ਨਰਿੰਦਰ ਮੋਦੀ ਦੇ ਬਿਹਾਰ 'ਚ ਪਖਾਨਿਆਂ ਦੀ ਗਿਣਤੀ ਦੇ ਦਾਅਵਿਆਂ ਦਾ ਸੱਚ

ਪ੍ਰਧਾਨ ਮੰਤਰੀ ਨਰਿੰਦਰ ਮੋਦੀ Image copyright Getty Images

ਇੱਕ ਹਫਤੇ ਵਿੱਚ ਚੌਵੀ ਘੰਟੇ ਲਗਾਤਾਰ ਕੰਮ ਕਰਕੇ ਵੱਧ ਤੋਂ ਵੱਧ ਕਿੰਨੇ ਪਖਾਨੇ ਬਣਵਾਏ ਜਾ ਸਕਦੇ ਹਨ?

ਚੰਪਾਰਨ ਸੱਤਿਆਗ੍ਰਹਿ ਦੀ ਸੌਵੀਂ ਵਰ੍ਹੇ ਗੰਢ ਦੇ ਸਮਾਪਤੀ ਸਮਾਗਮ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਮੋਤੀਹਾਰੀ ਵਿੱਚ ਇਸ ਸਵਾਲ ਦਾ ਜੁਆਬ ਦਿੱਤਾ, 'ਅੱਠ ਲੱਖ ਪੰਜਾਹ ਹਜ਼ਾਰ ਪਾਖਾਨੇ'

ਰੁਕੋ ਅਤੇ ਹਿਸਾਬ ਲਗਾਓ। ਹਫਤੇ ਵਿੱਚ ਸੱਤ ਦਿਨ ਹੁੰਦੇ ਹਨ। ਦਿਨ ਵਿੱਚ 24 ਘੰਟੇ ਹੁੰਦੇ ਹਨ ਭਾਵ ਇੱਕ ਹਫਤੇ ਵਿੱਚ 168 ਘੰਟੇ ਹੋਏ।

ਪ੍ਰਧਾਨ ਮੰਤਰੀ ਦੇ ਦਾਅਵੇ ਤੇ ਯਕੀਨ ਕਰੀਏ ਤਾਂ ਬਿਹਾਰ ਵਿੱਚ ਹਰੇਕ ਘੰਟੇ 5059 ਪਾਖਾਨੇ ਬਣੇ। ਇਸ ਦਾ ਅਰਥ ਹੋਇਆ ਹਰ ਮਿੰਟ ਵਿੱਚ 84 ਪਾਖਾਨੇ। ਕਮਾਲ ਦੀ ਗੱਲ ਹੈ ਨਾ!

ਸਚਾਈ ਕੁਝ ਹੋਰ ਹੀ ਹੈ...

ਬਿਹਾਰ ਸਰਕਾਰ ਦਾ ਕਹਿਣਾ ਹੈ ਕਿ ਇਹ ਪਾਖਾਨੇ ਪਿਛਲੇ ਇੱਕ ਨਹੀਂ ਸਗੋਂ ਚਾਰ ਹਫਤਿਆਂ ਵਿੱਚ ਬਣਾਏ ਗਏ ਹਨ।

Image copyright Getty Images

ਬਿਹਾਰ ਸਰਕਾਰ ਵੱਲੋਂ ਚਲਾਏ ਜਾ ਰਹੇ ਲੋਹੀਆ ਸਵੱਛ ਬਿਹਾਰ ਅਭਿਆਨ ਦੇ ਸੀ.ਓ. ਅਤੇ ਸਹਿ ਮਿਸ਼ਨ ਡਾਇਰੈਕਟਰ ਬਾਲਾਮੁਰਗਣ ਡੀ ਨੇ ਬੀਬੀਸੀ ਨੂੰ ਫੋਨ 'ਤੇ ਦੱਸਿਆ, "13 ਮਾਰਚ ਤੋਂ ਲੈ ਕੇ 9 ਅਪ੍ਰੈਲ ਵਿਚਕਾਰ 8.50 ਲੱਖ ਪਖਾਨਿਆਂ ਦਾ ਨਿਰਮਾਣ ਕੀਤਾ ਗਿਆ।"

ਉਨ੍ਹਾਂ ਮੁਤਾਬਕ ਲੰਘੇ ਡੇਢ ਸਾਲ ਦੀਆਂ ਤਿਆਰੀਆਂ ਸਦਕਾ ਇਹ ਸੰਭਵ ਹੋਇਆ। ਜਿਸ ਵਿੱਚ ਰਾਜ ਮਿਸਤਰੀਆਂ ਦੀ ਸਿਖਲਾਈ ਤੋਂ ਲੈ ਕੇ ਜਾਗਰੂਕਤਾ ਅਭਿਆਨ ਵੀ ਸ਼ਾਮਲ ਹੈ।

ਬਿਹਾਰ ਵਿੱਚ ਲਗਪਗ 86 ਲੱਖ ਪਾਖਾਨੇ ਹਨ। ਸੂਬੇ ਵਿੱਚ ਹਾਲੇ ਵੀ ਸਿਰਫ 43 ਫੀਸਦੀ ਘਰਾਂ ਵਿੱਚ ਪਖਾਨੇ ਹਨ।

ਬਿਹਾਰ ਦਾ ਕੋਈ ਵੀ ਜ਼ਿਲ੍ਹਾ ਹਾਲੇ ਤੱਕ ਖੁੱਲ੍ਹੇ ਵਿੱਚ ਜੰਗਲ ਪਾਣੀ ਤੋ ਮੁਕਤ ਨਹੀਂ ਐਲਾਨਿਆ ਜਾ ਸਕਿਆ। ਸਰਕਾਰੀ ਦਾਅਵਿਆਂ ਮੁਤਾਬਕ ਰੋਹਤਾਸ ਜ਼ਿਲ੍ਹਾ ਇਸ ਪਾਸੇ ਵਧ ਰਿਹਾ ਹੈ।

ਇਸ ਰੋਲ ਘਚੋਲੇ 'ਤੇ ਵਿਰੋਧੀ ਧਿਰ ਦੇ ਆਗੂ ਤੇਜਸਵਨੀ ਯਾਦਵ ਨੇ ਵੀ ਵਿਅੰਗ ਕਸਿਆ।

ਉਨ੍ਹਾਂ ਟਵੀਟ ਕੀਤਾ, "ਇਸ ਝੂਠੇ ਦਾਅਵੇ 'ਤੇ ਤਾਂ ਬਿਹਾਰ ਦੇ ਮੁੱਖ ਮੰਤਰੀ ਵੀ ਸਹਿਮਤ ਨਹੀਂ ਹੋਣੇ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)