'ਨਾਨਕ ਸ਼ਾਹ ਫ਼ਕੀਰ' ਤੋਂ ਪਹਿਲਾਂ ਕਿਹੜੀਆਂ ਪੰਜਾਬੀ ਫ਼ਿਲਮਾਂ ਦਾ ਹੋਇਆ ਵਿਰੋਧ?

Protest Image copyright Gurdarshan Singh Sandhu/BBC

ਪੰਜਾਬੀ ਫ਼ਿਲਮ 'ਨਾਨਕ ਸ਼ਾਹ ਫ਼ਕੀਰ' ਵਿਵਾਦਾਂ ਨਾਲ ਘਿਰੀ ਹੋਈ ਹੈ। ਫ਼ਿਲਮ ਅੱਜ ਕਈ ਥਾਵਾਂ 'ਤੇ ਰਿਲੀਜ਼ ਹੋ ਚੁੱਕੀ ਹੈ।

ਫ਼ਿਲਮ ਦੇ ਵਿਰੋਧ ਵਿੱਚ ਸਿੱਖ ਭਾਈਚਾਰੇ ਵੱਲੋਂ ਲਗਾਤਾਰ ਪ੍ਰਦਰਸ਼ਨ ਕੀਤੇ ਜਾ ਰਹੇ ਹਨ।

ਬੀਬੀਸੀ ਪੰਜਾਬੀ ਦੇ ਸਥਾਨਕ ਪੱਤਰਕਾਰ ਗੁਰਦਰਸ਼ਨ ਸਿੰਘ ਸੰਧੂ ਨੇ ਦਸਿਆ ਕਿ ਸਿੱਖ ਜੱਥੇਬੰਦੀਆਂ ਵੱਲੋਂ ਅੱਜ ਪੰਜਾਬ ਦੇ ਜ਼ਿਲ੍ਹਾ ਫਿਰੋਜ਼ਪੁਰ ਵਿੱਚ ਕਾਲੀ ਪੱਗੜੀਆਂ ਬੰਨ ਕੇ, ਕਾਲੇ ਝੰਡੇ ਫੜ ਕੇ ਤੇ ਕਾਲੀਆਂ ਪੱਟੀਆਂ ਬੰਨ ਕੇ ਪ੍ਰਦਰਸ਼ਨ ਕੀਤਾ ਗਿਆ।

ਜੱਥੇਬੰਦੀਆਂ ਮੁਤਾਬਕ ਫ਼ਿਲਮ ਨਾਲ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੇਗੀ।

Image copyright Getty Images

ਸਿੰਘ ਸਾਹਿਬਾਨ ਦੀ ਬੈਠਕ ਤੋਂ ਬਾਅਦ ਫ਼ਿਲਮ ਦੇ ਨਿਰਮਾਤਾ ਹਰਿੰਦਰ ਸਿੰਘ ਸਿੱਕਾ ਨੂੰ ਸਿੱਖ ਪੰਥ ਵਿਚੋਂ ਛੇਕ ਦਿੱਤਾ ਗਿਆ ਹੈ।

ਇੱਕ ਝਾਤ ਉਨ੍ਹਾਂ ਫ਼ਿਲਮਾਂ 'ਤੇ ਜਿਹੜੀਆਂ ਵਿਵਾਦਾਂ ਦੇ ਘੇਰੇ ਵਿੱਚ ਰਹੀਆਂ।

ਜੋ ਬੋਲੇ ਸੋ ਨਿਹਾਲ

ਇਸ ਫ਼ਿਲਮ ਉੱਤੇ ਵੀ ਕਾਫ਼ੀ ਵਿਵਾਦ ਹੋਇਆ ਸੀ। ਇਸ ਫ਼ਿਲਮ ਵਿਚ ਮੁੱਖ ਭੂਮਿਕਾ ਸੰਨੀ ਦਿਉਲ ਨੇ ਨਿਭਾਈ ਸੀ। ਸਿੱਖ ਜਥੇਬੰਦੀਆਂ ਨੂੰ ਇਸ ਫ਼ਿਲਮ ਦੇ ਨਾਮ ਉੱਤੇ ਇਤਰਾਜ਼ ਸੀ।

Image copyright Getty Images

ਹਾਲਾਂਕਿ ਫ਼ਿਲਮ ਰਿਲੀਜ਼ ਹੋ ਗਈ ਸੀ ਪਰ ਬਾਅਦ ਵਿੱਚ ਫ਼ਿਲਮ ਦੇ ਨਿਰਮਾਤਾ ਨੇ ਸਿੱਖਾਂ ਦੀਆਂ ਭਾਵਨਾਵਾਂ ਦਾ ਖ਼ਿਆਲ ਰੱਖਦਿਆਂ ਫ਼ਿਲਮ ਨੂੰ ਸਿਨਮਾ ਘਰਾਂ ਤੋਂ ਵਾਪਸ ਲੈ ਲਿਆ ਸੀ।

ਮਾਸਟਰ ਮਾਈਂਡ ਜਿੰਦਾ ਸੁੱਖਾ

ਪੰਜਾਬੀ ਵਿਚ ਬਣੀ ਇਹ ਫ਼ਿਲਮ ਭਾਰਤੀ ਸੈਨਾ ਦੇ ਜਨਰਲ ਏ ਐਸ ਵੈਦਿਆਂ ਦੇ ਕਤਲ ਦੇ ਦੋਸ਼ ਵਿਚ ਫਾਂਸੀ ਦੀ ਸਜ਼ਾ ਭੁਗਤਣ ਵਾਲੇ ਹਰਜਿੰਦਰ ਸਿੰਘ ਜਿੰਦਾ ਅਤੇ ਸੁਖਦੇਵ ਸਿੰਘ ਸੁੱਖਾ ਦੇ ਜੀਵਨ ਉੱਤੇ ਆਧਾਰਿਤ ਸੀ।

Image copyright Getty Images

ਵਿਵਾਦ ਤੋ ਬਾਅਦ ਇਹ ਸਰਕਾਰ ਵੱਲੋਂ ਬੈਨ ਕਰ ਦਿੱਤੀ ਗਈ ਸੀ।

ਕੌਮ ਦੇ ਹੀਰੇ

ਇਹ ਪੰਜਾਬੀ ਫ਼ਿਲਮ ਵੀ ਸਰਕਾਰ ਵੱਲੋਂ ਬੈਨ ਕਰ ਦਿੱਤੀ ਗਈ ਸੀ। ਇਹ ਫ਼ਿਲਮ ਭਾਰਤ ਦੀ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਨਾਲ ਸਬਧੰਤ ਸੀ।

ਇਹ ਫ਼ਿਲਮ ਇੰਦਰਾ ਗਾਂਧੀ ਦੀ ਹੱਤਿਆ ਦੇ ਦੋਸ਼ ਵਿਚ ਫਾਂਸੀ ਦੀ ਸਜ਼ਾ ਪਾਉਣ ਵਾਲੇ ਬੇਅੰਤ ਸਿੰਘ ਅਤੇ ਸਤਵੰਤ ਸਿੰਘ ਦੇ ਜੀਵਨ ਉੱਤੇ ਆਧਾਰਿਤ ਸੀ।

ਤੂਫ਼ਾਨ ਸਿੰਘ

ਇਹ ਫ਼ਿਲਮ ਖ਼ਾਲਿਸਤਾਨੀ ਜੁਗਰਾਜ ਸਿੰਘ ਤੂਫ਼ਾਨ ਦੇ ਜੀਵਨ ਉੱਤੇ ਆਧਾਰਿਤ ਸੀ।

Image copyright Getty Images

ਮੁੱਖ ਕਿਰਦਾਰ ਇਸ ਵਿੱਚ ਗਾਇਕ ਰਣਜੀਤ ਬਾਵਾ ਨੇ ਨਿਭਾਇਆ ਸੀ। ਸਰਕਾਰ ਨੇ ਇਸ ਫ਼ਿਲਮ ਉੱਤੇ ਇਹ ਦਲੀਲ ਦੇ ਕੇ ਪਾਬੰਦੀ ਲੱਗਾ ਦਿੱਤੀ ਸੀ ਕਿ ਇਹ ਕੱਟੜਪੰਥੀਆਂ ਦੇ ਵਿਚਾਰਾਂ ਨੂੰ ਵਧਾ ਚੜ੍ਹਾ ਕੇ ਪੇਸ਼ ਕਰ ਰਹੀ ਹੈ।

ਸਾਡਾ ਹੱਕ

ਇਹ ਫ਼ਿਲਮ ਜਗਤਾਰ ਸਿੰਘ ਹਵਾਰਾ ਦੇ ਜੀਵਨ ਉੱਤੇ ਆਧਾਰਿਤ ਸੀ। ਸਭ ਤੋਂ ਵੱਧ ਇਸ ਫ਼ਿਲਮ ਉੱਤੇ ਵਿਵਾਦ ਹੋਇਆ।

Image copyright Getty Images

ਭਾਰਤ ਸਰਕਾਰ ਨੇ ਇਸ ਫ਼ਿਲਮ ਉੱਤੇ ਪਾਬੰਦੀ ਲੱਗਾ ਦਿੱਤੀ ਪਰ ਵਿਦੇਸ਼ਾਂ ਵਿਚ ਇਹ ਰਿਲੀਜ਼ ਹੋ ਗਈ।

ਮਾਮਲਾ ਸੁਪਰੀਮ ਕੋਰਟ ਵੀ ਪਹੁੰਚਿਆ ਜਿਸ ਤੋਂ ਬਾਅਦ ਇਸ ਫ਼ਿਲਮ ਦੀ ਰਿਲੀਜ਼ ਨੂੰ ਹਰੀ ਝੰਡੀ ਮਿਲੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ