'ਬੱਚਿਆਂ ਨੂੰ ਲੱਭਦੇ ਰਹੇ, ਘੰਟੇ ਬਾਅਦ ਪਤਾ ਲੱਗਾ ਦੋਵੇਂ ਨਹੀਂ ਰਹੇ'

ਨੂਰਪੂਰ ਬੱਸ ਹਾਦਸਾ

ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਕਾਂਗੜਾ ਦੇ ਵਿਧਾਨ ਸਭਾ ਹਲਕਾ ਨੂਰਪੁਰ ਵਿੱਚ ਇੱਕ ਸਕੂਲ ਬੱਸ ਖੱਡ ਵਿੱਚ ਡਿੱਗ ਗਈ। ਹਾਦਸੇ ਵਿੱਚ 28 ਵਿਅਕਤੀਆਂ ਦੀ ਮੌਤ ਹੋ ਗਈ ਹੈ।

ਮਰਨ ਵਾਲਿਆਂ ਵਿੱਚ 24 ਬੱਚੇ, ਇੱਕ ਡਰਾਈਵਰ ਅਤੇ 2 ਟੀਚਰ ਸ਼ਾਮਲ ਹਨ ਜਦਕਿ ਇੱਕ ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ ਹੈ। ਬੱਸ ਵਿੱਚ 60 ਬੱਚੇ ਸਵਾਰ ਸਨ।

ਨੂਰਪੁਰ ਦੇ ਸਿਵਿਲ ਹਸਪਤਾਲ ਵਿੱਚ ਤਾਇਨਾਤ ਡਾ. ਆਰਤੀ ਅਨੁਸਾਰ ਹੁਣ ਤੱਕ ਇਸ ਹਾਦਸੇ ਵਿੱਚ 28 ਲੋਕਾਂ ਦੀ ਮੌਤ ਹੋ ਚੁੱਕੀ ਹੈ। ਨੂਰਪੁਰ ਵਿੱਚ 4 ਵਿਅਕਤੀ ਜੇਰੇ ਇਲਾਜ ਹਨ ਅਤੇ 2 ਵਿਅਕਤੀਆਂ ਨੂੰ ਟਾਂਡਾ ਰੈਫਰ ਕੀਤਾ ਗਿਆ ਹੈ।

ਡਾ. ਆਰਤੀ ਅਨੁਸਾਰ 6 ਵਿਅਕਤੀ ਪਠਾਨਕੋਟ ਵਿੱਚ ਵੀ ਜੇਰੇ ਇਲਾਜ ਹਨ।

Image copyright Gurpreet Chawla/BBC

ਇਹ ਘਟਨਾ ਪੰਜਾਬ ਦੇ ਨਾਲ ਲਾਗਦੀ ਸਰਹੱਦ ਨੇੜਲੇ ਪਿੰਡ ਮਲਕਵਾਲ ਵਿੱਚ ਵਾਪਰੀ।

ਇਹ ਬੱਸ 300 ਡੂੰਘੀ ਖੱਡ ਵਿੱਚ ਚੱਕੀ ਦਰਿਆ ਨੇੜੇ ਡਿੱਗੀ ਹੈ।

ਇਹ ਬੱਸ ਇਲਾਕੇ ਦੇ ਹੀ ਵਜ਼ੀਰ ਰਾਮ ਸਿੰਘ ਸਕੂਲ ਦੀ ਸੀ।

ਜ਼ਖ਼ਮੀਆਂ ਨੂੰ ਪਠਾਨਕੋਟ ਦੇ ਸਿਵਲ ਹਸਪਤਾਲ ਵਿੱਚ ਭਰਤੀ ਕੀਤਾ ਗਿਆ ਹੈ।

ਮਰਨ ਵਾਲੇ ਬੱਚੇ 4-12 ਸਾਲ ਦੇ

ਕਾਂਗਰਾ ਦੇ ਡਿਪਟੀ ਕਮਿਸ਼ਨਰ ਸੰਦੀਪ ਕੁਮਾਰ ਮੁਤਾਬਕ ਜਿੰਨਾਂ 23 ਬੱਚਿਆਂ ਦੀ ਮੌਤ ਹੋਈ ਹੈ ਉਨ੍ਹਾਂ ਦੀ ਉਮਰ 4-12 ਸਾਲ ਸੀ। ਇੰਨਾਂ ਚੋਂ 13 ਮੁੰਡੇ ਅਤੇ 10 ਕੁੜੀਆਂ ਸਨ।

ਇਸ ਤੋਂ ਇਲਾਵਾ ਮਰਨ ਵਾਲਿਆਂ ਵਿੱਚ ਬਸ ਦਾ ਡਰਾਈਵਰ, ਦੋ ਅਧਿਆਪਕ ਅਤੇ ਇੱਕ ਹੋਰ ਔਰਤ ਸ਼ਾਮਲ ਹਨ।

4 ਬੱਚੇ ਨੂਰਪੁਰ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਹਨ ਅਤੇ 7 ਦਾ ਇਲਾਜ ਪਠਾਨਕੋਟ ਦੇ ਅਮਨਦੀਪ ਹਸਪਤਾਲ ਵਿੱਚ ਹੋ ਰਿਹਾ ਹੈ।

Image copyright Thakur Gian/BBC

ਬੀਬੀਸੀ ਲਈ ਪਠਾਨਕੋਟ ਤੋਂ ਗੁਰਪ੍ਰੀਤ ਚਾਵਲਾ ਨੇ ਦਸਿਆ ਕਿ ਅਮਨਦੀਪ ਹਸਪਤਾਲ ਵਿੱਚ ਲਿਆਂਦੇ ਗਏ 10 ਬੱਚਿਆਂ ਵਿੱਚੋਂ 3 ਦੀ ਮੌਤ ਪਹਿਲਾਂ ਹੀ ਹੋ ਚੁੱਕੀ ਸੀ।

ਮਾਪੇ ਆਪਣੇ ਬੱਚਿਆਂ ਨੂੰ ਲੱਭ ਰਹੇ ਸਨ

ਫਤਿਹਪੁਰ ਦੇ ਰਹਿਣ ਵਾਲੇ ਜੋਗਿੰਦਰ ਨੇ ਗੁਰਪ੍ਰੀਤ ਚਾਵਲਾ ਨੇ ਦੱਸਿਆ, "ਸਾਰੇ ਮਾਪੇ ਆਪਣੇ ਬੱਚਿਆਂ ਨੂੰ ਲੱਭ ਰਹੇ ਸਨ। ਸਾਨੂੰ ਘੰਟੇ ਬਾਅਦ ਪਤਾ ਲੱਗਿਆ ਕਿ ਮੇਰੀ ਭਰਾ ਦੀ ਬੇਟੀ ਦੇ ਦੋਵੇਂ ਬੱਚੇ ਕਿਸ ਹਸਪਤਾਲ ਵਿੱਚ ਹਨ। ਉਸ ਦੀ ਇੱਕ ਕੁੜੀ ਤੇ ਇੱਕ ਮੁੰਡਾ ਸੀ। ਦੋਵਾਂ ਦੀ ਮੌਤ ਹੋ ਚੁੱਕੀ ਹੈ। ਡਾਕਟਰਾਂ ਨੇ ਦੱਸਿਆ ਕਿ ਪੋਸਟਮਾਰਟਮ ਨੂਰਪੁਰ ਵਿੱਚ ਹੋਵੇਗਾ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)