ਪ੍ਰੈੱਸ ਰਿਵੀਊ: ਪੰਜਾਬੀ ਮੂਲ ਦੇ ਪ੍ਰੀਤਮ ਸਿੰਘ ਬਣੇ ਸਿੰਗਾਪੁਰ 'ਚ ਵਿਰੋਧੀ ਧਿਰ ਦੇ ਆਗੂ

ਪ੍ਰੀਤਮ ਸਿੰਘ Image copyright Getty Images

ਪੰਜਾਬੀ ਮੂਲ ਦੇ ਪ੍ਰੀਤਮ ਸਿੰਘ ਸਿੰਗਾਪੁਰ ਦੀ ਮੁੱਖ ਵਿਰੋਧੀ ਧਿਰ ਵਰਕਰ ਪਾਰਟੀ ਦੇ ਜਨਰਲ ਸਕੱਤਰ ਵਜੋਂ ਚੁਣੇ ਗਏ ਹਨ। ਪ੍ਰੀਤਮ ਸਿੰਘ ਨਿਰਵਿਰੋਧ ਹੀ ਇਸ ਅਹੁਦੇ ਲਈ ਚੁਣੇ ਗਏ ਹਨ।

ਦਿ ਹਿੰਦੁਸਤਾਨ ਟਾਈਮਜ਼ ਮੁਤਾਬਕ 41 ਸਾਲਾਂ ਵਕੀਲ ਪ੍ਰੀਤਮ ਸਿੰਘ ਨੇ ਤਜਰਬੇਕਾਰ ਪਾਰਲੀਮੈਂਟ ਮੈਂਬਰ ਲਾਏ ਥੀਆ ਖਿਆਂਗ ਕੋਲੋਂ ਅਹੁਦੇ ਦਾ ਕਾਰਜਭਾਰ ਸੰਭਾਲਿਆ।

ਪੇਸ਼ੇ ਤੋਂ ਵਕੀਲ ਪ੍ਰੀਤਮ ਸਿੰਘ ਮਈ 2011 ਵਿੱਚ ਸੰਸਦ ਲਈ ਚੁਣੇ ਗਏ ਸੀ। ਉਹ ਪਾਰਟੀ ਵਿੱਚ ਸਹਾਇਕ ਸਕੱਤਰ ਦੇ ਅਹੁਦੇ 'ਤੇ ਵੀ ਰਹੇ। ਪ੍ਰੀਤਮ ਇਸ ਤੋਂ ਇਲਾਵਾ ਨਗਰ ਕਾਊਂਸਲ ਦੇ ਚੇਅਰਮੈਨ ਵੀ ਰਹੇ ਹਨ।

Image copyright Getty Images

ਪੰਜਾਬ ਪੁਲਿਸ ਵਿੱਚ ਸ਼ਨੀਵਾਰ ਨੂੰ ਹੋਏ ਵੱਡੇ ਤਬਾਦਲਿਆਂ ਵਿੱਚੋਂ ਐਸਟੀਐਫ ਚੀਫ ਹਰਪ੍ਰੀਤ ਸਿੱਧੂ ਤੋਂ ਬਾਰਡਰ ਰੇਂਜ ਦੀ ਜ਼ਿੰਮੇਵਾਰੀ ਲੈ ਲਈ ਗਈ ਹੈ।

ਦੈਨਿਕ ਭਾਸਕਰ ਅਨੁਸਾਰ ਬੀਤੇ ਕੁਝ ਦਿਨਾਂ ਪਹਿਲਾਂ ਹਰਪ੍ਰੀਤ ਸਿੱਧੂ ਦੀ ਰਿਪੋਰਟਿੰਗ ਮੁੱਖ ਮੰਤਰੀ ਤੋਂ ਬਦਲ ਕੇ ਡੀਜੀਪੀ ਨੂੰ ਕਰ ਦਿੱਤੀ ਹੈ।

ਡਰੱਗਸ ਮਾਫੀਆ ਨਾਲ ਜੁੜੇ ਮਾਮਲਿਆਂ ਦੀ ਜਾਂਚ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਸਟੀਐਫ ਦਾ ਗਠਨ ਕੀਤਾ ਸੀ।

Image copyright Getty Images

ਸਰਕਾਰੀ ਅੰਕੜਿਆਂ ਅਨੁਸਾਰ ਭਵਿੱਖ ਵਿੱਚ ਭਾਰਤ ਵਿੱਚ ਦਿਲ ਸਬੰਧੀ ਬਿਮਾਰੀਆਂ ਦੇ ਮਾਹਿਰ ਡਾਕਟਰਾਂ ਦੀ ਘਾਟ ਵੱਡੇ ਪੱਧਰ 'ਤੇ ਹੋਣ ਵਾਲੀ ਹੈ।

ਦਿ ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ ਭਾਰਤ ਵਿੱਚ ਹਾਈਪਰਟੈਂਸ਼ਨ ਅਤੇ ਸ਼ੂਗਰ ਵਰਗੀਆਂ ਬਿਮਾਰੀਆਂ ਕਾਰਡੀਆਵਸਕੂਲਰ ਵਰਗੇ ਰੋਗਾਂ ਦੇ ਖਤਰੇ ਨੂੰ ਵਧਾ ਰਹੀਆਂ ਹਨ, ਜੋ ਕੇ ਇੱਕ ਦੁਨਿਆਵੀਂ ਪੱਧਰ 'ਤੇ ਚਿੰਤਾ ਦਾ ਵਿਸ਼ਾ ਬਣ ਰਿਹਾ ਹੈ।

ਬੀਤੇ ਸਾਲ ਹੋਏ ਦਾਖਲਿਆਂ ਤੋਂ ਬਾਅਦ ਵੀ ਵੱਖ-ਵੱਖ ਵਿਭਾਗਾਂ ਵਿੱਚ ਕਈ ਸੀਟਾਂ ਖਾਲ੍ਹੀ ਰਹੀਆਂ ਹਨ। ਮਾਹਿਰ ਇਸ ਪਿੱਛੇ ਮੈਡੀਕਲ ਕਾਲਜਾਂ ਵਿੱਚ ਚੰਗੇ ਢਾਂਚੇ ਤੇ ਫੈਕਲਟੀ ਨਾ ਹੋਣ ਨੂੰ ਵਜ੍ਹਾ ਮੰਨਦੇ ਹਨ।

Image copyright Getty Images

ਸੁਪਰੀਮ ਕੋਰਟ ਨੇ ਇੱਕ ਸੁਣਵਾਈ ਦੌਰਾਨ ਕਿਹਾ ਕਿ ਪਤਨੀ ਕੋਈ ਸੰਪਤੀ ਜਾਂ ਸ਼ੈਅ ਨਹੀਂ ਜਿਸ ਨੂੰ ਉਸ ਦੇ ਪਤੀ ਨਾਲ ਰਹਿਣ ਲਈ ਮਜਬੂਰ ਕੀਤਾ ਜਾ ਸਕੇ।

ਪੰਜਾਬੀ ਟ੍ਰਿਬਿਊਨ ਅਖ਼ਬਾਰ ਦੀ ਖ਼ਬਰ ਅਨੁਸਾਰ ਅਦਾਲਤ ਨੇ ਇੱਕ ਔਰਤ ਵੱਲੋਂ ਆਪਣੇ ਪਤੀ ਵੱਲੋਂ ਕੀਤੇ ਜਾ ਰਹੇ ਜ਼ੁਲਮਾਂ 'ਤੇ ਦੋਸ਼ ਹੇਠ ਦਰਜ ਇੱਕ ਫੌਜ਼ਦਾਰੀ ਕੇਸ ਦੀ ਸੁਣਵਾਈ ਕਰਦਿਆਂ ਇਹ ਖ਼ਿਆਲ ਜ਼ਾਹਿਰ ਕੀਤੇ।

ਜਸਟਿਸ ਮਦਨ ਬੀ ਲੋਕੁਰ ਅਤੇ ਦੀਪਕ ਗੁਪਤਾ ਦੀ ਬੈਂਚ ਨੇ ਸ਼ਕਾਇਤਕਰਤਾ ਔਰਤ 'ਤੇ ਪਤੀ ਨੂੰ ਕਿਹਾ ਕਿ ਉਹ ਕੋਈ ਚਲ ਸੰਪਤੀ ਨਹੀਂ ਹੈ ਅਤੇ ਤੁਸੀਂ ਉਸ ਨੂੰ ਨਾਲ ਰਹਿਣ ਲਈ ਮਜ਼ਬੂਰ ਨਹੀਂ ਕਰ ਸਕਦੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)