ਪ੍ਰੈੱਸ ਰਿਵੀਊ: ਅਮਰੀਕਾ ਦੇ ਓਰੇਗਨ ਸੂਬੇ ਨੇ ਅਪ੍ਰੈਲ ਨੂੰ 'ਵਿਸਾਖੀ ਮਹੀਨਾ' ਐਲਾਨਿਆ

Indian Sikh pilgrims parade on April 13, 2014 in Bobigny, near Paris, during celebrations for Vaisakhi, the Sikh New Year Festival, Image copyright Getty Images

ਹਿੰਦੁਸਤਾਨ ਟਾਈਮਜ਼ ਮੁਤਾਬਕ ਅਮਰੀਕਾ ਦੀ ਓਰੇਗਨ ਨੇ ਅਪ੍ਰੈਲ ਮਹੀਨੇ ਨੂੰ 'ਵਿਸਾਖੀ ਮਹੀਨਾ' ਐਲਾਨ ਦਿੱਤਾ ਹੈ।

ਓਰੇਗਨ ਦੇ ਰਾਜਪਾਲ ਕੇਟ ਬ੍ਰਾਉਨ ਨੇ ਅਪ੍ਰੈਲ ਨੂੰ 'ਸਿੱਖ ਅਮਰੀਕਨ ਕਮਿਉਨਿਟੀਜ਼ ਸੈਲੀਬ੍ਰੇਸ਼ਨ ਆਫ਼ ਵਿਸਾਖੀ ਮੰਥ' ਐਲਾਨ ਕਰਦਿਆਂ ਦਸਤਾਵੇਜ 'ਤੇ ਦਸਤਖ਼ਤ ਕੀਤੇ।

ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਅਮਰੀਕਾ ਵੱਸਦੇ ਸਿੱਖ ਕਿਸਾਨ, ਇੰਜੀਨੀਅਰ, ਡਾਕਟਰ, ਵਿਗਿਆਨੀ ਅਤੇ ਹੋਰਨਾਂ ਵੱਖ-ਵੱਖ ਖਿੱਤਿਆਂ ਰਾਹੀਂ ਦੇਸ ਦੀ ਵਿੱਤੀ ਹਾਲਤ ਵਿੱਚ ਸਹਿਯੋਗ ਦੇ ਰਹੇ ਹਨ। ਉਹ ਧਾਰਮਿਕ ਆਜ਼ਾਦੀ ਦਾ ਹੁੰਗਾਰਾ ਭਰਦੇ ਅਤੇ ਅਮਰੀਕੀ ਫੌਜ ਦਾ ਅਟੁੱਟ ਹਿੱਸਾ ਹਨ।

ਇੱਕ ਮਹੀਨੇ ਦੇ ਅੰਦਰ ਓਰੇਗਨ ਅਮਰੀਕਾ ਦਾ ਚੌਥਾ ਸੂਬਾ ਹੈ, ਜਿੱਥੇ ਅਪ੍ਰੈਲ ਨੂੰ ਸਿੱਖੀ ਦੇ ਨਾਮ ਕੀਤਾ ਗਿਆ ਹੈ।

Image copyright Getty Images

ਦਿ ਇੰਡੀਅਨ ਐਕਸਪ੍ਰੈੱਸ ਮੁਤਾਬਕ ਪੰਜਾਬ ਵਿੱਚ ਡੀਜੀਪੀਜ਼ ਦੇ ਵਿਚਾਲੇ ਚੱਲ ਰਹੀ ਖਾਨਾਜੰਗੀ ਨੂੰ ਠੱਲ੍ਹ ਪਾਉਣ ਦੇ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਡੀਜੀਪੀ ਰੈਂਕ ਦੇ ਸਾਰੇ ਅਫ਼ਸਰਾਂ ਅਤੇ ਵਧੀਕ ਡੀਜੀਪੀ ਨਾਲ ਬੈਠਕ ਕੀਤੀ।

ਇਸ ਦੌਰਾਨ ਉਨ੍ਹਾਂ ਨੇ ਡੀਜੀਪੀ ਸੁਰੇਸ਼ ਅਰੋੜਾ ਨੂੰ ਕਲੀਨ ਚਿੱਟ ਦੇ ਦਿੱਤੀ ਪਰ ਨਾਲ ਹੀ ਹੋਰਨਾਂ ਅਫ਼ਸਰਾਂ ਨੂੰ ਚੇਤਾਵਨੀ ਦਿੱਤੀ ਕਿ ਜੇ ਕੋਈ ਵੀ ਅਫ਼ਸਰ ਅਨੁਸ਼ਾਸਨ ਤੋੜਦਾ ਹੈ ਤਾਂ ਉਸ ਨੂੰ ਬਰਖਾਸਤ ਕਰ ਦਿੱਤਾ ਜਾਵੇਗਾ।

ਉਨ੍ਹਾਂ ਕਿਹਾ ਕਿ 'ਸੁਰੇਸ਼ ਅਰੋੜਾ ਕਾਫ਼ੀ ਪ੍ਰੋਫੈੱਸ਼ਨਲ ਸ਼ਖ਼ਸੀਅਤ ਹਨ' ਅਤੇ ਇਹ ਵੀ ਸਪਸ਼ਟ ਕੀਤਾ ਕਿ ਉਨ੍ਹਾਂ 'ਤੇ ਡੀਜੀਪੀ (ਐੱਚਆਰਡੀ) ਸਿਧਾਰਥ ਚੱਟੋਪਾਧਿਆਏ ਵੱਲੋਂ ਲਾਏ ਗਏ ਇਲਜ਼ਾਮਾਂ ਤੋਂ ਉਹ ਸਹਿਮਤ ਨਹੀਂ ਹਨ।

Image copyright PUNEET BARNALA/BBC

ਦਿ ਟ੍ਰਿਬਿਊਨ ਮੁਤਾਬਕ ਵਰਕ ਵੀਜ਼ਾ ਦਿਵਾਉਣ ਦੇ ਨਾਂ 'ਤੇ ਟਰੈਵਲ ਏਜੰਟਾਂ ਕਾਰਨ 27 ਪੰਜਾਬੀ ਨੌਜਵਾਨ ਯੂਏਈ ਅਤੇ ਸਾਊਦੀ ਅਰਬ ਵਿੱਚ ਕਈ ਹਫ਼ਤਿਆਂ ਤੋਂ ਫਸੇ ਹੋਏ ਹਨ ਜਦਕਿ ਭੁਲੱਥ ਦਾ ਇਕ ਨੌਜਵਾਨ ਦੁਬਈ ਵਿੱਚ ਲਾਪਤਾ ਹੋ ਗਿਆ ਹੈ।

ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ ਹਰਜੋਤ ਸਿੰਘ ਬੈਂਸ ਨੇ ਇਸ ਮਾਮਲੇ ਸਬੰਧੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਤੋਂ ਦਖ਼ਲ ਦੀ ਮੰਗ ਕੀਤੀ ਹੈ ਤਾਂ ਜੋ ਇਹ ਕੀਮਤੀ ਜਾਨਾਂ ਬਚਾਈਆਂ ਜਾ ਸਕਣ। ਉਨ੍ਹਾਂ ਕਿਹਾ ਕਿ ਵਿਦੇਸ਼ੀ ਧਰਤੀ 'ਤੇ ਫਸੇ ਇਨ੍ਹਾਂ ਨੌਜਵਾਨਾਂ ਦੀਆਂ ਤਰਸਯੋਗ ਹਾਲਤ ਦੀਆਂ ਕਈ ਵੀਡੀਓਜ਼ ਸਾਹਮਣੇ ਆਈਆਂ ਹਨ।

ਹਰਜੋਤ ਬੈਂਸ ਨੇ ਕਿਹਾ ਕਿ ਵਿਦੇਸ਼ਾਂ ਵਿੱਚ ਫਸੇ 27 ਨੌਜਵਾਨਾਂ ਵਿੱਚੋਂ ਜ਼ਿਆਦਾਤਰ ਨਵਾਂਸ਼ਹਿਰ ਅਤੇ ਬੰਗਾ ਦੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰੇ ਨੌਜਵਾਨਾਂ ਦੀ ਲਿਸਟ ਪਾਸਪੋਰਟ ਨੰਬਰਾਂ ਸਣੇ ਵਿਦੇਸ਼ ਮੰਤਰੀ ਨੂੰ ਸੌਂਪ ਦਿੱਤੀ ਗਈ ਹੈ।

Image copyright NALSA.GOV.IN

ਟਾਈਮਜ਼ ਆਫ਼ ਇੰਡੀਆ ਮੁਤਾਬਕ ਸੁਪਰੀਮ ਕੋਰਟ ਨੇ ਐਲਾਨ ਕੀਤਾ ਕਿ ਚੀਫ਼ ਜਸਟਿਸ ਆਫ਼ ਇੰਡੀਆ ਕੋਲ ਇਹ ਤੈਅ ਕਰਨ ਦੇ ਸਾਰੇ ਅਧਿਕਾਰ ਹਨ ਕਿ ਕਿਸ ਜੱਜ ਨੂੰ ਕਿਹੜਾ ਕੇਸ ਸੁਣਵਾਈ ਲਈ ਭੇਜਣਾ ਹੈ। ਇਸ ਦੌਰਾਨ ਸੀਨੀਅਰ ਅਤੇ ਜੂਨੀਅਰ ਕੋਈ ਚੀਜ਼ ਨਹੀਂ ਹੈ ਕਿਉਂਕਿ ਸਾਰੇ ਜੱਜ ਬਰਾਬਰ ਦੀ ਹੀ ਸਮਰਥਾ ਵਾਲੇ ਹਨ।

ਇਸ ਦੌਰਾਨ ਚੀਫ਼ ਜਸਟਿਸ ਦੀਪਕ ਮਿਸਰਾ, ਜੱਜ ਏਐੱਨਮ ਖਾਨਵਿਲਕਰ ਅਤੇ ਡੀਵਾਈ ਚੰਦਰਚੂੜ ਨੇ ਵਕੀਲ ਅਸ਼ੋਕ ਪਾਂਡੇ ਦੀ ਪਟੀਸ਼ਨ ਖਾਰਿਜ ਕਰ ਦਿੱਤੀ ਜਿਸ ਵਿੱਚ ਉਨ੍ਹਾਂ ਚੀਫ਼ ਜਸਟਿਸ ਵੱਲੋਂ ਕੇਸਾਂ ਦੀ ਵੰਡ ਸਬੰਧੀ ਨਿਯਮ ਬਦਲਣ ਦੀ ਮੰਗ ਕੀਤੀ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)