌਰਾਨ ਸਾਡੇ ਫੇਸਬੁੱਕ ਦਰਸ਼ਕਾਂ ਨੇ ਵੀ ਆਪਣੀਆਂ ਟਿੱਪਣੀਆਂ ਭੇਜੀਆਂ।

ਰਣਦੀਪ ਸੰਗਤਪੁਰਾ ਨੇ ਲਿਖਿਆ, ''ਮੀਡੀਆ ਦਾ ਵੱਡਾ ਹਿੱਸਾ ਔਰਤ ਨੂੰ ਮੰਡੀ ਦੀ ਵਸਤੂ ਵਜੋਂ ਦਿਖਾਉਂਦਾ ਹੈ।''

ਸਤਵਿੰਦਰ ਸਿੰਘ ਨੇ ਲਿਖਿਆ, ''ਮੀਡੀਆ ਪੂੰਜੀਵਾਦ ਦੀ ਕੈਦ ਵਿੱਚ ਹੈ।''

ਚਰਚਾ ਨੂੰ ਅੱਗੇ ਵਧਾਉਂਦੇ ਹੋਏ ਇੱਕ ਵਿਦਿਆਰਥਣ ਨੇ ਕਿਹਾ, ''ਮੀਡੀਆ ਅਦਾਰੇ ਕਿਸੇ ਇੱਕ ਸਿਆਸੀ ਪਾਰਟੀ ਦੀ ਬੋਲੀ ਬੋਲਦੇ ਹਨ ਤੇ ਕਦੇ ਉਸ ਪਾਰਟੀ ਦੀ ਬੁਰੀ ਗੱਲ ਨਹੀਂ ਦੱਸਦੇ। ਇਸ ਤਰ੍ਹਾਂ ਦਾ ਮੀਡੀਆ ਵਿਰੋਧੀ ਧਿਰ ਦੀ ਗੱਲ ਨਹੀਂ ਕਰਦਾ। ਮੀਡੀਆ ਦਾ ਸਿਆਸੀਕਰਨ ਹੋ ਗਿਆ ਹੈ।''

ਇਸ ਗੱਲਬਾਤ ਦੌਰਾਨ ਕੁੜੀਆਂ ਨੇ ਸਮਾਜ ਵਿੱਚ ਵਿਚਰਦਿਆਂ ਆਪਣੀਆਂ ਹੱਡਬੀਤੀਆਂ ਵੀ ਸਾਂਝੀਆਂ ਕੀਤੀਆ। ਇੱਕ ਕੜੀ ਨੇ ਦੱਸਿਆ ਕਿ ਉਹ ਛੇੜਛਾੜ ਕਰਨ ਵਾਲਿਆ ਨੂੰ ਕਿਸ ਦਬੰਗਪੁਣੇ ਨਾਲ ਜਵਾਬ ਦਿੰਦੀ ਹੈ।

ਦੂਜੀ ਨੇ ਸਮਾਜ ਦੀ ਮਾਨਸਿਕਤਾ ਦਾ ਪਾਜ ਉਖਾੜਦਿਆਂ ਕਿਹਾ,'ਬੱਸਾਂ ਵਿੱਚ ਮੁੰਡੇ ਬਹੁਤ ਘੱਟ ਛੇੜਦੇ ਹਨ ਅੱਧਖੜ ਤੇ ਬਜ਼ੁਰਗ ਵੱਧ ਮਾੜੀਆਂ ਹਰਕਤਾਂ ਕਰਦੇ ਹਨ।

''ਮੀਡੀਆ ਹਮੇਸ਼ਾ ਔਰਤ ਨੂੰ ਵਿਚਾਰੀ ਜਾਂ ਹਮਦਰਦੀ ਦਾ ਪਾਤਰ ਦਿਖਾਉਂਦਾ ਹੈ। ਕੁੜੀਆਂ ਦੇ ਮਜ਼ਬੂਤ ਪੱਖ ਨੂੰ ਵੀ ਦਿਖਾਉਣਾ ਚਾਹੀਦਾ ਹੈ।''

''ਸਮਾਜ ਵੀ ਸਾਥ ਨਹੀਂ ਦਿੰਦਾ ਜਦੋਂ ਅਸੀਂ ਆਪਣੀ ਲੜਾਈ ਆਪ ਲੜਦੇ ਹਾਂ।''

ਕੁੜੀਆਂ ਨੇ ਅੱਗੇ ਕਿਹਾ ਕਿ ਟੀਵੀ ਸੀਰੀਅਲਜ਼ ਉਨ੍ਹਾਂ ਨੂੰ ਦੁਖੀ ਕਰਦੇ ਹਨ।

''ਟੀਵੀ ਮੀਡੀਆ ਇਨ੍ਹਾਂ ਸੀਰੀਅਲਜ਼ ਦੀਆਂ ਗੌਸਿਪਜ਼ ਦਿਖਾਉਂਦਾ ਹੈ, ਜਦੋਂ ਕਿ ਮੀਡੀਆ ਨੂੰ ਚੰਗੀਆਂ ਚੀਜ਼ਾਂ ਦਿਖਾਉਣੀਆਂ ਚਾਹੀਦੀਆਂ ਹਨ।''

''ਭਾਰਤ ਵਿੱਚ ਮੀਡੀਆ ਇੱਥੋਂ ਦੀਆਂ ਚੰਗੀਆਂ ਚੀਜ਼ਾਂ ਨਹੀਂ ਦਿਖਾਉਂਦਾ ਤੇ ਨਾਲ ਹੀ ਖ਼ਬਰਾਂ ਨੂੰ ਸਨਸਨੀਖੇਜ਼ ਤਰੀਕੇ ਨਾਲ ਦਿਖਾਇਆ ਜਾਂਦਾ ਹੈ। ਮੀਡੀਆ ਨੂੰ ਸਕਾਰਾਤਮਕ ਗੱਲ ਕਰਨੀ ਚਾਹੀਦੀ ਹੈ।''

ਅਖੀਰ ਵਿੱਚ ਕਾਲਜ ਦੀ ਇੱਕ ਵਿਦਿਆਰਥਣ ਨੇ ਕਿਹਾ, ''ਮੀਡੀਆ ਛੋਟੀ ਜਿਹੀ ਗੱਲ ਨੂੰ ਵਧਾ ਚੜ੍ਹਾ ਕੇ ਪੇਸ਼ ਕਰਦਾ ਹੈ ਅਤੇ ਗਲੈਮਰ ਦਾ ਤੜਕਾ ਲਗਾਇਆ ਜਾਂਦਾ ਹੈ।''

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)