ਫੁੱਟੇ ਨਾਲ ਰੋਟੀ ਮਾਪਣ ਵਾਲੇ ਪਤੀ ਤੇ ਪਤਨੀ ਦੀ ਕਹਾਣੀ

ਰੋਟੀ ਬਣਾਉਂਦੀ ਔਰਤ ਦੇ ਹੱਥ Image copyright Getty Images

ਪੁਣੇ ਦੀ ਰਹਿਣ ਵਾਲੀ ਇੱਕ ਔਰਤ ਨੇ ਆਪਣੇ ਪਤੀ 'ਤੇ ਸਰੀਰਕ ਅਤੇ ਮਾਨਸਿਕ ਸ਼ੋਸ਼ਣ ਦਾ ਇਲਜ਼ਾਮ ਲਾ ਕੇ ਤਲਾਕ ਮੰਗਿਆ ਹੈ।

ਪਤਨੀ ਨੇ ਇਲਜ਼ਾਮ ਲਾਇਆ ਹੈ ਕਿ ਉਸ ਦੇ ਪਤੀ ਨੇ ਉਸ ਨੂੰ ਸਹੀ 20 ਸੈਂਟੀਮੀਟਰ ਆਕਾਰ ਦੀ ਰੋਟੀ ਬਣਾਉਣ ਲਈ ਨਾ ਸਿਰਫ਼ ਮਜਬੂਰ ਕੀਤਾ ਸਗੋਂ ਸਕੇਲ ਲੈ ਕੇ ਮਿਣਤੀ ਵੀ ਕਰਦਾ ਸੀ।

ਰੋਟੀ ਦਾ ਆਕਾਰ ਸਹੀ ਨਾ ਹੋਣ 'ਤੇ ਉਨ੍ਹਾਂ ਨੂੰ ਸਜ਼ਾ ਭੁਗਤਣੀ ਪੈਂਦੀ ਸੀ । ਹਰ ਰੋਜ਼ ਦੇ ਕੰਮ ਐਕਸਲ ਸ਼ੀਟ 'ਚ ਵੀ ਭਰਨੇ ਪੈਂਦੇ ਸਨ।

ਪਤੀ ਨੇ ਮਹਿਲਾ ਦੇ ਲਾਏ ਇਨ੍ਹਾਂ ਇਲਜ਼ਾਮਾ ਨੂੰ ਰੱਦ ਕੀਤਾ ਹੈ।

ਬੀਬੀਸੀ ਨਾਲ ਗੱਲਬਾਤ ਦੌਰਾਨ ਪਾਇਲ (ਬਦਲਿਆ ਹੋਇਆ ਨਾਮ) ਨੇ ਆਪਣੇ ਪਤੀ ਅਮਿਤ (ਬਦਲਿਆ ਹੋਇਆ ਨਾਮ) 'ਤੇ ਕੁੱਟਮਾਰ ਕਰਨ ਦਾ ਇਲਜ਼ਾਮ ਵੀ ਲਾਇਆ। ਉਨ੍ਹਾਂ ਕਿਹਾ, "ਖਾਣਾ ਖਾਂਦੇ ਸਮੇਂ ਉਹ ਫੁੱਟਾ ਲੈ ਕੇ ਬੈਠਦਾ। ਜੇ ਰੋਟੀ 20 ਸੈਂਟੀਮੀਟਰ ਤੋਂ ਵੱਡੀ ਹੁੰਦੀ ਸੀ ਤਾਂ ਮੈਨੂੰ ਸਜ਼ਾ ਮਿਲਦੀ ਸੀ।"

ਉਨ੍ਹਾਂ ਦੱਸਿਆ ਕਿ ਐਕਸਲ ਸ਼ੀਟ ਵਿੱਚ ਭਰਨਾ ਪੈਂਦਾ ਸੀ ਕਿ ਕਿਹੜਾ ਕੰਮ ਹੋਇਆ ਕਿਹੜਾ ਨਹੀਂ ਹੋਇਆ ਅਤੇ ਕਿਹੜਾ ਚੱਲ ਰਿਹਾ ਹੈ। ਕੰਮ ਪੂਰਾ ਨਾ ਹੋਣ ਦਾ ਕਾਰਨ ਵੱਖਰੇ ਕਾਲਮ ਵਿੱਚ ਲਿਖਣਾ ਪੈਂਦਾ ਸੀ। ਗੱਲ ਕਰਨ ਲਈ ਈਮੇਲ ਕਰਕੇ ਸਮਾਂ ਲੈਣਾ ਪੈਂਦਾ ਸੀ।

ਪਹਿਲੀ ਰਾਤ ਤੋਂ ਹੀ ਬੁਰਾ ਵਿਹਾਰ

ਪਾਇਲ ਤੇ ਅਮਿਤ ਦਾ ਜਨਵਰੀ, 2008 ਵਿੱਚ ਵਿਆਹ ਹੋਇਆ। ਉਨ੍ਹਾਂ ਦੀ ਇੱਕ ਧੀ ਵੀ ਹੈ। ਪਾਇਲ ਨੇ ਕਿਹਾ, "ਵਿਆਹ ਦੀ ਪਹਿਲੀ ਰਾਤ ਤੋਂ ਲੈ ਕੇ 10 ਸਾਲ ਤੱਕ, ਉਸਨੇ ਮੇਰੇ ਨਾਲ ਮਾੜਾ ਵਿਹਾਰ ਹੀ ਕੀਤਾ ਹੈ। ਜਦੋਂ ਸਾਰਾ ਕੁਝ ਹੱਦਾਂ ਪਾਰ ਕਰ ਗਿਆ ਤਾਂ ਮੈ ਵੱਖ ਹੋਣ ਦਾ ਫੈਸਲਾ ਲਿਆ।"

Image copyright PRESS ASSOCIATION

ਉਨ੍ਹਾਂ ਦੱਸਿਆ, ਵਿਆਹ ਮਗਰੋਂ ਉਹ ਕਹਿੰਦਾ ਸੀ,"ਤੂੰ ਆਪਣੇ ਘਰ ਰਹਿ ਮੈਂ ਆਪਣੇ ਘਰ। ਜਦੋਂ ਮਿਲਣਾ ਹੋਵੇ ਉਦੋਂ ਹੀ ਆਓ। ਉਹ ਸਿਰਫ ਕਦੇ- ਕਦੇ ਰਾਤ ਨੂੰ ਹੀ ਮਿਲਣ ਲਈ ਬੁਲਾਉਂਦਾ ਸੀ। ਅਸੀਂ ਇੱਕੋ ਸ਼ਹਿਰ ਵਿੱਚ ਰਹਿੰਦੇ ਸੀ। ਉਸਦਾ ਕਹਿਣਾ ਸੀ ਕਿ ਉਸਨੇ ਕੁਝ ਸਮੇਂ ਬਾਅਦ ਵਿਦੇਸ਼ ਜਾਣਾ ਹੈ ਇਸ ਲਈ ਉਹ ਉਸਦਾ ਖਰਚਾ ਨਹੀਂ ਚੁੱਕ ਸਕਦਾ।"

ਪਾਇਲ ਨੇ ਇੱਕ ਘਟਨਾ ਦੱਸੀ, "ਇੱਕ ਦਿਨ ਗੁੱਸੇ ਵਿੱਚ ਡੰਬਲ ਕੰਪਿਊਟਰ 'ਤੇ ਦੇ ਮਾਰਿਆ। ਉਹ ਟੁੱਟ ਗਿਆ। ਮੈਨੂੰ ਐਨੇ ਜ਼ੋਰ ਨਾਲ ਮਾਰਿਆ ਕਿ ਮੈਂ ਬੇਹੋਸ਼ ਹੋ ਗਈ। ਉਹ ਮੈਨੂੰ ਚੁੱਕ ਕੇ ਗੁਸਲਖਾਨੇ ਵਿੱਚ ਲੈ ਗਿਆ ਤੇ ਟੂਟੀ ਥੱਲੇ ਬਿਠਾ ਦਿੱਤਾ ਜਦੋਂ ਮੈਨੂੰ ਹੋਸ਼ ਆਈ ਤਾਂ ਉਸਨੇ ਮੈਨੂੰ ਫੇਰ ਕੁੱਟਿਆ। ਉੱਥੇ ਮੇਰੇ ਕੱਪੜੇ ਵੀ ਨਹੀਂ ਸਨ ਉਸਨੇ ਮੈਨੂੰ ਗਿੱਲੇ ਕੱਪੜਿਆਂ ਵਿੱਚ ਹੀ ਘਰੋਂ ਕੱਢ ਦਿੱਤਾ। ਮੈਂ ਗਿੱਲੇ ਕੱਪੜਿਆਂ ਵਿੱਚ ਹੀ ਆਪਣੇ ਘਰ ਪਹੁੰਚੀ। ਤਦ ਤੱਕ ਮੇਰੇ ਪੇਕੇ ਕਿਸੇ ਨੂੰ ਕੁਝ ਨਹੀਂ ਸੀ ਪਤਾ ਪਰ ਉਸ ਦਿਨ ਸਭ ਨੂੰ ਪਤਾ ਲੱਗ ਗਿਆ।"

'ਸੋਸ਼ਲ ਮੀਡੀਆ 'ਤੇ ਪਾਏ ਗੰਦੇ ਪੋਸਟ'

ਪਾਇਲ ਨੇ ਇੱਕ ਹੋਰ ਘਟਨਾ ਦੱਸੀ,"ਉਹ ਹਰ ਵਾਰ ਨਾਲ ਬਦਲਾ ਲੈਣ ਦੇ ਨਵੇਂ ਤਰੀਕੇ ਲੱਭਦਾ ਸੀ। ਉਸ ਨੇ ਮੇਰਾ ਅਕਾਊਂਟ ਹੈਕ ਕਰ ਲਿਆ ਅਤੇ ਉਸ 'ਤੇ ਮੇਰੇ ਬਾਰੇ ਗੰਦੇ-ਗੰਦੇ ਪੋਸਟ ਲਿਖੇ ਕਿ ਮੈਂ ਗੰਦੀ ਔਰਤ ਹਾਂ ਜੋ ਆਪਣੇ ਪਤੀ ਨੂੰ ਪ੍ਰੇਸ਼ਾਨ ਕਰਦੀ ਹੈ। ਜਦੋਂ ਮੇਰੀਆਂ ਸਹੇਲੀਆਂ ਨੇ ਮੇਰੀ ਮੰਮੀ ਨੂੰ ਫੋਨ ਕੀਤਾ ਤਾਂ ਮੈਨੂੰ ਪਤਾ ਲੱਗਿਆ।"

Image copyright Getty Images

ਉਨ੍ਹਾਂ ਦਾ ਕਹਿਣਾ ਹੈ ਕਿ ਸ਼ੋਸ਼ਲ ਮੀਡੀਆ ਅਕਾਊਂਟਸ ਦੇ ਪਾਸਵਰਡ ਉਨ੍ਹਾਂ ਕੋਲ ਕਦੇ ਨਹੀਂ ਰਹੇ।

'ਪੈਸੇ ਕਮਾਉਣ ਦਾ ਦਬਾਅ'

ਉਨ੍ਹਾਂ ਕਿਹਾ, "ਮੇਰੀ ਨਿਯੁਕਤੀ ਹੋਈ ਸੀ ਪਰ (ਵਿਸ਼ਵੀ) ਮੰਦੀ ਕਰਕੇ ਕੰਪਨੀ ਨੇ ਕਿਸੇ ਨੂੰ ਜੁਆਇਨ ਨਹੀਂ ਕਰਵਾਇਆ। ਉਹ ਸਾਰਾ ਦਿਨ ਘਰੇ ਰਹਿੰਦਾ ਤੇ ਮੈਂ ਦਫਤਰ। ਫੇਰ ਮੈਂ ਇੱਕ ਦਸ ਹਜ਼ਾਰ ਰੁਪਏ ਦੀ ਨੌਕਰੀ ਲੱਭੀ। ਉਸਨੇ ਮੈਨੂੰ ਇੱਕ ਨੌਕਰੀ ਦਿਵਾਈ ਜਿਸ ਵਿੱਚ ਮੈਂ ਲੋਕਾਂ ਦੇ ਘਰ ਫੇਸ਼ੀਅਲ ਕਰਨ ਜਾਂਦੀ ਸੀ। ਕੀ ਮੈਂ ਇਸੇ ਲਈ ਐਮ.ਐਸ.ਸੀ. ਕੰਪਿਊਟਰ ਸਾਇੰਸ ਕੀਤੀ ਸੀ?"

ਪਾਇਲ ਨੇ ਕਿਹਾ, ਜਨਵਰੀ 2009 ਵਿੱਚ ਮੇਰੀ ਨੌਕਰੀ ਲੱਗੀ ਪਰ ਮੰਦੀ ਕਾਰਨ ਅਮਿਤ ਦੀ ਨੌਕਰੀ ਚਲੀ ਗਈ। ਉਹ ਸਾਰਾ ਦਿਨ ਘਰੇ ਰਹਿੰਦਾ ਅਤੇ ਮੈਂ ਦਫ਼ਤਰ। ਮੈਨੂੰ ਘਰ ਵਾਲਿਆਂ ਨਾਲ ਗੱਲ ਨਾ ਕਰਨ ਦਿੰਦਾ। ਅਪ੍ਰੈਲ ਵਿੱਚ ਉਹ ਨਵੀਂ ਨੌਕਰੀ ਕਰਕੇ ਦਿੱਲੀ ਚਲਿਆ ਗਿਆ ਪਰ ਮੈਂ ਪੁਣੇ ਹੀ ਰਹੀ।"

"ਜਦੋਂ ਮੈਂ ਪਹਿਲੀ ਵਾਰ ਗਰਭਵਤੀ ਹੋਈ ਤਾਂ ਉਸਨੇ ਮੇਰਾ ਗਰਭਪਾਤ ਕਰਾ ਦਿੱਤਾ ਪਰ ਦੂਸਰੀ ਵਾਰ ਮੈਂ ਕਿਹਾ ਕਿ ਬੱਚੇ ਦੀ ਸਾਰੀ ਜ਼ਿਮੇਵਾਰੀ ਮੇਰੀ ਹੋਵੇਗੀ ਅਤੇ ਗਰਭਪਾਤ ਤੋਂ ਮਨ੍ਹਾਂ ਕਰ ਦਿੱਤਾ। ਮੈਂ ਜਣੇਪੇ ਤੋਂ ਪੰਦਰਾਂ ਦਿਨ ਪਹਿਲਾਂ ਤੱਕ ਕੰਮ ਤੇ ਜਾਂਦੀ ਰਹੀ ਉਸ ਨੂੰ ਮੇਰੀ ਬਿਲਕੁਲ ਫਿਕਰ ਨਹੀਂ ਸੀ।"

Image copyright Press Association

ਇੱਕ ਦਿਨ ਜਦੋਂ ਉਹ ਦਫਤਰ ਤੋਂ ਲੇਟ ਹੋ ਗਈ ਤਾਂ ਬੇਟੀ ਦਸ ਵਜੇ ਤੱਕ ਡੇ ਕੇਅਰ ਵਿੱਚ ਹੀ ਰਹੀ। ਫੇਰ ਉਨ੍ਹਾਂ ਨੌਕਰੀ ਛੱਡ ਦਿੱਤੀ।

ਨੌਕਰੀ ਛੱਡਣ ਮਗਰੋਂ ਹਾਲਾਤ ਹੋਰ ਬਦਤਰ ਹੋ ਗਏ। ਬੇਟੀ ਨੂੰ ਕਾਰ ਵਿੱਚ ਲਿਜਾਣਾ ਜ਼ਰੂਰੀ ਸੀ ਪਰ ਕਾਫੀ ਮਾਰਕੁੱਟ ਦੇ ਬਾਵਜੂਦ ਵੀ ਕੰਮ ਵਾਲੀ ਸੂਚੀ ਤੋਂ ਨਿਜ਼ਾਤ ਨਹੀਂ ਮਿਲੀ।

"ਮੈਂ ਕਮਾ ਨਹੀਂ ਰਹੀ ਸੀ ਇਸ ਲਈ ਨਿਯਮ ਹੋਰ ਸਖ਼ਤ ਹੋ ਗਏ। ਜੇ ਮੈਂ ਉਸ ਦੀ ਇੱਛਾ ਪੂਰੀ ਨਾ ਕਰਦੀ ਤਾਂ ਬੇਟੀ ਨੂੰ ਤੰਗ ਕਰਦਾ। ਚਾਕੂ ਲੈ ਕੇ ਉਸਦੇ ਪਿੱਛੇ ਭੱਜਦਾ।"

ਪੁਲਿਸ ਰਿਪੋਰਟ ਲਿਖਵਾਈ ਪਰ...

ਪਾਇਲ ਨੇ ਉਸ ਖਿਲਾਫ ਪੁਣੇ ਤੇ ਬੈਂਗਲੂਰੂ ਵਿੱਚ ਪੁਲਿਸ ਰਿਪੋਰਟ ਦਰਜ ਕਰਵਾਈਆਂ ਪਰ ਕੋਈ ਫਰਕ ਨਹੀਂ ਪਿਆ।

ਸਵੇਰੇ ਜਦੋਂ ਉਹ ਨਾਸ਼ਤਾ ਕਰਦਾ ਤਾਂ ਜੋ ਵੀ ਉਹ ਬੋਲੇ ਲਿਖਣ ਲਈ ਨੋਟ ਬੁੱਕ ਲੈ ਕੇ ਉਸ ਕੋਲ ਖੜ੍ਹੇ ਹੋਣਾ ਪੈਂਦਾ। ਜੇ ਉਸਦੇ ਅੰਡਰਗਾਰਮੈਂਟ ਵੀ ਆਪਣੀ ਥਾਂ 'ਤੇ ਨਾ ਹੁੰਦੇ ਤਾਂ ਵੀ ਲੜਾਈ ਹੁੰਦੀ।

"ਮੈਨੂੰ ਖਰਚ ਲਈ ਪੈਸੇ ਨਹੀਂ ਸੀ ਦਿੰਦਾ ਜਦੋਂ ਮੈਂ ਕੱਥਕ ਸਿਖਾਉਣਾ ਸ਼ੁਰੂ ਕੀਤਾ ਤਾਂ ਉਸਦੀ ਕਮਾਈ ਦਾ ਹਿਸਾਬ ਦੇਣਾ ਪੈਂਦਾ। ਰਿਸ਼ਤੇਦਾਰਾਂ ਦੇ ਕਹਿਣ 'ਤੇ ਉਹ ਮੈਨੂੰ 500 ਰੁਪਏ ਮਹੀਨਾ ਦੇਣ ਲੱਗ ਪਿਆ। ਗਲਤੀ ਹੋਣ 'ਤੇ ਉਹ ਇਨ੍ਹਾਂ ਵਿੱਚੋਂ ਕੱਟ ਲੈਂਦਾ ਕਈ ਵਾਰ ਮੈਨੂੰ ਕੁਝ ਵੀ ਨਾ ਮਿਲਦਾ।"

ਫੋਟੋ ਕੈਪਸ਼ਨ ਪਾਇਲ ਨੇ ਈਮੇਲ 'ਤੇ ਬੀਬੀਸੀ ਨੂੰ ਟਾਸਕ ਲਿਸਟ ਦੀ ਤਸਵੀਰ ਭੇਜੀ। ਪਹਿਚਾਣ ਗੁਪਤ ਰੱਖਣ ਲਈ ਨਾਮ ਢੱਕ ਦਿੱਤੇ ਗਏ ਹਨ।

ਪਾਇਲ ਦਾ ਕਹਿਣਾ ਹੈ ਕਿ ਹਰ ਰੋਜ਼ ਬੇਟੀ ਨੂੰ ਲਿਜਾ ਕੇ ਸਾਰੇ ਦਿਨ ਦੇ ਕੰਮ ਰਾਤ ਨੂੰ ਦੱਸਣੇ ਪੈਂਦੇ ਸਨ। ਜੇ ਕੋਈ ਭੁੱਲ ਹੋ ਜਾਂਦੀ ਤਾਂ ਬੇਟੀ ਨੂੰ ਥੱਲੇ ਸੁੱਟਣ ਦੀ ਧਮਕੀ ਦਿੰਦਾ।

ਪਤੀ ਨੇ ਨਕਾਰੇ ਇਲਜ਼ਾਮ

ਅਮਿਤ ਜੋ ਕਿ ਇੱਕ ਇੰਜੀਨੀਅਰ ਹਨ, ਪਾਇਲ ਦੇ ਸਾਰੇ ਇਲਜ਼ਾਮ ਖਾਰਜ ਕਰਦੇ ਹਨ।

ਬੀਬੀਸੀ ਨਾਲ ਅਮਿਤ ਨੇ ਕਿਹਾ, "ਮੈਂ ਇੱਕ ਚੰਗੀ ਕੰਪਨੀ ਵਿੱਚ ਨੌਕਰੀ ਕਰਦਾ ਹਾਂ। ਇਹ ਬਿਲਕੁਲ ਬੇਬੁਨਿਆਦ ਗੱਲ ਹੈ ਕਿ ਮੈਂ ਉਸਨੂੰ ਮਿਣ ਕੇ ਰੋਟੀਆਂ ਪਕਾਉਣ ਨੂੰ ਕਹਿੰਦਾ ਸੀ। ਮੈਂ ਇਨ੍ਹਾਂ ਸਾਰੇ ਇਲਜ਼ਾਮਾਂ ਤੋਂ ਇਨਕਾਰ ਕਰਦਾ ਹਾਂ। ਮੈਂ ਉਸ ਨੂੰ ਕਿਸੇ ਕੰਮ ਲਈ ਮਜਬੂਰ ਨਹੀਂ ਕੀਤਾ।"

"ਪਾਇਲ ਆਪ ਹੀ ਕਰੀਅਰ ਬਾਰੇ ਗੰਭੀਰ ਸੀ ਤੇ ਉਸ ਨੂੰ ਘਰੇ ਬੈਠਣਾ ਪਸੰਦ ਨਹੀਂ ਸੀ। ਉਹ ਗੱਲਾਂ ਘੁੰਮਾ-ਫਿਰਾ ਕੇ ਕਰ ਰਹੀ ਹੈ। ਮੈਂ ਤਾਂ ਕਹਿੰਦਾ ਸੀ ਕਿ ਨੌਕਰੀ ਦੀ ਫਿਕਰ ਨਾ ਕਰੇ। ਬੇਟੀ ਦੀ ਦੇਖ-ਭਾਲ ਲਈ ਕੋਈ ਤਾਂ ਹੋਣਾ ਚਾਹੀਦਾ ਹੈ।"

Image copyright Science Photo Library

ਐਕਸਲ ਦੀ ਸ਼ੀਟ ਬਾਰੇ ਉਨ੍ਹਾਂ ਕਿਹਾ ਕਿ ਅਜਿਹਾ ਬਜਟ ਬਣਾਉਣ ਲਈ ਕਰਦੇ ਸਨ।

ਅਮਿਤ ਨੇ ਕਿਹਾ, "ਮੈਂ ਕਦੇ ਹਿਸਾਬ ਨਹੀਂ ਮੰਗਿਆ। ਘਰ ਦਾ ਬਜਟ ਠੀਕ ਰਹੇ ਇਸੇ ਲਈ ਲਿਖ ਕੇ ਕੰਮ ਕਰਦੇ ਸੀ। ਉਸ ਨੂੰ ਇਹ ਪਸੰਦ ਨਹੀਂ ਸੀ। ਇਸ ਲਈ ਪਿਛਲੇ ਛੇ ਮਹੀਨੇ ਤੋਂ ਨਹੀਂ ਕਰ ਰਹੇ।"

ਅਮਿਤ ਨੇ ਇਲਜ਼ਾਮ ਲਾਇਆ ਕਿ ਉਨ੍ਹਾਂ ਦੀ ਪਤਨੀ ਬੇਟੀ ਨਾਲ ਮਿਲਣ ਨਹੀਂ ਦਿੰਦੀ। "ਮੈਂ ਬੇਟੀ ਨੂੰ ਬਹੁਤ ਪਿਆਰ ਕਰਦਾ ਹਾਂ। ਮੈਂ ਕਦੇ ਉਸਨੂੰ ਨੁਕਸਾਨ ਨਹੀਂ ਪਹੁੰਚਾਇਆ। ਮੇਰੀ ਪਤਨੀ ਬੇਟੀ ਨੂੰ ਮਜਬੂਰ ਕਰਦੀ ਹੈ ਕਿ ਉਹ ਮੈਨੂੰ ਨਾ ਮਿਲੇ।"

ਸਾਲ 2008 ਅਤੇ 2009 ਵਿੱਚ ਮੇਰੇ ਖਿਲਾਫ ਕੋਈ ਪੁਲਿਸ ਰਿਪੋਰਟ ਦਰਜ ਹੋਈ ਸੀ ਇਹ ਮੈਨੂੰ ਹੁਣ ਪਤਾ ਲੱਗ ਰਿਹਾ ਹੈ।

ਮੇਰੇ ਕੋਲ ਕਦੇ ਉਸਦੇ ਸੋਸ਼ਲ ਮੀਡੀਆ ਦੇ ਪਾਸਵਰਡ ਨਹੀਂ ਰਹੇ। ਉਹੀ ਮੇਰਾ ਲੈਪਟਾਪ ਵਰਤਦੀ ਸੀ।

ਉਨ੍ਹਾਂ ਕਿਹਾ," ਅਸੀਂ ਵਿਆਹ ਤੋਂ ਪਹਿਲਾਂ ਕਰੀਬ 8 ਮਹੀਨੇ ਇਕੱਠੇ ਰਹੇ ਜੇ ਮੈਂ ਐਨਾ ਹੀ ਬੁਰਾ ਸੀ ਤਾਂ ਵਿਆਹ ਕਿਉਂ ਕਰਵਾਇਆ? ਪਾਇਲ ਨੇ ਜਦੋਂ ਮੈਨੂੰ ਵਿਆਹ ਲਈ ਪੁੱਛਿਆ ਜਦੋਂ ਮੈਂ ਇਨਕਾਰ ਕਰ ਦਿੱਤਾ ਤਾਂ ਉਸ ਦੀ ਮਾਂ ਨੇ ਫੋਨ ਕਰਕੇ ਕਿਹਾ ਕਿ ਜੇ ਵਿਆਹ ਨਾ ਕੀਤਾ ਤਾਂ ਝੂਠੇ ਕੇਸ ਵਿੱਚ ਫਸਾ ਦਿਆਂਗੇ।"

Image copyright Science Photo Library/BBC

ਫਿਲਹਾਲ ਮਾਮਲਾ ਅਦਾਲਤ ਵਿੱਚ ਹੈ।

ਭਾਰਤ ਵਿੱਚ ਘਰੇਲੂ ਹਿੰਸਾ ਦੇ ਮਾਮਲੇ

ਦੇਸ ਵਿੱਚ ਔਰਤਾਂ ਖਿਲਾਫ਼ ਹੋਣ ਵਾਲੇ ਜੁਰਮ ਅਤੇ ਘਰੇਲੂ ਹਿੰਸਾ ਦੇ ਕੇਸ ਲਗਾਤਾਰ ਵੱਧ ਰਹੇ ਹਨ। ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ (NCRB) ਦੀ 2016 ਦੀ ਰਿਪੋਰਟ ਮੁਤਾਬਕ ਇੱਕ ਸਾਲ ਵਿੱਚ ਘਰੇਲੂ ਹਿੰਸਾ ਦੇ 110378 ਕੇਸ ਸਾਹਮਣੇ ਆਏ।

ਇਹ ਉਹ ਕੇਸ ਹਨ ਜਿਨ੍ਹਾਂ ਦੀ ਸ਼ਿਕਾਇਤ ਦਰਜ ਕਰਾਈ ਗਈ ਹੈ। ਬਹੁਤੇ ਕੇਸਾਂ ਵਿੱਚ ਔਰਤਾਂ ਸਮਾਜ ਅਤੇ ਪੁਲਿਸ ਦੇ ਡਰੋਂ ਕੇਸ ਦਰਜ ਨਹੀਂ ਕਰਾਉਂਦੀਆਂ।

NCRB ਦੀ ਰਿਪੋਰਟ 'ਤੇ ਨਜ਼ਰ ਮਾਰੀਏ ਤਾਂ ਮੈਟਰੋ ਸ਼ਹਿਰਾਂ ਵਿੱਚ ਔਰਤਾਂ ਦੇ ਖਿਲਾਫ਼ ਜੁਰਮ ਦੇ ਸਾਲ 2014 ਵਿੱਚ 38385, 2015 ਵਿੱਚ 41001 और 2016 ਵਿੱਚ 41761 ਕੇਸ ਦਰਜ ਹੋਏ। 2016 ਵਿੱਚ 41761 ਕੇਸ ਦਰਜ ਹੋਏ ਕੇਸਾਂ ਵਿੱਚੋਂ 12218 ਕੇਸ ਘਰੇਲੂ ਹਿੰਸਾ ਦੇ ਸਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)