ਪ੍ਰੈੱਸ ਰਿਵੀਊ: ਐੱਸਜੀਪੀਸੀ ਨੇ ਫ਼ਿਲਮ 'ਨਾਨਕ ਸ਼ਾਹ ਫਕੀਰ' ਦੇ ਪ੍ਰੋਡਿਊਸਰ ਨੂੰ ਕੀਤਾ ਤਲਬ

Activists of Sikh Nihangs - religious Sikh warriors - from the Jatha Neeliyan Faujan organization hold placards as they protest against the film 'Nanak Shah Fakir' outside the Golden temple in Amritsar on April 9, 2015. Image copyright Getty Images
ਫੋਟੋ ਕੈਪਸ਼ਨ 9 ਅਪ੍ਰੈਲ, 2015: ਫ਼ਿਲਮ 'ਨਾਨਕ ਸ਼ਾਹ ਫਕੀਰ' ਦੇ ਖਿਲਾਫ਼ ਦਰਬਾਰ ਸਾਹਿਬ ਦੇ ਬਾਹਰ ਮੁਜ਼ਾਹਰਾ ਕਰਦੇ ਨਿਹੰਗ।

ਹਿੰਦੁਸਤਾਨ ਟਾਈਮਜ਼ ਮੁਤਾਬਕ 13 ਅਪ੍ਰੈਲ ਨੂੰ ਰਿਲੀਜ਼ ਹੋਣ ਵਾਲੀ ਫ਼ਿਲਮ 'ਨਾਨਕ ਸ਼ਾਹ ਫਕੀਰ' ਸਬੰਧੀ ਬਣੀ ਨਵੀਂ ਸਬ-ਕਮੇਟੀ ਨੇ ਫ਼ਿਲਮ ਦੇ ਪ੍ਰੋਡਿਊਸਰ ਹਰਿੰਦਰ ਸਿੱਕਾ ਨੂੰ ਸ਼ਨੀਵਾਰ ਨੂੰ ਐੱਸਜੀਪੀ ਹੈੱਡਕਵਾਟਰ 'ਤੇ ਪੇਸ਼ ਹੋਣ ਲਈ ਕਿਹਾ ਹੈ।

ਸਿੱਕਾ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਐੱਸਜੀਪੀ ਦਾ ਪੱਤਰ ਮਿਲ ਗਿਆ ਹੈ ਪਰ ਉਹ ਫ਼ਿਲਮ ਦੇ ਪ੍ਰਮੋਸ਼ਨ ਵਿੱਚ ਵਿਅਸਤ ਹਨ ਤੇ ਮੀਟਿੰਗ ਵਿੱਚ ਸ਼ਾਮਿਲ ਨਹੀਂ ਹੋ ਸਕਦੇ।

ਉਨ੍ਹਾਂ ਕਿਹਾ, "ਐੱਸਜੀਪੀਸੀ ਵੱਲੋਂ ਫ਼ਿਲਮ ਨੂੰ ਦਿੱਤੇ ਕਲੀਅਰੰਸ ਨੂੰ ਵਾਪਸ ਲੈਣ ਕਾਰਨ ਇਸ ਦੀ ਭਰੋਸੇਯੋਗਤਾ 'ਤੇ ਹੀ ਸਵਾਲ ਉੱਠਣਗੇ। ਭਵਿੱਖ ਵਿੱਚ ਕੋਈ ਵੀ ਇਨ੍ਹਾਂ 'ਤੇ ਭਰੋਸਾ ਨਹੀਂ ਕਰੇਗਾ।"

ਦਿ ਟ੍ਰਿਬਿਊਨ ਮੁਤਾਬਕ ਪੰਜਾਬ 'ਚ ਨਸ਼ਿਆਂ ਦੇ ਵਪਾਰ ਸਬੰਧੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਸੁਣਵਾਈ ਦੌਰਾਨ ਡੀਜੀਪੀ ਰੈਂਕ ਦੇ ਅਫ਼ਸਰ ਸਿਧਾਰਥ ਚਟੋਪਾਧਿਆਏ ਨੇ ਡੀਪੀਜੀ ਸੁਰੇਸ਼ ਅਰੋੜਾ ਅਤੇ ਡੀਜੀਪੀ (ਇੰਟੈਲੀਜੈਂਸ) ਦਿਨਕਰ ਗੁਪਤਾ ਨੂੰ ਕਟਹਿਰੇ ਵਿੱਚ ਖੜ੍ਹਾ ਕਰ ਦਿੱਤਾ ਹੈ।

ਸਿਧਾਰਥ ਚਟੋਪਾਧਿਆਏ ਹਾਈ ਕੋਰਟ ਦੇ ਹੁਕਮਾਂ 'ਤੇ ਨਸ਼ਿਆਂ ਸਬੰਧੀ ਜਾਂਚ ਕਰ ਰਹੀ ਐੱਸਆਈਟੀ ਦੀ ਅਗਵਾਈ ਕਰ ਰਹੇ ਹਨ।

ਉਨ੍ਹਾਂ ਇਲਜ਼ਾਮ ਲਾਇਆ ਕਿ ਇੰਦਰਪ੍ਰੀਤ ਸਿੰਘ ਚੱਢਾ ਖ਼ੁਦਕੁਸ਼ੀ ਕੇਸ ਵਿੱਚ ਉਨ੍ਹਾਂ ਨੂੰ 'ਝੂਠਾ ਫਸਾਇਆ' ਜਾ ਰਿਹਾ ਹੈ ਇਸ ਤੋਂ ਬਾਅਦ ਅਦਾਲਤ ਨੇ ਚਟੋਪਾਧਿਆਏ ਖ਼ਿਲਾਫ਼ ਜਾਂਚ ਉੱਤੇ ਰੋਕ ਲਾ ਦਿੱਤੀ।

Image copyright Getty Images

ਚਟੋਪਾਧਿਆਏ ਨੇ ਆਪਣੀ ਦਸ ਸਫ਼ਿਆਂ ਦੀ ਅਰਜ਼ੀ ਵਿੱਚ ਦਾਅਵਾ ਕੀਤਾ, ''ਕੇਸ ਵਿੱਚ ਸਿਖਰਲੇ ਅਫ਼ਸਰਾਂ ਦੀ ਇੰਸਪੈਕਟਰ ਇੰਦਰਜੀਤ ਸਿੰਘ ਤੇ ਮੋਗਾ ਦੇ ਐੱਸਐੱਸਪੀ ਰਾਜਜੀਤ ਸਿੰਘ ਨਾਲ ਮਿਲੀਭੁਗਤ ਦੀ ਪੁਸ਼ਟੀ ਲਈ ਕਈ ਅਹਿਮ ਤੱਥਾਂ 'ਤੇ ਸੰਕੇਤਾਂ ਦੀ ਜਾਂਚ ਕੀਤੀ ਜਾ ਰਹੀ ਹੈ ਜਿਨ੍ਹਾਂ ਵਿੱਚ ਇਕ ਡੀਜੀਪੀ ਦਾ ਬੇਨਾਮੀ ਘਰ ਵੀ ਸ਼ਾਮਲ ਹੈ।''

ਇਸ ਸਬੰਧੀ ਚਟੋਪਾਧਿਆਏ ਨੇ ਇਕ 'ਸੀਲਬੰਦ ਲਿਫ਼ਾਫ਼ੇ' ਵਿੱਚ ਅਦਾਲਤ ਨੂੰ ਛੇ ਹੋਰ ਦਸਤਾਵੇਜ਼ ਵੀ ਸੌਂਪੇ।

ਦਿ ਇੰਡੀਅਨ ਐਕਸਪ੍ਰੈੱਸ ਮੁਤਾਬਕ ਇੱਕ ਤਾਜ਼ਾ ਸਰਵੇਖਣ ਤੋਂ ਸਪਸ਼ਟ ਹੋਇਆ ਹੈ ਕਿ ਦਿੱਲੀ ਵਿੱਚ ਜਨਵਰੀ, 2016 ਨੂੰ ਸ਼ੁਰੂ ਕੀਤੇ ਗਏ ਓਡ-ਈਵਨ ਫਾਰਮੂਲੇ ਨਾਲ ਪ੍ਰਦੂਸ਼ਨ ਦੇ ਪੱਧਰ ਵਿੱਚ ਕੋਈ ਗਿਰਾਵਟ ਨਹੀਂ ਆਈ ਹੈ।

ਇਹ ਸਰਵੇਖਣ ਸਾਂਝੇ ਤੌਰ 'ਤੇ ਪੁਣੇ ਦੇ ਇੰਡੀਅਨ ਇੰਸਟੀਚਿਊਟ ਆਫ਼ ਟ੍ਰੋਪੀਕਲ ਮਿਟੀਰੀਓਲੋਜੀਕਲ, ਮੋਹਾਲੀ ਸਥਿਤ ਇੰਡੀਅਨ ਇੰਸਟੀਚਿਊਟ ਆਫ਼ ਸਾਈਂਸ, ਐਜੁਕੇਸ਼ਨ ਐਂਡ ਰਿਸਰਚ ਅਤੇ ਇੰਡੀਅਨ ਮਿਟੀਓਰਲਾਜੀਕਲ ਡਿਪਾਰਟਮੈਂਟ ਵੱਲੋਂ ਕੀਤਾ ਗਿਆ।

Image copyright Getty Images

ਇਸ ਯੋਜਨਾ ਦੌਰਾਨ ਅਤੇ ਬਾਅਦ ਵਿੱਚ ਹਵਾ ਦੇ 27 ਸੈਂਪਲ ਲਏ ਗਏ। ਸਾਹਮਣੇ ਆਇਆ ਕਿ ਵਾਹਨਾਂ ਵਿੱਚੋਂ ਨੁਕਸਾਨਦਾਇਕ ਗੈਸਾਂ ਮਿਥੇਨ ਅਤੇ ਕਾਰਬਨ ਡਾਇਆਕਸਾਈਡ ਸਣੇ 13 ਗੈਸਾਂ ਨਿਕਲਦੀਆਂ ਸਨ।

ਇਨ੍ਹਾਂ ਗੈਸਾਂ ਵਿੱਚ ਸਵੇਰੇ ਅਤੇ ਬਾਅਦ ਦੁਪਹਿਰ ਵਾਧਾ ਹੋ ਜਾਂਦਾ ਸੀ।

ਪਾਕਿਸਤਾਨ ਵਿੱਚ ਛਪਣ ਵਾਲੇ ਅਖ਼ਬਾਰ ਡਾਨ ਮੁਤਾਬਕ ਪਾਕਿਸਤਾਨ ਵਿੱਚ ਸਮਲਿੰਗੀਆਂ ਲਈ ਵੱਖ ਤੋਂ ਇੱਕ ਸਕੂਲ ਖੁੱਲ੍ਹਣ ਜਾ ਰਿਹਾ ਹੈ। ਇਹ ਸਕੂਲ ਲਾਹੌਰ ਵਿੱਚ 15 ਅਪ੍ਰੈਲ ਨੂੰ ਖੁੱਲ੍ਹੇਗਾ।

Image copyright Getty Images
ਫੋਟੋ ਕੈਪਸ਼ਨ ਸੰਕੇਤਿਕ ਤਸਵੀਰ

ਸਮਲਿੰਗੀਆਂ ਲਈ ਖੁੱਲ੍ਹਣ ਵਾਲਾ ਇਹ ਪਹਿਲਾ ਸਕੂਲ ਹੈ ਜਿਸ ਵਿੱਚ 12 ਸਾਲ ਦੀ ਪੂਰੀ ਅਕਾਦਮਿਕ ਸਿੱਖਿਆ ਦਿੱਤੀ ਜਾਵੇਗੀ ਜਿਸ ਵਿੱਚ ਪ੍ਰਾਈਮਿਰੀ ਤੋਂ ਲੈ ਕੇ ਦਸਵੀਂ ਤੱਕ ਅਤੇ ਫਿਰ ਕਾਲਜ ਤੱਕ ਪੜ੍ਹਾਈ ਕਰਵਾਈ ਜਾਵੇਗੀ।

ਸਕੂਲ ਵਿੱਚ ਫੈਸ਼ਨ ਡਿਜ਼ਾਈਨਿੰਗ, ਬਿਊਟੀਸ਼ਿਅਨ, ਹੇਅਰ ਸਟਾਈਲਿੰਗ, ਗ੍ਰਾਫ਼ਿਕ ਡਿਜ਼ਾਈਨਿੰਗ, ਕੰਪਿਊਟਰ, ਮੋਬਾਈਲ ਰਿਪੇਅਰਿੰਗ ਅਤੇ ਹੋਰ ਕਈ ਤਰ੍ਹਾਂ ਦੇ ਕੋਰਸ ਦਿੱਤੇ ਜਾ ਰਹੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)