BBC SPECIAL: ਕੌਣ ਹੈ ਸਾਗਰਰਾਮ ਜਿਸ ਦੀ ਗਵਾਹੀ ਨਾਲ ਹੋਈ ਸਲਮਾਨ ਖ਼ਾਨ ਨੂੰ ਸਜ਼ਾ

ਸਲਮਾਨ ਖਾਨ Image copyright Getty Images

ਸਾਗਰਰਾਮ ਬਿਸ਼ਨੋਈ ਉਨ੍ਹਾਂ ਪਹਿਲੇ ਲੋਕਾਂ ਵਿੱਚੋਂ ਸਨ ਜਿਨ੍ਹਾਂ ਨੇ ਦੋ ਮਰੇ ਹੋਏ ਕਾਲੇ ਹਿਰਨਾਂ ਨੂੰ ਪੋਸਟਮਾਰਟਮ ਲਈ ਭੇਜਿਆ।

ਇਸ ਤੋਂ ਪਹਿਲਾਂ ਉਨ੍ਹਾਂ ਨੇ ਮੀਡੀਆ ਨਾਲ ਕਦੇ ਗੱਲ ਨਹੀਂ ਕੀਤੀ, ਬੀਬੀਸੀ ਦੇ ਸਰੋਤਾ ਰਹੇ ਸਾਗਰਰਾਮ ਨੇ ਇੱਕ ਵਿਸ਼ੇਸ਼ ਇੰਟਰਵਿਊ ਵਿੱਚ ਦੱਸਿਆ ਕਿ ਉਹ ਸਲਮਾਨ ਖਾਨ, ਸੈਫ਼ ਅਲੀ ਖਾਨ, ਨੀਲਮ, ਸੋਨਾਲੀ ਬੇਂਦਰੇ ਅਤੇ ਤਬੂ ਨੂੰ ਮੌਕਾ-ਏ-ਵਾਰਦਾਤ ਉੱਤੇ ਪਹਿਲੀ ਵਾਰ ਲੈ ਕੇ ਜਾਣ ਵਾਲੇ ਸਨ।

1998 ਵਿੱਚ ਫੌਰੈਸਟ ਗਾਰਡ ਰਹੇ ਸਾਗਰਰਾਮ ਬਿਸ਼ਨੋਈ 28 ਮਾਰਚ 2018 ਨੂੰ ਰਾਜਸਥਾਨ ਵਣ ਵਿਭਾਗ ਤੋਂ ਬਤੌਰ ਅਸਿਸਟੈਂਟ ਸਬ-ਇੰਸਪੈਕਟਰ ਦੇ ਅਹੁਦੇ ਤੋਂ ਸੇਵਾ ਮੁਕਤ ਹੋਏ ਸਨ। ਸਰਕਾਰੀ ਨੌਕਰੀ ਵਿੱਚ ਰਹਿੰਦੇ ਹੋਏ ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਨਹੀਂ ਕੀਤੀ ਸੀ।

ਕਾਲੇ ਹਿਰਨਾਂ ਦੇ ਸ਼ਿਕਾਰ ਮਾਮਲੇ ਵਿੱਚ ਕੁੱਲ ਪੰਜ ਸਰਕਾਰੀ ਗਵਾਹ ਸਨ ਅਤੇ ਸਾਗਰਰਾਮ ਬਿਸ਼ਨੋਈ ਗਵਾਹ ਨੰਬਰ 2 ਹਨ।

ਉਨ੍ਹਾਂ ਮੁਤਾਬਕ ਤਿੰਨ ਚਸ਼ਮਦੀਦਾਂ ਨੇ ਸਲਮਾਨ ਖ਼ਾਨ ਅਤੇ ਉਨ੍ਹਾਂ ਦੇ ਸਹਿਯੋਗੀ ਫਿਲਮੀ ਸਿਤਾਰਿਆਂ ਨੂੰ ਕਾਲੇ ਹਿਰਨ ਦਾ ਸ਼ਿਕਾਰ ਕਰਦੇ ਦੇਖਿਆ ਸੀ।

2 ਅਕਤੂਬਰ 1998 ਨੂੰ ਉਹ ਜੰਗਲੀ ਜੀਵ ਚੌਕੀ ਦੇ ਸਹਾਇਕ ਵਣਪਾਲ ਭੰਵਰ ਲਾਲ ਬਿਸ਼ਨੋਈ ਦੇ ਕੋਲ ਇਹ ਸ਼ਿਕਾਇਤ ਦਰਜ ਕਰਾਉਣ ਗਏ ਸਨ।

ਉਦੋਂ ਇੱਕ ਵਣ ਗਾਰਡ ਰਹੇ ਸਾਗਰਰਾਮ ਬਿਸ਼ਨੋਈ ਮੌਕੇ 'ਤੇ ਪਹੁੰਚੇ ਅਤੇ ਉਨ੍ਹਾਂ ਨੇ ਦੋ ਮਰੇ ਹੋਏ ਕਾਲੇ ਹਿਰਨਾਂ ਨੂੰ ਦਫ਼ਤਰ ਵਿੱਚ ਲਿਆ ਕੇ ਪੇਸ਼ ਕੀਤਾ।

ਉਦੋਂ ਇਹ ਤੈਅ ਕੀਤਾ ਗਿਆ ਕਿ ਕਾਲੇ ਹਿਰਨਾਂ ਦਾ ਪੋਸਟਮਾਰਟਮ ਜਰੂਰੀ ਹੈ, ਤੇ ਇਹ ਡਾਕਟਰ ਨੇਪਾਲੀਆ ਕੋਲ ਪਹੁੰਚਾਏ ਗਏ।

ਸਾਗਰਰਾਮ ਬਿਸ਼ਨੋਈ ਨੇ ਦੱਸਿਆ, "ਮੈਨੂੰ ਯਾਦ ਹੈ ਕਿ ਉਸ ਦਿਨ ਫੌਰੈਂਸਿਕ ਜਾਂਚ ਕਰਨ ਵਾਲੇ ਡਾਕਟਰ ਨੇਪਾਲੀਆ ਛੁੱਟੀ 'ਤੇ ਸੀ। ਸਾਡੇ ਵਿਭਾਗ ਦੇ ਪੋਸਟਮਾਰਟਮ ਕਰਨ ਵਾਲੇ ਵਿਅਕਤੀ ਦੀ ਮਦਦ ਨਾਲ ਉਨ੍ਹਾਂ ਨੇ ਹਿਰਨਾਂ ਦੀ ਜਾਂਚ ਕੀਤੀ ਅਤੇ ਕਿਹਾ ਕਿ ਦੋ ਦਿਨਾਂ ਵਿੱਚ ਰਿਪੋਰਟ ਦੇਣਗੇ ਪਰ ਰਿਪੋਰਟ ਕਈ ਦਿਨਾਂ ਤੱਕ ਨਹੀਂ ਆਈ। ਜਦੋਂ ਰਿਪੋਰਟ ਆਈ ਤਾਂ ਉਸ ਵਿੱਚ ਮੌਤ ਕੁਦਰਤੀ ਕਾਰਨਾਂ ਕਰਕੇ ਅਤੇ ਵਧ ਭੋਜਨ ਕਰਕੇ ਹੋਈ ਦੱਸੀ ਗਈ। ਇਹ ਗੱਲ ਸਾਨੂੰ ਹਜ਼ਮ ਨਹੀਂ ਹੋਈ।"

ਹਾਲ ਹੀ ਵਿੱਚ ਜਿਸ ਟ੍ਰਾਇਲ ਕੋਰਟ ਨੇ ਸਲਮਾਨ ਖ਼ਾਨ ਨੂੰ ਕਾਲੇ ਹਿਰਨ ਦੇ ਸ਼ਿਕਾਰ ਲਈ ਦੋਸ਼ੀ ਠਹਿਰਾਇਆ ਹੈ, ਇਸ ਨੇ ਆਪਣੇ ਆਦੇਸ਼ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਕਿਵੇਂ ਡਾਕਟਰ ਨੇਪਾਲੀਆ ਦੀ ਜਾਂਚ ਤੋਂ ਬਾਅਦ ਦੁਬਾਰਾ ਫੌਰੈਂਸਿਕ ਜਾਂਚ ਕਰਾਈ ਗਈ।

ਰਾਜਸਥਾਨ ਜੰਗਲਾਤ ਵਿਭਾਗ ਦੇ ਡਾਕਟਰ ਨੇਪਾਲੀਆ ਖ਼ਿਲਾਫ਼ ਗਲਤ ਰਿਪੋਰਟ ਦੇਣ ਦਾ ਇਲਜ਼ਾਮ ਲਾ ਕੇ ਐੱਫਆਈਆਰ ਵੀ ਦਰਜ ਕਰਵਾਈ ਗਈ ਸੀ।

ਸਾਗਰਰਾਮ ਬਿਸ਼ਨੋਈ ਨੇ ਅੱਗੇ ਦੱਸਿਆ, "ਸਾਫ਼ ਨਜ਼ਰ ਆ ਰਿਹਾ ਸੀ ਕਿ ਹਿਰਨਾਂ ਦੀ ਮੌਤ ਗੋਲੀ ਵੱਜਣ ਨਾਲ ਹੋਈ ਹੈ।"

ਉਨ੍ਹਾਂ ਨੇ ਇਹ ਵੀ ਦੱਸਿਆ ਕਿ ਅਕਤੂਬਰ 1998 ਵਿੱਚ ਜਦੋਂ ਦੂਜੀ ਫੌਰੈਂਸਿਕ ਰਿਪੋਰਟ ਆਈ ਤਾਂ ਇਹ ਕਿਹਾ ਗਿਆ ਕਿ ਕਾਲੇ ਹਿਰਨਾਂ ਦੀ ਮੌਤ ਗੋਲੀ ਵੱਜਣ ਨਾਲ ਹੋਈ ਸੀ, ਇਸ ਤੋਂ ਬਾਅਦ ਉਨ੍ਹਾਂ ਫਿਲਮੀ ਸਿਤਾਰਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।

ਗੌਰਤਲਬ ਹੈ ਕਿ ਅਦਾਲਤ ਦੇ ਹੁਕਮਾਂ ਵਿੱਚ ਇੱਸ ਗੱਲ ਦਾ ਸਾਫ ਜ਼ਿਕਰ ਹੈ ਕਿ ਸਲਮਾਨ ਖ਼ਾਨ ਨੇ ਹਿਰਨਾਂ ਦਾ ਸ਼ਿਕਾਰ ਬੰਦੂਕ ਨਾਲ ਕੀਤਾ ਸੀ।

ਸਾਗਰਰਾਮ ਬਿਸ਼ਨੋਈ ਨੇ ਦੱਸਿਆ, "ਅਸੀਂ ਇਨ੍ਹਾਂ ਪੰਜਾਂ ਨੂੰ ਮੌਕਾ ਏ ਵਾਰਦਾਤ 'ਤੇ ਲੈ ਗਏ ਸੀ ਅਤੇ ਉਸ ਰਾਤ ਸਲਮਾਨ, ਸੈਫ਼, ਨੀਲਮ, ਤਬੂ ਅਤੇ ਸੋਨਾਲੀ ਬੇਂਦਰੇ ਨੂੰ ਸਾਡੇ ਜੰਗਲਾਤ ਵਿਭਾਗ ਦੀ ਚੌਕੀ ਵਿੱਚ ਰੱਖਿਆ ਗਿਆ ਸੀ। ਮੈਂ ਉੱਥੇ ਹੀ ਸੀ ਪਰ ਚੌਕੀ ਦੇ ਅੰਦਰ ਜ਼ਿਲੇ ਦੇ ਵੱਡੇ ਅਧਿਕਾਰੀ ਹੀ ਮੌਜੂਦ ਸਨ। ਗੁੜਾ ਜੰਗਲਾਤ ਵਿਭਾਗ ਹੇਠ ਕਰੀਬ 32 ਪਿੰਡ ਆਉਂਦੇ ਹਨ, ਜਿਸ ਵਿੱਚ ਕਾਂਕਾਣੀ ਵੀ ਸ਼ਾਮਿਲ ਹੈ, ਜਿੱਥੇ ਹਿਰਨਾਂ ਨੂੰ ਮਾਰਿਆ ਗਿਆ ਸੀ।"

Image copyright Getty Images

ਮੈਂ ਸਾਗਰਰਾਮ ਬਿਸ਼ਨੋਈ ਨੂੰ ਪੁੱਛਿਆ, "ਸਲਮਾਨ ਅਤੇ ਦੂਜਿਆਂ ਦੇ ਖ਼ਿਲਾਫ਼ 20 ਸਾਲ ਇਹ ਮਾਮਲਾ ਬਿਸ਼ਨੋਈ ਸਮਾਜ ਹੀ ਲੜ ਰਿਹਾ ਹੈ। ਤੁਸੀਂ 'ਗਵਾਹ ਨੰਬਰ-2' ਵਾਲੇ ਸਰਕਾਰੀ ਗਵਾਹ ਹੋ, ਤੁਸੀਂ ਖ਼ੁਦ ਵੀ ਬਿਸ਼ਨੋਈ ਹੋ, ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਵੀ ਬਿਸ਼ਨੋਈ ਹੋ?"

ਸਾਗਰਰਾਮ ਨੇ ਮੁਸਕਰਾਉਂਦੇ ਹੋਏ ਜਵਾਬ ਦਿੱਤਾ, "ਅਰੇ, ਇਸ ਸਵਾਲ ਦਾ ਜਵਾਬ ਤਾਂ ਮੈਂ ਅਦਾਲਤ ਵਿੱਚ ਵੀ ਦੇ ਚੁੱਕਿਆ ਹਾਂ। ਸੁਣਵਾਈ ਦੌਰਾਨ ਸਲਮਾਨ ਦੇ ਵਕੀਲ ਹਸਤੀਮਨ ਸਾਰਸਵਤ ਨੇ ਵੀ ਕਿਹਾ ਕਿ ਸਰਕਾਰੀ ਗਵਾਹਾਂ ਵਿੱਚ ਤਾਂ ਵਧੇਰੇ ਬਿਸ਼ਨੋਈ ਹੀ ਹਨ। ਮੈਂ ਜਵਾਬ ਦਿੱਤਾ, ਬਿਸ਼ਨੋਈਆਂ ਦੇ ਇਲਾਕੇ ਵਿੱਚ ਫੌਰੈਸਟ ਗਾਰਡ ਅਤੇ ਸਰਕਾਰੀ ਨੌਕਰੀਆਂ 'ਚ ਬਿਸ਼ਨੋਈ ਨਹੀਂ ਮਿਲਣਗੇ ਤਾਂ ਕੌਣ ਮਿਲੇਗਾ?"

ਸਾਗਰਰਾਮ ਬਿਸ਼ਨੋਈ ਨੇ ਜਾਣ ਤੋਂ ਪਹਿਲਾਂ ਆਪਣੇ ਘਰ ਦੀ ਸਰਦਲ ਵਿੱਚ ਖੜੇ ਹੋ ਕੇ ਕਿਹਾ, "ਉਨ੍ਹਾਂ ਦਿਨਾਂ ਵਿੱਚ ਮੇਰੀ ਡਿਊਟੀ ਜੰਗਲੀ ਜੀਵ ਫਲਾਇੰਗ ਸਕੁਐਡ 'ਚ ਹੁੰਦੀ ਸੀ ਕਈ ਥਾਵਾਂ 'ਤੇ ਜਾ ਕੇ ਮੈਂ ਲੋਕਾਂ ਨਾਲ ਗੱਲ ਕੀਤੀ ਸੀ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਨ੍ਹਾਂ ਲੋਕਾਂ ਨੇ ਜੰਗਲ ਵਿੱਚ ਘੁੰਮ-ਘੁੰਮ ਕੇ ਸ਼ਿਕਾਰ ਕੀਤਾ ਸੀ।"

ਰਾਜਸਥਾਨ ਵਿੱਚ ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ਖ਼ਿਲਾਫ਼ ਜਾਨਵਰਾਂ ਦੀ ਹੱਤਿਆ ਕਰਨ ਦੇ ਚਾਰ ਮਾਮਲੇ ਦਰਜ ਹੋਏ ਸਨ, ਜਿਨ੍ਹਾਂ ਵਿਚੋਂ ਤਿੰਨ ਮਾਮਲਿਆਂ 'ਤੋਂ ਬਰੀ ਹੋ ਗਏ ਹਨ।

ਟ੍ਰਾਇਲ ਕੋਰਟ ਵਿੱਚ 5 ਸਾਲ ਦੀ ਸਜ਼ਾ ਮਿਲਣ ਤੋਂ ਬਾਅਦ ਸਲਮਾਨ ਨੂੰ ਦੋ ਦਿਨ ਜੇਲ੍ਹ ਵਿੱਚ ਰਹਿਣਾ ਪਿਆ ਅਤੇ ਉਸ ਤੋਂ ਬਾਅਦ ਸੈਸ਼ਨ ਕੋਰਟ ਤੋਂ ਜ਼ਮਾਨਤ ਮਿਲ ਗਈ।

ਮਾਮਲੇ ਦੀ ਅਗਲੀ ਸੁਣਵਾਈ ਮਈ ਦੇ ਪਹਿਲੇ ਹਫਤੇ ਵਿੱਚ ਮੁੜ ਤੋਂ ਸ਼ੁਰੂ ਹੋਵੇਗੀ।

ਸੈਫ਼ ਅਲੀ ਖ਼ਾਨ, ਤੱਬੂ, ਨੀਲਮ ਅਤੇ ਸੋਨਾਲੀ ਬੇਂਦਰੇ ਨੂੰ ਦੋ ਕਾਲੇ ਹਿਰਨਾਂ ਦੇ ਸ਼ਿਕਾਰ ਮਾਮਲੇ ਵਿੱਚ ਅਦਾਲਤ ਨੇ ਬੇਦੋਸ਼ ਕਰਾਰ ਦਿੱਤਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)