ਗ੍ਰਾਊਂਡ ਰਿਪੋਰਟ꞉ ਮੇਰਠ 'ਚ 'ਦਲਿਤਾਂ ਦੀ ਹਿੱਟ ਲਿਸਟ' ਦੀ ਸਚਾਈ

  • ਪ੍ਰਸ਼ਾਂਤ ਚਾਵਲਾ
  • ਬੀਬੀਸੀ ਪੱਤਰਕਾਰ, ਸ਼ੋਭਾਪੁਰ ਪਿੰਡ (ਮੇਰਠ) ਤੋਂ
ਗੋਪੀ ਪਾਰਿਆ

ਤਸਵੀਰ ਸਰੋਤ, PRASHANT PARIYA

ਤਸਵੀਰ ਕੈਪਸ਼ਨ,

ਗੋਪੀ ਪਾਰਿਆ ਦੇ ਮਾਪਿਆਂ ਨਾਲ ਹਮਦਰਦ ਪ੍ਰਗਟਾਉਣ ਵਾਲਿਆਂ ਵਿੱਚੋਂ ਹਰ ਦੂਸਰਾ ਬੰਦਾ ਇਹ ਕਹਿੰਦਾ ਹੈ ਕਿ ਸਮਾਜ ਦੇ ਕੰਮ ਆਉਣ ਵਾਲੇ ਅਜਿਹੇ ਬੱਚੇ ਘੱਟ ਹੁੰਦੇ ਹਨ।

ਯੂਪੀ ਦੇ ਮੇਰਠ ਵਿੱਚ ਇੱਕ ਅਖੌਤੀ ਹਿੱਟ ਲਿਸਟ ਜਾਰੀ ਹੋਣ ਮਗਰੋਂ ਕਤਲ ਹੋਏ ਗੋਪੀ ਦੀਆਂ ਅਸਥੀਆਂ ਗੰਗਾ ਵਿੱਚ ਪ੍ਰਵਾਹ ਦਿੱਤੀਆਂ ਗਈਆਂ ਹਨ।

ਖ਼ਬਰਾਂ ਮੁਤਾਬਕ ਇਹ ਸੂਚੀ ਭਾਰਤ ਬੰਦ ਵਿੱਚ ਅੱਗੇ ਹੋ ਕੇ ਕੰਮ ਕਰਨ ਵਾਲੇ ਦਿਲਤ ਨੌਜਵਾਨਾਂ ਨੂੰ ਸਜ਼ਾ ਦੇਣ ਲਈ ਬਣਾਈ ਗਈ ਹੈ।

ਗੋਪੀ ਪਾਰਿਆ ਨੂੰ ਪਿੰਡ ਦੇ ਗੁਜੱਰਾਂ ਨੇ ਬੁੱਧਵਾਰ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ।

ਕੌਮੀ ਮਾਰਗ 58 ਤੇ ਮੇਰਠ ਵਿਕਾਸ ਕਾਰਪੋਸਰੇਸ਼ਨ ਦੇ ਇਲਾਕੇ ਵਿੱਚ ਪੈਂਦੇ ਸ਼ੋਭਾਪੁਰ ਕਹਿਣ ਨੂੰ ਤਾਂ ਦਲਿਤ ਬਹੁਗਿਣਤੀ ਵਾਲਾ ਪਿੰਡ ਹੈ ਪਰ ਕਤਲ ਪਿੱਛੋਂ ਇਸ ਪਿੰਡ ਦੇ ਦਲਿਤਾਂ ਵਿੱਚ ਗੁੱਸੇ ਨਾਲੋਂ ਵੱਧ ਡਰ ਹੈ।

ਹੁਣ ਕੁਝ ਪਿਛਲ ਝਾਤ ਪਾਈਏ

ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਇਹ ਪੁਰਾਣੀ ਦੁਸ਼ਮਣੀ ਦਾ ਮਾਮਲਾ ਹੈ। ਗੋਪੀ ਨੇ ਤਿੰਨ ਸਾਲ ਪਹਿਲਾਂ ਗੁੱਜਰਾਂ ਦੇ ਮਨੋਜ ਅਤੇ ਗੁਲਵੀਰ ਗੁੱਜਰ ਨੂੰ ਹੋਲੀ ਵਾਲੇ ਦਿਨ ਸਿਰ ਵਿੱਚ ਸੱਟ ਮਾਰੀ ਸੀ।

ਹਾਲਾਂਕਿ ਇਸ ਮਾਮਲੇ ਵਿੱਚ ਪੰਚਾਇਤ ਦੇ ਦਖਲ ਕਰਕੇ ਕੋਈ ਕੇਸ ਤਾਂ ਦਰਜ ਨਹੀਂ ਹੋਇਆ ਪਰ ਇਹ ਇਸ ਕਤਲ ਦੀ ਇੱਕ ਵਜ੍ਹਾ ਹੋ ਸਕਦਾ ਹੈ।

ਪਿੰਡ ਵਾਲਿਆਂ ਦਾ ਮੰਨਣਾ ਹੈ ਕਿ ਲੜਾਈਆਂ ਤਾਂ ਹੁੰਦੀਆਂ ਰਹਿੰਦੀਆਂ ਹਨ ਪਰ ਇਸ ਕੇਸ ਵਿੱਚ ਉਨ੍ਹਾਂ ਨੂੰ "ਜਾਤੀ ਆਧਾਰਿਤ ਹਿੰਸਾ" ਨਜ਼ਰ ਨਹੀਂ ਆਉਂਦੀ।

ਫਿਲਹਾਲ ਪਿੰਡ ਵਿੱਚ ਦਲਿਤਾਂ ਦੇ ਮੁਹੱਲੇ ਵੱਲ ਜਾਣ ਵਾਲੇ ਸਾਰੇ ਰਾਹਾਂ 'ਤੇ ਪੁਲਿਸ ਬੈਠੀ ਹੈ।

ਜਦੋਂ ਇੱਕ ਨੌਜਵਾਨ ਨੂੰ ਪੁੱਛਿਆ ਕਿ ਕੀ ਇਹ ਦਲਿਤਾਂ ਦੀ ਰਾਖੀ ਲਈ ਹਨ ਤਾਂ ਉਸ ਨੇ ਕਿਹਾ, "ਦਲਿਤਾਂ ਵਿੱਚ ਗੁੱਸਾ ਹੈ ਉਹ ਸਵਰਣਾਂ ਤੇ ਹਮਲਾ ਨਾ ਕਰ ਦੇਣ ਇਹ ਇਸ ਲਈ ਬੈਠੇ ਹਨ। ਇਹ ਸਾਡੀ ਨਹੀਂ ਉਨ੍ਹਾਂ ਦੀ ਰਾਖੀ ਕਰ ਰਹੇ ਹਨ।"

ਭਾਰਤ ਬੰਦ ਵਾਲੇ ਦਿਨ ਕੀ ਹੋਇਆ

ਸੋਮਵਾਰ 2 ਅਪ੍ਰੈਲ ਵਾਲੇ ਦਿਨ ਦਲਿਤਾਂ ਨੇ ਭਾਰਤ ਬੰਦ ਦਾ ਸੱਦਾ ਦਿੱਤਾ ਸੀ। ਉਸ ਦਿਨ ਪੁਲਿਸ ਮੁਤਾਬਕ, ਪਿੰਡ ਦੇ 25-30 ਲੜਕੇ ਸ਼ਾਹ ਰਾਹ 58 'ਤੇ ਪ੍ਰਦਰਸ਼ਨ ਕਰ ਰਹੇ ਸਨ।

ਗੋਪੀ ਤੇ ਉਨ੍ਹਾਂ ਦੇ ਪਿਤਾ ਤਾਰਾਚੰਦ ਬੀਐਸਪੀ ਦੇ ਸਰਗਰਮ ਕਾਰਜਕਰਤਾ ਰਹੇ ਹਨ। ਤਾਰਾ ਚੰਦ ਦੋ ਵਾਰ ਪਾਰਟੀ ਦੀ ਟਿਕਟ 'ਤੇ ਪਾਰਸ਼ਦ ਰਹਿ ਚੁੱਕੇ ਹਨ।

ਉਨ੍ਹਾਂ ਮੁਤਾਬਕ, "ਪ੍ਰਦਰਸ਼ਨ ਸ਼ਾਂਤਮਈ ਚੱਲ ਰਿਹਾ ਸੀ ਤੇ ਪੁਲਿਸ ਨੇ ਜਾਤੀ ਸੂਚਕ ਸ਼ਬਦਾਂ ਦੀ ਵਰਤੋਂ ਕਰਕੇ ਲਾਠੀ ਚਾਰਜ ਕਰ ਦਿੱਤਾ।"

ਇਸ ਮਗਰੋਂ ਭੜਕੀ ਹਿੰਸਾ ਵਿੱਚ ਇੱਕ ਬੱਸ ਨੂੰ ਅੱਗ ਲਾ ਦਿੱਤੀ ਗਈ, ਕੁਝ ਗੱਡੀਆਂ ਦੀ ਭੰਨ-ਤੋੜ ਕੀਤੀ ਗਈ ਤੇ ਦੁਕਾਨਾਂ 'ਤੇ ਹਮਲਾ ਕੀਤਾ ਗਿਆ।

ਦਲਿਤਾਂ ਮੁਤਾਬਕ ਹਿੰਸਾ ਭੜਕਾਉਣ ਵਾਲੇ ਬਾਹਰ ਦੇ ਵਿਅਕਤੀ ਸਨ ਜਦ ਕਿ ਪੁਲਿਸ ਮੁਤਾਬਕ ਉਹ ਲੋਕ ਪਿੰਡ ਦੇ ਹੀ ਸਨ।

ਸਵਰਨਾਂ ਦਾ ਕਹਿਣਾ ਹੈ, ਜਦੋਂ ਹਿੰਸਾ ਸ਼ੁਰੂ ਹੋਈ ਤਾਂ ਹੱਥਿਆਰਾਂ ਪੱਥਰਾਂ ਨਾਲ ਦਲਿਤਾਂ ਨੂੰ ਰੋਕਿਆ ਕਿਉਂਕਿ ਉਨ੍ਹਾਂ ਦੀ ਸੰਪਤੀ ਦਾ ਨੁਕਸਾਨ ਹੋ ਰਿਹਾ ਸੀ।

ਤਸਵੀਰ ਕੈਪਸ਼ਨ,

ਗੋਪੀ ਦੇ ਕਤਲ ਦੇ ਮੁੱਖ ਮੁਜਰਮ ਮਨੋਜ ਗੁੱਜਰ ਦੇ ਵੱਡੇ ਭਾਈ ਓਮਵੀਰ ਸਿੰਘ ਗੁੱਜਰ

ਗੋਪੀ ਦੇ ਕਤਲ ਦੇ ਮੁੱਖ ਮੁਜਰਮ ਮਨੋਜ ਗੁੱਜਰ ਦੇ ਵੱਡੇ ਭਾਈ ਓਮਵੀਰ ਸਿੰਘ ਗੁੱਜਰ ਨੇ ਕੁਝ ਦੁਕਾਨਦਾਰਾਂ ਦਾ ਨਾਮ ਲੈ ਕੇ ਦੱਸਿਆ ਕਿ ਉਨ੍ਹਾਂ ਦੀਆਂ ਦੁਕਾਨਾਂ ਦਲਿਤਾਂ ਨੇ ਲੁੱਟੀਆਂ ਤੇ ਔਰਤਾਂ ਦੀ ਬੇਪੱਤੀ ਕੀਤੀ। ਇਸ ਲਈ ਉਨ੍ਹਾਂ ਨੂੰ ਰੋਕਣਾ ਜਰੂਰੀ ਸੀ।

ਇਸ ਮਗਰੋਂ ਲਿਸਟ ਬਣੀ

ਕਤਲ ਦੇ ਇੱਕ ਹੋਰ ਮੁਜਰਮ ਅਤੇ ਓਮਵੀਰ ਸਿੰਘ ਗੁੱਜਰ ਨੇ ਦੱਸਿਆ ਕਿ ਬੰਦ ਵਾਲੀ ਰਾਤ, ਦਿਨ ਵਿੱਚ ਹੋਏ ਨੁਕਸਾਨ ਦਾ ਅੰਦਾਜਾ ਲਾਇਆ ਗਿਆ।

ਪਿੁੰਡ ਦੇ ਮੰਦਿਰ ਕੋਲ ਪਿੰਡ ਦੇ ਬਾਣੀਏ, ਗੁੱਜਰਾਂ ਅਤੇ ਬ੍ਰਾਹਮਣਾਂ ਨੇ ਬੈਠਕ ਕਰ ਕੇ ਚਸ਼ਮਦੀਦਾਂ ਦੇ ਬਿਆਨਾਂ ਦੇ ਆਧਾਰ 'ਤੇ ਸ਼ੱਕੀ ਨੌਜਵਾਨਾਂ ਦੀ ਲਿਸਟ ਬਣਾਈ।

ਉਨ੍ਹਾਂ ਮੁਤਾਬਕ ਦਲਿਤਾਂ ਤੇ ਕੁਝ ਮੁਸਲਮਾਨਾਂ ਦੇ ਨਾਵਾਂ ਵਾਲੀ ਇਹ ਲਿਸਟ ਪੁਲਿਸ ਨੂੰ ਦਿੱਤੀ ਜਾਣੀ ਸੀ।

ਤਸਵੀਰ ਕੈਪਸ਼ਨ,

ਗੋਪੀ ਦੇ ਕਤਲ ਗੇ ਮੁਜਰਮ ਕਪਿਲ ਦੇ ਵੱਡੇ ਭਰਾ

ਉਸ ਤੋਂ ਪਹਿਲਾਂ ਇਹ ਵਾਟਸਐੱਪ ਰਾਹੀਂ ਦਲਿਤਾਂ ਕੋਲ ਪਹੁੰਚ ਗਈ।

ਇੱਕ ਬਜ਼ੁਰਗ ਨੇ ਦੱਸਿਆ ਕਿ ਤਿੰਨ ਤਰੀਕ ਦੀ ਰਾਤ ਤੱਕ ਇਹ ਲਿਸਟ ਉਨ੍ਹਾਂ ਦੇ ਬੱਚਿਆਂ ਕੋਲ ਪਹੁੰਚ ਚੁੱਕੀ ਸੀ।

ਸਾਰਿਆਂ ਨੇ ਸੋਚਿਆ ਇਹ ਲਿਸਟ ਪੁਲਿਸ ਦੀ ਹੈ ਸੋ ਇਸ ਵਿੱਚ ਜਿਨ੍ਹਾਂ ਲੜਕਿਆਂ ਦੇ ਨਾਮ ਸਨ ਉਹ ਫਰਾਰ ਹੋ ਗਏ।

ਦਲਿਤਾਂ ਦੀ ਹੀ ਲਿਸਟ ਕਿਉਂ ਬਣੀ?

ਦਿਲਚਸਪ ਗੱਲ ਹੈ ਕਿ ਸ਼ੋਭਾਪੁਰ ਦੇ ਦਸ ਕਿਲੋਮੀਟਰ ਦੇ ਘੇਰੇ ਵਿੱਚ ਹੋਰ ਦਲਿਤ ਬਹੁਸੰਖਿਆ ਵਾਲੇ ਪਿੰਡਾਂ ਵਿੱਚ ਵੀ ਇਹੋ-ਜਿਹੀਆਂ ਲਿਸਟਾਂ ਸੋਸ਼ਲ ਮੀਡੀਆ 'ਤੇ ਘੁੰਮ ਰਹੀਆਂ ਹਨ।

ਨਾਲ ਲਗਦੇ ਕਈ ਪਿੰਡਾਂ ਵਿੱਚ ਪੁਲਿਸ ਛਾਪੇਮਾਰੀ ਕਰ ਰਹੀ ਹੈ ਤੇ ਦਲਿਤ ਨੌਜਵਾਨ ਫਰਾਰ ਹਨ।

ਤਸਵੀਰ ਕੈਪਸ਼ਨ,

ਗੋਪੀ ਪਾਰਿਆ ਦੇ ਭਰਾ ਪ੍ਰਸ਼ਾਂਤ ਪਾਰਿਆ ਨੇ ਦੱਸਿਆ ਕਿ ਜੇ ਦਲਿਤ ਜਵਾਨ ਫੜ੍ਹੇ ਗਏ ਤਾਂ ਉਨ੍ਹਾਂ ਦੀ ਸੁਣਵਾਈ ਨਹੀਂ ਹੋਵੇਗੀ

ਮੇਰਠ ਦੀ ਐਸਐਸਪੀ ਮੰਜ਼ਿਲ ਸੋਨੀ ਇਹ ਸਾਫ ਕਰ ਚੁੱਕੇ ਹਨ ਕਿ ਅਜਿਹੀ ਕਿਸੇ ਲਿਸਟ ਨਾਲ ਪੁਲਿਸ ਦਾ ਕੋਈ ਲੈਣਾ-ਦੇਣਾ ਨਹੀਂ ਹੈ। ਇੱਕ ਹੋਰ ਗੱਲ ਇਹ ਹੈ ਕਿ ਐਫਆਈਆਰ ਅਤੇ ਲਿਸਟਾਂ ਵਿਚਲੇ ਨਾਮ ਮੇਲ ਖਾ ਰਹੇ ਹਨ।

ਇਸੇ ਕਰਕੇ ਦਲਿਤ ਪੁਲਿਸ ਵਾਲਿਆਂ 'ਤੇ ਸਵਰਨਾਂ ਦੀ ਸ਼ਹਿ 'ਤੇ ਕੰਮ ਕਰਨ ਦੇ ਇਲਜ਼ਾਮ ਲਾ ਰਹੇ ਹਨ।

ਗੋਪੀ ਪਾਰਿਆ ਦੇ ਭਰਾ ਨੇ ਪੁਲਿਸ ਵਾਲਿਆਂ ਦੀ ਕਿਸੇ ਹਵਾਲਾਤੀ ਦੀ ਕੁੱਟਮਾਰ ਕਰਦਿਆਂ ਦੀ ਇੱਕ ਵੀਡੀਓ ਦਿਖਾਈ। ਉਨ੍ਹਾਂ ਕਿਹਾ, "ਜੇ ਸਿਰਫ਼ ਨਾਮ ਆਉਣ ਕਰਕੇ ਸਾਨੂੰ ਲੈ ਗਏ ਤਾਂ ਬਹੁਤ ਕੁੱਟਣਗੇ। ਸਾਡੀ ਕੋਈ ਸੁਣਵਾਈ ਨਹੀਂ ਹੋਣੀ। ਇਸੇ ਡਰ ਕਰਕੇ ਬਹੁਤ ਸਾਰੇ ਲੜਕੇ ਫਰਾਰ ਹਨ।"

ਗੋਪੀ ਦਾ ਕਤਲ ਕਿਵੇਂ ਹੋਇਆ?

ਘਰ ਵਾਲਿਆਂ ਮੁਤਾਬਕ, ਗੋਪੀ 4 ਅਪ੍ਰੈਲ ਨੂੰ ਕੱਪੜੇ ਬਦਲਣ ਬਾਹਰ ਗਏ। ਮੁਜਰਮ ਕਪਿਲ ਦੇ ਪਿਤਾ ਨੇ ਦੱਸਿਆ ਕਿ ਗੋਪੀ ਨੇ ਉਨ੍ਹਾਂ ਦੇ ਬੇਟੇ ਨੂੰ ਕਿਹਾ ਸੀ ਕਿ ਉਹ ਪੁਲਿਸ ਨੂੰ ਗਵਾਹੀ ਨਾ ਦੇਵੇ ਜਿਸ ਕਰਕੇ ਦਲਿਤਾਂ ਦੀਆਂ ਦਿੱਕਤਾਂ ਵੱਧ ਸਕਦੀਆਂ ਹਨ।

ਤਸਵੀਰ ਕੈਪਸ਼ਨ,

ਮਾਂ ਦਾ ਕਹਿਣਾ ਹੈ ਕਿ ਹਸਪਤਾਲ ਵਿੱਚ ਗੋਪੀ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਮੈਂ ਠੀਕ ਹੋ ਜਾਵਾਂਗਾ।

ਗੋਪੀ ਦੇ ਪਿਤਾ ਮੁਤਾਬਕ ਪਿੰਡ ਦਾ ਕੋਈ ਸੁਨੀਲ ਨਾਮ ਦਾ ਲੜਕਾ ਉਸ ਨੂੰ ਮਨੋਜ ਗੁੱਜਰ ਨਾਲ ਗੱਲਬਾਤ ਕਰਨ ਬਾਰੇ ਕਹਿ ਕੇ ਲੈ ਗਿਆ।

ਕੋਈ ਸਵਾ ਚਾਰ ਵਜੇ ਸ਼ਾਮ ਪਿੰਡ ਵਿੱਚ ਛੇ ਗੋਲੀਆਂ ਦੀ ਆਵਾਜ਼ ਸੁਣਾਈ ਦਿੱਤੀ। ਪਿੰਡ ਦੇ ਮੰਦਿਰ ਦੇ ਸਾਹਮਣੇ ਗੋਪੀ ਨੂੰ ਗੋਲੀਆਂ ਮਾਰੀਆਂ ਗਈਆ।

ਉਹ ਕੁਝ ਦੂਰ ਗਿਆ ਪਰ ਫੇਰ ਡਿੱਗ ਗਿਆ ਤੇ ਹਸਪਤਾਲ ਜਾ ਕੇ ਉਸਦੀ ਮੌਤ ਹੋ ਗਈ।

ਇਸ ਤੋਂ ਪਹਿਲਾਂ ਗੁੱਜਰ ਤੇ ਦਲਿਤ ਸਮਾਜ ਇਕੱਠੇ ਸਨ ਪਰ 4 ਅਪ੍ਰੈਲ ਮਗਰੋਂ ਸਾਰੇ ਸਿਆਸੀ ਤੇ ਸਮਾਜਿਕ ਸਮੀਕਰਨ ਬਦਲ ਗਏ ਹਨ।

ਕੌਣ ਸਨ ਗੋਪੀ?

ਗੋਪੀ ਕਾਰੀਗਰਾਂ ਦੇ ਮੁੱਹਲੇ ਵਿੱਚ ਰਹਿੰਦੇ ਸਨ। ਇੱਥੋਂ ਦੇ ਕੁਝ ਲੋਕ ਵਪਾਰ ਵੀ ਕਰਦੇ ਸਨ। ਗੋਪੀ ਨੇ ਮੇਰਠ ਵਿੱਚ ਬੈਡਮਿੰਟਨ ਦੀ ਬੁਣਾਈ ਦਾ ਕੰਮ ਫੜਿਆ ਹੋਇਆ ਸੀ।

ਤਸਵੀਰ ਸਰੋਤ, PRASHANT PARIYA

ਦਲਿਤ ਸਮਾਜ ਵਿੱਚ ਗੋਪੀ ਦਾ ਅਕਸ ਬਹੁਤ ਵਧੀਆ ਦੱਸਿਆ ਜਾਂਦਾ ਹੈ। ਗੁੱਜਰਾਂ ਦੇ ਮੁੱਹਲੇ ਵਿੱਚ ਇਹ ਕੁਝ ਸੁਣਨ ਨੂੰ ਮਿਲਿਆ, "ਬਦਤਮੀਜ਼ੀ 'ਤੇ ਉੱਤਰਿਆ ਹੋਇਆ ਸੀ ਇਹ ਲੜਕਾ", "ਸਿੰਗਾਂ 'ਤੇ ਮਿੱਟੀ ਚੱਕੀ ਹੋਈ ਸੀ ਉਸਨੇ ਤਾਂ ਮਰਨਾ ਹੀ ਸੀ", "ਸਾਡਾ ਨਹੀਂ ਤਾਂ ਕਿਸੇ ਹੋਰ ਦਾ ਲੜਕਾ ਉਸਨੂੰ ਮਾਰ ਦਿੰਦਾ।"

ਗੋਪੀ ਦੀ ਮੌਤ ਮਗਰੋਂ....

ਗੋਪੀ ਦੇ ਵਿਆਹ ਨੂੰ 5 ਸਾਲ ਹੋ ਚੁੱਕੇ ਸਨ। ਉਨ੍ਹਾਂ ਦੇ ਤਿੰਨ ਬੱਚੇ ਹਨ। ਦੋ ਬੇਟੇ ਇੱਕ ਬੇਟੀ।

ਉਨ੍ਹਾਂ ਦੀ ਮਾਂ ਦਾ ਰੋ-ਰੋ ਕੇ ਬੁਰਾ ਹਾਲ ਹੈ।

ਚਾਰ ਸ਼ੱਕੀ ਮਨੋਜ ਗੁੱਜਰ, ਕਪਿਲ ਰਾਣਾ, ਗਿਰਧਾਰੀ ਅਤੇ ਆਸ਼ੀਸ਼ ਗੁੱਜਰ ਗਿਰਫ਼ਤਾਰ ਹੋ ਚੁੱਕੇ ਹਨ। ਗੋਪੀ ਦੇ ਪਿਤਾ ਇਨ੍ਹਾਂ ਸਾਰਿਆਂ ਨੂੰ ਫ਼ਾਂਸੀ ਦਵਾਉਣਾ ਚਾਹੁੰਦੇ ਹਨ।

ਪੁਲਿਸ ਦੇ ਜਾਂਚ ਅਫ਼ਸਰ ਪੰਕਜ ਕੁਮਾਰ ਸਿੰਘ ਇਸ ਕੇਸ ਵਿੱਚ ਜਲਦੀ ਦੋਸ਼ ਸੂਚੀ ਦਾਖਲ ਕਰਨ ਦੀ ਗੱਲ ਕਰ ਰਹੇ ਹਨ।

ਦਲਿਤ ਸਮਾਜ ਦੇ ਲੋਕ ਕਹਿ ਰਹੇ ਹਨ ਕਿ ਉਹ ਇਸ ਬਾਰ ਬਾਬਾ ਸਾਹਿਬ ਦਾ ਜਨਮ ਦਿਨ ਨਹੀਂ ਮਨਾਉਣਗੇ। ਦਲਿਤ ਨੌਜਵਾਨ ਸੋਸ਼ਲ ਮੀਡੀਆ ਤੇ ਲਿਖ ਰਹੇ ਹਨ ਕਿ ਉਨ੍ਹਾਂ ਨੇ "ਗੋਪੀ ਨਹੀਂ ਸਗੋਂ ਆਪਣਾ ਚਿਹਰਾ ਖੋਇਆ ਹੈ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)