ਉਨਾਓ ਰੇਪ ਕੇਸ: ਭਾਜਪਾ ਵਿਧਾਇਕ ਕੁਲਦੀਪ ਸੇਂਗਰ ਸੀਬੀਆਈ ਹਿਰਾਸਤ 'ਚ

ਸੇਂਗਰ Image copyright Facebook/ikuldeepsengar

ਸੀਬੀਆਈ ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਕੁਲਦੀਪ ਸਿੰਘ ਸੇਂਗਰ ਨੂੰ ਹਿਰਾਸਤ ਵਿੱਚ ਲੈ ਕੇ ਉਸ ਤੋਂ ਪੁੱਛਗਿੱਛ ਕਰ ਰਹੀ ਹੈ। ਭਾਜਪਾ ਵਿਧਾਇਕ ਉੱਤੇ ਉੱਤਰ ਪ੍ਰਦੇਸ਼ ਵਿਚ ਉਨਾਓ ਦੀ ਇਕ ਨਾਬਾਲਗ ਲੜਕੀ ਨਾਲ ਬਲਾਤਕਾਰ ਕਰਨ ਦਾ ਦੋਸ਼ ਹੈ।

ਇਸ ਤੋਂ ਪਹਿਲਾਂ ਉੱਤਰ ਪ੍ਰਦੇਸ਼ ਦੇ ਉਨਾਓ ਵਿੱਚ ਇੱਕ ਨਾਬਾਲਗ ਕੁੜੀ ਦੇ ਰੇਪ ਦੇ ਇਲਜ਼ਾਮ ਵਿੱਚ ਘਿਰੇ ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਕੁਲਦੀਪ ਸਿੰਘ ਸੇਂਗਰ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰਨ ਤੋਂ ਆਪਣਾ ਪੱਲਾ ਝਾੜ ਲਿਆ ਸੀ।

ਆਈਪੀਸੀ ਦੀ ਧਾਰਾ 363, 366, 376 ਅਤੇ 506 ਦੇ ਤਹਿਤ ਮੁਕੱਦਮਾ ਦਰਜ ਹੋਣ ਅਤੇ ਪੋਕਸੋ ਐਕਟ (ਪ੍ਰੋਟੈਕਸ਼ਨ ਆਫ਼ ਚਿਲਡ੍ਰਨ ਫਰਾਮ ਸੈਕਸੁਅਲ ਓਫੈਂਸਿਜ਼ ਐਕਟ, 2012) ਦੇ ਤਹਿਤ ਇਹ ਕੇਸ ਦਰਜ ਕੀਤੇ ਜਾਣ ਤੋਂ ਬਾਅਦ ਮੰਨਿਆ ਜਾ ਰਿਹਾ ਸੀ ਕਿ ਵਿਧਾਇਕ ਕੁਲਦੀਪ ਸੇਂਗਰ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਪਰ ਅਜਿਹਾ ਨਹੀਂ ਹੋਇਆ। ਵੀਰਵਾਰ ਨੂੰ ਲਖਨਊ ਵਿੱਚ ਉੱਤਰ ਪ੍ਰਦੇਸ਼ ਦੇ ਮੁੱਖ ਗ੍ਰਹਿ ਸਕੱਤਰ ਅਰਵਿੰਦ ਕੁਮਾਰ ਅਤੇ ਪੁਲਿਸ ਮੁਖੀ ਓਪੀ ਸਿੰਘ ਨੇ ਪ੍ਰੈੱਸ ਕਾਨਫਰੰਸ ਕਰਕੇ ਇਹ ਜਾਣਕਾਰੀ ਦਿੱਤੀ ਸੀ ਕਿ ਇਹ ਮਾਮਲਾ ਹੁਣ ਸੀਬੀਆਈ ਨੂੰ ਸੌਂਪ ਦਿੱਤਾ ਗਿਆ ਹੈ। ਇਸ ਲਈ ਕੁਲਦੀਪ ਸੇਂਗਰ ਦੀ ਗ੍ਰਿਫ਼ਤਾਰੀ ਦਾ ਫੈਸਲਾ ਹੁਣ ਸੀਬੀਆਈ ਹੀ ਕਰੇਗੀ।

ਪ੍ਰੈੱਸ ਕਾਨਫਰੰਸ ਵਿੱਚ ਦੋਵਾਂ ਅਧਿਕਾਰੀਆਂ ਨੇ ਕਿਹਾ ਸੀ, "ਵਿਧਾਇਕ ਕੁਲਦੀਪ ਸਿੰਘ ਸੇਂਗਰ ਹਾਲੇ ਦੋਸ਼ੀ ਨਹੀਂ ਹਨ। ਇਲਜ਼ਾਮਾਂ ਦੇ ਆਧਾਰ 'ਤੇ ਉਨ੍ਹਾਂ ਦੇ ਖਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ। ਇਹ ਮਾਮਲਾ ਸੀਬੀਆਈ ਨੂੰ ਸੌਂਪਿਆ ਗਿਆ ਹੈ। ਇਸ ਲਈ ਹੁਣ ਵਿਧਾਇਕ ਦੀ ਗ੍ਰਿਫ਼ਤਾਰੀ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਅਤੇ ਇਹੀ ਪ੍ਰਕਿਰਿਆ ਚੱਲ ਰਹੀ ਹੈ।"

ਪੋਕਸੋ ਐਕਟ ਦੇ ਬਾਵਜੂਦ ਗ੍ਰਿਫ਼ਤਾਰੀ ਨਹੀਂ?

ਪੁਲਿਸ ਮੁਖੀ ਓਪੀ ਸਿੰਘ ਨੇ ਕਿਹਾ ਕਿ ਸੀਬੀਆਈ ਹੁਣ ਇਸ ਮਾਮਲੇ ਵਿੱਚ ਸਬੂਤ ਜੁਟਾਉਣ ਦਾ ਕੰਮ ਕਰੇਗੀ। ਇਸ ਦੌਰਾਨ ਪੀੜਤਾ ਦੇ ਪਰਿਵਾਰ ਲਈ ਅਸੀਂ ਸੁਰੱਖਿਆ ਮੁਹੱਈਆ ਕਰਵਾਈ ਹੈ।

Image copyright Facebook/ikuldeepsengar

ਜਦੋਂ ਪ੍ਰੈੱਸ ਕਾਨਫਰੰਸ ਵਿੱਚ ਪੱਤਰਕਾਰਾਂ ਨੇ ਉਨ੍ਹਾਂ ਤੋਂ ਪੁੱਛਿਆ ਕਿ ਪੋਕਸੋ ਐਕਟ ਵਿੱਚ ਪੀੜਤਾ ਦੇ ਬਿਆਨ ਤੋਂ ਬਾਅਦ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਦਾ ਨਿਯਮ ਹੈ ਤਾਂ ਕੀ ਇਸ ਮਾਮਲੇ ਨੂੰ ਵੱਖਰੇ ਤੌਰ 'ਤੇ ਟਰੀਟ ਕੀਤਾ ਜਾ ਰਿਹਾ ਹੈ? ਉਹ ਕਿਵੇਂ ਆਜ਼ਾਦ ਘੁੰਮ ਸਕਦੇ ਹਨ?

ਇਸ ਦੇ ਜਵਾਬ ਵਿੱਚ ਓਪੀ ਸਿੰਘ ਨੇ ਕਿਹਾ, "17 ਅਗਸਤ 2017 ਨੂੰ ਜਦੋਂ ਪਹਿਲੀ ਵਾਰ ਇਸ ਮਾਮਲੇ ਦੀ ਸ਼ਿਕਾਇਤ ਕੀਤੀ ਗਈ ਸੀ ਤਾਂ ਉਸ ਵਿੱਚ ਵਿਧਾਇਕ ਦਾ ਨਾਮ ਨਹੀਂ ਸੀ। ਹਾਲੇ ਵੀ ਉਹ ਦੋਸ਼ੀ ਨਹੀਂ ਹਨ , ਤਾਂ ਹੀ ਤੁਸੀਂ ਦੱਸੋ ਕਿ ਉਨ੍ਹਾਂ ਨੂੰ ਕਿਸ ਆਧਾਰ 'ਤੇ ਰੋਕਿਆ ਜਾ ਸਕਦਾ ਹੈ?"

ਇਸ ਤੋਂ ਪਹਿਲਾਂ ਲਖਨਊ ਜ਼ੋਨ ਦੇ ਵਧੀਕ ਆਈਜੀ ਰਾਜੀਵ ਕ੍ਰਿਸ਼ਨ ਨੇ ਇਸ ਮਾਮਲੇ ਵਿੱਚ ਐੱਸਆਈਟੀ ਦੀ ਰਿਪੋਰਟ ਸਰਕਾਰ ਨੂੰ ਸੌਂਪੀ ਸੀ।

ਡੀਆਈਜੀ (ਜੇਲ੍ਹ) ਲਵ ਕੁਮਾਰ ਨੇ ਇਸ ਮਾਮਲੇ ਵਿੱਚ ਜੇਲ੍ਹ ਪ੍ਰਸ਼ਾਸਨ ਦੀ ਭੂਮਿਕਾ 'ਤੇ ਇੱਕ ਵੱਖਰੀ ਜਾਂਚ ਰਿਪੋਰਟ ਵੀ ਪੇਸ਼ ਕੀਤੀ ਹੈ। ਉੱਥੇ ਹੀ ਉਨਾਓ ਦੇ ਜ਼ਿਲ੍ਹਾ ਹਸਪਤਾਲ ਵਿੱਚ ਕੀ-ਕੀ ਗਲਤੀਆਂ ਹੋਈਆਂ ਇਸ 'ਤੇ ਉਨਾਓ ਦੇ ਡੀਐੱਮ ਤੋਂ ਰਿਪੋਰਟ ਲਈ ਗਈ ਹੈ।

Image copyright Facebook/ikuldeepsengar

ਸਰਕਾਰ ਨੇ ਇਨ੍ਹਾਂ ਰਿਪੋਰਟਾਂ ਅਤੇ ਸਿਫ਼ਾਰਿਸ਼ਾਂ 'ਤੇ ਵਿਚਾਰ ਕਰਨ ਤੋਂ ਬਾਅਦ ਜੋ ਫੈਸਲੇ ਲਏ:

  • ਵਿਧਾਇਕ ਕੁਲਦੀਪ ਸਿੰਘ ਸੇਂਗਰ ਅਤੇ ਹੋਰਨਾਂ ਲੋਕਾਂ 'ਤੇ ਲੱਗੇ ਬਲਾਤਕਾਰ ਦੇ ਇਲਜ਼ਾਮਾਂ ਦੀਆਂ ਉਚਿਤ ਧਾਰਾਵਾਂ ਵਿੱਚ ਐੱਫ਼ਆਈਆਰ ਦਰਜ ਹੋਵੇਗੀ।
  • ਬਲਾਤਕਾਰ ਦੇ ਇਲਜ਼ਾਮਾਂ ਦੀ ਜਾਂਚ ਸੀਬੀਆਈ ਨੂੰ ਸੌਂਪਣ ਦਾ ਫੈਸਲਾ ਕੀਤਾ ਗਿਆ ਹੈ। ਨਾਲ ਹੀ 3 ਅਪ੍ਰੈਲ ਨੂੰ ਹੋਈ ਪੀੜਤਾ ਦੇ ਪਿਤਾ ਦੀ ਮੌਤ ਦੀ ਵੀ ਜਾਂਚ ਸੀਬੀਆਈ ਤੋਂ ਕਰਵਾਈ ਜਾਵੇਗੀ।
  • ਡਾ. ਡੀਕੇ ਦਿਵੇਦੀ ਅਤੇ ਪ੍ਰਸ਼ਾਂਤ ਉਪਾਧਿਆਏ ਨੂੰ ਇਲਾਜ ਵਿੱਚ ਲਾਪ੍ਰਵਾਹੀ ਵਰਤਣ ਦੇ ਲਈ ਸਸਪੈਂਡ ਕਰ ਦਿੱਤਾ ਗਿਆ ਹੈ। ਨਾਲ ਹੀ ਤਿੰਨ ਹੋਰ ਡਾਕਟਰਾਂ ਖਿਲਾਫ਼ ਅਨੁਸ਼ਾਸਨੀ ਕਾਰਵਾਈ ਸ਼ੁਰੂ ਕੀਤੀ ਗਈ ਹੈ।
  • ਪੀੜਿਤਾ ਦੀਆਂ ਸ਼ਿਕਾਇਤਾਂ ਨੂੰ ਕੰਢੇ ਲਾਉਣ ਅਤੇ ਉਨ੍ਹਾਂ 'ਤੇ ਲਾਪ੍ਰਵਾਹੀ ਵਰਤਣ ਲਈ ਸ਼ਫ਼ੀਪੁਰ ਦੇ ਸੀਓ ਕੁੰਵਰ ਬਹਾਦਰ ਸਿੰਘ ਨੂੰ ਵੀ ਸਸਪੈਂਡ ਕਰ ਦਿੱਤਾ ਗਿਆ ਹੈ।
  • ਕਿਹਾ ਗਿਆ ਹੈ ਕਿ ਪੀੜਤਾ ਦਾ ਪਰਿਵਾਰ ਉਨਾਓ ਵਿੱਚ ਰਹੇ ਜਾਂ ਆਪਣੇ ਪਿੰਡ ਵਿੱਚ ਉਨ੍ਹਾਂ ਨੂੰ ਲੋੜੀਂਦੀ ਸੁਰੱਖਿਆ ਦਿੱਤੀ ਜਾਵੇਗੀ।

ਇਸ ਤੋਂ ਪਹਿਲਾਂ ਕੁਲਦੀਪ ਸਿੰਘ ਸੇਂਗਰ ਬੁੱਧਵਾਰ ਦੇਰ ਸ਼ਾਮ ਨਾਟਕੀ ਰੂਪ ਵਿੱਚ ਸਾਹਮਣੇ ਆਏ ਸਨ ਅਤੇ ਉਨ੍ਹਾਂ ਨੇ ਕਿਹਾ ਸੀ, "ਮੈਂ ਭਗੌੜਾ ਨਹੀਂ ਹਾਂ। ਪੁਲਿਸ ਜਦੋਂ ਬੁਲਾਏਗੀ ਅਸੀਂ ਹਾਜ਼ਿਰ ਹੋ ਜਾਵਾਂਗੇ।"

Image copyright Facebook/ikuldeepsengar

ਰਾਤ ਦੇ ਤਕਰੀਬਨ 11 ਵਜੇ ਕੁਲਦੀਪ ਸਿੰਘ ਸੇਂਗਰ ਲਖਨਊ ਦੇ ਐੱਸਐੱਸਪੀ ਨਾਲ ਮੁਲਾਕਾਤ ਕਰਨ ਉਨ੍ਹਾਂ ਦੇ ਘਰ ਪਹੁੰਚੇ।

ਉਸ ਵੇਲੇ ਤੱਕ ਕਿਆਸ ਲਾਏ ਜਾ ਰਹੇ ਸਨ ਕਿ ਉਹ ਪੁਲਿਸ ਦੇ ਸਾਹਮਣੇ ਆਤਮ-ਸਮਰਪਣ ਕਰਨ ਪਹੁੰਚੇ ਹਨ।

ਫਿਰ ਇਹ ਗੱਲ ਸਾਹਮਣੇ ਆਈ ਕਿ ਉਹ ਆਤਮ-ਸਮਰਪਣ ਕਰਨ ਨਹੀਂ ਸਗੋਂ ਪੁਲਿਸ ਨੂੰ ਇਹ ਦੱਸਣ ਲਈ ਹਾਜ਼ਿਰ ਹੋਏ ਹਨ ਕਿ ਉਹ ਕੋਈ ਭਗੌੜਾ ਨਹੀਂ ਹੈ।

ਜਿਸ ਵੇਲੇ ਵਿਧਾਇਕ ਸੇਂਗਰ ਐੱਸਐੱਸਪੀ ਦੀ ਰਿਹਾਇਸ਼ 'ਤੇ ਪਹੁੰਚੇ ਉਸ ਵੇਲੇ ਉਹ ਉੱਥੇ ਮੌਜੂਦ ਨਹੀਂ ਸੀ। ਥੋੜ੍ਹੀ ਦੇਰ ਐੱਸਐੱਸਪੀ ਦੀ ਰਿਹਾਇਸ਼ 'ਤੇ ਰੁਕਣ ਤੋਂ ਬਾਅਦ ਸੇਂਗਰ ਆਪਣੇ ਸਮਰਥਕਾਂ ਨਾਲ ਵਾਪਸ ਪਰਤ ਗਏ।

ਐੱਸਐੱਸਪੀ ਦੀ ਰਿਹਾਇਸ਼ 'ਚੋਂ ਨਿਕਲਣ ਵੇਲੇ ਕੁਲਦੀਪ ਸੇਂਗਰ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ, "ਮੈਂ ਭਾਜਪਾ ਵਰਕਰ ਹਾਂ। ਪਾਰਟੀ ਦਾ ਜੋ ਹੁਕਮ ਹੋਵੇਗਾ ਉਸ ਦਾ ਪਾਲਣਾ ਕਰਾਂਗਾ। ਮੇਰੇ 'ਤੇ ਲੱਗੇ ਸਾਰੇ ਇਲਜ਼ਾਮ ਬੇਬੁਨਿਆਦ ਅਤੇ ਝੂਠੇ ਹਨ। ਚਾਹੇ ਤਾਂ ਮਾਮਲੇ ਦੀ ਜਾਂਚ ਸੀਬੀਆਈ ਤੋਂ ਕਰਵਾ ਲੈਣ।"

ਕੀ ਹੈ ਇਲਜ਼ਾਮ?

ਕੁਲਦੀਪ ਸੇਂਗਰ 'ਤੇ ਇੱਕ ਨਾਬਾਲਿਗ ਕੁੜੀ ਨਾਲ ਕਥਿਤ ਤੌਰ 'ਤੇ ਜੂਨ 2017 ਵਿੱਚ ਬਲਾਤਕਾਰ ਕਰਨ ਦਾ ਇਲਜ਼ਾਮ ਹੈ।

Image copyright SAMIRATMAJ MISHRA/BBC

ਇਸ ਮਾਮਲੇ ਵਿੱਚ ਪਿਛਲੇ ਸਾਲ ਪੀੜਤ ਕੁੜੀ ਦੀ ਐੱਫ਼ਆਈਆਰ ਪੁਲਿਸ ਨੇ ਨਹੀਂ ਲਿਖੀ ਸੀ ਜਿਸ ਤੋਂ ਬਾਅਦ ਕੁੜੀ ਦੇ ਪਰਿਵਾਰ ਵਾਲਿਆਂ ਨੇ ਅਦਾਲਤ ਦਾ ਸਹਾਰਾ ਲਿਆ।

ਪੀੜਤ ਪਰਿਵਾਰ ਦਾ ਇਲਜ਼ਾਮ ਹੈ ਕਿ ਇਸ ਤੋਂ ਬਾਅਦ ਵਿਧਾਇਕ ਦੇ ਪਰਿਵਾਰ ਨੇ ਉਨ੍ਹਾਂ 'ਤੇ ਕੇਸ ਵਾਪਸ ਲੈਣ ਦਾ ਦਬਾਅ ਬਣਾਇਆ। ਉੱਥੇ ਹੀ ਕੁੜੀ ਦਾ ਕਹਿਣਾ ਹੈ ਕਿ ਨਿਆਂ ਲਈ ਉਹ ਉਨਾਓ ਪੁਲਿਸ ਦੇ ਹਰ ਅਧਿਕਾਰੀ ਕੋਲ ਗਈ ਪਰ ਕਿਤੇ ਕੋਈ ਸੁਣਵਾਈ ਨਹੀਂ ਹੋਈ।

ਉਨ੍ਹਾਂ ਦਾ ਇਲਜ਼ਾਮ ਹੈ ਕਿ ਵਿਧਾਇਕ ਅਤੇ ਉਨ੍ਹਾਂ ਦੇ ਸਾਥੀ ਪੁਲਿਸ ਵਿੱਚ ਸ਼ਿਕਾਇਤ ਨਾ ਕਰਨ ਦਾ ਦਬਾਅ ਬਣਾਉਂਦੇ ਰਹੇ ਹਨ ਅਤੇ ਇਸੇ ਕੜੀ ਵਿੱਚ ਵਿਧਾਇਕ ਦੇ ਭਰਾ ਨੇ ਤਿੰਨ ਅਪ੍ਰੈਲ ਨੂੰ ਉਨ੍ਹਾਂ ਦੇ ਪਿਤਾ ਨਾਲ ਕੁੱਟਮਾਰ ਵੀ ਕੀਤੀ। ਇਸ ਤੋਂ ਬਾਅਦ ਹਿਰਾਸਤ ਵਿੱਚ ਕੁੜੀ ਦੇ ਪਿਤਾ ਦੀ ਮੌਤ ਹੋ ਗਈ।

ਚਾਰ ਲੋਕਾਂ ਦੀ ਗ੍ਰਿਫ਼ਤਾਰੀ

ਪੁਲਿਸ ਦੀ ਇਸ ਕਥਿਤ ਢਿੱਲ ਅਤੇ ਵਿਧਾਇਕ ਦੀ ਕਥਿਤ ਦਬੰਗਈ ਤੋਂ ਤੰਗ ਹੋ ਕੇ ਪੀੜਤ ਕੁੜੀ ਨੇ ਸੀਐੱਮ ਰਿਹਾਇਸ਼ ਦੇ ਬਾਹਰ ਮਿੱਟੀ ਦਾ ਤੇਲ ਪਾ ਕੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ। ਇਸ ਘਟਨਾ ਤੋਂ ਬਾਅਦ ਇਹ ਮਾਮਲਾ ਸੁਰਖੀਆਂ ਵਿੱਚ ਆਇਆ।

Image copyright Samiratmaj Mishra/BBC
ਫੋਟੋ ਕੈਪਸ਼ਨ ਉਨਾਓ ਦੇ ਮਾਖੀ ਪਿੰਡ ਵਿੱਚ ਸਥਾਨਕ ਵਿਧਾਇਕ ਕੁਲਦੀਪ ਸਿੰਘ ਸੇਂਗਰ ਦਾ ਘਰ

ਇਸ ਮਾਮਲੇ ਵਿੱਚ ਸੀਬੀਆਈ ਜਾਂਚ ਕਰਾਉਣ ਦੀ ਪਟੀਸ਼ਨ ਨੂੰ ਸੁਪਰੀਮ ਕੋਰਟ ਨੇ ਮਨਜ਼ੂਰ ਕਰ ਲਿਆ ਹੈ ਅਤੇ ਇਲਾਹਾਬਾਦ ਹਾਈ ਕੋਰਟ ਨੇ ਵੀ ਪੁਲਿਸ ਹਿਰਾਸਤ ਵਿੱਚ ਪੀੜਤ ਕੁੜੀ ਦੇ ਪਿਤਾ ਦੀ ਮੌਤ ਦਾ ਖੁਦ ਨੋਟਿਸ ਲਿਆ ਹੈ।

ਅਦਾਲਤ ਨੇ 12 ਅਪ੍ਰੈਲ ਨੂੰ ਸੁਣਵਾਈ ਦੀ ਤਰੀਕ ਤੈਅ ਕੀਤੀ ਹੈ ਅਤੇ ਇਸ ਮਾਮਲੇ ਵਿੱਚ ਇੱਕ ਐਮੀਕਸ ਕਿਉਰੀ (ਅਦਾਲਤ ਦਾ ਸਹਿਯੋਗੀ) ਨੂੰ ਵੀ ਨਿਯੁਕਤ ਕੀਤਾ ਹੈ।

ਮਾਮਲੇ ਵਿੱਚ ਚਾਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਸੀਐੱਮ ਦਾ ਬਿਆਨ

ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਆਦਿਤਿਆਨਾਥ ਯੋਗੀ ਕਿਹਾ ਸੀ ਕਿ ਮਾਮਲੇ ਵਿੱਚ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ।

Image copyright SAMIRATMAJ MISHRA/BBC
ਫੋਟੋ ਕੈਪਸ਼ਨ ਉਨਾਓ ਦੇ ਪਿੰਡ ਮਾਖੀ ਵਿੱਚ ਬਲਾਤਕਾਰ ਪੀੜਤਾ ਦੇ ਘਰ ਦੇ ਬਾਹਰ ਸੁਰੱਖਿਆ ਮੁਲਾਜ਼ਮ

ਇਸ ਦੌਰਾਨ ਮਾਖੀ ਥਾਣੇ ਦੇ ਮੁਖੀ ਨੂੰ ਸੋਮਵਾਰ ਨੂੰ ਸਸਪੈਂਡ ਕਰ ਦਿੱਤਾ ਗਿਆ ਸੀ। ਮੰਗਲਵਾਰ ਨੂੰ ਤੁਰੰਤ ਚਾਰਜ ਸਾਂਭਣ ਵਾਲੇ ਥਾਣਾ ਮੁਖੀ ਰਾਕੇਸ਼ ਸਿੰਘ ਨੇ ਦੱਸਿਆ ਕਿ ਪੀੜਤ ਕੁੜੀ ਦੇ ਮ੍ਰਿਤਕ ਪਿਤਾ ਦੇ ਖਿਲਾਫ਼ 29 ਕੇਸ ਅਤੇ ਉਸ ਦੇ ਚਾਚੇ ਖਿਲਾਫ਼ 14 ਮਾਮਲੇ ਦਰਜ ਹਨ।

ਉੱਥੇ ਹੀ ਵਿਧਾਇਕ ਦੇ ਭਰਾ ਅਤੁਲ ਸਿੰਘ ਦੇ ਖਿਲਾਫ਼ ਵੀ ਤਿੰਨ ਕੇਸ ਦਰਜ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)