ਸੋਸ਼ਲ: 'ਮੈਂ ਹਿੰਦੁਸਤਾਨ ਹਾਂ ਅਤੇ ਮੈਂ ਸ਼ਰਮਿੰਦਾ ਹਾਂ'-ਆਸਿਫਾ ਲਈ ਹਸਤੀਆਂ ਦੀ ਗੁਹਾਰ

Rape Image copyright Gul Panag/Twitter

ਭਾਰਤ ਸ਼ਾਸਿਤ ਕਸ਼ਮੀਰ ਦੇ ਕਠੂਆ ਵਿੱਚ ਅੱਠ ਸਾਲਾਂ ਦੀ ਬੱਚੀ ਆਸਿਫਾ ਨਾਲ ਬਲਾਤਕਾਰ ਅਤੇ ਹੱਤਿਆ ਦੇ ਮਾਮਲੇ 'ਤੇ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਰੋਸ ਹੈ। ਸੋਸ਼ਲ ਮੀਡੀਆ 'ਤੇ ਆਸਿਫਾ ਦੇ ਇਨਸਾਫ਼ ਲਈ ਹਸਤੀਆਂ ਟਵੀਟ ਕਰ ਰਹੀਆਂ ਹਨ।

ਕਈ ਸ਼ਖਸੀਅਤਾਂ 'ਮੈਂ ਹਿੰਦੁਸਤਾਨ ਹਾਂ ਅਤੇ ਸ਼ਰਮਿੰਦਾ ਹਾਂ', ਨਾਂ ਦੀ ਸੋਸ਼ਲ ਮੀਡੀਆ ਮੁਹਿੰਮ ਚਲਾ ਰਹੀਆਂ ਹਨ।

ਪ੍ਰਿਅੰਕਾ ਚੋਪੜਾ, ਅਨੁਸ਼ਕਾ ਸ਼ਰਮਾ, ਰੈਪਰ ਬਾਦਸ਼ਾਹ ਵਰਗੇ ਨਾਮੀ ਕਲਾਕਾਰ ਵੀ ਇਸ ਕੜੀ ਵਿੱਚ ਸ਼ਾਮਲ ਹਨ।

ਪ੍ਰਿਅੰਕਾ ਚੋਪੜਾ ਨੇ ਟਵੀਟ ਕੀਤਾ, ''ਧਰਮ ਅਤੇ ਰਾਜਨੀਤੀ ਲਈ ਆਸਿਫਾ ਵਰਗੇ ਕਿੰਨੇ ਬੱਚਿਆਂ ਦੀ ਬਲੀ ਦਿੱਤੇ ਜਾਵੇਗੀ ? ਇਹ ਸ਼ਰਮਨਾਕ ਹੈ। ਹੁਣ ਸਖ਼ਤ ਕਦਮ ਚੁੱਕੇ ਜਾਣੇ ਚਾਹੀਦੇ ਹਨ।''

ਅਦਾਕਾਰਾ ਅਨੁਸ਼ਕਾ ਸ਼ਰਮਾ ਨੇ ਟਵੀਟ ਕੀਤਾ, ''ਇੱਕ ਮਾਸੂਮ ਬੱਚੀ ਨੂੰ ਮਾਰਨਾ ਸਭ ਤੋਂ ਵੱਡਾ ਜੁਰਮ ਹੈ। ਅਸੀਂ ਕਿਸ ਤਰ੍ਹਾਂ ਦੀ ਦੁਨੀਆਂ ਵਿੱਚ ਰਹਿ ਰਹੇ ਹਾਂ? ਮੁਜ਼ਲਮ ਨੂੰ ਸਖ਼ਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਹੈ।''

ਜਾਵੇਦ ਅਖਤਰ ਨੇ ਟਵੀਟ ਕਰ ਕੇ ਲਿਖਿਆ, ''ਆਸਿਫਾ ਕੌਣ ਸੀ? ਉਹ ਬਾਕਰਵਾਲਾਂ ਦੀ ਅੱਠ ਸਾਲ ਦੀ ਧੀ ਸੀ। ਬਾਕਰਵਾਲ ਜਿਨ੍ਹਾਂ ਨੇ ਕਾਰਗਿਸ ਘੁਸਪੈਠੀਆਂ ਬਾਰੇ ਫੌਜ ਨੂੰ ਜਾਣਕਾਰੀ ਦਿੱਤੀ ਸੀ। ਇਸ ਬੱਚੇ ਦੇ ਮੁਜਰਿਮਾਂ ਨੂੰ ਬਚਾਉਣ ਵਾਲੇ ਲੋਕ ਕੌਣ ਹਨ?''

ਕੁਝ ਹਸਤੀਆਂ ਨੇ ਇੱਕ ਕਾਗਜ਼ ਦੇ ਟੁੱਕੜੇ ਨਾਲ ਆਪਣੀਆਂ ਤਸਵੀਰਾਂ ਸਾਂਝੀਆਂ ਕੀਤੀਆਂ।

ਜਿਸ 'ਤੇ ਲਿਖਿਆ ਹੈ, ''ਮੈਂ ਹਿੰਦੁਸਤਾਨ ਹਾਂ ਅਤੇ ਮੈਂ ਸ਼ਰਮਿੰਦਾ ਹਾਂ। ਆਸਿਫਾ ਲਈ ਇਨਸਾਫ਼ ਚਾਹੀਦਾ ਹੈ। ਅੱਠ ਸਾਲਾਂ ਦੀ ਕੁੜੀ, ਗੈਂਗ ਰੇਪ ਹੋਇਆ, ਹੱਤਿਆ ਕੀਤੀ ਗਈ ਦੇਵੀ-ਸਥਾਨ ਮੰਦਿਰ ਵਿੱਚ।''

ਗੁਲ ਪਨਾਗ, ਕਲਕੀ ਕੋਚਲਿਨ, ਬਾਦਸ਼ਾਹ, ਮਿਨੀ ਮਾਥੁਰ ਵਰਗੀਆਂ ਹਸਤੀਆਂ ਨੇ #Kathua ਨਾਲ ਇਹ ਪੋਸਟ ਕੀਤਾ।

ਸੋਸ਼ਲ ਸੰਸਥਾ 'ਖਾਲਸਾ ਏਡ' ਦੇ ਮੁਖੀ ਰਵੀ ਸਿੰਘ ਨੇ ਵੀ ਇੱਕ ਤਸਵੀਰ ਨਾਲ ਫੇਸਬੁੱਕ 'ਤੇ ਆਸਿਫਾ ਲਈ ਇਨਸਾਫ਼ ਮੰਗਿਆ।

ਉਨ੍ਹਾਂ ਲਿਖਿਆ, ''ਹਿੰਦੂ ਮੰਦਿਰ ਵਿੱਚ ਬਲਾਤਕਾਰ ਅਤੇ ਮੁੜ ਉਸ ਦੀ ਹੱਤਿਆ। ਉਹ ਵੀ ਸੱਤਾਧਾਰੀ ਪਾਰਟੀ ਭਾਜਪਾ ਦੇ ਮੈਂਬਰਾਂ ਵੱਲੋਂ ਜਿਨ੍ਹਾਂ ਬਾਅਦ ਵਿੱਚ ਪਰਿਵਾਰ ਨੂੰ ਧਮਕਾਇਆ ਵੀ।''

ਰਵੀ ਦੀ ਇਸ ਪੋਸਟ ਨੂੰ 10,000 ਤੋਂ ਵੱਧ ਵਾਰ ਸ਼ੇਅਰ ਕੀਤਾ ਗਿਆ। ਕੁਝ ਲੋਕਾਂ ਨੇ ਰਵੀ 'ਤੇ ਇਸ ਹਾਦਸੇ ਨੂੰ ਰਾਜਨੀਤਕ ਅਤੇ ਫਿਰਕੂ ਰੰਗ ਦੇਣ ਦੇ ਇਲਜ਼ਾਮ ਵੀ ਲਗਾਏ।

ਠਾਕੁਰ ਅਮਿਤ ਚੰਦ ਨੇ ਲਿਖਿਆ, ''ਇਹ ਅਪਰਾਧ ਘਿਨੌਣਾ ਹੈ। ਪਰ ਹਿੰਦੂ ਮੰਦਿਰ ਦਾ ਜ਼ਿਕਰ ਕਰਨਾ ਬੇਵਕੂਫ਼ੀ ਹੈ। ਪੰਜਾਬ ਵਿੱਚ ਐਮਰਜੈਂਸੀ ਦੌਰਾਨ ਗੋਲਡਨ ਟੈਂਪਲ ਵਿੱਚ ਵੀ ਬਲਾਤਕਾਰ ਹੋਏ ਸਨ।''

Image copyright Facebook

ਰਵੀ ਨੇ ਇਸ ਦੇ ਜਵਾਬ ਵਿੱਚ ਲਿਖਿਆ, ''ਸਾਰਿਆਂ ਨੂੰ ਪਤਾ ਹੈ ਕਿ ਉਹ ਹਿੰਦੂ ਮੰਦਿਰ ਸੀ, ਮੈਂ ਕੀ ਲਿਖਾਂ ਭਾਜਪਾ ਦਾ ਮੰਦਿਰ।''

ਇਸ ਦੇ ਜਵਾਬ ਵਿੱਚ ਕੁੱਝ ਲੋਕਾਂ ਨੇ ਕਿਹਾ ਕਿ ਸਿਰਫ਼ ਮੰਦਿਰ ਲਿਖਣਾ ਵੀ ਬਹੁਤ ਹੁੰਦਾ।

Image copyright facebook

ਹਾਲਾਂਕਿ ਸੁਖਮਾਨ ਨਾਂ ਦੀ ਕੁੜੀ ਨੇ ਰਵੀ ਦੇ ਹੱਕ ਵਿੱਚ ਲਿਖਿਆ।

ਉਨ੍ਹਾਂ ਕਿਹਾ, ''ਸਾਲਾਂ ਪਹਿਲਾਂ ਹੋਏ ਬਲਾਤਕਾਰਾਂ ਬਾਰੇ ਬੋਲ ਸਕਦੇ ਹੋ। ਪਰ ਇਸ ਬਾਰੇ ਨਹੀਂ ਬੋਲ ਸਕਦੇ ਕਿਉਂਕਿ ਇਹ ਹਿੰਦੂ ਮੰਦਿਰ ਵਿੱਚ ਹਿੰਦੂਆਂ ਵੱਲੋਂ ਕੀਤਾ ਗਿਆ। ਕਿਆ ਬਾਤ ਹੈ।''

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)