ਕਿਹੋ ਜਿਹੇ ਦਿਖਦੇ ਨੇ ਅੱਜ ਕੱਲ੍ਹ ਸਿਟੀ ਬਿਊਟੀਫੁੱਲ ਚੰਡੀਗੜ੍ਹ ਦੇ ਰੁੱਖ?

ਰੁੱਖ

ਸੋਹਣੇ ਸ਼ਹਿਰ ਚੰਡੀਗੜ੍ਹ ਵਿੱਚ ਰੁੱਖਾਂ ਤੇ ਫੁੱਲਾਂ ਦੀ ਬਹਾਰ ਹੈ। ਅੰਬੀਆਂ ਨੂੰ ਬੂਰ ਪਿਆ ਹੋਇਆ ਹੈ। ਅਮਲਤਾਸ ਜਿਵੇਂ ਸ਼ਗਨਾਂ ਦੀ ਹਲਦੀ ਨਾਲ ਲੱਦੇ ਪਏ ਹਨ।

ਚੰਡੀਗੜ੍ਹ ਤੋਂ ਸਰਬਜੀਤ ਸਿੰਘ ਧਾਲੀਵਾਲ ਨੇ ਅਜਿਹੇ ਕੁਝ ਨਜ਼ਾਰੇ ਕੈਮਰੇ ਵਿੱਚ ਕੈਦ ਕਰਕੇ ਭੇਜੇ ਹਨ।

ਬੂਰ ਨਾਲ ਲੱਦੇ ਅੰਬਾਂ ਦੇ ਰੁੱਖਾਂ ਨੂੰ ਦੇਖ ਕੇ ਇੱਕ ਪੁਰਾਣਾ ਗੀਤ ਕਿਸ ਦੇ ਚੇਤੇ ਵਿੱਚ ਨਹੀਂ ਘੁੰਮੇਗਾਂ- ਅੰਬੀਆਂ ਨੂੰ ਲੱਗ ਗਿਆ ਬੂਰ ਨੀ ਰੁੱਤ ਹੈ ਮਿਲਾਪਾਂ ਵਾਲੀ ਚੰਨ ਮੇਰਾ ਦੂਰ ਨੀਂ...

ਸ਼ਿਵ ਕੁਮਾਰ ਬਟਾਲਵੀ ਦੀ ਰੁੱਖਾਂ ਬਾਰੇ ਕਵਿਤਾ ਇਨ੍ਹਾਂ ਤਸਵੀਰਾਂ ਨੂੰ ਸਜੀਵ ਕਰ ਦਿੰਦੀ ਹੈ-

ਕੁਝ ਰੁੱਖ ਮੈਨੂੰ ਪੁੱਤ ਲਗਦੇ ਨੇ

ਕੁਝ ਰੁੱਖ ਲਗਦੇ ਮਾਵਾਂ

ਕੁਝ ਰੁੱਖ ਨੂੰਹਾਂ ਧੀਆਂ ਲੱਗਦੇ

ਕੁਝ ਰੁੱਖ ਵਾਂਗ ਭਰਾਵਾਂ

ਕੁਝ ਰੁੱਖ ਮੇਰੇ ਬਾਬੇ ਵਾਕਣ

ਪੱਤਰ ਟਾਵਾਂ ਟਾਵਾਂ

ਕੁਝ ਰੁੱਖ ਮੇਰੀ ਦਾਦੀ ਵਰਗੇ

ਚੂਰੀ ਪਾਵਣ ਕਾਵਾਂ

ਕੁਝ ਰੁੱਖ ਯਾਰਾਂ ਵਰਗੇ ਲਗਦੇ

ਚੁੰਮਾਂ ਤੇ ਗਲ ਲਾਵਾਂ

ਇਕ ਮੇਰੀ ਮਹਿਬੂਬਾ ਵਾਕਣ

ਮਿੱਠਾ ਅਤੇ ਦੁਖਾਵਾਂ

ਕੁਝ ਰੁੱਖ ਮੇਰਾ ਦਿਲ ਕਰਦਾ ਏ

ਮੋਢੇ ਚੁੱਕ ਖਿਡਾਵਾਂ

ਕੁਝ ਰੁੱਖ ਮੇਰਾ ਦਿਲ ਕਰਦਾ ਏ

ਚੁੰਮਾਂ ਤੇ ਮਰ ਜਾਵਾਂ

ਕੁਝ ਰੁੱਖ ਜਦ ਵੀ ਰਲ ਕੇ ਝੂਮਣ

ਤੇਜ਼ ਵਗਣ ਜਦ ਵਾਵਾਂ

ਸਾਵੀ ਬੋਲੀ ਸਭ ਰੁੱਖਾਂ ਦੀ

ਦਿਲ ਕਰਦਾ ਲਿਖ ਜਾਵਾਂ

ਮੇਰਾ ਵੀ ਇਹ ਦਿਲ ਕਰਦਾ ਏ

ਰੁੱਖ ਦੀ ਜੂਨੇ ਆਵਾਂ

ਜੇ ਤੁਸਾਂ ਮੇਰਾ ਗੀਤ ਹੈ ਸੁਣਨਾ

ਮੈਂ ਰੁੱਖਾਂ ਵਿਚ ਗਾਵਾਂ

ਰੁੱਖ ਤਾਂ ਮੇਰੀ ਮਾਂ ਵਰਗੇ ਨੇ

ਜਿਉਂਣ ਰੁੱਖਾਂ ਦੀਆਂ ਛਾਵਾਂ ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)