BBC SPECIAL: ਕੀ ਮੁਸਲਮਾਨਾਂ ਖ਼ਿਲਾਫ਼ ਫਿਰਕੂ ਹਿੰਸਾ ਦਾ ਇਹ ਨਵਾਂ ਪ੍ਰਯੋਗ ਹੈ?

ਬਿਹਾਰ, ਪੱਛਮੀ ਬੰਗਾਲ, ਹਿੰਸਾ, ਹਿੰਦੂ, ਮੁਸਲਮਾਨ Image copyright SUBODH/BBC

ਦੇਸ ਦੇ ਕਈ ਸ਼ਹਿਰਾਂ ਵਿੱਚ ਲੱਭ-ਲੱਭ ਕੇ ਦੁਕਾਨਾਂ ਨੂੰ ਅੱਗ ਲਗਾਉਣ ਅਤੇ ਭੰਨ-ਤੋੜ ਕਰਨ ਦੀਆਂ ਘਟਨਾਵਾਂ ਵਿੱਚ ਬਹੁਤ ਸਾਰੀਆਂ ਗੱਲਾਂ ਅਜਿਹੀਆਂ ਹਨ ਜੋ ਸਾਰੀਆਂ ਥਾਵਾਂ 'ਤੇ ਇੱਕੋ ਜਹੀਆਂ ਹਨ।

ਪਿਛਲੇ ਕੁਝ ਦਿਨਾਂ ਵਿੱਚ ਬਿਹਾਰ ਤੇ ਬੰਗਾਲ ਵਿੱਚ ਹਿੰਸਾ ਅਤੇ ਤਣਾਅ ਦੀਆਂ ਤਕਰੀਬਨ ਦਸ ਘਟਨਾਵਾਂ ਹੋਈਆਂ।

ਇਨ੍ਹਾਂ ਸਾਰੀਆਂ ਘਟਨਾਵਾਂ ਵਿੱਚ ਇੱਕ ਖ਼ਾਸ ਤਰ੍ਹਾਂ ਦਾ ਪੈਟਰਨ ਦੇਖਣ ਨੂੰ ਮਿਲਦਾ ਹੈ। ਇਹੀ ਕਾਰਨ ਹੈ ਕਿ ਇਸ ਨੂੰ ਸਥਾਨਕ ਕਾਰਨਾਂ ਕਰਕੇ ਆਪਣੇ ਆਪ ਸ਼ੁਰੂ ਹੋਈ ਗੜਬੜ ਮੰਨਣਾ ਮੁਸ਼ਕਿਲ ਹੈ।

ਸਾਰੀਆਂ ਥਾਵਾਂ 'ਤੇ ਗੜਬੜੀ ਸ਼ੁਰੂ ਹੋਣ ਤੋਂ ਲੈ ਕੇ ਅੰਜਾਮ ਤੱਕ ਇੱਕੋ ਜਿਹਾ ਹੈ, ਹਿੰਸਾ ਕਰਨ ਵਾਲੇ ਅਤੇ ਉਨ੍ਹਾਂ ਦੇ ਸ਼ਿਕਾਰ ਵੀ ਸਾਰੇ ਸ਼ਹਿਰਾਂ ਵਿੱਚ ਇੱਕੋ ਜਿਹੇ ਹਨ। ਕਹਿਣ ਦਾ ਮਤਲਬ ਹੈ ਕਿ ਇਸ ਤਰ੍ਹਾਂ ਦੀ ਹਿੰਸਾ ਅਤੇ ਅੱਗ ਦੇ ਹਵਾਲੇ ਕਰਨਾ ਬਿਨਾਂ ਤਿਆਰੀ, ਸੰਗਠਿਤ ਅਤੇ ਕਾਬੂ ਕੀਤੇ ਬਿਨਾਂ ਮੁਮਕਿਨ ਨਹੀਂ ਹੈ।

ਬੀਬੀਸੀ ਦੇ ਦੋ ਪੱਤਰਕਾਰਾਂ ਰਜਨੀਸ਼ ਕੁਮਾਰ ਅਤੇ ਦਿਲਨਵਾਜ਼ ਪਾਸ਼ਾ ਨੇ ਬੰਗਾਲ ਅਤੇ ਬਿਹਾਰ ਦੇ ਉਨ੍ਹਾਂ ਸ਼ਹਿਰਾਂ ਦਾ ਦੌਰਾ ਕੀਤਾ ਜਿੱਥੇ ਰਾਮਨੌਮੀ ਦੇ ਜਲੂਸ ਤੋਂ ਬਾਅਦ ਹਿੰਸਾ ਹੋਈ ਅਤੇ ਕਈ ਦੁਕਾਨਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਗਿਆ।

ਇਨ੍ਹਾਂ ਸਾਰੇ ਮਾਮਲਿਆਂ ਵਿੱਚ 9 ਅਜਿਹੀਆਂ ਗੱਲਾਂ ਹਨ ਜਿਹੜੀਆਂ ਹਰ ਥਾਂ ਇੱਕੋ ਜਿਹੀਆਂ ਹਨ, ਜਿਸ ਤੋਂ ਇਹ ਲਗਦਾ ਹੈ ਕਿ ਇਹ ਇੱਕ ਸਾਜ਼ਿਸ਼ ਹੈ, ਨਾ ਕਿ ਵੱਖ-ਵੱਖ ਸ਼ਹਿਰਾਂ ਵਿੱਚ ਹੋਈਆਂ ਛੋਟੀਆਂ-ਮੋਟੀਆਂ ਹਿੰਸਾਂ ਦੀਆਂ ਘਟਨਾਵਾਂ।

1.ਰੋਹ ਭਰਪੂਰ ਪ੍ਰਦਰਸ਼ਨ, ਨੌਜਵਾਨ, ਝੰਡੇ, ਬਾਈਕ...

ਬਿਹਾਰ ਵਿੱਚ ਫਿਰਕੂ ਤਣਾਅ ਅਤੇ ਮੁਸਲਮਾਨਾਂ ਦੇ ਖ਼ਿਲਾਫ਼ ਹਮਲੇ ਦਾ ਸਿਲਸਿਲਾ ਪਿਛਲੇ 17 ਮਾਰਚ ਨੂੰ ਸ਼ੁਰੂ ਹੋਇਆ ਸੀ। 17 ਮਾਰਚ ਨੂੰ ਕੇਂਦਰੀ ਮੰਤਰੀ ਅਸ਼ਵਨੀ ਚੌਬੇ ਦੇ ਮੁੰਡੇ ਅਰਜਿਤ ਚੌਬੇ ਨੇ ਭਾਗਲਪੁਰ ਵਿੱਚ ਹਿੰਦੂ ਨਵੇਂ ਸਾਲ 'ਤੇ ਇੱਕ ਸ਼ੋਭਾਯਾਤਰਾ ਕੱਢੀ ਸੀ।

ਇਸ ਤੋਂ ਬਾਅਦ ਰਾਮਨੌਮੀ ਤੱਕ ਔਰੰਗਾਬਾਦ, ਸਮਸਤੀਪੁਰ ਦੇ ਰੋਸਾੜਾ ਅਤੇ ਨਵਾਦਾ ਵਰਗੇ ਸ਼ਹਿਰ ਫਿਰਕੂ ਨਫ਼ਰਤ ਦੀ ਲਪੇਟ ਵਿੱਚ ਆਏ। ਸਾਰੇ ਸ਼ਹਿਰਾਂ ਵਿੱਚ ਰਾਮਨੌਮੀ ਦੇ ਰੋਹ ਭਰਪੂਰ ਜਲੂਸ ਕੱਢੇ ਗਏ। ਜਲੂਸ ਵਿੱਚ ਬਾਈਕ ਸਵਾਰ ਨੌਜਵਾਨ ਅਤੇ ਮੱਥੇ 'ਤੇ ਭਗਵੀਆਂ ਪੱਟੀਆਂ ਸਨ। ਇਸਦੇ ਨਾਲ ਹੀ ਮੋਟਰਸਾਈਕਲ 'ਤੇ ਭਗਵਾ ਝੰਡੇ ਵੀ ਬੰਨੇ ਸੀ।

ਅਪਵਾਦ ਦੇ ਤੌਰ 'ਤੇ ਰੋਸੜਾ ਦੇ ਜਲੂਸ ਵਿੱਚ ਬਾਈਕ ਨਹੀਂ ਸੀ, ਪਰ ਇਸ ਵਿੱਚ ਸ਼ਾਮਲ ਲੋਕ ਕਾਫ਼ੀ ਰੋਹ ਭਰਪੂਰ ਸੀ ਅਤੇ ਹੱਥਾਂ ਵਿੱਚ ਭਗਵਾ ਝੰਡੇ ਸੀ। ਹਿੰਦੂ ਨਵੇਂ ਸਾਲ ਦਾ ਜਲੂਸ ਇੱਕ ਨਵੀਂ ਕਾਢ ਹੈ। ਰਾਮਨੌਮੀ ਦਾ ਜਲੂਸ ਵੀ ਕਈ ਸ਼ਹਿਰਾਂ ਵਿੱਚ ਹੁਣ ਤੋਂ ਪਹਿਲਾਂ ਕਦੇ ਨਹੀਂ ਨਿਕਲਦਾ ਸੀ।

ਪਿਛਲੇ ਸਾਲ ਯੂਪੀ ਦੇ ਸਹਾਰਨਪੁਰ ਵਿੱਚ ਤਾਂ ਰਾਣਾ ਪ੍ਰਤਾਪ ਜਯੰਤੀ ਦੇ ਨਾਂ 'ਤੇ ਜਲੂਸ ਕੱਢਿਆ ਗਿਆ ਸੀ ਜਿਸ ਤੋਂ ਬਾਅਦ ਦਲਿਤਾਂ ਨੂੰ ਹਿੰਸਾ ਦਾ ਨਿਸ਼ਾਨਾ ਬਣਾਇਆ ਗਿਆ। ਮੇਵਾੜ ਦੇ ਰਾਣਾ ਪ੍ਰਤਾਪ ਦੀ ਜੰਯਤੀ ਦਾ ਜਲੂਸ ਸਹਾਰਨਪੁਰ ਵਿੱਚ ਬਿਲਕੁਲ ਨਵੀਂ ਗੱਲ ਸੀ।

2.ਜਲੂਸ ਦੇ ਪ੍ਰਬੰਧਕ... ਵੱਖ-ਵੱਖ ਤਰ੍ਹਾਂ ਦੇ ਸੰਗਠਨ

ਸਾਰੇ ਸ਼ਹਿਰਾਂ ਵਿੱਚ ਜਲੂਸ ਦੇ ਪ੍ਰਬੰਧਕ ਇੱਕੋ ਜਿਹੇ ਵਿਚਾਰਾਂ ਵਾਲੇ ਸੰਗਠਨ ਸਨ। ਇਨ੍ਹਾਂ ਦੇ ਨਾਮ ਭਾਵੇਂ ਹੀ ਵੱਖ ਸੀ ਪਰ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਤੋਂ ਇਲਾਵਾ ਆਰਐਸਐਸ ਅਤੇ ਬਜਰੰਗ ਦਲ ਦੇ ਤਾਰ ਇਨ੍ਹਾਂ ਨਾਲ ਜੁੜਦੇ ਹਨ। ਔਰੰਗਾਬਾਦ ਅਤੇ ਰੋਸੜਾ ਵਿੱਚ ਤਾਂ ਭਾਜਪਾ ਅਤੇ ਬਜਰੰਗ ਦਲ ਦੇ ਨੇਤਾ ਸਿੱਧੇ ਤੌਰ 'ਤੇ ਸ਼ਾਮਲ ਸੀ।

ਔਰੰਗਾਬਾਦ ਦੇ ਜਲੂਸ ਵਿੱਚ ਸ਼ਹਿਰ ਦੇ ਭਾਜਪਾ ਸੰਸਦ ਮੈਂਬਰ ਸੁਸ਼ੀਲ ਸਿੰਘ, ਭਾਜਪਾ ਦੇ ਸਾਬਕਾ ਵਿਧਾਇਕ ਰਾਮਾਧਾਰ ਸਿੰਘ ਅਤੇ ਹਿੰਦੂ ਯੁਵਾ ਵਾਹਿਨੀ ਦੇ ਨੇਤਾ ਅਨਿਲ ਸਿੰਘ ਸ਼ਾਮਲ ਸੀ। ਅਨਿਲ ਸਿੰਘ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਹੈ।

ਰੋਸੜਾ ਵਿੱਚ ਵੀ ਭਾਜਪਾ ਅਤੇ ਬਜਰੰਗ ਦਲ ਦੇ ਨੇਤਾਵਾਂ ਖ਼ਿਲਾਫ਼ ਐਫਆਈਆਰ ਦਰਜ ਕੀਤੀ ਗਈ ਹੈ। ਭਾਗਲਪੁਰ ਵਿੱਚ ਤਾਂ ਕੇਂਦਰੀ ਮੰਤਰੀ ਅਸ਼ਵਨੀ ਚੌਬੇ ਦੇ ਪੁੱਤ ਹੀ ਸ਼ਾਮਲ ਸੀ।

ਇਸ ਦੌਰਾਨ ਕੁਝ ਨਵੇਂ ਹਿੰਦੂਵਾਦੀ ਸੰਗਠਨਾਂ ਦਾ ਵੀ ਜਨਮ ਹੋਇਆ ਅਤੇ ਇਨ੍ਹਾਂ ਨੇ ਜਲੂਸ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ। ਭਾਗਲਪੁਰ ਵਿੱਚ 'ਭਗਵਾ ਕ੍ਰਾਂਤੀ' ਅਤੇ ਔਰੰਗਾਬਾਦ ਵਿੱਚ 'ਸਵਰਣ ਕ੍ਰਾਂਤੀ' ਮੋਰਚੇ ਦਾ ਜਨਮ ਹੋਇਆ। ਫਿਰਕੂ ਝੜਪ ਤੋਂ ਬਾਅਦ ਇਨ੍ਹਾਂ ਦੋਵਾਂ ਸੰਗਠਨਾਂ ਦੇ ਨੇਤਾ ਮਿਲਣ ਅਤੇ ਗੱਲ ਕਰਨ ਨੂੰ ਤਿਆਰ ਨਹੀਂ ਹੋਏ।

ਇਸਦੇ ਨਾਲ ਹੀ ਪੱਛਮੀ ਬੰਗਾਲ ਆਸਨਸੋਲ ਵਿੱਚ ਵੀ ਰਾਮਨੌਮੀ ਦੇ ਜਲੂਸ ਵਿੱਚ ਭਾਜਪਾ ਨੂੰ ਸਮਰਥਨ ਹਾਸਲ ਸੀ। ਆਸਨਸੋਲ ਵਿੱਚ ਹਿੰਦੂਆਂ ਦੀਆਂ ਵੀ ਦੁਕਾਨਾਂ ਅਤੇ ਘਰਾਂ ਵਿੱਚ ਅੱਗ ਲਾਈ ਗਈ। ਹਾਲਾਂਕਿ ਇੱਥੇ ਵੀ ਰਾਮਲੀਲਾ ਦੇ ਜਲੂਸ ਦੌਰਾਨ ਹੀ ਫਿਰਕੂ ਤਣਾਅ ਪੈਦਾ ਹੋਇਆ। ਇੱਥੋਂ ਹਿੰਦੂ ਵੀ ਆਪਣੇ ਘਰ ਛੱਡ ਕੇ ਭੱਜਣ ਨੂੰ ਮਜਬੂਰ ਹੋ ਗਏ।

3.ਖ਼ਾਸ ਰੂਟ ਤੋਂ ਜਾਣ ਦੀ ਜ਼ਿੱਦ

ਸਾਰੇ ਸ਼ਹਿਰਾਂ ਵਿੱਚ ਮੁਸਲਮਾਨਾਂ ਦੀ ਸੰਘਣੀ ਆਬਾਦੀ ਵਾਲੇ ਇਲਾਕਿਆਂ ਵਿੱਚੋਂ ਜਾਣ ਦੀ ਜ਼ਿੱਦ ਕੀਤੀ ਗਈ। ਨਵਾਦਾ ਵਿੱਚ ਰਾਮਨੌਮੀ ਤੋਂ ਪਹਿਲਾਂ ਪ੍ਰਸ਼ਾਸਨ ਵੱਲੋਂ ਧਾਰਮਿਕ ਨੇਤਾਵਾਂ ਨੂੰ ਬੁਲਾ ਕੇ ਇੱਕ ਸ਼ਾਂਤੀ ਬੈਠਕ ਕਰਵਾਈ ਅਤੇ ਉਸ ਵਿੱਚ ਪ੍ਰਸਤਾਵ ਰੱਖਿਆ ਕਿ ਜਲੂਸ ਦੇ ਦੌਰਾਨ ਮੁਸਲਿਮ ਇਲਾਕਿਆਂ ਵਿੱਚ 'ਪਾਕਿਸਤਾਨ ਮੁਰਦਾਬਾਦ' ਦੇ ਨਾਅਰਿਆਂ ਤੋਂ ਪਰਹੇਜ਼ ਕੀਤਾ ਜਾਵੇ ਤਾਂ ਭਾਜਪਾ ਨੇ ਇਸਦਾ ਜੰਮ ਕੇ ਵਿਰੋਧ ਕੀਤਾ।

ਫੋਟੋ ਕੈਪਸ਼ਨ ਔਰੰਗਾਬਾਦ ਵਿੱਚ ਮਸਜਿਦ ਦਾ ਟੁੱਟਿਆ ਹੋਇਆ ਸ਼ੀਸ਼ਾ

ਇੱਥੋਂ ਤੱਕ ਕਿ ਨਵਾਦਾ ਦੇ ਸੰਸਦ ਮੈਂਬਰ ਅਤੇ ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੇ ਕਿਹਾ ਕਿ ''ਪਾਕਿਸਤਾਨ ਮੁਰਦਾਬਾਦ ਦਾ ਨਾਅਰਾ ਭਾਰਤ ਵਿੱਚ ਨਹੀਂ ਲੱਗੇਗਾ ਤਾਂ ਕਿੱਥੇ ਲੱਗੇਗਾ''? ਔਰੰਗਾਬਾਦ, ਰੋਸੜਾ ਅਤੇ ਭਾਗਲਪੁਰ ਅਤੇ ਆਸਨਸੋਲ ਵਿੱਚ ਵੀ ਅਜਿਹਾ ਹੀ ਹੋਇਆ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਜਲੂਸ ਦਾ ਰੂਟ ਜਾਣਬੁੱਝ ਕੇ ਸੰਘਣੀ ਆਬਾਦੀ ਵਾਲਾ ਮੁਸਲਿਮ ਇਲਾਕਾ ਚੁਣਿਆ ਗਿਆ।

ਹਾਲਾਂਕਿ ਆਸਨਸੋਲ ਦੀ ਘਟਨਾ ਵਿੱਚ ਮੁਸਲਿਮ ਇਲਾਕਿਆਂ ਵਿੱਚ ਰਹਿ ਰਹੇ ਹਿੰਦੂ ਪਰਿਵਾਰ ਵੀ ਲਪੇਟ ਵਿੱਚ ਆ ਗਏ ਅਤੇ ਹਿੰਦੂਆਂ ਨੂੰ ਵੀ ਆਪਣਾ ਘਰ ਛੱਡ ਕੇ ਬਾਹਰੀ ਇਲਾਕਿਆਂ ਵਿੱਚ ਜਾਣਾ ਪਿਆ।

4.ਭੜਕਾਉਣ ਵਾਲੇ ਨਾਅਰੇ ਅਤੇ ਡੀਜੇ

ਜਿੱਥੇ-ਜਿੱਥੇ ਵੀ ਜਲੂਸ ਕੱਢੇ ਗਏ ਉੱਥੇ ਮੁਸਲਮਾਨਾਂ ਨੂੰ 'ਪਾਕਿਸਤਾਨੀ' ਕਿਹਾ ਗਿਆ, ਨਾਅਰਿਆਂ ਨਾਲ ਡੀਜੇ ਵਜਾਏ ਗਏ। 'ਜਬ-ਜਬ ਹਿੰਦੂ ਜਾਗਾ ਹੈ ਤਬ-ਤਬ ਮੁਸਲਮਾਨ ਭਾਗਾ ਹੈ' ਵਰਗੇ ਨਾਅਰੇ ਲਾਏ ਜਾ ਰਹੇ ਸੀ। ਔਰੰਗਾਬਾਦ ਅਤੇ ਰੋਸੜਾ ਵਿੱਚ ਤਾਂ ਹਿੰਦੂ ਪ੍ਰੱਤਖਦਰਸ਼ੀਆਂ ਨੇ ਬੀਬੀਸੀ ਨੂੰ ਦੱਸਿਆਂ ਕਿ ਕਿਸ ਤਰ੍ਹਾਂ ਮੁਸਲਮਾਨਾਂ ਨੂੰ ਨਾਅਰਿਆਂ ਨਾਲ ਭੜਕਾਉਣ ਦੀ ਕੋਸ਼ਿਸ਼ ਕੀਤੀ ਗਈ।

ਔਰੰਗਾਬਾਦ ਵਿੱਚ ਕਬਰਿਸਤਾਨ 'ਚ ਭਗਵਾ ਝੰਡੇ ਲਗਾ ਦਿੱਤੇ ਗਏ ਤਾਂ ਰੋਸੜਾ ਦੀਆਂ ਤਿੰਨ ਮਸਜਿਦਾਂ ਵਿੱਚ ਭੰਨ-ਤੋੜ ਦੇ ਨਾਲ ਭਗਵਾ ਝੰਡੇ ਲਗਾ ਦਿੱਤੇ ਗਏ। ਸਾਰੇ ਜਲੂਸਾਂ ਵਿੱਚ ਇੱਕ ਹੀ ਕੈਸੇਟ ਦੀ ਵਰਤੋਂ ਕੀਤੀ ਗਈ। ਬੀਬੀਸੀ ਪੱਤਰਕਾਰ ਦਿਲਨਵਾਜ਼ ਪਾਸ਼ਾ ਨਾਲ ਗੱਲ ਕਰਦੇ ਹੋਏ ਆਸਨਸੋਲ ਵਿੱਚ ਵਿਸ਼ਵ ਹਿੰਦੂ ਪਰਿਸ਼ਦ ਦੇ ਨੇਤਾ ਰਾਜੇਸ਼ ਗੁਪਤਾ ਨੇ ਮੰਨਿਆ ਸੀ ਕਿ ਰਾਮਨੌਮੀ ਦੇ ਜਲੂਸ ਵਿੱਚ ਉਨ੍ਹਾਂ ਦੇ ਗਾਣੇ ਵਜਾਏ ਸੀ।

ਫੋਟੋ ਕੈਪਸ਼ਨ ਜਲੂਸ ਵਿੱਚ ਸ਼ਾਮਲ ਬੀਜੇਪੀ ਸਾਂਸਦ ਸੁਸ਼ੀਲ ਸਿੰਘ

ਉਨ੍ਹਾਂ ਨੇ ਕਿਹਾ,''ਹਾਂ ਅਸੀਂ ਗਾਣੇ ਵਜਾਏ। ਉਹ ਸਾਰੇ ਗਾਣੇ ਪਾਕਿਸਤਾਨੀ ਵਿਰੋਧੀ ਸੀ ਪਰ ਉਨ੍ਹਾਂ ਵਿੱਚ ਭੜਕਾਊ ਨਾਅਰੇ ਨਹੀਂ ਸੀ।''

ਪਰ ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਰਾਮਨੌਮੀ ਅਤੇ ਪਾਕਿਸਤਾਨ ਵਿਰੋਧੀ ਗਾਣਿਆਂ ਦਾ ਕੀ ਮੇਲ ਹੈ? ਤਾਂ ਉਨ੍ਹਾਂ ਨੇ ਕਿਹਾ,'' ਅਸੀਂ ਆਪਣੀ ਦੇਸ ਭਗਤੀ ਅਤੇ ਰਾਸ਼ਟਰਵਾਦੀ ਸੋਚ ਨੂੰ ਜ਼ਾਹਰ ਕਰਨ ਦਾ ਕੋਈ ਵੀ ਮੌਕਾ ਖਾਲੀ ਨਹੀਂ ਜਾਣ ਦੇਣਾ ਚਾਹੁੰਦੇ। ਜੇਕਰ ਭਾਰਤ ਵਿੱਚ ਪਾਕਿਸਤਾਨ ਵਿਰੋਧੀ ਗਾਣੇ ਨਹੀਂ ਵੱਜਣਗੇ, ਤਾਂ ਫਿਰ ਕਿੱਥੇ ਵੱਜਣਗੇ।''

5.ਕਿਰਿਆ ਪ੍ਰਤੀਕਿਰਿਆ ਦੀ ਥਿਊਰੀ

ਆਰਐਸਐਸ ਅਤੇ ਭਾਜਪਾ ਦੇ ਲੀਡਰਾਂ ਨੇ ਮੁਸਲਮਾਨਾਂ ਖ਼ਿਲਾਫ਼ ਹਮਲੇ ਨੂੰ 'ਕਿਰਿਆ ਦੀ ਪ੍ਰਤੀਕਿਰਿਆ' ਦੱਸਿਆ। ਬਿਹਾਰ ਭਾਜਪਾ ਪ੍ਰਦੇਸ਼ ਜਨਰਲ ਸਕੱਤਰ ਰਜਿੰਦਰ ਸਿੰਘ ਨੇ ਬੀਬੀਸੀ ਨੂੰ ਕਿਹਾ ਕਿ ਮੁਸਲਮਾਨਾਂ ਖ਼ਿਲਾਫ਼ ਹਿੰਸਾ 'ਕਿਰਿਆ ਦੀ ਪ੍ਰਤੀਕਿਰਿਆ ਹੈ।''

Image copyright KAMIL/BBC
ਫੋਟੋ ਕੈਪਸ਼ਨ ਔਰੰਗਾਬਾਦ ਦੇ ਕਬਰੀਸਤਾਨ ਵਿੱਚ ਭਗਵਾ ਝੰਡਾ

ਉੱਥੇ ਔਰੰਗਾਬਾਦ ਵਿੱਚ ਵੀ ਆਰਐਸਐਸ ਦੇ ਇੱਕ ਨੇਤਾ ਸੁਰਿੰਦਰ ਕਿਸ਼ੋਰ ਸਿੰਘ ਨੇ ਵੀ ਇਹੀ ਗੱਲ ਕਹੀ। ਔਰੰਗਾਬਾਦ, ਰੋਸੜਾ ਅਤੇ ਭਾਗਲਪੁਰ ਵਿੱਚ ਜਲੂਸ ਦੇ ਦੌਰਾਨ ਅਫਵਾਹ ਫੈਲੀ ਕਿ ਮੁਸਲਮਾਨਾਂ ਨੇ ਚੱਪਲਾਂ ਜਾਂ ਪੱਥਰ ਮਾਰੇ ਹਨ। ਪੱਥਰ ਜਾਂ ਚੱਪਲ ਸੁਟੇ ਜਾਣ ਨੂੰ ਕਿਰਿਆ ਮੰਨਿਆ ਗਿਆ ਹਾਲਾਂਕਿ ਹੁਣ ਤੱਕ ਕੋਈ ਜਾਂਚ ਇਸ ਮੁਕਾਮ 'ਤੇ ਨਹੀਂ ਪਹੁੰਚੀ ਹੈ ਕਿ ਪੱਥੜ ਜਾਂ ਚੱਪਲ ਕਿਸੇ ਖ਼ਾਸ ਭਾਈਚਾਰੇ ਵੱਲੋਂ ਸੁੱਟੇ ਗਏ।

6.ਸੀਮਤ ਹਿੰਸਾ, ਚੁਣ ਕੇ ਅੱਗ ਹਵਾਲੇ

ਇਨ੍ਹਾਂ ਸ਼ਹਿਰਾਂ ਵਿੱਚ ਕੋਈ ਵਿਆਪਕ ਹਿੰਸਾ ਨਹੀਂ ਕੀਤੀ ਗਈ ਜਿਸ ਨਾਲ ਕਿਸੇ ਦੀ ਜਾਨ ਚਲੀ ਜਾਵੇ। ਲੋਕਾਂ ਦੀ ਜ਼ਿੰਦਗੀ 'ਤੇ ਹਮਲਾ ਬੋਲਿਆ ਗਿਆ ਔਰੰਗਾਬਾਦ ਵਿੱਚ ਜਲੂਸ ਤੋਂ ਬਾਅਦ ਹਿੰਸਾ ਵਿੱਚ 30 ਦੁਕਾਨਾਂ ਸਾੜ ਦਿੱਤੀਆਂ ਗਈਆਂ। ਇਨ੍ਹਾਂ 30 ਦੁਕਾਨਾਂ ਵਿੱਚ 29 ਮੁਸਲਮਾਨਾਂ ਦੀਆਂ ਸਨ। ਜ਼ਾਹਰ ਹੈ ਕਿ ਮੁਸਲਮਾਨਾਂ ਦੀਆਂ ਦੁਕਾਨਾਂ ਨੂੰ ਜਾਣਬੁਝ ਕੇ ਨਿਸ਼ਾਨਾ ਬਣਾਇਆ ਗਿਆ।

ਔਰੰਗਾਬਾਦ ਜ਼ਿਲ੍ਹਾ ਪ੍ਰਸ਼ਾਸਨ ਦਾ ਵੀ ਕਹਿਣਾ ਹੈ ਕਿ ਲਗਭਗ ਦੁਕਾਨਾਂ ਮੁਸਲਮਾਨਾਂ ਦੀਆਂ ਹੋਣ ਕਾਰਨ ਅਜਿਹਾ ਲਗਦਾ ਹੈ ਕਿ ਦੁਕਾਨਾਂ ਨੂੰ ਅੱਗ ਲਗਾਉਣ ਵਾਲਿਆਂ ਨੂੰ ਪਤਾ ਸੀ ਕਿ ਕਿਹੜੀ ਦੁਕਾਨ ਹਿੰਦੂ ਦੀ ਹੈ ਅਤੇ ਕਿਹੜੀ ਮੁਸਲਮਾਨ ਦੀ। ਔਰੰਗਾਬਾਦ ਵਿੱਚ ਹਿੰਦੂ ਯੁਵਾ ਵਾਹਿਨੀ ਦੇ ਨੇਤਾ ਅਨਿਲ ਸਿੰਘ ਦੇ ਘਰ ਵਿੱਚ ਵੀ ਮੁਸਲਮਾਨਾਂ ਦੀਆਂ ਦੁਕਾਨਾਂ ਵੀ ਸੀ ਪਰ ਉਹ ਸੁਰੱਖਿਅਤ ਰਹੀਆਂ।

ਇਨ੍ਹਾਂ ਘਟਨਾਵਾਂ ਵਿੱਚ ਕਿਸੇ ਦੀ ਜਾਨ ਨਹੀਂ ਗਈ, ਪਰ ਉਨ੍ਹਾਂ ਦੀ ਜ਼ਿੰਦਗੀ ਨੂੰ ਇਸ ਤਰ੍ਹਾਂ ਬਰਬਾਦ ਕੀਤਾ ਗਿਆ ਕਿ ਆਉਣ ਵਾਲੇ ਲੰਬੇ ਸਮੇਂ ਤੱਕ ਉਨ੍ਹਾਂ 'ਤੇ ਇਸਦਾ ਡੂੰਘਾ ਅਸਰ ਰਹੇਗਾ।

ਭੀੜ ਵਿੱਚ ਕਿਹੜੇ ਲੋਕ ਸ਼ਾਮਲ ਸੀ ਇਸ ਨੂੰ ਲੈ ਕੇ ਵੀ ਸਥਾਨਕ ਲੋਕਾਂ ਅਤੇ ਪ੍ਰਸ਼ਾਸਨ ਦਾ ਮਿਲਿਆ ਜੁਲਿਆ ਅੰਦਾਜ਼ਾ ਹੈ। ਔਰੰਗਾਬਾਦ ਦੇ ਮੁਸਲਮਾਨਾਂ ਦਾ ਕਹਿਣਾ ਹੈ ਕਿ ਭੰਨ-ਤੋੜ ਵਿੱਚ ਵਧੇਰੇ ਬਾਹਰੀ ਲੋਕ ਸ਼ਾਮਲ ਸੀ। ਦੂਜੇ ਪਾਸੇ ਭਾਗਲਪੁਰ ਅਤੇ ਨਵਾਦਾ ਦੀ ਭੀੜ ਨੂੰ ਸਥਾਨਕ ਦੱਸਿਆ ਜਾ ਰਿਹਾ ਹੈ।

Image copyright PTI

ਔਰੰਗਾਬਾਦ ਦੇ ਡੀਐਮ ਰਾਹੁਲ ਰੰਜਨ ਮਹੀਵਾਲ ਨੇ ਕਿਹਾ ਕਿ ਭੰਨ-ਤੋੜ ਵਿੱਚ ਦੂਜੇ ਸੂਬੇ ਦੇ ਲੋਕ ਵੀ ਸ਼ਾਮਲ ਸੀ। ਰੋਸੜਾ ਦੇ ਲੋਕਾਂ ਦਾ ਕਹਿਣਾ ਹੈ ਕਿ ਭੀੜ ਵਿੱਚ ਸਥਾਨਕ ਅਤੇ ਬਾਹਰੀ ਦੋਵੇਂ ਲੋਕ ਸ਼ਾਮਲ ਸੀ।

7.ਪ੍ਰਸ਼ਾਸਨ ਦੀ ਭੂਮਿਕਾ

ਪ੍ਰਸ਼ਾਸਨ ਦੀ ਭੂਮਿਕਾ ਕੁਝ ਮਾਮਲਿਆਂ ਨੂੰ ਛੱਡ ਕੇ ਬੇਬਸ ਦਰਸ਼ਕ ਹੀ ਰਹੀ ਹੈ। ਔਰੰਗਾਬਾਦ ਵਿੱਚ 26 ਮਾਰਚ ਦੇ ਜਲੂਸ ਵਿੱਚ ਮਸਜਿਦ ਵਿੱਚ ਚੱਪਲ ਸੁੱਟੇ ਜਾਣ, ਕਬਰਿਸਤਾਨ ਵਿੱਚ ਝੰਡੇ ਗੱਢਣ ਅਤੇ ਮੁਸਲਮਾਨਾਂ ਖ਼ਿਲਾਫ਼ ਇਤਰਾਜ਼ਯੋਗ ਨਾਅਰੇ ਲਗਾਉਣ ਦੀ ਘਟਨਾ ਸਾਹਮਣੇ ਆਈ ਹੈ।

ਐਨਾ ਸਭ ਹੋਣ ਦੇ ਬਾਵਜੂਦ ਅਗਲੇ ਦਿਨ 27 ਮਾਰਚ ਨੂੰ ਮੁਸਲਿਮ ਇਲਾਕਿਆਂ ਵਿੱਚ ਜਲੂਸ ਕੱਢਣ ਦੀ ਇਜਾਜ਼ਤ ਦਿੱਤੀ ਗਈ। ਪ੍ਰਸ਼ਾਸਨ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਲਿਖਤ ਵਾਅਦਾ ਕੀਤਾ ਗਿਆ ਸੀ ਕਿ ਹੁਣ ਕੁਝ ਨਹੀਂ ਹੋਵੇਗਾ, ਇਸ ਲਈ ਇਜਾਜ਼ਤ ਦਿੱਤੀ ਗਈ।

ਨਵਾਦਾ ਵਿੱਚ ਪ੍ਰਸ਼ਾਸਨ ਨੇ ਮੁਸਲਿਮ ਇਲਾਕਿਆਂ ਵਿੱਚ ਨਾਅਰਾ ਲਗਾਉਣ ਤੋਂ ਪਰਹੇਜ਼ ਰੱਖਿਆ ਲਈ ਕਿਹਾ ਤਾਂ ਭਾਜਪਾ ਨੇ ਇਹ ਸ਼ਰਤ ਖਾਰਜ ਕਰ ਦਿੱਤੀ। ਭਾਗਲਪੁਰ, ਰੋਸੜਾ ਅਤੇ ਆਸਨਸੋਲ ਵਿੱਚ ਵੀ ਪ੍ਰਸ਼ਾਸਨ ਨੇ ਭੀੜ ਦੇ ਸਾਹਮਣੇ ਖ਼ੁਦ ਨੂੰ ਬੇਬਸ ਮਹਿਸੂਸ ਕੀਤਾ।

ਨਾਵਦਾ, ਭਾਗਲਪੁਰ ਅਤੇ ਰੋਸੜਾ ਵਿੱਚ ਮੁਸਲਮਾਨਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਅਲਰਟ ਨਾ ਰਹਿੰਦਾ ਤਾਂ ਨਤੀਜੇ ਹੋਰ ਗੰਭੀਰ ਹੋ ਸਕਦੇ ਸੀ, ਉੱਥੇ ਹੀ ਔਰੰਗਾਬਾਦ ਦੇ ਪੀੜਤਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਦੀ ਨੱਕ ਹੇਠਾਂ ਸ਼ਹਿਰ ਸੜਦਾ ਰਿਹਾ।

8.ਸੋਸ਼ਲ ਮੀਡੀਆ 'ਤੇ ਅਫ਼ਵਾਹਾਂ

ਬਿਹਾਰ ਦੇ ਜਿਨ੍ਹਾਂ ਸ਼ਹਿਰਾਂ ਵਿੱਚ ਫਿਰਕੂ ਹਿੰਸਾ ਫੈਲੀ, ਉੱਥੇ ਪ੍ਰਸ਼ਾਸਨ ਨੇ ਸਭ ਤੋਂ ਪਹਿਲਾਂ ਕੁਝ ਦਿਨਾਂ ਲਈ ਬੰਦ ਕਰ ਦਿੱਤਾ। ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਅਫ਼ਵਾਹਾਂ ਫੈਲਾਈਆਂ ਗਈਆਂ। ਔਰੰਗਾਬਾਦ ਵਿੱਚ ਵਟਸਐਪ 'ਤੇ ਅਫ਼ਵਾਹ ਫੈਲਾਈ ਗਈ ਕਿ ਮੁਸਲਮਾਨਾਂ ਨੇ ਚਾਰ ਦਲਿਤ ਹਿੰਦੂਆਂ ਦਾ ਕਤਲ ਕਰ ਦਿੱਤਾ ਹੈ।

Image copyright BBC/DILNAWAZ PASHA

ਇਸਦੇ ਨਾਲ ਹੀ ਰਾਮਨੌਮੀ ਨੂੰ ਲੈ ਕੇ ਇਹ ਅਫ਼ਵਾਹ ਫੈਲਾਈ ਗਈ ਕਿ ਮੁਸਲਮਾਨਾਂ ਨੇ ਜਲੂਸ 'ਤੇ ਹਮਲਾ ਕੀਤਾ ਹੈ। ਆਸਨਸੋਲ ਵਿੱਚ ਸੋਸ਼ਲ ਮੀਡੀਆ 'ਤੇ ਵੱਡੇ ਦੰਗਿਆਂ ਦੀ ਅਫਵਾਹ ਫੈਲਾ ਦਿੱਤੀ ਗਈ ,ਜਿਸ ਨਾਲ ਲੋਕ ਆਪਣਾ ਘਰ ਛੱਡ ਕੇ ਭੱਜਣ ਲੱਗੇ।

9.ਮੁਸਲਮਾਨਾਂ ਵਿੱਚ ਦਹਿਸ਼ਤ, ਜਿੱਤ ਦਾ ਵਾਤਾਵਰਣ

ਇਨ੍ਹਾਂ ਘਟਨਾਵਾਂ ਰਾਹੀਂ ਮੁਸਲਮਾਨਾਂ ਵਿੱਚ ਡਰ ਪੈਦਾ ਕੀਤੇ ਗਿਆ। ਔਰੰਗਾਬਾਦ ਵਿੱਚ ਇਮਰੋਜ਼ ਨਾਂ ਦੇ ਇੱਕ ਸ਼ਖ਼ਸ ਦੇ ਜੁੱਤੀਆਂ ਦੇ ਸ਼ੋਅਰੂਮ ਨੂੰ ਦੰਗਾਈਆਂ ਨੇ ਸਾੜ ਕੇ ਸੁਆਹ ਕਰ ਦਿੱਤਾ। ਉਨ੍ਹਾਂ ਨੇ ਖਾੜੀ ਦੇ ਦੇਸਾਂ ਤੋਂ ਪੈਸਾ ਕਮਾ ਕੇ ਕਾਰੋਬਾਰ ਸ਼ੁਰੂ ਕੀਤਾ ਸੀ।

ਹੁਣ ਉਨ੍ਹਾਂ ਨੇ ਫ਼ੈਸਲਾ ਕੀਤਾ ਹੈ ਕਿ ਉਹ ਇਸ ਦੇਸ ਵਿੱਚ ਕੋਈ ਵਪਾਰ ਨਹੀਂ ਕਰਨਗੇ। ਉਹ ਆਪਣੇ ਪਰਿਵਾਰ ਨਾਲ ਹੌਂਗਕੌਂਗ ਜਾਣ ਦੀ ਤਿਆਰੀ ਕਰ ਰਹੇ ਹਨ। ਹੋਰ ਸ਼ਹਿਰਾਂ ਵਿੱਚ ਵੀ ਮੁਸਲਮਾਨਾਂ ਦਾ ਕਹਿਣਾ ਹੈ ਕਿ ਉਹ ਆਪਣੇ ਕਾਰੋਬਾਰ ਸਮੇਟਣ ਦੀ ਤਿਆਰੀ ਵਿੱਚ ਹਨ। ਦੂਜੇ ਪਾਸੇ ਇਸ ਹਿੰਸਾ ਵਿੱਚ ਸ਼ਾਮਲ ਨੌਜਵਾਨਾਂ ਨੂੰ ਲਗਦਾ ਹੈ ਕਿ ਇਹ ਉਨ੍ਹਾਂ ਦੀ ਜਿੱਤ ਹੈ।

Image copyright BBC/DILNAWAZ PASHA

ਭਾਗਲਪੁਰ ਵਿੱਚ ਸ਼ੇਖਰ ਯਾਦਵ ਨਾਂ ਦੇ ਇੱਕ ਨੌਜਵਾਨ ਨੇ ਡਟ ਕੇ ਕਿਹਾ ਕਿ ਉਹ 'ਇੱਟ ਮਾਰਨਗੇ ਤਾਂ ਉਸਦਾ ਇਸੇ ਤਰ੍ਹਾਂ ਹੀ ਜਵਾਬ ਦਿੱਤਾ ਜਾਵੇਗਾ।''

ਦਿੱਲੀ ਯੂਨੀਵਰਸਟੀ ਵਿੱਚ ਸੋਸ਼ਲ ਸਾਇੰਸ ਦੇ ਪ੍ਰੋਫੈਸਰ ਸਤੀਸ਼ ਦੇਸ਼ਪਾਂਡੇ ਦਾ ਕਹਿਣਾ ਹੈ ਕਿ ਫਿਰਕੂ ਨਫਰਤਾਂ ਦੀਆਂ ਜਿੰਨੀਆਂ ਘਟਨਾਵਾਂ ਹਨ, ਉਨ੍ਹਾਂ ਦਾ ਪੈਟਰਨ ਇੱਕੋ ਜਿਹਾ ਇਸ ਲਈ ਹੈ ਕਿਉਂਕਿ ਇਨ੍ਹਾਂ ਦਾ ਉਦੇਸ਼ ਇੱਕ ਹੈ।

ਫੋਟੋ ਕੈਪਸ਼ਨ ਇਮਰੋਜ਼ ਦੀ ਦੁਕਾਨ

ਦੇਸ਼ਪਾਂਡੇ ਨੇ ਕਿਹਾ,''ਮੁਸਲਮਾਨਾਂ ਖ਼ਿਲਾਫ਼ ਨਫ਼ਰਤ ਇੱਕ ਸਿਆਸੀ ਕਦਮ ਹੈ ਪਰ ਇਸ ਨੂੰ ਮਿਲਣ ਵਾਲੇ ਸਮਾਜਿਕ ਸਮਰਥਨ ਪਾਉਣ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਕਿਸੇ ਵੀ ਘਟਨਾ ਨੂੰ ਸੁਰੱਖਿਆ ਮਿਲਦੀ ਹੈ ਤਾਂ ਸਮਾਜ ਦੇ ਪੂਰਬਗ੍ਰਹਿ ਵੀ ਖੁੱਲ ਕੇ ਸਾਹਮਣੇ ਆਉਂਦੇ ਹਨ। ਮੁਸਲਮਾਨਾਂ ਖ਼ਿਲਾਫ਼ ਹਿੰਸਾ ਹੁਣ ਸਵੀਕਾਰਯੋਗ ਬਣ ਰਹੀ ਹੈ ਜਦਕਿ ਦਲਿਤਾਂ ਖ਼ਿਲਾਫ਼ ਹਿੰਸਾ ਦੀ ਜਿਹੜੀ ਸਵੀਕਾਰਯੋਗਤਾ ਹੈ ਉਸ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।''

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)