#BBCShe : ਮੀਡੀਆ 'ਚ ਕਿਉਂ ਹਨ ਕੁੜੀਆਂ 'ਘੱਟ ਗਿਣਤੀ'?

  • ਦਿਵਿਆ ਆਰਿਆ
  • ਬੀਬੀਸੀ ਪੱਤਰਕਾਰ, ਜਲੰਧਰ
ਬੀਬੀਸੀ ਸ਼ੀ ਜਲੰਧਰ ਵਿੱਚ

ਜਲੰਧਰ ਸ਼ਹਿਰ ਭਾਵੇਂ ਛੋਟਾ ਹੈ ਪਰ ਇੱਥੇ ਦੀਆਂ ਕੁੜੀਆਂ ਦੇ ਸੁਫਨੇ ਵੱਡੇ ਹਨ। ਬੀਬੀਸੀ ਸ਼ੀ ਲਈ ਅਸੀਂ ਇਨ੍ਹਾਂ ਕੁੜੀਆਂ ਨੂੰ ਮਿਲੇ ਜੋ ਦੋਆਬਾ ਕਾਲਜ ਵਿੱਚ ਪੱਤਰਕਾਰਿਤਾ ਦੀ ਪੜ੍ਹਾਈ ਕਰ ਰਹੀਆਂ ਹਨ।

ਉਮਰ 22-23 ਸਾਲ ਹੈ ਪਰ ਮੁੱਦਿਆਂ ਦੀ ਡੂੰਘੀ ਸਮਝ ਹੈ। ਜਾਣਨਾ ਚਾਹੁੰਦੀਆਂ ਹਨ ਕਿ ਇੱਕ ਆਮ ਇਨਸਾਨ ਕੱਟੜਪੰਥੀ ਕਿਉਂ ਬਣਨਾ ਚਾਹੁੰਦਾ ਹੈ ਜਾਂ ਮੁਕਦਮੇ ਦੌਰਾਨ ਜੇਲ੍ਹ 'ਚ ਬੰਦ ਮੁਜਰਮ ਦੀ ਕੀ ਕਹਾਣੀ ਹੁੰਦੀ ਹੈ?

ਪੜ੍ਹਾਈ ਦੇ ਨਾਲ - ਨਾਲ ਨੌਕਰੀ ਕਰ ਰਹੀਆਂ ਇਨ੍ਹਾਂ ਕੁੜੀਆਂ ਮੁਤਾਬਕ ਇਨ੍ਹਾਂ ਨੂੰ ਸਿੱਖਿਆ ਅਤੇ ਔਰਤਾਂ ਦੇ ਭਲੇ ਵਾਲੀਆਂ ਕਹਾਣੀਆਂ ਹੀ ਕਰਨ ਦੀ ਇਜਾਜ਼ਤ ਮਿਲਦੀ ਹੈ।

ਇਹ ਹਿੰਦੀ ਅਤੇ ਪੰਜਾਬੀ ਦੇ ਅਖ਼ਬਾਰਾਂ ਅਤੇ ਵੈੱਬਸਾਈਟਸ ਵਿੱਚ ਕੰਮ ਕਰ ਰਹੀਆਂ ਹਨ।

''ਮੈਨੂੰ ਕਿਹਾ ਜਾਂਦਾ ਹੈ ਕਿ ਇਹ ਤੁਹਾਡੇ ਲਈ ਨਹੀਂ ਹੈ, ਇਹ ਰਹਿਣ ਦਿਓ ਅਤੇ ਕੋਈ ਪ੍ਰੈੱਸ ਰਿਲੀਜ਼ ਫੜਾ ਦਿੱਤੀ ਜਾਂਦੀ ਹੈ।''

ਜਲੰਧਰ ਵਿੱਚ ਕਈ ਮੀਡੀਆ ਕੰਪਨੀਆਂ ਦੇ ਦਫਤਰ ਹਨ। ਇਸ ਸ਼ਹਿਰ ਨੂੰ ਮੀਡੀਆ ਦਾ ਹੱਬ ਵੀ ਕਹਿੰਦੇ ਹਨ।

ਪਰ ਇਨ੍ਹਾਂ ਕੰਪਨੀਆਂ ਵਿੱਚ ਔਰਤਾਂ ਦੀ ਗਿਣਤੀ ਬਹੁਤ ਘੱਟ ਹੈ। ਕਿਤੇ ਸੌ ਲੋਕਾਂ ਦੀ ਟੀਮ ਵਿੱਚ ਦਸ ਤਾਂ ਕਿਤੇ ਸੱਠ ਲੋਕਾਂ ਦੀ ਟੀਮ ਵਿੱਚ ਚਾਰ ਔਰਤਾਂ ਹਨ।

ਉਨ੍ਹਾਂ ਨਾਲ ਗੱਲ ਕੀਤੀ ਤਾਂ ਪਤਾ ਲੱਗਿਆ ਕਿ ਕੁੜੀਆਂ ਦੀ ਸ਼ਿਕਾਇਤ ਕਾਫੀ ਹੱਦ ਤੱਕ ਸਹੀ ਹੈ।

ਜੁਰਮ, ਰਾਜਨੀਤੀ ਜਾਂ ਖੋਜੀ ਪੱਤਰਕਾਰਿਤਾ ਲਈ ਕਿਸੇ ਵੀ ਸਮੇਂ ਨਿਕਲਣਾ ਪੈਂਦਾ ਹੈ, ਵੱਖ - ਵੱਖ ਲੋਕਾਂ ਨੂੰ ਮਿਲਣਾ ਹੁੰਦਾ ਹੈ ਜਿਸਨੂੰ ਕੁੜੀਆਂ ਲਈ ਸਹੀ ਨਹੀਂ ਮੰਨਿਆ ਜਾਂਦਾ।

ਮੀਡੀਆ ਵਿੱਚ ਘੱਟ ਕੁੜੀਆਂ ਕਿਉਂ?

ਲੰਮੇ ਘੰਟਿਆਂ ਲਈ ਕੰਮ ਕਰਨਾ, ਉਹ ਵੀ ਘੱਟ ਤਨਖਾਹ 'ਤੇ ਕੰਮ ਕਰਨਾ ਪੈਂਦਾ ਹੈ। ਇਹ ਪਰਿਵਾਰਾਂ ਨੂੰ ਪਸੰਦ ਨਹੀਂ ਹੈ।

ਆਮ ਤੌਰ 'ਤੇ ਸੋਚ ਹੈ ਕਿ ਕੁੜੀਆਂ ਪੜ੍ਹਾਈ ਪੂਰੀ ਹੋਣ ਦੇ ਦੋ ਤਿੰਨ ਸਾਲਾਂ ਤੱਕ ਕੰਮ ਕਰਨਗੀਆਂ ਅਤੇ ਫੇਰ ਵਿਆਹ ਹੋ ਜਾਏਗਾ।

ਕੁੜੀਆਂ ਆਪਣੇ ਕਰੀਅਰ ਨੂੰ ਲੈ ਕੇ ਸੰਜੀਦਾ ਨਹੀਂ ਹਨ। ਇਹ ਬਸ ਸਿਰਫ ਇੱਕ ਸ਼ੌਂਕ ਹੈ ਜੋ ਉਹ ਪੂਰਾ ਕਰ ਕੇ ਅੱਗੇ ਵਧ ਜਾਣਗੀਆਂ।

ਇਸਲਈ ਕਈ ਸੰਪਾਦਕਾਂ ਦੀ ਨਜ਼ਰ ਵਿੱਚ ਵੱਡੀ ਜ਼ਿੰਮੇਵਾਰੀ ਦਾ ਕੰਮ ਮਰਦਾਂ ਨੂੰ ਦੇਣਾ ਹੀ ਬਿਹਤਰ ਹੈ ਪਰ ਅਜਿਹੀਆਂ ਗੱਲਾਂ ਤਾਂ 20 ਸਾਲ ਪਹਿਲਾਂ ਸੁਣਨ ਨੂੰ ਮਿਲਦੀਆਂ ਸਨ, ਕੀ ਹੁਣ ਵੀ ਕੁਝ ਨਹੀਂ ਬਦਲਿਆ ਹੈ?

ਵੱਡੇ ਸ਼ਹਿਰਾਂ ਵਿੱਚ ਜਾਂ ਅੰਗਰੇਜ਼ੀ ਭਾਸ਼ਾ ਵਿੱਚ ਕੰਮ ਕਰ ਰਹੀਆਂ ਮੀਡੀਆ ਕੰਪਨੀਆਂ ਦਾ ਮਾਹੌਲ ਬਹੁਤ ਵੱਖਰਾ ਹੈ। ਔਰਤਾਂ ਨੂੰ ਵਧ ਮੌਕੇ ਮਿਲਦੇ ਹਨ ਅਤੇ ਆਪਣੇ ਪਸੰਦ ਦੇ ਕੰਮ ਲਈ ਲੜ ਪੈਂਦੀਆਂ ਹਨ।

ਪਰ ਜਲੰਧਰ ਵਿੱਚ ਕੰਮ ਕਰ ਰਹੀਆਂ ਔਰਤ ਪੱਤਰਕਾਰਾਂ ਨੇ ਦੱਸਿਆ ਕਿ ਘੱਟ ਗਿਣਤੀ ਹੋਣ ਕਾਰਨ ਫੈਸਲੇ ਲੈਣ ਵਿੱਚ ਦਿੱਕਤ ਆਉਂਦੀ ਹੈ।

ਅਜਿਹਾ ਨਹੀਂ ਹੈ ਕਿ ਬਦਲਾਅ ਨਹੀਂ ਹੋਇਆ ਹੈ। 20 ਸਾਲ ਪਹਿਲਾਂ 100 ਲੋਕਾਂ ਦੇ ਨਿਊਜ਼ਰੂਮ ਵਿੱਚ ਇੱਕ ਦੋ ਔਰਤਾਂ ਸਨ, ਹੁਣ ਤਾਂ ਦਸ ਹਨ। ਪਰ ਇਹ ਅਜੇ ਵੀ ਬਹੁਤ ਘੱਟ ਹੈ।

ਜਲੰਧਰ ਦੀਆਂ ਸਾਰੀਆਂ ਯੂਨੀਵਰਸਿਟੀਆਂ ਵਿੱਚ ਪੱਤਰਕਾਰਿਤਾ ਪੜ੍ਹਾਈ ਜਾਂਦੀ ਹੈ। ਕਈ ਯੂਨੀਵਰਸਿਟੀਆਂ ਵਿੱਚ ਕੁੜੀਆਂ ਦੀ ਗਿਣਤੀ ਮੁੰਡਿਆਂ ਤੋਂ ਵੱਧ ਹੈ।

ਪਰ ਪੜ੍ਹਾਈ ਪੂਰੀ ਹੋਣ ਤੋਂ ਬਾਅਦ ਨੌਕਰੀਆਂ ਵਿੱਚ ਅਜਿਹਾ ਵੇਖਣ ਨੂੰ ਨਹੀਂ ਮਿਲਦਾ।

ਇੱਕ ਕੁੜੀ ਨੇ ਸਾਨੂੰ ਦੱਸਿਆ, ''ਮਾਂ ਕਹਿੰਦੀ ਹੈ, ਇਹ ਕਿਹੋ ਜਿਹਾ ਕੰਮ ਹੈ, ਧੁੱਪ 'ਚ ਭਟਕਦੇ ਹੋ, ਪੈਸੇ ਵੀ ਨਹੀਂ ਮਿਲਦੇ, ਇਸ ਤੋਂ ਵਧੀਆ ਤਾਂ ਟੀਚਰ ਦੀ ਨੌਕਰੀ ਹੁੰਦੀ ਹੈ, ਤੁਹਾਡੇ ਨਾਲ ਵਿਆਹ ਕੌਣ ਕਰੇਗਾ?''

ਇਨ੍ਹਾਂ ਵਿਦਿਆਰਥਣਾਂ ਨੂੰ ਮਾਪਿਆਂ ਦੀ ਸੋਚ ਤੋਂ ਇੰਨੀ ਪ੍ਰੇਸ਼ਾਨੀ ਨਹੀਂ ਜਿੰਨੀ ਮੀਡੀਆ ਦੇ 'ਰੂੜੀਵਾਦੀ' ਵਰਤਾਰੇ ਤੋਂ ਹੈ।

ਉਨ੍ਹਾਂ ਦੱਸਿਆ, ''ਪੱਤਰਕਾਰਾਂ ਬਾਰੇ ਇੰਨਾ ਸੁਣਿਆ ਸੀ ਕਿ ਉਹ ਖੁੱਲ੍ਹੀ ਸੋਚ ਵਾਲੇ, ਦੁਨੀਆਂ ਤੋਂ ਵੱਖ ਚੱਲਣ ਵਾਲੇ ਲੋਕ ਹੁੰਦੇ ਹਨ, ਪਰ ਅਜਿਹਾ ਨਹੀਂ ਹੈ।''

ਵੀਡੀਓ ਕੈਪਸ਼ਨ,

#BBCShe: 'ਪੀਰੀਅਡਸ ਬਾਰੇ ਗੱਲ ਕਰਨ 'ਤੇ ਪਰਿਵਾਰ ਦਾ ਮਾਹੌਲ ਹੋਰ ਖੁੱਲ੍ਹ ਗਿਆ'

''ਔਰਤਾਂ ਦੇ ਮੁੱਦਿਆਂ 'ਤੇ ਆਵਾਜ਼ ਚੁੱਕਣ ਵਾਲੇ, ਲੇਖ ਲਿਖਣ ਵਾਲੇ, ਖੁਦ ਕੀ ਕਰ ਰਹੇ ਹਨ, ਉਨ੍ਹਾਂ ਨੂੰ ਸੋਚਣਾ ਚਾਹੀਦਾ ਹੈ।''

ਇਹ ਸੁਣ ਕੇ ਜਲੰਧਰ ਵਿੱਚ ਲੰਮੇ ਸਮੇਂ ਤੋਂ ਕੰਮ ਕਰ ਰਹੀ ਇੱਕ ਸੀਨੀਅਰ ਮਹਿਲਾ ਪੱਤਰਕਾਰ ਨੇ ਕਿਹਾ, ''ਖੁਦ ਵਿੱਚ ਵਿਸ਼ਵਾਸ ਹੋਣਾ ਬਹੁਤ ਜ਼ਰੂਰੀ ਹੈ। ਫੇਰ ਨਾ ਤੁਸੀਂ ਖੁਦ ਨੂੰ ਔਰਤ ਅਤੇ ਆਪਣੇ ਸੰਪਾਦਕ ਨੂੰ ਮਰਦ ਹੋਣ ਦੇ ਨਜ਼ਰੀਏ ਤੋਂ ਵੇਖੋਗੇ।''

''ਅਸੀਂ ਸੱਭ ਪੱਤਰਕਾਰ ਹਾਂ ਅਤੇ ਆਪਣੇ ਹੱਕਾਂ ਲਈ ਲੜਣਾ ਸਾਡੇ ਹੱਥਾਂ ਵਿੱਚ ਹੈ।''

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)