'ਮਨੂ ਦਾ ਨਾਂ ਝਾਂਸੀ ਦੀ ਰਾਣੀ ਦੇ ਨਾਂ 'ਤੇ ਰੱਖਿਆ'

  • ਸੱਤ ਸਿੰਘ
  • ਬੀਬੀਸੀ ਪੰਜਾਬੀ ਲਈ
ਮਨੂ ਤੇ ਉਸ ਦੀ ਮਾਂ ਸੁਮੇਧਾ ਭਾਕਰ

ਤਸਵੀਰ ਸਰੋਤ, SAT SINGH/BBC

ਜਦੋਂ ਹਰਿਆਣਾ ਦੀ ਕੁੜੀ ਮਨੂ ਭਾਕਰ ਆਸਟਰੇਲੀਆ ਦੇ ਗੋਲਡ ਕੋਸਟ ਵਿੱਚ ਸ਼ੂਟਿੰਗ 'ਚ ਗੋਲਡ ਮੈਡਲ ਜਿੱਤ ਰਹੀ ਸੀ, ਉਦੋਂ 10,375 ਕਿਲੋਮੀਟਰ ਦੂਰ ਉਸਦੀ ਮਾਂ ਆਪਣੀ ਧੀ ਦੀ ਰਾਸ਼ਟਰਮੰਡਲ ਖੇਡਾਂ ਵਿੱਚ ਪਹਿਲੇ ਮੁਕਾਬਲੇ ਲਈ ਧਿਆਨ ਵਿੱਚ ਬੈਠੀ ਸੀ।

ਸੁਮੇਧਾ ਭਾਕਰ ਆਪਣੇ ਪਤੀ ਨਾਲ ਮਿਲ ਕੇ ਝੱਜਰ ਜ਼ਿਲੇ ਦੇ ਪਿੰਡ ਗੋਰੀਆ ਵਿੱਚ ਇੱਕ ਪ੍ਰਾਈਵੇਟ ਸਕੂਲ ਚਲਾਉਂਦੀ ਹੈ। ਉਨ੍ਹਾਂ ਨੇ ਪਤੀ ਮਰਚੈਂਟ ਨੇਵੀ ਤੋਂ ਰਿਟਾਇਰਡ ਹਨ।

ਮਨੂ ਉਨ੍ਹਾਂ ਦੀ ਦੂਜੀ ਸੰਤਾਨ ਹੈ। ਪਹਿਲਾ ਉਸ ਦਾ ਭਰਾ ਨਿਖਿਲ ਭਾਕਰ ਵਿਦਿਆਰਥੀ ਹੈ ਅਤੇ ਮਨੂ ਤੋਂ ਵੱਡਾ ਹੈ।

ਤਸਵੀਰ ਸਰੋਤ, Getty Images/Sat singh/bbc

ਸੁਮੇਧਾ ਨੇ ਕਿਹਾ, ''2002 ਵਿੱਚ ਜਦੋਂ ਮਨੂ ਪੈਦਾ ਹੋਈ ਤਾਂ ਮੇਰੀ ਸੰਸਕ੍ਰਿਤ ਦੀ ਪ੍ਰੀਖਿਆ ਸੀ। ਸੋਮਵਾਰ ਸਵੇਰੇ 4.20 ਵਜੇ 'ਤੇ ਉਹ ਪੈਦਾ ਹੋਈ ਅਤੇ ਮੇਰਾ ਉਸੇ ਦਿਨ 10 ਵਜੇ ਪੇਪਰ ਸੀ।

ਡਾਕਟਰ ਪੇਪਰ ਲਈ ਜਾਣ ਦੀ ਇਜਾਜ਼ਤ ਨਹੀਂ ਦੇ ਰਿਹਾ ਸੀ। ਉਨ੍ਹਾਂ ਦੀ ਭੈਣ ਨੇ ਬੜੀ ਮੁਸ਼ਕਲ ਨਾਲ ਡਾਕਟਰ ਅਤੇ ਪ੍ਰੀਖਿਆ ਲੈਣ ਵਾਲੇ ਸੁਪਰਵਾਈਜ਼ਰ ਨੂੰ ਮਨਾਇਆ।

ਉਨ੍ਹਾਂ ਕਿਹਾ, ''ਮੇਰੀਆਂ ਅੱਖਾਂ ਸਾਹਮਣੇ ਮੇਰੀ ਭੈਣ ਨੇ ਪ੍ਰੀਖਿਆ ਲੈਣ ਵਾਲੇ ਅਧਿਕਾਰੀ ਦੇ ਪੈਰ ਫੜੇ। ਉਹ ਮੈਨੂੰ ਇਸ ਹਾਲਤ ਵਿੱਚ ਵੇਖ ਕੇ ਹੈਰਾਨ ਸੀ।''

ਤਸਵੀਰ ਸਰੋਤ, SAT SINGH/BBC

ਸੁਮੇਧਾ ਨੇ ਆਪਣੀ ਧੀ ਨੂੰ ਘਰ ਦੀ ਸ਼ਾਨ ਦੱਸਿਆ। ਉਨ੍ਹਾਂ ਮੁਤਾਬਕ ਮਨੂ ਨੇ ਪੈਦਾ ਹੋਣ ਵੇਲੇ ਤੋਂ ਹੀ ਉਨ੍ਹਾਂ ਨੂੰ ਕਦੇ ਵੀ ਨਿਰਾਸ਼ ਨਹੀਂ ਕੀਤਾ।

ਉਨ੍ਹਾਂ ਦੱਸਿਆ ਕਿ ਪ੍ਰੀਖਿਆ ਦੇਣ ਤੱਕ, ਮਨੂ ਖੁੱਲ੍ਹ ਕੇ ਰੋਈ ਵੀ ਨਹੀਂ। ਉਹ ਹੁਣ ਪਰਿਵਾਰਕ ਸਕੂਲ ਦੀ ਪ੍ਰਿੰਸੀਪਲ ਵੀ ਹਨ।

ਉਨ੍ਹਾਂ ਆਪਣੀ ਧੀ ਦਾ ਨਾਂ ਮਨੂ ਇਸ ਲਈ ਰੱਖਿਆ ਕਿਉਂਕਿ ਉਸ ਨੂੰ ਵੇਖ ਕੇ ਉਹ ਰਾਣੀ ਝਾਂਸੀ ਨੂੰ ਯਾਦ ਕਰਨਾ ਚਾਹੁੰਦੀ ਸੀ।

ਤਸਵੀਰ ਸਰੋਤ, Sat Singh/BBC

ਉਨ੍ਹਾਂ ਕਿਹਾ, ''ਮੈਨੂੰ ਆਪਣੀ ਸਹੀ ਥਾਂ ਕਦੇ ਨਹੀਂ ਮਿਲੀ ਜੋ ਅਕਸਰ ਹਰਿਆਣਾ ਵਿੱਚ ਔਰਤਾਂ ਨਾਲ ਹੁੰਦਾ ਹੈ। ਛੇਤੀ ਵਿਆਹ ਹੋ ਗਿਆ ਪਰ ਆਪਣੀ ਐੱਮਐੱਡ/ਬੀਐੱਡ ਪੂਰੀ ਕੀਤੀ ਇਹ ਸਾਬਤ ਕਰਨ ਲਈ ਕਿ ਔਰਤਾਂ ਕਿਸੇ ਤੋਂ ਘੱਟ ਨਹੀਂ ਹਨ।''

''ਮੈਂ ਢੀਠ ਸੀ ਅਤੇ ਪਰਿਵਾਰ ਦੇ ਅੰਦਰ ਅਤੇ ਬਾਹਰ ਉਨ੍ਹਾਂ ਨਾਲ ਲੜੀ ਜਿਨ੍ਹਾਂ ਨੇ ਮੇਰਾ ਰਾਹ ਰੋਕਿਆ।''

ਅਕਾਦਮਿਕ ਪਿਛੋਕੜ

ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਧੀ ਇਸ ਸੰਘਰਸ਼ ਅਤੇ ਅਨੁਸ਼ਾਸਨ ਤੋਂ ਪ੍ਰੇਰਿਤ ਸੀ।

ਵੀਡੀਓ ਕੈਪਸ਼ਨ,

ਮਨੂ ਭਾਕਰ: ‘ਲੋਕ ਸਿਰਫ਼ ਮੈਡਲ ਦੇਖਦੇ ਨੇ ਪ੍ਰਦਰਸ਼ਨ ਨਹੀਂ’ (ਵੀਡੀਓ ਫਰਵਰੀ 2021 ਦਾ ਹੈ)

ਉਨ੍ਹਾਂ ਦੱਸਿਆ, ''ਮੈਂ ਮਨੂ ਨਾਲ ਗੱਲ ਕਰ ਕੇ ਸ਼ਾਬਾਸ਼ੀ ਦਿੱਤੀ ਕਿ ਉਸ ਨੇ ਹੋਰ ਕੁੜੀਆਂ ਲਈ ਪੜ੍ਹਾਈ ਅਤੇ ਖੇਡਾਂ ਵਿੱਚ ਰਾਹ ਪੱਧਰਾ ਕਰ ਦਿੱਤਾ ਹੈ।''

ਪਿੰਡ ਗੋਰੀਆ ਝੱਜਰ ਅਤੇ ਰੇਵਾੜੀ ਪਿੰਡ ਦੀ ਸਰਹੱਦ 'ਤੇ ਪੈਂਦਾ ਹੈ। ਰਾਜਸਥਾਨ ਤੋਂ 80 ਕਿਲੋਮੀਟਰ ਦੂਰ ਇਸ ਪਿੰਡ ਵਿੱਚ ਜਾਟਾਂ ਅਤੇ ਅਹੀਰਾਂ ਦੀ ਗਿਣਤੀ ਵੱਧ ਹੈ।

ਪਿੰਡ ਵਿੱਚ ਕਰੀਬ 3500 ਵੋਟਾਂ ਹਨ ਅਤੇ ਪਿੰਡ ਦੀ ਮਹਿਲਾ ਸਰਪੰਚ ਦਲਿਤ ਭਾਈਚਾਰੇ ਨਾਲਸਬੰਧਤ ਨੀਰਜ ਦੇਵੀ ਹਨ।

ਮਨੂ ਦੇ ਦਾਦਾ ਮਰਹੂਮ ਸੂਬੇਦਾਰ ਰਾਜਕਰਨ ਭਾਰਤੀ ਫੌਜ ਵਿੱਚ ਸਨ ਅਤੇ ਕੁਸ਼ਤੀ ਵਿੱਚ ਕਈ ਖੂਬੀਆਂ ਲਈ ਜਾਣੇ ਜਾਂਦੇ ਸਨ।

ਮਨੂ ਦੇ ਪਿਤਾ ਰਾਮ ਕਿਸ਼ਨ ਭਾਕਰ ਨੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਅਕਾਦਮਿਕ ਨਾਲ ਜੁੜਿਆ ਹੋਇਆ ਤੋਂ ਹੈ।

ਤਸਵੀਰ ਸਰੋਤ, SAT SINGH/BBC

ਉਨ੍ਹਾਂ ਕਿਹਾ, ''ਅਸੀਂ ਪੰਜ ਭਰਾ ਅਤੇ ਇੱਕ ਭੈਣ ਹੈ। ਸਾਰੇ ਹੀ ਪੜ੍ਹੇ ਲਿਖੇ ਅਤੇ ਆਪਣੀ ਖੁਦ ਦੀ ਅਕਾਦਮਿਕ ਸੰਸਥਾ ਚਲਾਉਂਦੇ ਹਾਂ। ਪਿੰਡ ਵਾਲੇ ਸਾਨੂੰ ਪੜ੍ਹਾਈ ਲਈ ਜਾਣਦੇ ਸਨ ਪਰ ਮਨੂ ਨੇ ਰਾਸ਼ਟਰਮੰਡਲ ਖੇਡਾਂ ਵਿੱਚ ਗੋਲਡ ਮੈਡਲ ਜਿੱਤ ਕੇ ਇਹ ਬਦਲ ਦਿੱਤਾ।''

ਰਾਮ ਕਿਸ਼ਨ ਨੇ ਦੱਸਿਆ ਕਿ ਮਨੂ ਡਾਕਟਰ ਬਣਨਾ ਚਾਹੁੰਦੀ ਸੀ। ਉਹ ਟੈਨਿਸ ਅਤੇ ਤਾਏ ਕੁਵਾਂਡੋ ਖੇਡਦੀ ਸੀ ਪਰ ਦੋ ਸਾਲ ਪਹਿਲਾਂ ਉਸ ਨੇ ਅਚਾਨਕ ਪਿਸਟਲ ਚੁੱਕੀ ਅਤੇ ਕਦੇ ਪਿੱਛੇ ਮੁੜ ਕੇ ਨਹੀਂ ਵੇਖਿਆ।

ਉਨ੍ਹਾਂ ਕਿਹਾ ਕਿ ਇੱਕ ਵਾਰ ਉਸਨੇ 10/10 ਦਾ ਟਾਰਗੇਟ ਪੂਰਾ ਕੀਤਾ ਸੀ। ਉਸ ਸਮੇਂ ਦੂਜੇ ਖਿਡਾਰੀ ਅਤੇ ਉਸਦੇ ਕੋਚ ਹੈਰਾਨ ਰਹਿ ਗਏ ਸਨ।

ਮਨੂ ਬਣੀ ਪ੍ਰੇਰਣਾ

ਰਾਮ ਕਿਸ਼ਨ ਨੇ ਦੱਸਿਆ ਕਿ ਉਹ ਖੁਸ਼ਕਿਸਮਤ ਹਨ ਕਿ ਉਨ੍ਹਾਂ ਦੇ ਆਪਣੇ ਹੀ ਸਕੂਲ ਵਿੱਚ ਸ਼ੂਟਿੰਗ ਰੇਂਜ ਹੈ। ਇਸ ਤੋਂ ਇਲਾਵਾ 100 ਕਿਲੋਮੀਟਰ ਤੱਕ ਇਹ ਸਹੂਲਤ ਉਪਲਬਧ ਨਹੀਂ ਹੈ।

ਉਹ ਇਸ ਜਿੱਤ ਤੋਂ ਬੇਹੱਦ ਖੁਸ਼ ਹਨ ਪਰ ਇੱਕ ਦਿਨ ਮਨੂ ਨੂੰ ਓਲੰਪਿਕ ਵਿੱਚ ਮੈਡਲ ਜਿੱਤਦੇ ਹੋਏ ਵੀ ਵੇਖਣਾ ਚਾਹੁੰਦੇ ਹਨ।

ਭਾਕਰ ਪਰਿਵਾਰ ਦਾ ਅੰਗਰੇਜ਼ੀ ਮੀਡੀਅਮ ਸਕੂਲ ਪਿੰਡ ਅਤੇ ਨੇੜਲੇ ਪਿੰਡਾਂ ਦੇ 200 ਵਿਦਿਆਰਥੀਆਂ ਲਈ ਪਸੰਦੀਦਾ ਥਾਂ ਬਣਾ ਚੁੱਕਾ ਹੈ। ਇੱਥੇ ਸ਼ੂਟਿੰਗ, ਤੀਰਅੰਦਾਜ਼ੀ, ਕਬੱਡੀ ਅਤੇ ਮੁੱਕੇਬਾਜ਼ੀ ਵਰਗੀਆਂ ਖੇਡਾਂ ਸਿਖਲਾਈ ਦਿੱਤੀ ਜਾਂਦੀ ਹੈ।

ਤਸਵੀਰ ਸਰੋਤ, SAT SINGH/BBC

ਗੋਰੀਆ ਪਿੰਡ ਪਹੁੰਚਣ ਲਈ ਰਾਹ ਵਿੱਚ ਕਈ ਟੋਏ ਹਨ। ਭੇਡ ਬੱਕਰੀਆਂ, ਗਾਊਆਂ ਵੀ ਰਾਹ ਵਿੱਚ ਮਿਲਦੀਆਂ ਹਨ।

ਪਿੰਡ ਦੀ ਐਂਟ੍ਰੀ 'ਤੇ ਗੋਬਰ ਅਤੇ ਮਿੱਟੀ ਦੇ ਢੇਰ ਲੱਗੇ ਹੋਏ ਹਨ।

ਮਨੂ ਦੀ ਜਿੱਤ ਦੇ ਜਸ਼ਨ ਦਾ ਰੌਲਾ ਘਰ ਤੋਂ ਥੋੜੀ ਦੂਰ ਤੱਕ ਵੀ ਸੁਣਾਈ ਦਿੰਦਾ ਹੈ।

ਧੁੱਪ ਵਿੱਚ ਵੀ ਔਰਤਾਂ ਘੁੰਡ ਕੱਢ ਕੇ ਪਾਣੀ ਲੈਣ ਲਈ ਸਿਰ 'ਤੇ ਘੜੇ ਚੁੱਕ ਕੇ ਖੜੀਆਂ ਨਜ਼ਰ ਆਉਂਦੀਆਂ ਹਨ।

ਮਹਿਲਾ ਸਰਪੰਚ ਨੀਰਜ ਦੇਵੀ ਦੇ ਪਤੀ ਸਤੀਸ਼ ਕੁਮਾਰ ਨੇ ਦੱਸਿਆ ਕਿ ਇਹ ਪਹਿਲੀ ਵਾਰ ਨਹੀਂ ਹੈ ਕਿ ਪਿੰਡ ਦਾ ਨਾਂ ਰੌਸ਼ਨ ਹੋਇਆ ਹੈ। ਪਹਿਲਾਂ ਵੀ ਇਸ ਪਿੰਡ ਨੇ ਕਈ ਆਈਏਐਸ ਅਤੇ ਆਰਮੀ ਅਫਸਰ ਬਣੇ ਹਨ।

ਇੱਕ ਕੁੜੀ ਸੁਨੈਨਾ ਭਾਕਰ ਹਾਲ ਹੀ ਵਿੱਚ ਲੈਫਟੀਨੈਂਟ ਬਣੀ ਸੀ। 2010 ਵਿੱਚ ਦੋ ਮੁੰਡੇ ਰਣਬੀਰ ਅਤੇ ਦੀਪਕ ਆਈਏਐਸ ਲਈ ਚੁਣੇ ਗਏ ਸਨ।

ਤਸਵੀਰ ਸਰੋਤ, SAT SINGH/BBC

ਮਨੂ ਭਾਕਰ ਦੀ ਹੀ ਕਲਾਸ ਵਿੱਚ ਪੜ੍ਹਣ ਵਾਲੀ ਯੁਕਤਾ ਭਾਕਰ ਨੇ ਨੈਸ਼ਨਲ ਸ਼ੂਟਿੰਗ ਚੈਂਪਿਅਨਸ਼ਿੱਪ ਵਿੱਚ ਗੋਲਡ ਜਿੱਤਿਆ ਸੀ।

ਉਨ੍ਹਾਂ ਦੱਸਿਆ ਕਿ ਪਿੰਡ ਦੇ ਹਰ ਘਰ ਵਿੱਚ ਇੱਕ ਮਨੂ ਭਾਕਰ ਹੈ ਅਤੇ ਉਸਦੀ ਕਾਮਯਾਬੀ ਤੋਂ ਬਾਅਦ ਹਰ ਕੋਈ ਉਸਨੂੰ ਪਿੰਡ ਦੀ ਸ਼ਾਨ ਦੀ ਵਜੋਂ ਵੇਖਦਾ ਹੈ ਅਤੇ ਉਸ ਦੇ ਵਾਂਗ ਬਣਨਾ ਚਾਹੁੰਦਾ ਹੈ।

ਰੋਜ਼ਾਨਾ 70 ਮੁੰਡੇ ਕੁੜੀਆਂ ਮਨੂ ਨਾਲ ਸ਼ੂਟਿੰਗ ਦਾ ਅਭਿਆਸ ਕਰਦੇ ਹਨ। 2011 ਦੇ ਅੰਕੜਿਆਂ ਦੀ ਗੱਲ ਕਰੀਏ ਤਾਂ ਝੱਜਰ 'ਚ 1000 ਦੇ ਬਦਲੇ 774 ਕੁੜੀਆਂ ਸਨ ਪਰ 2017 ਵਿੱਚ ਇਹ ਗਿਣਤੀ 920 ਹੋ ਗਈ ਹੈ।

ਪਿੰਡ 'ਚ ਪਾਣੀ ਦੀ ਸਮੱਸਿਆ

ਪਿੰਡ ਵਾਸੀ ਰਾਕੇਸ਼ ਕੁਮਾਰ ਨੇ ਬੀਬੀਸੀ ਨੂੰ ਦੱਸਿਆ ਕਿ ਉਨ੍ਹਾਂ ਆਪਣੀ ਜ਼ਮੀਨ ਇੰਦਰਾ ਗਾਂਧੀ ਸੁਪਰ ਥਰਮਲ ਪਾਵਰ ਪਲਾਂਟ ਨੂੰ 2008 ਵਿੱਚ ਦੇ ਦਿੱਤੀ ਸੀ।

ਪਿਛਲੀ ਕਾਂਗਰਸ ਸਰਕਾਰ ਨੇ ਉਨ੍ਹਾਂ ਨੂੰ 24 ਘੰਟੇ ਪਾਣੀ ਦੇਣ ਦਾ ਵਾਅਦਾ ਕੀਤਾ ਸੀ ਪਰ ਉਨ੍ਹਾਂ ਨੂੰ ਬਿਜਲੀ ਵੀ ਦਿਨ ਵਿੱਚ ਸਿਰਫ ਸੱਤ ਤੋਂ ਅੱਠ ਘੰਟੇ ਮਿਲਦੀ ਹੈ।

ਸਤੀਸ਼ ਕੁਮਾਰ ਨੇ ਦੱਸਿਆ ਕਿ ਪਿੰਡ ਝਾਂਡਲੀ ਵਿੱਚ ਪਾਵਰ ਪਲਾਂਟ ਤੋਂ ਬਾਅਦ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ 250 ਏਕੜ ਜ਼ਮੀਨ ਬੇਕਾਰ ਹੋ ਗਈ ਹੈ।

ਪਾਣੀ ਦੀ ਘਾਟ ਲਈ ਉਨ੍ਹਾਂ ਨੇ ਟਿਊਬਵੈੱਲ ਲਾਏ ਹਨ ਕਿਉਂਕਿ ਸਰਕਾਰ ਦੀ ਤਰਫੋਂ ਪਾਣੀ ਦੀ ਸਪਲਾਈ ਕਾਫੀ ਨਹੀਂ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)