ਕੀ ਕਹਿੰਦੀਆਂ ਹਨ ਚੈਂਪੀਅਨ ਬਣੀ ਮਨੂ ਭਾਕਰ ਦੇ ਪਿੰਡ ਦੀਆਂ ਗਲੀਆਂ?

  • ਪ੍ਰਗਟ ਸਿੰਘ
  • ਬੀਬੀਸੀ ਪੰਜਾਬੀ ਲਈ
ਮਨੁ ਭਾਕਰ

ਤਸਵੀਰ ਸਰੋਤ, patrick hamilton/afp/Getty Images

"ਬੇਟਾ ਬਾਪ ਕਾ ਨਾਮ ਬਤਾਓ ਤਭੀ ਬਤਾ ਪਾਊਂਗੀ ਲੜਕੀ ਕਾ ਨਾਮ ਨਹੀਂ ਜਾਨਤੀ।"

ਪਿੰਡ ਗੋਰੀਆ ਵਿੱਚ ਇੱਕ ਔਰਤ ਤੋਂ ਮਨੂ ਭਾਕਰ ਦਾ ਘਰ ਪੁੱਛਣ ਉੱਤੇ ਇਹ ਜੁਆਬੀ ਸੁਆਲ ਸਾਹਮਣੇ ਆਇਆ। ਇਸ ਬੀਬੀ ਤੱਕ ਇਹ ਖ਼ਬਰ ਨਹੀਂ ਪਹੁੰਚੀ ਕਿ ਮਨੂ ਭਾਕਰ ਰਾਸ਼ਟਰਮੰਡਲ ਖੇਡਾਂ ਵਿੱਚ ਸੋਨੇ ਦਾ ਤਮਗਾ ਜਿੱਤੀ ਹੈ ਅਤੇ ਉਸ ਦਾ ਨਾਮ ਕੌਮਾਂਤਰੀ ਪੱਧਰ ਉੱਤੇ ਚੱਲ ਰਿਹਾ ਹੈ।

ਇੱਕ ਹੁੱਕੇ ਦੇ ਆਲੇ-ਦੁਆਲੇ ਵੱਖ-ਵੱਖ ਉਮਰ ਦੇ 10-12 ਬਜ਼ੁਰਗ ਬੈਠੇ ਹਨ। ਉਨ੍ਹਾਂ ਵਿਚਕਾਰ ਬੈਠੇ ਮਨੂ ਭਾਕਰ ਦੇ ਪਿਤਾ ਰਾਮ ਕਿਸ਼ਨ ਭਾਕਰ ਬਹੁਤ ਮਸ਼ਰੂਫ ਨਜ਼ਰ ਆਉਂਦੇ ਹਨ। ਲਗਾਤਾਰ ਵਧਾਈ ਦੇਣ ਵਾਲਿਆਂ ਦੇ ਫੋਨ ਆ ਰਹੇ ਸੀ।

ਮਨੂ ਦੇ ਪਿਤਾ ਮਰਚੈਂਟ ਨੇਵੀ ਵਿੱਚ ਨੌਕਰੀ ਕਰਦੇ ਸਨ। ਹੁਣ ਪਰਿਵਾਰ ਦਾ ਆਪਣਾ ਇੱਕ ਸਕੂਲ ਹੈ। ਇਸੇ ਸਕੂਲ ਵਿੱਚ ਮਨੂ ਭਾਕਰ ਪੜ੍ਹਦੀ ਹੈ।

ਚਾਰ ਸਾਲ ਪਹਿਲਾਂ ਸਕੂਲ ਵਿੱਚ ਸ਼ੂਟਿੰਗ ਰੇਂਜ ਬਣਾਈ ਗਈ ਸੀ ਜਿੱਥੇ ਬਹੁਤ ਘੱਟ ਫੀਸ ਉੱਤੇ ਮੁੰਡੇ-ਕੁੜੀਆਂ ਨੂੰ ਨਿਸ਼ਾਨੇਬਾਜ਼ੀ ਸਿਖਾਈ ਜਾਂਦੀ ਹੈ। ਹੁਣ ਤਕ ਤਕਰੀਬਨ ਇੱਕ ਦਰਜਨ ਵਿਦਿਆਰਥੀ ਵੱਖ-ਵੱਖ ਉਮਰ ਵਰਗ ਵਿੱਚ ਸੂਬੇ ਦੀ ਨੁਮਾਇੰਦਗੀ ਕਰ ਚੁੱਕੇ ਹਨ।

ਵੀਡੀਓ ਕੈਪਸ਼ਨ,

ਮਨੂ ਭਾਕਰ: ‘ਲੋਕ ਸਿਰਫ਼ ਮੈਡਲ ਦੇਖਦੇ ਨੇ ਪ੍ਰਦਰਸ਼ਨ ਨਹੀਂ’ (ਵੀਡੀਓ ਫਰਵਰੀ 2021 ਦਾ ਹੈ)

ਗੋਰੀਆ ਪਿੰਡ ਝੱਜਰ ਸ਼ਹਿਰ ਤੋਂ ਤਕਰੀਬਨ 37 ਕਿਲੋਮੀਟਰ ਦੂਰ ਹੈ। ਪਿੰਡ ਤੋਂ ਪੰਜ ਜਾਂ ਛੇ ਕਿਲੋਮੀਟਰ ਦੂਰ ਇੰਦਰਾ ਗਾਂਧੀ ਸੁਪਰ ਥਰਮਲ ਪਾਵਰ ਪਲਾਂਟ, ਝਾੜਲੀ ਹੈ। ਇਸ ਖੇਤਰ ਦੀਆਂ ਮੁੱਖ ਫ਼ਸਲਾਂ ਬਾਜਰਾ ਅਤੇ ਕਣਕ ਹਨ।

ਲੋਕਾਂ ਕੋਲ ਜ਼ਮੀਨਾਂ ਘੱਟ ਹਨ, ਜਿਸ ਕਰ ਕੇ ਲੋਕਾਂ ਦੀ ਪੜ੍ਹਾਈ ਵੱਲ ਤਵੱਜੋ ਵੱਧ ਹੈ। ਪਿੰਡ ਨੂੰ ਜਾਂਦੇ ਹੋਏ ਕਈ ਥਾਂਈਂ ਫ਼ੌਜੀਆਂ ਦੇ ਯਾਦਗਾਰੀ ਬੁੱਤ ਨਜ਼ਰ ਆਉਂਦੇ ਹਨ ਜੋ ਇਲਾਕੇ ਵਿੱਚ ਫ਼ੌਜ ਵਿੱਚ ਭਰਤੀ ਹੋਣ ਦੇ ਰੁਝਾਨ ਦੀ ਕਹਾਣੀ ਵੀ ਬਿਆਨ ਕਰਦੇ ਹਨ।

ਮਨੂ ਨੂੰ ਇਸ ਮੁਕਾਮ ਉੱਤੇ ਲਿਆਉਣ ਲਈ ਮਾਂ ਕਿਨ੍ਹਾਂ ਹਾਲਾਂ ਵਿੱਚੋਂ ਲੰਘੀ

ਤਸਵੀਰ ਸਰੋਤ, Sat Singh/BBC

ਤਸਵੀਰ ਕੈਪਸ਼ਨ,

ਸੁਮੇਧਾ ਭਾਕਰ: "ਮੈਂ ਜਾਣਦੀ ਹਾਂ ਕਿ ਮਨੂ ਨੂੰ ਇਸ ਮੁਕਾਮ ਉੱਤੇ ਲਿਆਉਣ ਲਈ ਮੈਂ ਕਿਨ੍ਹਾਂ ਹਾਲਾਂ ਵਿੱਚੋਂ ਲੰਘੀ ਹਾਂ।"

ਮਨੂ ਦੀ ਮਾਤਾ ਸੁਮੇਧਾ ਭਾਕਰ ਵਿਹੜੇ ਵਿੱਚ ਤਾਂ ਸਭ ਦੇ ਸਾਹਮਣੇ ਘੁੰਡ ਕੱਢਦੀ ਹੈ ਪਰ ਇਕੱਲੀ ਬੇਬਾਕੀ ਨਾਲ ਗੱਲ ਕਰਦੀ ਹੈ, "ਚਾਹੇ ਸਭ ਲੱਖ ਕਹਿੰਦੇ ਹਨ ਕਿ ਮੁੰਡੇ ਕੁੜੀਆਂ ਵਿੱਚ ਕੋਈ ਫ਼ਰਕ ਨਹੀਂ ਹੈ ਪਰ ਮੈਂ ਜਾਣਦੀ ਹਾਂ ਕਿ ਮਨੂ ਨੂੰ ਇਸ ਮੁਕਾਮ ਉੱਤੇ ਲਿਆਉਣ ਲਈ ਮੈਂ ਕਿਨ੍ਹਾਂ ਹਾਲਾਂ ਵਿੱਚੋਂ ਲੰਘੀ ਹਾਂ।"

ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪਤੀ ਦੇ ਸਾਥ ਦੇਣ ਤੋਂ ਬਾਅਦ ਸਫ਼ਰ ਸੁਖਾਲਾ ਹੋ ਗਿਆ। ਸੁਮੇਧਾ ਸੰਸਕ੍ਰਿਤ ਵਿੱਚ ਐੱਮ. ਏ. ਕਰਨ ਤੋਂ ਬਾਅਦ ਪੀ.ਐੱਚ.ਡੀ. ਕਰ ਕੇ ਆਪਣੇ ਨਾਮ ਨਾਲ ਡਾਕਟਰ ਲਿਖਣਾ ਚਾਹੁੰਦੀ ਸੀ ਜੋ ਸੁਫ਼ਨਾ ਵਿਆਹ ਹੋਣ ਕਰ ਕੇ ਪੂਰਾ ਨਹੀ ਹੋ ਸਕਿਆ। ਹੁਣ ਉਹ ਆਪਣੇ ਸੁਫ਼ਨੇ ਮਨੂ ਰਾਹੀਂ ਪੂਰੇ ਕਰ ਰਹੀ ਹੈ।

ਉਹ ਕਹਿੰਦੀ ਹੈ, "ਜੇ ਹਰ ਮਾਂ ਮੇਰੀ ਤਰ੍ਹਾਂ ਡਟ ਕੇ ਖੜ੍ਹੀ ਹੋ ਜਾਏ ਤਾਂ ਕੁੜੀਆਂ ਨੂੰ ਅੱਗੇ ਵਧਣ ਤੋਂ ਕੋਈ ਨਹੀਂ ਰੋਕ ਸਕਦਾ।"

ਪਿੰਡ ਦੀਆਂ ਦੂਜੀਆਂ ਕੁੜੀਆਂ ਦੀ ਸਿੱਖਿਆ ਬਾਰੇ ਪੁੱਛਣ ਉੱਤੇ ਉਨ੍ਹਾਂ ਕਿਹਾ, "ਪਿੰਡ ਦੀ ਹਰ ਕੁੜੀ ਚਾਹੇ ਉਹ ਕਿਸੇ ਵੀ ਜਾਤ ਜਾਂ ਧਰਮ ਦੀ ਹੈ, ਉਹ ਮੇਰੀ ਮਨੂ ਹੈ ਅਤੇ ਮੈਂ ਆਪਣੇ ਸਕੂਲ ਰਾਹੀਂ ਸਭ ਨੂੰ ਅੱਗੇ ਵਧਾ ਰਹੀ ਹਾਂ।"

ਤਸਵੀਰ ਸਰੋਤ, SAT SINGH/BBC

ਹਰਿਆਣਾ ਦੇ 2011 ਦੇ ਜਨਗਣਨਾ ਅੰਕੜਿਆਂ ਮੁਤਾਬਕ ਲਿੰਗ ਅਨੁਪਾਤ ਵਿੱਚ ਦੇਸ਼ ਦੇ ਤਮਾਮ ਸੂਬਿਆਂ ਵਿੱਚੋਂ ਸਭ ਤੋਂ ਹੇਠਲੇ ਡੰਡੇ ਉੱਤੇ ਹੈ। ਇਸ ਦੇ ਬਾਵਜੂਦ ਸੂਬੇ ਦੀਆਂ ਕੁੜੀਆਂ ਨੇ ਖੇਡਾਂ ਵਿੱਚ ਸਮੁੱਚੇ ਦੇਸ਼ ਵਿੱਚ ਵੱਖਰੀ ਪਛਾਣ ਬਣਾਈ ਹੈ ਅਤੇ ਉੱਚਾ ਮੁਕਾਮ ਹਾਸਿਲ ਕੀਤਾ ਹੈ। ਰੀਓ ਓਲੰਪਿਕ 2016 ਵਿੱਚ ਸਾਕਸ਼ੀ ਮਲਿਕ ਨੇ ਕੁਸ਼ਤੀ ਵਿੱਚ ਕਾਂਸੀ ਦਾ ਤਮਗਾ ਜਿੱਤ ਕੇ ਸਮੁੱਚੇ ਮੁਲਕ ਦੀ ਤਮਗੇ ਦੀ ਆਸ ਪੂਰੀ ਕੀਤੀ ਸੀ।

ਇਸ ਤੋਂ ਪਹਿਲਾਂ ਫੋਗਾਟ ਭੈਣਾਂ ਦਾ ਨਾਮ ਜੱਗ-ਜ਼ਾਹਿਰ ਹੈ, ਜਿਨ੍ਹਾਂ ਦੀ ਜ਼ਿੰਦਗੀ ਉੱਤੇ ਆਮਿਰ ਖਾਂ ਨੇ ਫਿਲਮ 'ਦੰਗਲ' ਬਣਾਈ। ਪੈਰਾ ਓਲੰਪਿਕ 2016 ਵਿੱਚ ਦੀਪਾ ਮਲਿਕ ਨੇ ਗੋਲਾ ਸੁੱਟਣ ਵਿੱਚ ਚਾਂਦੀ ਦਾ ਤਮਗਾ ਜਿੱਤ ਕੇ ਨਵੀਂ ਉਮੀਦ ਜਗਾਈ।

ਇਸੇ ਲੜੀ ਵਿੱਚ ਨਵਾਂ ਨਾਮ ਸੋਲਾਂ ਸਾਲਾ ਮਨੂ ਭਾਕਰ ਦਾ ਜੁੜਿਆ ਹੈ। ਮਨੂ ਭਾਕਰ ਨੇ ਆਸਟਰੇਲੀਆ ਵਿੱਚ ਚਲ ਰਹੀਆਂ ਰਾਸ਼ਟਰਮੰਡਲ ਖੇਡਾਂ ਵਿੱਚ 10 ਮੀਟਰ ਏਅਰ ਪਿਸਟਲ ਵਿੱਚ ਸੋਨੇ ਦਾ ਤਮਗਾ ਜਿੱਤ ਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ।

ਤਸਵੀਰ ਸਰੋਤ, SAT SINGH/BBC

ਸਕੂਲ ਸੁਮੇਧਾ ਭਾਕਰ ਦੀ ਦੇਖ-ਰੇਖ ਵਿੱਚ ਚਲਦਾ ਹੈ। ਮਨੂ ਇੱਥੇ ਗਿਆਰ੍ਹਵੀਂ ਵਿੱਚ ਪੜ੍ਹਦੀ ਹੈ। ਮਨੂ ਭਾਕਰ ਦਾ ਰੋਜ਼ਨਾਮਚਾ ਪੁੱਛਣ ਉੱਤੇ ਸੁਮੇਧਾ ਭਾਕਰ ਨੇ ਸਾਦਗੀ ਨਾਲ ਦੱਸਿਆ ਕਿ ਹਰ ਆਮ ਬੱਚੇ ਦੀ ਤਰ੍ਹਾਂ ਰੋਜ਼ ਸਕੂਲ ਦੀ ਪੜ੍ਹਾਈ ਅਤੇ ਬਾਅਦ ਵਿੱਚ ਦੋ ਤੋਂ ਪੰਜ ਵਜੇ ਤੱਕ ਸ਼ੂਟਿੰਗ ਰੇਂਜ ਵਿੱਚ ਤਿਆਰੀ ਕਰਦੀ ਹੈ। ਸਕੂਲ ਦੀ ਸ਼ੂਟਿੰਗ ਰੇਂਜ ਨਾਲ ਮਨੂ ਦਾ ਰਿਸ਼ਤਾ ਮਹਿਜ ਦੋ ਸਾਲਾਂ ਦਾ ਹੈ।

ਇਸ ਤੋਂ ਪਹਿਲਾਂ ਉਹ ਕਈ ਹੋਰ ਖੇਡਾਂ ਵਿੱਚ ਵੀ ਹੱਥ ਅਜ਼ਮਾ ਚੁੱਕੀ ਹੈ। ਉਹ ਥਾਂਗ ਟਾ ਅਤੇ ਟਾਤਾ (ਇਹ ਦੋਵੇਂ ਮਨੀਪੁਰੀ ਮਾਰਸ਼ਲ ਆਰਟ ਖੇਡਾਂ ਹਨ।) ਵਿੱਚ ਉਹ ਰਾਸ਼ਟਰੀ ਪੱਧਰ ਉੱਤੇ ਵੀ ਤਮਗੇ ਜਿੱਤ ਚੁੱਕੀ ਹੈ ।

ਪਿੰਡ ਤੋਂ ਮੁੜਦਿਆਂ ਕੁਝ ਦੂਰ ਕਣਕ ਦੀ ਵਾਢੀ ਕਰਦੀਆਂ ਮਜ਼ਦੂਰ ਕੁੜੀਆਂ ਤੋਂ ਖਿਡਾਰਨ ਮਨੂ ਭਾਕਰ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਉਹ ਨਹੀਂ ਜਾਣਦੀਆਂ। ਜਦੋਂ ਉਨ੍ਹਾਂ ਦੇ ਪਿੰਡ ਦਾ ਨਾਮ ਪੁੱਛਿਆ ਤਾਂ ਉਨ੍ਹਾਂ ਜੁਆਬ ਦਿੱਤਾ, "ਗੋਰੀਆ"।

(ਲੇਖਕ ਝੱਜਰ ਦੇ ਸਰਕਾਰੀ ਕਾਲਜ ਵਿੱਚ ਅਧਿਆਪਕ ਹਨ।)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)