ਵਿਸਾਖੀ ਵਿਸ਼ੇਸ਼: 5 ਇਤਿਹਾਸਕ ਘਟਨਾਵਾਂ ਜਦੋਂ ਪੰਜ ਪਿਆਰਿਆਂ ਦੀ ਸਰਬਉੱਚਤਾ ਸਥਾਪਿਤ ਹੋਈ

ਪੰਜ ਪਿਆਰੇ Image copyright Getty Images

ਸ੍ਰੀ ਅਨੰਦਪੁਰ ਸਾਹਿਬ ਵਿੱਚ 30 ਮਾਰਚ 1699 ਨੂੰ ਸਿੱਖਾਂ ਦਾ ਵੱਡਾ ਇਕੱਠ ਸੀ ਜਦੋਂ ਸਿੱਖਾਂ ਦੇ ਦਸਵੇਂ ਗੁਰੂ, ਗੁਰੂ ਗੋਬਿੰਦ ਸਿੰਘ ਜੀ ਨੇ ਹੱਥਾਂ ਵਿੱਚ ਸ਼ਮਸ਼ੀਰ ਚੁੱਕ ਕੇ ਸਿੱਖਾਂ ਤੋਂ ਸੀਸ ਦੀ ਮੰਗ ਕੀਤੀ ਸੀ।

'ਹਿਸਟਰੀ ਆਫ ਸਿੱਖਸ' ਵਿੱਚ ਪ੍ਰੋਫੈਸਰ ਗੰਡਾ ਸਿੰਘ ਨੇ ਲਿਖਿਆ ਹੈ, "ਜਿਵੇਂ ਹੀ ਸੀਸ ਦੀ ਮੰਗ ਉੱਠੀ ਤਾਂ ਪੂਰੇ ਦੀਵਾਨ ਵਿੱਚ ਖਾਮੋਸ਼ੀ ਛਾ ਗਈ। ਉਸ ਖਾਮੋਸ਼ੀ ਨੂੰ ਹਸਤੀਨਾਪੁਰ ਦੇ ਦਇਆ ਰਾਮ ਨੇ ਆਪਣਾ ਸੀਸ ਗੁਰੂ ਅੱਗੇ ਭੇਟ ਕਰਕੇ ਤੋੜਿਆ।''

"ਗੁਰੂ ਸਾਹਿਬ ਤੰਬੂ ਵਿੱਚ ਗਏ ਅਤੇ ਖ਼ੂਨ ਨਾਲ ਲਿੱਬੜੀ ਸ਼ਮਸ਼ੀਰ ਨਾਲ ਵਾਪਸ ਆਏ ਅਤੇ ਫਿਰ ਤੋਂ ਸੀਸ ਦੀ ਮੰਗ ਕੀਤੀ। ਇਹ ਸਿਲਸਿਲਾ ਪੰਜ ਵਾਰ ਦੋਹਰਾਇਆ ਗਿਆ। ਭਾਈ ਧਰਮ, ਭਾਈ ਹਿੰਮਤ, ਭਾਈ ਮੋਹਕਮ ਅਤੇ ਭਾਈ ਸਾਹਿਬ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਅੱਗੇ ਸੀਸ ਭੇਟ ਕੀਤਾ।''

"ਕੁਝ ਦੇਰ ਬਾਅਦ ਗੁਰੂ ਸਾਹਿਬ ਪੰਜਾਂ ਦੇ ਨਾਲ ਵਾਪਸ ਆਏ। ਪੰਜਾਂ ਨੇ ਇੱਕੋ ਜਿਹੀ ਪੋਸ਼ਾਕ ਸਜਾਈ ਹੋਈ ਸੀ। ਅਸਲ ਵਿੱਚ ਪੰਜਾਬ ਦੀ ਧਰਤੀ 'ਤੇ ਖਾਲਸਾ ਪੰਥ ਦੀ ਸਿਰਜਨਾ ਹੋ ਚੁੱਕੀ ਸੀ।''

''ਪੰਜਾਂ ਸਿੱਖਾਂ ਨੇ ਸਰਬਲੋਹ ਦੇ ਬਾਟੇ ਵਿੱਚ ਅੰਮ੍ਰਿਤ ਤਿਆਰ ਕੀਤਾ। ਗੁਰੂ ਸਾਹਿਬ ਨੇ ਪੰਜਾਂ ਸਿੱਖਾਂ ਨੂੰ ਅੰਮ੍ਰਿਤ ਛਕਾਇਆ ਅਤੇ ਪੰਜ ਪਿਆਰਿਆਂ ਦੇ ਖਿਤਾਬ ਨਾਲ ਨਿਵਾਜਿਆ।''

ਗੁਰੂ ਗੋਬਿੰਦ ਸਿੰਘ ਜੀ ਨੇ ਇਨ੍ਹਾਂ ਪੰਜ ਪਿਆਰਿਆਂ ਦੇ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਰੱਖੀ ਸਿੱਖ ਪੰਥ ਦੀ ਨੀਂਹ 'ਤੇ ਖਾਲਸਾ ਪੰਥ ਦੀ ਇਮਾਰਤ ਦੀ ਸਿਰਜਨਾ ਕੀਤੀ ਸੀ।

ਖਾਲਸਾ ਪੰਥ ਦੇ ਮੁੱਖ ਨਿਯਮ

ਇਸ ਨਵੇਂ ਪੰਥ ਵਿੱਚ ਜਾਤ-ਪਾਤ, ਰੰਗ-ਭੇਦ ਦੇ ਵਿਤਕਰੇ ਨੂੰ ਖ਼ਤਮ ਕਰ ਦਿੱਤਾ ਗਿਆ ਸੀ। ਅੰਮ੍ਰਿਤ ਛਕਣ ਵਾਲੇ ਮਰਦਾਂ ਦੇ ਪਿੱਛੇ ਸਿਰਫ਼ 'ਸਿੰਘ' ਲਾਉਣ ਦੀ ਤਾਕੀਦ ਕੀਤੀ ਗਈ ਜਦਕਿ ਔਰਤਾਂ ਨੂੰ ਆਪਣੇ ਨਾਂ ਦੇ ਪਿੱਛੇ 'ਕੌਰ' ਲਾਉਣ ਨੂੰ ਕਿਹਾ ਗਿਆ।

ਫੋਟੋ ਕੈਪਸ਼ਨ 30 ਮਾਰਚ 1699 ਨੂੰ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਖਾਲਸਾ ਪੰਥ ਦੀ ਸਾਜਨਾ ਕੀਤੀ ਗਈ

ਸਿੱਖਾਂ ਨੂੰ ਗੁਰੂ ਸਾਹਿਬ ਵੱਲੋਂ ਪੰਜ ਕਕਾਰਾਂ ਦਾ ਧਾਰਨੀ ਹੋਣ ਨੂੰ ਕਿਹਾ ਗਿਆ। ਕੇਸ, ਕੰਘਾ, ਕੜਾ, ਕਿਰਪਾਨ ਤੇ ਕਛਹਿਰਾ ਹੁਣ ਹਰ ਸਿੱਖ ਦੀ ਪੋਸ਼ਾਕ ਦਾ ਜ਼ਰੂਰੀ ਹਿੱਸਾ ਬਣ ਗਿਆ ਸੀ।

ਪੰਜ ਪਿਆਰਿਆਂ ਦੀ ਸਰਬਉੱਚਤਾ ਸਥਾਪਿਤ ਕਰਨ ਵਾਲੀਆਂ 5 ਇਤਿਹਾਸਕ ਘਟਨਾਵਾਂ

ਸਿੱਖ ਦਾਰਸ਼ਨਿਕ ਭਾਈ ਕਾਨ੍ਹ ਸਿੰਘ ਨੇ ਗੁਰਮਤਿ ਮਾਪਦੰਡ ਵਿੱਚ ਦੱਸਿਆ ਹੈ ਕਿ 1699 ਤੋਂ ਪਹਿਲਾਂ ਵੀ ਪੰਜ ਸਿੱਖਾਂ ਤੋਂ ਸਲਾਹ ਲੈਣ ਦੀ ਰੀਤ ਸਿੱਖ ਪੰਥ ਵਿੱਚ ਸੀ ਪਰ ਇਤਿਹਾਸ ਨੇ ਸਾਰੇ ਨਾਂ ਨਹੀਂ ਸਾਂਭੇ।

ਭਾਈ ਕਾਨ੍ਹ ਸਿੰਘ ਲਿਖਦੇ ਹਨ, "ਸਿੱਖਾਂ ਦੇ ਪੰਜਵੇਂ ਗੁਰੂ, ਗੁਰੂ ਅਰਜੁਨ ਦੇਵ ਜੀ ਵੇਲੇ ਪੰਜ ਸਿੱਖਾਂ ਦੇ ਨਾਂ ਇਤਿਹਾਸ ਵਿੱਚ ਮਿਲਦੇ ਹਨ ਜੋ ਗੁਰੂ ਸਾਹਿਬ ਦੇ ਸਲਾਹਕਾਰ ਵਜੋਂ ਸੇਵਾ ਨਿਭਾਉਂਦੇ ਸਨ। ਉਨ੍ਹਾਂ ਦੇ ਨਾਂ ਸਨ ਭਾਈ ਬਿਧੀ ਚੰਦ, ਭਾਈ ਜੇਠਾ, ਭਾਈ ਲੰਗਾਹ, ਭਾਈ ਪਿਰਾਣਾ ਅਤੇ ਭਾਈ ਪੈੜਾ।''

"ਨੌਵੇਂ ਗੁਰੂ ਤੇਗ ਬਹਾਦੁਰ ਸਾਹਿਬ ਵੇਲੇ ਵੀ ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ, ਭਾਈ ਊਦਾ ਅਤੇ ਭਾਈ ਗੁਰਦਿੱਤਾ ਦਾ ਨਾਂ ਪੰਜ ਸਿੱਖਾਂ ਵਜੋਂ ਆਉਂਦਾ ਹੈ, ਜੋ ਗੁਰੂ ਸਾਹਿਬ ਦੇ ਨਾਲ ਰਹਿੰਦੇ ਸੀ।''

1699 ਵਿੱਚ ਬਣੇ ਇਨ੍ਹਾਂ ਪੰਜ ਪਿਆਰਿਆਂ ਦੀ ਕਿਸੇ ਲੋਕਮਤ ਨਾਲ ਚੋਣ ਨਹੀਂ ਹੋਈ ਸਗੋਂ ਸਖ਼ਤ ਅਜ਼ਮਾਇਸ਼ ਤੋਂ ਬਾਅਦ ਇਨ੍ਹਾਂ ਸਿੱਖਾਂ ਨੂੰ ਪੰਜ ਪਿਆਰਿਆਂ ਵਜੋਂ ਸਜਾਇਆ ਗਿਆ ਸੀ।

Image copyright Getty Images

ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਪਿਆਰਿਆਂ ਨੂੰ ਪੰਥ ਦੀ ਅਗਵਾਈ ਕਰਨ ਦੀ ਜ਼ਿੰਮੇਵਾਰੀ ਦਿੱਤੀ। ਇਤਿਹਾਸ ਵਿੱਚ ਅਜਿਹੇ ਕਈ ਪ੍ਰਮਾਣ ਮਿਲਦੇ ਹਨ, ਜਦੋਂ ਪੰਜ ਪਿਆਰਿਆਂ ਨੇ ਸਿੱਖ ਪੰਥ ਦੇ ਕਈ ਅਹਿਮ ਫੈਸਲੇ ਗੁਰਮਤੇ ਨਾਲ ਕੀਤੇ।

ਅਸੀਂ ਉਨ੍ਹਾਂ ਵਿੱਚੋਂ 5 ਮੁੱਖ ਇਤਿਹਾਸਕ ਘਟਨਾਵਾਂ ਦਾ ਜ਼ਿਕਰ ਕਰਾਂਗੇ।

1. ਗੁਰੂ ਸਾਹਿਬ ਵੱਲੋਂ ਪੰਜ ਪਿਆਰਿਆਂ ਤੋਂ ਅੰਮ੍ਰਿਤਪਾਨ ਕਰਨਾ

ਪ੍ਰੋਫੈਸਰ ਗੰਡਾ ਸਿੰਘ 'ਹਿਸਟਰੀ ਆਫ ਸਿੱਖਸ' 'ਚ ਲਿਖਦੇ ਹਨ, "1699 ਦੀ ਵਿਸਾਖੀ ਨੂੰ ਜਦੋਂ ਗੁਰੂ ਸਾਹਿਬ ਨੇ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾਇਆ ਤਾਂ ਉਸ ਤੋਂ ਬਾਅਦ ਗੁਰੂ ਸਾਹਿਬ ਨੇ ਪੰਜ ਪਿਆਰਿਆਂ ਨੂੰ ਇੱਕ ਬੇਨਤੀ ਕੀਤੀ।''

"ਗੁਰੂ ਸਾਹਿਬ ਨੇ ਪੰਜ ਪਿਆਰਿਆਂ ਤੋਂ ਅੰਮ੍ਰਿਤ ਦੀ ਦਾਤ ਮੰਗੀ। ਅਜਿਹੀ ਗੁਜ਼ਾਰਿਸ਼ ਸੁਣ ਕੇ ਪੰਜ ਪਿਆਰੇ ਹੈਰਾਨ ਹੋਏ ਪਰ ਗੁਰੂ ਸਾਹਿਬ ਨੇ ਕਿਹਾ ਕਿ ਉਹ ਵੀ ਉਨ੍ਹਾਂ ਵਾਂਗ ਖਾਲਸਾ ਪੰਥ ਦਾ ਹਿੱਸਾ ਬਣਨਾ ਚਾਹੁੰਦੇ ਹਨ।''

ਖੁਦ ਅੰਮ੍ਰਿਤਪਾਨ ਕਰਕੇ ਗੁਰੂ ਸਾਹਿਬ ਨੇ ਸਿੱਖਾਂ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਪੰਜ ਪਿਆਰਿਆਂ ਦੀ ਅਗਵਾਈ ਗੁਰੂ 'ਤੇ ਵੀ ਲਾਗੂ ਹੁੰਦੀ ਹੈ। ਅੰਮ੍ਰਿਤ ਛਕਣ ਦੀ ਰੀਤ ਸਿਰਫ ਸਿੱਖਾਂ ਦੇ ਲਈ ਹੀ ਨਹੀਂ ਸਗੋਂ ਉਨ੍ਹਾਂ ਦੇ ਮੁਰਸ਼ਿਦ ਦੇ ਲਈ ਵੀ ਸੀ।

ਜੋ ਨਿਯਮ ਗੁਰੂ ਸਾਹਿਬ ਨੇ ਸਿੱਖਾਂ ਦੇ ਲਈ ਬਣਾਏ ਸੀ ਉਨ੍ਹਾਂ ਨਿਯਮਾਂ ਦੀ ਬੰਦਿਸ਼ ਗੁਰੂ ਸਾਹਿਬ ਨੇ ਆਪਣੇ ਉਪਰ ਵੀ ਲਾਈ ਅਤੇ ਪੰਜ ਪਿਆਰਿਆਂ ਦੀ ਸਰਬਉੱਚਤਾ ਨੂੰ ਸਵੀਕਾਰ ਕੀਤਾ।

2. ਚਮਕੌਰ ਦੀ ਗੜ੍ਹੀ ਨੂੰ ਛੱਡਣਾ

ਦਸੰਬਰ 1704 ਵਿੱਚ ਹੋਈ ਚਮਕੌਰ ਦੀ ਲੜਾਈ ਵਿੱਚ ਗੁਰੂ ਸਾਹਿਬ, ਉਨ੍ਹਾਂ ਦੇ 2 ਵੱਡੇ ਸਪੁੱਤਰ ਸਾਹਿਬਜ਼ਾਦਾ ਅਜੀਤ ਸਿੰਘ ਤੇ ਸਾਹਿਬਜ਼ਾਦਾ ਜੁਝਾਰ ਸਿੰਘ ਅਤੇ 40 ਸਿੱਖਾਂ ਨੇ ਮੁਗਲ ਫੌਜ ਦੇ ਸੂਬੇਦਾਰਾਂ ਅਤੇ ਪਹਾੜੀ ਰਾਜਿਆਂ ਦੀ ਲੱਖਾਂ ਦੀ ਫੌਜ ਦਾ ਮੁਕਾਬਲਾ ਕੀਤਾ।

ਗੁਰਮਤਿ ਕਾਲਜ ਦੇ ਪ੍ਰਿੰਸੀਪਲ ਅਤੇ ਸਿੱਖ ਇਤਿਹਾਸ ਦੇ ਮਾਹਰ ਪ੍ਰਿੰਸੀਪਲ ਨਰਿੰਦਰ ਪਾਲ ਸਿੰਘ ਨੇ ਦੱਸਿਆ, ''ਚਮੌਕਰ ਸਾਹਿਬ ਦੀ ਪੂਰੇ ਦਿਨ ਦੀ ਜੰਗ ਤੋਂ ਬਾਅਦ ਅੱਧਾ ਕੁ ਦਰਜਨ ਸਿੰਘ ਤੇ ਗੁਰੂ ਸਾਹਿਬ ਹੀ ਚਮਕੌਰ ਦੀ ਕੱਚੀ ਗੜ੍ਹੀ ਵਿੱਚ ਬਚੇ ਸੀ।''

Image copyright Hulton Archive/Getty Images
ਫੋਟੋ ਕੈਪਸ਼ਨ 30 ਅਪ੍ਰੈਲ 1967 ਵਿੱਚ ਲੰਡਨ ਦੇ ਸਾਊਥ ਹਾਲ ਵਿੱਚ ਅੰਮ੍ਰਿਤ ਤਿਆਰ ਕਰਦੇ ਪੰਜ ਪਿਆਰੇ

"ਗੁਰੂ ਸਾਹਿਬ ਦੇ ਦੋਵੇਂ ਸਾਹਿਬਜ਼ਾਦੇ ਸ਼ਹੀਦ ਹੋ ਚੁੱਕੇ ਸੀ। ਗੁਰੂ ਸਾਹਿਬ ਅਗਲੇ ਦਿਨ ਜੰਗ ਵਿੱਚ ਲੜਨ ਨੂੰ ਤਿਆਰ ਸਨ ਪਰ ਗੜ੍ਹੀ ਵਿੱਚ ਮੌਜੂਦ ਸਿੱਖਾਂ ਦੀ ਕੁਝ ਹੋਰ ਰਾਇ ਸੀ।''

''ਸਿੱਖਾਂ ਨੇ ਗੁਰੂ ਸਾਹਿਬ ਨੂੰ ਗੜ੍ਹੀ ਛੱਡ ਕੇ ਜਾਣ ਵਾਸਤੇ ਕਿਹਾ ਪਰ ਗੁਰੂ ਸਾਹਿਬ ਨੇ ਸਾਫ਼ ਇਨਕਾਰ ਕਰ ਦਿੱਤਾ।''

ਨਰਿੰਦਰਪਾਲ ਸਿੰਘ ਨੇ ਅੱਗੇ ਦੱਸਿਆ, ''ਫਿਰ ਪੰਜਾਂ ਸਿੱਖਾਂ ਨੇ ਗੁਰਮਤਾ ਬਣਾਇਆ ਤੇ ਗੁਰੂ ਸਾਹਿਬ ਵੱਲੋਂ ਪੰਜ ਪਿਆਰਿਆਂ ਨੂੰ ਬਖਸ਼ੀ ਸਰਬਉੱਚਤਾ ਦਾ ਇਸਤੇਮਾਲ ਕਰਨ ਦਾ ਫੈਸਲਾ ਲਿਆ। ਪੰਜਾਂ ਸਿੱਖਾਂ ਨੇ ਗੁਰੂ ਸਾਹਿਬ ਨੂੰ ਚਮਕੌਰ ਦੀ ਗੜ੍ਹੀ ਛੱਡਣ ਦਾ ਹੁਕਮ ਸੁਣਾਇਆ ਤਾਂ ਜੋ ਗੁਰੂ ਸਾਹਿਬ ਸੰਘਰਸ਼ ਨੂੰ ਜਾਰੀ ਰੱਖ ਸਕਣ।''

ਸਿੱਖ ਪੰਥ ਵਿਸ਼ਵਕੋਸ਼ ਵਿੱਚ ਡਾ. ਰਤਨ ਸਿੰਘ ਜੱਗੀ ਨੇ ਲਿਖਿਆ ਹੈ, ''ਗੁਰੂ ਸਾਹਿਬ ਨੇ ਪੰਜ ਪਿਆਰਿਆਂ ਵੱਲੋਂ ਦਿੱਤੇ ਫੈਸਲੇ ਨੂੰ ਸਵੀਕਾਰ ਕਰ ਲਿਆ ਅਤੇ ਚਾਰ ਸਿੰਘਾਂ ਨਾਲ ਚਮਕੌਰ ਦੀ ਗੜ੍ਹੀ ਛੱਡ ਦਿੱਤੀ।''

3. ਬਾਬਾ ਬੰਦਾ ਸਿੰਘ ਬਹਾਦੁਰ ਦੇ ਨਾਲ ਪੰਜ ਸਿੰਘਾਂ ਨੂੰ ਭੇਜਣਾ

1708 ਵਿੱਚ ਗੁਰੂ ਗੋਬਿੰਦ ਸਿੰਘ ਜੀ ਦੱਖਣ ਵੱਲ ਯਾਤਰਾ ਕਰਦੇ ਹੋਏ ਨਾਂਦੇੜ ਪਹੁੰਚੇ। ਉੱਥੇ ਗੁਰੂ ਸਾਹਿਬ ਦੀ ਮੁਲਾਕਾਤ ਮਾਧੋ ਦਾਸ ਬੈਰਾਗੀ ਨਾਲ ਹੋਈ।

ਗੁਰੂ ਸਾਹਿਬ ਨੇ ਮਾਧੋ ਦਾਸ ਨੂੰ ਅੰਮ੍ਰਿਤ ਛਕਾ ਕੇ ਸਿੰਘ ਸਜਾਇਆ। ਹੁਣ ਮਾਧੋ ਦਾਸ ਬੰਦਾ ਸਿੰਘ ਬਹਾਦੁਰ ਬਣ ਗਿਆ ਸੀ। 'ਬ੍ਰੀਫ ਹਿਸਟਰੀ ਆਫ਼ ਸਿੱਖਜਸ' ਵਿੱਚ ਪ੍ਰੋਫੈਸਰ ਗੰਡਾ ਸਿੰਘ ਲਿਖਦੇ ਹਨ, ''ਗੁਰੂ ਸਾਹਿਬ ਨੇ ਬੰਦਾ ਸਿੰਘ ਬਹਾਦੁਰ ਨੂੰ ਪੰਜਾਬ ਵਿੱਚ ਮੁਗਲ ਰਾਜ ਖਿਲਾਫ਼ ਸੰਘਰਸ਼ ਕਰਨ ਲਈ ਭੇਜਿਆ।''

Image copyright Getty Images
ਫੋਟੋ ਕੈਪਸ਼ਨ ਅੰਮ੍ਰਿਤ ਛਕਣ ਤੋਂ ਬਾਅਦ ਸਿੱਖਾਂ ਨੂੰ ਪੰਜ ਕਕਾਰਾਂ ਦਾ ਧਾਰਣੀ ਹੋਣ ਦਾ ਹੁਕਮ ਦਿੱਤਾ ਗਿਆ

''ਗੁਰੂ ਸਾਹਿਬ ਨੇ ਬੰਦਾ ਸਿੰਘ ਨੂੰ ਇੱਕ ਨਗਾੜਾ, ਇੱਕ ਨਿਸ਼ਾਨ ਸਾਹਿਬ, ਪੰਜ ਤੀਰ ਬਖਸ਼ੇ। ਇਸਦੇ ਨਾਲ ਹੀ ਗੁਰੂ ਸਾਹਿਬ ਨੇ ਬੰਦਾ ਸਿੰਘ ਬਹਾਦਰ ਦੇ ਨਾਲ ਪੰਜ ਸਿੰਘ ਵੀ ਭੇਜੇ।''

"ਉਨ੍ਹਾਂ ਪੰਜ ਸਿੰਘਾਂ ਵਿੱਚ ਬਾਜ ਸਿੰਘ, ਬਿਨੋਦ ਸਿੰਘ, ਕਾਹਨ ਸਿੰਘ, ਰਾਮ ਸਿੰਘ ਤੇ ਫਤਿਹ ਸਿੰਘ ਸ਼ਾਮਲ ਸਨ। ਗੁਰੂ ਸਾਹਿਬ ਨੇ ਬੰਦਾ ਸਿੰਘ ਨੂੰ ਤਾਕੀਦ ਕੀਤੀ ਕਿ ਸਾਰੇ ਕੰਮ ਇਨ੍ਹਾਂ ਪੰਜਾਂ ਸਿੰਘਾਂ ਦੀ ਸਲਾਹ ਨਾਲ ਕਰਨੇ ਹਨ।''

4. ਸਿਰਦਾਰ ਕਪੂਰ ਸਿੰਘ ਨੂੰ ਨਵਾਬੀ ਦੇਣਾ

1726 ਵਿੱਚ ਲਾਹੌਰ ਦਾ ਨਵਾਬ ਬਣਨ ਤੋਂ ਬਾਅਦ ਜ਼ਕਰੀਆ ਖਾਨ ਨੇ ਸਿੱਖਾਂ 'ਤੇ ਸਖ਼ਤੀ ਕਰਨੀ ਸ਼ੁਰੂ ਕਰ ਦਿੱਤੀ।

ਕਈ ਸਾਲਾਂ ਦੇ ਲੰਬੇ ਸੰਘਰਸ਼ ਤੋਂ ਬਾਅਦ 1733 ਵਿੱਚ ਜ਼ਕਰੀਆ ਖਾਨ ਨੇ ਸਿੱਖਾਂ ਨਾਲ ਸਮਝੌਤਾ ਕਰਨ ਦਾ ਮਨ ਬਣਾਇਆ। ਇਤਿਹਾਸਕਾਰ ਸੰਗਤ ਸਿੰਘ ਨੇ 'ਇਤਿਹਾਸ ਵਿੱਚ ਸਿੱਖ' ਕਿਤਾਬ ਵਿੱਚ ਇਸ ਘਟਨਾ ਦਾ ਜ਼ਿਕਰ ਕੀਤਾ ਹੈ।

ਉਨ੍ਹਾਂ ਨੇ ਲਿਖਿਆ ਹੈ, ''ਜ਼ਕਰੀਆ ਖਾਨ ਨੇ ਆਪਣੇ ਸੂਬੇਦਾਰ ਸਰਦਾਰ ਸੁਬੇਗ ਸਿੰਘ ਨੂੰ ਖਿੱਲਤ ਦੇ ਕੇ ਸਿੱਖਾਂ ਵੱਲ ਭੇਜਿਆ। ਉਸ ਖਿੱਲਤ ਵਿੱਚ ਪੱਟੀ ਦੇ ਪਿੰਡਾਂ ਦੀ ਜਗੀਰ, ਕਟਾਰ ਤੇ ਨਵਾਬੀ ਦਾ ਅਹੁਦਾ ਸ਼ਾਮਲ ਸੀ।''

Image copyright Getty Images

"ਉਸ ਵੇਲੇ ਪੰਜ ਪਿਆਰਿਆਂ ਨੇ ਗੁਰਮਤਾ ਬਣਾ ਕੇ ਜ਼ਕਰੀਆ ਖਾਨ ਵੱਲੋਂ ਭੇਜੀ ਖਿੱਲਤ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ। ਉਸ ਵੇਲੇ ਸੁਬੇਗ ਸਿੰਘ ਨੇ ਸਲਾਹ ਦਿੱਤੀ ਕਿ ਸਿੱਖ ਇਸ ਨਵਾਬੀ ਦਾ ਇਸਤੇਮਾਲ ਖੁਦ ਨੂੰ ਮਜ਼ਬੂਤੀ ਦੇਣ ਲਈ ਕਬੂਲ ਕਰਨ।''

ਸਿੱਖ ਇਤਿਹਾਸ ਦੇ ਮਾਹਿਰ ਤੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਸਾਬਕਾ ਚੇਅਰਮੈਨ ਤਰਸੇਮ ਸਿੰਘ ਨੇ ਦੱਸਿਆ, ''ਨਵਾਬੀ ਲੈਣ ਲਈ ਕੋਈ ਵੀ ਸਿੰਘ ਤਿਆਰ ਨਹੀਂ ਸੀ। ਪੰਜ ਪਿਆਰਿਆਂ ਨੇ ਉਸ ਵੇਲੇ ਘੋੜਿਆਂ ਦੀ ਸੇਵਾ ਕਰ ਰਹੇ ਸਿਰਦਾਰ ਕਪੂਰ ਸਿੰਘ ਨੂੰ ਨਵਾਬੀ ਲੈਣ ਨੂੰ ਕਿਹਾ।''

''ਕਪੂਰ ਸਿੰਘ ਨੇ ਨਵਾਬੀ ਲੈਣ ਲਈ ਖੁਦ ਨੂੰ ਅਸਮਰਥ ਦੱਸਿਆ। ਉਸ ਵੇਲੇ ਪੰਜਾਂ ਪਿਆਰਿਆਂ ਨੇ ਨਵਾਬ ਕਪੂਰ ਸਾਹਿਬ ਨੂੰ ਨਵਾਬੀ ਲੈਣ ਦਾ ਹੁਕਮ ਦਿੱਤਾ ਜਿਸ ਨੂੰ ਕਪੂਰ ਸਿੰਘ ਨੇ ਸਿਰ ਨੀਵਾਂ ਕਰ ਕੇ ਮੰਨ ਲਿਆ।''

"ਪਰ ਨਾਲ ਹੀ ਕਪੂਰ ਸਿੰਘ ਨੇ ਕਿਹਾ ਕਿ ਨਵਾਬੀ ਦੀ ਖਿੱਲਤ ਮੈਨੂੰ ਪੰਜਾਂ ਪਿਆਰਿਆਂ ਦੀ ਚਰਨਾਂ ਤੋਂ ਛੁਹਾ ਕੇ ਦਿੱਤੀ ਜਾਵੇ। ਪੰਜ ਪਿਆਰਿਆਂ ਵੱਲੋਂ ਨਵਾਬ ਕਪੂਰ ਸਿੰਘ ਦੀ ਇੱਛਾ ਨੂੰ ਪ੍ਰਵਾਨ ਕਰ ਲਿਆ ਗਿਆ।''

5. ਦਿੱਲੀ ਫਤਿਹ ਮੁਹਿੰਮ

ਤਰਸੇਮ ਸਿੰਘ ਦੱਸਦੇ ਹਨ, "1783 ਵਿੱਚ ਸਿੱਖਾਂ ਦੀਆਂ ਸਾਰੀਆਂ ਮੁੱਖ ਮਿਸਲਾਂ ਨੇ ਗੁਰਮਤਾ ਕਰਕੇ ਦਿੱਲੀ 'ਤੇ ਹਮਲਾ ਬੋਲਿਆ। ਸਿੱਖਾਂ ਦੇ ਸਾਹਮਣੇ ਤਤਕਾਲੀ ਮੁਗ਼ਲ ਬਾਦਸ਼ਾਹ ਸ਼ਾਹ ਆਲਮ ਦੂਜਾ ਨੇ ਗੋਢੇ ਟੇਕ ਦਿੱਤੇ ਤੇ ਸਿੱਖਾਂ ਨੇ ਦਿੱਲੀ ਨੂੰ ਫਤਿਹ ਕਰਕੇ ਲਾਲ ਕਿਲੇ 'ਤੇ ਕੇਸਰੀ ਨਿਸ਼ਾਨ ਝੁਲਾਇਆ।''

Image copyright Getty Images

"ਇਸ ਜਿੱਤ ਤੋਂ ਬਾਅਦ ਪੰਜ ਪਿਆਰੇ ਲਾਲ ਕਿਲ੍ਹੇ ਦੇ ਤਖਤ 'ਤੇ ਬੈਠੇ। ਉਨ੍ਹਾਂ ਪੰਜਾਂ ਪਿਆਰਿਆਂ ਵਿੱਚ ਜੱਸਾ ਸਿੰਘ ਰਾਮਗੜ੍ਹੀਆ, ਜੱਸਾ ਸਿੰਘ ਆਹਲੂਵਾਲੀਆ, ਬਘੇਲ ਸਿੰਘ, ਹਰੀ ਸਿੰਘ ਤੇ ਬਚਿੱਤਰ ਸਿੰਘ ਸ਼ਾਮਲ ਸਨ।''

"ਇਨ੍ਹਾਂ ਪੰਜ ਪਿਆਰਿਆਂ ਦੇ ਅੱਗੇ ਹੀ ਸ਼ਾਹ ਆਲਮ ਦੂਜਾ ਵੱਲੋਂ ਬੇਗਮ ਸਮਰੂ ਨੇ ਦਿੱਲੀ ਛੱਡਣ ਦੀ ਫਰਿਆਦ ਕੀਤੀ ਅਤੇ ਉਸੇ ਫਰਿਆਦ ਨੂੰ ਮੰਨਦੇ ਹੋਏ ਕੁਝ ਸ਼ਰਤਾਂ ਨਾਲ ਪੰਜ ਪਿਆਰਿਆਂ ਨੇ ਦਿੱਲੀ ਛੱਡਣ ਦਾ ਫੈਸਲਾ ਕੀਤਾ।''

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)