ਵਿਸਾਖੀ ਦਾ ਤਿਓਹਾਰ ਅਤੇ ਪੰਜਾਬੀ ਫਿਲਮਾਂ

ਵਿਸਾਖੀ ਦਾ ਤਿਓਹਾਰ ਅਤੇ ਪੰਜਾਬੀ ਫਿਲਮਾਂ Image copyright AP

ਪੰਜਾਬ ਦੇ ਸੱਭਿਆਚਾਰ, ਇਤਿਹਾਸ ਅਤੇ ਧਾਰਮਿਕ ਵਿਰਸੇ ਨਾਲ ਜੁੜੇ ਮੇਲਿਆਂ ਵਿੱਚ ਵਿਸਾਖੀ ਦੀ ਅਹਿਮ ਥਾਂ ਹੈ। ਇਹ ਹਾੜੀ ਦੀ ਫ਼ਸਲ ਨਾਲ ਜੁੜਿਆ ਵਾਢੀ ਦਾ ਤਿਉਹਾਰ ਹੈ। ਖੇਤਾਂ ਵਿੱਚ ਸੋਨੇ ਰੰਗੀਆਂ, ਲਹਿਰਾਉਂਦੀਆਂ, ਪੱਕੀਆਂ ਕਣਕਾਂ ਦੇਖ ਕੇ ਕਿਸਾਨ ਆਪਣੇ ਸਿਰਜੇ ਸੁਪਨਿਆਂ ਨੂੰ ਹਕੀਕਤ ਵਿੱਚ ਤਬਦੀਲ ਹੁੰਦੇ ਮਹਿਸੂਸ ਕਰਦਾ ਹੈ।

ਹੱਡ-ਭੰਨਵੀਂ ਮਿਹਨਤ ਤੋਂ ਬਾਅਦ ਹਾੜੀ ਦੀ ਫ਼ਸਲ ਦੀ ਸਾਂਭ ਸੰਭਾਲ ਕਰਕੇ ਕਿਸਾਨ ਮੇਲਾ ਵੇਖਣ ਲਈ ਜਾਂਦੇ ਹਨ। ਵਿਸਾਖੀ ਦੇ ਦਿਹਾੜੇ 1699 ਨੂੰ ਖਾਲਸਾ ਪੰਥ ਦੀ ਸਿਰਜਨਾ ਨੇ ਇਸ ਤਿਉਹਾਰ ਨੂੰ ਸਦੀਵੀ ਬਣਾ ਦਿੱਤਾ।

ਵਿਸਾਖੀ ਦਾ ਮੇਲਾ ਚੜ੍ਹਦੀਕਲਾ ਦਾ ਪ੍ਰਤੀਕ ਹੈ।

ਪੰਜਾਬੀ ਕਵੀ ਧਨੀ ਰਾਮ ਚਾਤ੍ਰਿਕ ਨੇ 'ਵਿਸਾਖੀ ਦਾ ਮੇਲਾ' ਕਵਿਤਾ ਵਿੱਚ ਆਪਣੇ ਜਜ਼ਬਾਤ ਕੁਝ ਇੰਝ ਬਿਆਨ ਕੀਤੇ ਹਨ:

ਤੂੜੀ ਤੰਦ ਸਾਂਭ ਹਾੜੀ ਵੇਚ ਵੱਟ ਕੇ,

ਲੰਬੜਾਂ ਤੇ ਸ਼ਾਹਾਂ ਦਾ ਹਿਸਾਬ ਕੱਟ ਕੇ,

ਸੰਮਾਂ ਵਾਲੀ ਡਾਗਾਂ ਉੱਤੇ ਤੇਲ ਲਾਇਕੇ,

ਕੱਛੇਮਾਰ ਵੰਝਲੀ ਅਨੰਦ ਛਾ ਗਿਆ, …।

ਤਿਓਹਾਰਾਂ 'ਤੇ ਫ਼ਿਲਮ ਰਿਲੀਜ਼ ਕਰਨਾ

ਜ਼ਿਆਦਾਤਰ ਹਿੰਦੀ ਫਿਲਮ ਨਿਰਮਾਤਾ ਫਿਲਮਾਂ ਨੂੰ ਰਿਲੀਜ਼ ਕਰਨ ਲਈ ਦੀਵਾਲੀ, ਈਦ ਜਾਂ ਕੌਮੀ ਤਿਓਹਾਰਾਂ ਦੀ ਬੇਸਬਰੀ ਨਾਲ ਉਡੀਕ ਕਰਦੇ ਹਨ। ਸ਼ਾਹਰੁਖ ਖ਼ਾਨ ਅਤੇ ਸਲਮਾਨ ਖ਼ਾਨ ਤਾਂ ਆਪਣੀ ਫਿਲਮਾਂ ਨੂੰ ਸਿਰਫ਼ ਈਦ ਦੇ ਮੌਕੇ ਉੱਤੇ ਰਿਲੀਜ਼ ਕਰਨ ਲਈ ਇੱਕ ਦੋ ਸਾਲ ਪਹਿਲਾਂ ਹੀ ਰਿਲੀਜ਼ ਦੀ ਤਾਰੀਖ ਮੁਕੱਰਰ ਕਰ ਦਿੰਦੇ ਹਨ।

Image copyright courtesy: Bhim Raj Garg

ਸ਼ੁਰੂ-ਸ਼ੁਰੂ ਵਿੱਚ ਪੰਜਾਬੀ ਫਿਲਮਾਂ ਨੂੰ ਵੀ ਤਿਓਹਾਰਾਂ ਖ਼ਾਸਕਰ ਵਿਸਾਖੀ ਦੇ ਮੌਕੇ ਰਿਲੀਜ਼ ਕਰਨ ਦਾ ਰਿਵਾਜ ਸੀ।

ਪਲੇਠੀ ਪੰਜਾਬੀ ਫਿਲਮ 'ਇਸ਼ਕ ਪੰਜਾਬ' ਉਰਫ਼ 'ਮਿਰਜ਼ਾ-ਸਾਹਿਬਾਂ' ਨੂੰ ਵਿਸਾਖੀ ਤੋਂ ਕੁਝ ਦਿਨ ਪਹਿਲਾਂ ਲਾਹੌਰ ਦੇ ਨਿਰੰਜਨ ਟਾਕੀਜ਼ ਵਿਖੇ 29 ਮਾਰਚ, 1935 ਨੂੰ ਪਰਦਾਨਸ਼ੀ ਕੀਤਾ ਗਿਆ ਸੀ।

ਪੰਜਾਬੀ ਦੀ ਦੂਜੀ ਫਿਲਮ 'ਸ਼ੀਲਾ' ਉਰਫ਼ 'ਪਿੰਡ ਦੀ ਕੁੜੀ' ਵੀ ਵਿਸਾਖੀ ਦੇ ਨੇੜੇ 26 ਮਾਰਚ, 1937 ਨੂੰ ਪੈਲੇਸ ਸਿਨੇਮਾ, ਲਾਹੌਰ ਵਿੱਚ ਪਰਦੇ ਉੱਤੇ ਆਈ ਸੀ।

ਇਸ ਤੋਂ ਬਾਅਦ 'ਮਤਵਾਲੀ ਮੀਰਾ' (12 ਅਪ੍ਰੈਲ 1940), ਗਵਾਂਢੀ (8 ਅਪ੍ਰੈਲ 1942), ਲੱਛੀ (8 ਅਪ੍ਰੈਲ 1949), 'ਮਦਾਰੀ' (13 ਅਪ੍ਰੈਲ 1950), ਸ਼ਾਹਜੀ (4 ਅਪ੍ਰੈਲ 1954), ਨਿੱਕੀ (11 ਅਪ੍ਰੈਲ 1958), 'ਬਿੱਲੋ' (13 ਅਪ੍ਰੈਲ 1961), 'ਵਲਾਇਤ ਪਾਸ' (13 ਅਪ੍ਰੈਲ 1962), ਗੀਤ ਬਹਾਰਾਂ ਦੇ (3 ਅਪ੍ਰੈਲ 1964), ਸੱਪਣੀ (2 ਅਪ੍ਰੈਲ 1965), ਸ਼ਹਿਰ ਦੀ ਕੁੜੀ (28 ਮਾਰਚ, 1969), ਨਾਨਕ ਨਾਮ ਜਹਾਜ਼ ਹੈ (3 ਅਪ੍ਰੈਲ 1970), ਮਾਂ ਦਾ ਲਾਡਲਾ (6 ਅਪ੍ਰੈਲ 1973), ਦਾਜ (1 ਅਪ੍ਰੈਲ 1977), ਦਰਾਣੀ ਜਠਾਣੀ (13 ਅਪ੍ਰੈਲ 1979), ਸਹਿਤੀ ਮੁਰਾਦ (4 ਅਪ੍ਰੈਲ 1980), ਰੇਸ਼ਮਾ (11 ਅਪ੍ਰੈਲ 1986), ਦੂਜਾ ਵਿਆਹ ਤੇ ਜਿਗਰੀ ਯਾਰ (28 ਮਾਰਚ, 1985), ਕੀ ਬਣੂ ਦੁਨੀਆਂ ਦਾ (27 ਮਾਰਚ 1987), ਜੋਸ਼ ਜਵਾਨੀ ਦਾ (1 ਅਪ੍ਰੈਲ 1993), ਟਰੱਕ ਡਰਾਈਵਰ (28 ਮਾਰਚ 1997), ਪੁਰਜ਼ਾ ਪੁਰਜ਼ਾ ਕਟ ਮਰੇ (2 ਅਪ੍ਰੈਲ 1998), ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ (10 ਅਪ੍ਰੈਲ 1998), ਤੇਰਾ ਮੇਰਾ ਕੀ ਰਿਸ਼ਤਾ (10 ਅਪ੍ਰੈਲ 2009), ਮਿਰਜ਼ਾ: ਦਿ ਅਨਟੋਲਡ ਸਟੋਰੀ (6 ਅਪ੍ਰੈਲ 2012), ਸਾਡਾ ਹੱਕ (4 ਅਪ੍ਰੈਲ 2013) ਅਤੇ ਰੱਬ ਮਾਫ਼ ਕਰੀਂ (4 ਅਪ੍ਰੈਲ 2014) ਅਨੇਕਾਂ ਪੰਜਾਬੀ ਫਿਲਮਾਂ ਹਨ ਜਿਹੜੀਆਂ ਵਿਸਾਖੀ ਦੇ ਤਿਓਹਾਰ ਉੱਤੇ ਪਰਦਾਪੇਸ਼ ਹੋਈਆਂ ਹਨ।

Image copyright courtesy: Bhim Raj Garg

ਸ਼ੁਰੂਆਤ ਤੋਂ ਹੀ ਪੰਜਾਬੀ ਫਿਲਮਾਂ ਵਿੱਚ ਵਿਸਾਖੀ ਦੇ ਤਿਓਹਾਰ ਅਤੇ ਭੰਗੜਾ ਆਦਿ ਨੂੰ ਪ੍ਰਮੁੱਖਤਾ ਨਾਲ ਸ਼ਾਮਿਲ ਕੀਤਾ ਜਾਂਦਾ ਸੀ। ਪੰਜਾਬੀ ਫਿਲਮ ਸ਼ੀਲਾ ਉਰਫ ਪਿੰਡ ਦੀ ਕੁੜੀ (1935) ਦਾ ਗੀਤ 'ਖ਼ਸਮਾਂ ਨੂੰ ਖਾ ਗਿਆ ਘਰ ਨੀ, ਚੱਲ ਮੇਲੇ ਚੱਲੀਏ …' ਇਸ ਸਿਲਸਿਲੇ ਦੀ ਸ਼ੁਰੂਆਤ ਮੰਨੀ ਜਾਂਦੀ ਹੈ।

ਫਿਲਮ 'ਯਮਲਾ ਜੱਟ' (1940) ਦੇ ਭੰਗੜਾ ਗੀਤ 'ਕਣਕਾਂ ਦੀਆਂ ਫ਼ਸਲਾਂ ਪੱਕੀਆਂ ਨੇ, ਬਦਲਾਂ 'ਚੋਂ ਖ਼ੁਸ਼ੀਆਂ ਵੱਸੀਆਂ ਨੇ …' ਨੂੰ ਵਿਸਾਖੀ ਦੇ ਮੌਕੇ ਉੱਤੇ ਫਿਲਮਾਇਆ ਗਿਆ ਸੀ। ਸ਼ਮਸ਼ਾਦ ਬੇਗ਼ਮ ਦੀ ਆਵਾਜ਼ ਵਿੱਚ ਇਸ ਗੀਤ ਨੇ ਸਾਰੇ ਪੰਜਾਬ ਵਿੱਚ ਧੁੰਮਾਂ ਪਾ ਦਿੱਤੀਆਂ ਸਨ। ਇਸ ਤੋਂ ਬਾਅਦ ਭੰਗੜਾ ਗੀਤ ਪੰਜਾਬੀ ਫਿਲਮਾਂ ਦੀ ਕਾਮਯਾਬੀ ਦੀ ਕੁੰਜੀ ਬਣ ਗਏ।

ਹੌਲੀ-ਹੌਲੀ ਪੰਜਾਬੀ ਫਿਲਮੀ ਗੀਤਾਂ ਚ' ਵਿਸਾਖੀ ਸ਼ਬਦ ਜਿਵੇਂ 'ਆਈ ਵਿਸਾਖੀ ਓ ਜੱਟਾ ਆਈ ਵਿਸਾਖੀ …, ਬੱਲੇ ਬੱਲੇ ਕਿ ਅਜੇ ਤੇਰੇ ਬੰਦ ਨਾ ਬਣੇ … (ਫਿਲਮ ਭਾਇਆ ਜੀ) ਦੀ ਵਰਤੋਂ ਸ਼ੁਰੂ ਹੋ ਗਈ ਸੀ।

Image copyright courtesy: Bhim Raj Garg

ਸੰਨ 1951 ਵਿੱਚ ਚਿੱਤਰ-ਭੂਮੀ ਲਿਮੀਟਡ ਬੰਬੇ ਨੇ 'ਵਿਸਾਖੀ' ਨਾਮ ਦੀ ਫਿਲਮ ਬਣਾਈ ਸੀ। ਇਹ ਫਿਲਮ ਇੱਕ ਭੰਗੜੇ ਵਾਲੇ ਗੀਤ 'ਨੀ ਕਿਹੜੀ ਏਂ ਤੂੰ ਹਾਕ ਮਾਰਦੀ … ਆਈ ਵਸਾਖੀ ਆਈ ਬੇਲੀਆ …' ਨਾਲ ਸ਼ੁਰੂ ਹੁੰਦੀ ਹੈ।

ਸੰਨ 1950 ਦੇ ਦਹਾਕੇ ਵਿੱਚ ਪੰਜਾਬੀ ਫਿਲਮਾਂ ਦੇ ਪ੍ਰੋਡਿਊਸਰਾਂ ਨੇ ਵਿਸਾਖੀ ਦੇ ਤਿਓਹਾਰ ਨੂੰ ਆਪਣੀ ਫਿਲਮਾਂ ਦਾ ਅਹਿਮ ਹਿੱਸਾ ਮੰਨ ਕੇ, ਵਧ ਤੋਂ ਵਧ ਭੰਗੜੇ ਵਾਲੇ ਗੀਤ ਰੱਖਣੇ ਸ਼ੁਰੂ ਕਰ ਦਿੱਤੇ ਸਨ।

ਫਿਲਮ 'ਕੌਡੇ ਸ਼ਾਹ' ਦਾ ਗੀਤ 'ਵਿਸਾਖੀ ਆਈ ਵਿਸਾਖੀ, ਫ਼ਸਲਾਂ ਦੀ ਮੁੱਕ ਗਈ ਰਾਖੀ …' ਵਿਸਾਖੀ ਦੇ ਤਿਓਹਾਰ ਦਾ ਪ੍ਰਤੀਕ ਬਣ ਗਿਆ ਸੀ ਅਤੇ ਅੱਜ ਵੀ ਵਿਸਾਖੀ ਦਿਹਾੜੇ ਇਹ ਗੀਤ ਖ਼ੂਬ ਵਜਾਇਆ ਅਤੇ ਸੁਣਿਆ ਜਾਂਦਾ ਹੈ।

Image copyright courtesy: Bhim Raj Garg

ਪੰਜਾਬੀ ਫਿਲਮਾਂ ਵਿੱਚ ਵਿਸਾਖੀ ਦੀ ਅਹਿਮੀਅਤ ਦੇ ਮੱਦੇਨਜ਼ਰ ਗੋਲਡਨ ਮੂਵੀਜ਼ ਬੰਬੇ ਨੇ 1958 ਵਿੱਚ 'ਭੰਗੜਾ' ਫਿਲਮ ਬਣਾਈ ਸੀ, ਜਿਸ ਦੇ ਖਾਸ ਕਰਕੇ ਭੰਗੜਾ ਦੇ ਗੀਤ 'ਜੱਟ ਕੁੜੀਆਂ ਤੋਂ ਡਰਦਾ ਮਾਰਾ ਮੋਢੇ ਉੱਤੇ ਡਾਂਗ ਰੱਖਦਾ …' ਨੇ ਪੰਜਾਬ ਵਿੱਚ ਹੀ ਨਹੀਂ ਬਲਿਕ ਸਾਰੇ ਦੇਸ਼ ਵਿੱਚ ਤੜਥਲੀਆਂ ਪਾ ਦਿੱਤੀਆਂ ਸਨ।

ਸਾਲ 1950 ਨੂੰ ਰਿਲੀਜ਼ ਹੋਈ ਫਿਲਮ 'ਦੋ ਲੱਛਿਆਂ' ਵਿੱਚ ਇੱਕ ਨਹੀਂ ਸਗੋਂ ਦੋ ਦੋ ਭੰਗੜਾ ਗੀਤ 'ਗੋਰਾ ਰੰਗ ਨਾ ਹੋ ਜਾਵੇ ਕਾਲਾ …' ਅਤੇ 'ਤੇਰੀ ਕਣਕ ਦੀ ਰਾਖੀ ਮੁੰਡਿਆ ਹੁਣ ਮੈਂ ਨਹੀਓਂ ਬਹਿੰਦੀ …' ਰੱਖੇ ਗਏ ਸਨ।

ਇਸੇ ਸਾਲ ਦੋ ਹੋਰ ਫਿਲਮਾਂ ਪੱਗੜੀ ਸੰਭਾਲ ਜੱਟਾ (ਗੱਲਾਂ ਗੋਰੀਆਂ ਤੇ ਹੋਂਠ ਗੁਲਾਬੀ …) ਅਤੇ ਯਮਲਾ ਜੱਟ (ਅੱਖ ਲੜੀ ਵੇ ਲੜੀ …) ਵਿੱਚ ਭੰਗੜਾ ਗੀਤ ਸ਼ਾਮਿਲ ਕੀਤੇ ਗਏ ਸਨ। ਸਾਲ 1961 ਵਿੱਚ ਵਿਸਾਖੀ ਮੌਕੇ ਦੇ ਭੰਗੜਾ ਗੀਤ 'ਬਿੱਲੋ' (ਤੁਸੀਂ ਕਿੱਥੇ ਚੱਲੇ …), 'ਗੁੱਡੀ' (ਲੱਕ ਪਤਲਾ ਤੇ ਗਾਗਰ ਭਾਰੀ …) ਅਤੇ 'ਜੱਟੀ' (ਗੁੱਤ ਤੇਰੀ ਅੰਬਰਸਰ ਦੀ …) ਰੱਖੇ ਗਏ ਸਨ।

1962 ਦੀ ਫਿਲਮ 'ਚੌਧਰੀ ਕਰਨੈਲ ਸਿੰਘ' ਦੇ ਭੰਗੜੇ ਗੀਤ 'ਅੜੀ ਮਾਰ ਕੇ ਨੱਚੀ ਜਦੋਂ ਬੰਤੋ …' ਨੇ ਪਿੰਡ ਦੀ ਗੱਲ ਤਾਂ ਛੱਡੋ ਸਾਰੇ ਹਿੰਦੁਸਤਾਨ/ਪਾਕਿਸਤਾਨ ਵਿੱਚ ਭੂਚਾਲ ਲਿਆ ਦਿੱਤਾ ਸੀ।

Image copyright courtesy: Bhim Raj Garg

ਫਿਲਮ ਪ੍ਰਦੇਸੀ ਢੋਲਾ ਵਿੱਚ ਦੋ ਭੰਗੜਾ ਗੀਤ 'ਤੇਰਾ ਝੁਮਕਾ ਲਵੇ ਹੁਲਾਰੇ …' ਅਤੇ 'ਦੁਸ਼ਮਣ ਹੋ ਜਾਵੇ ਭਾਵੇਂ ਦੁਨੀਆਂ ਸਾਰੀ …' (ਵਿਸਾਖੀ ਦਾ ਮੇਲਾ) ਸ਼ਾਮਿਲ ਕੀਤੇ ਗਏ ਸਨ।

ਵਿਸਾਖੀ ਦਾ ਮੇਲਾ ਦੋ ਪ੍ਰੇਮੀਆਂ ਨੂੰ ਮਿਲਣ ਦਾ ਮੌਕਾ ਵੀ ਦਿੰਦਾ ਸੀ ਅਤੇ ਇਸ ਵਾਸਤੇ ਪੰਜਾਬੀ ਫਿਲਮਾਂ ਦੇ ਡਾਇਲਾਗ/ਗੀਤ ਵੀ ਕੁਝ ਇਸ ਤਰ੍ਹਾਂ ਲਿਖੇ ਜਾਂਦੇ ਸਨ: ਮਹੀਨਾ ਆਇਆ ਵਿਸਾਖ ਦਾ ਮਾਹੀ ਚਲੀਏ ਵਿਸਾਖੀ ਦੇ ਮੇਲੇ, ਜਲੇਬੀਆਂ ਨੂੰ ਜੀ ਕਰਦਾ (ਦੋ ਲੱਛੀਆਂ)।

ਫਿਲਮ ਲਾਜੋ ਵਿੱਚ ਹੀਰੋਇਨ ਨਿਸ਼ੀ ਆਖਦੀ ਹੈ, 'ਕੱਲ ਵਿਸਾਖੀ ਹੈ ਮੇਲਾ ਵੇਖਣ ਚੱਲਾਂਗੇ ਅਤੇ ਭੰਗੜਾ ਗੀਤ 'ਜੱਟ ਜੱਟੀ ਨੂੰ ਡਰਾਵਣ ਆਇਆ …' ਸ਼ੁਰੂ ਹੋ ਜਾਂਦਾ ਹੈ। ਫਿਲਮ ਮਾਮਾ ਜੀ ਦੇ ਭੰਗੜੇ ਦੇ ਗੀਤ 'ਰੂਪ ਨੂੰ ਹਨੇਰ ਚੜਿਆ …' ਤੋਂ ਪਹਿਲੋਂ ਹੀਰੋਇਨ ਇੰਦਰਾ ਬਿੱਲੀ ਇਹੋ ਜਿਹਾ ਸੰਵਾਦ ਬੋਲਦੀ ਹੈ।

Image copyright courtesy: Bhim Raj Garg

ਫਿਲਮ ਪਿੰਡ ਦੀ ਕੁੜੀ ਦਾ ਭੰਗੜਾ 'ਜੈਲਦਾਰਾ ਪੁੱਤ ਨੂੰ ਸਮਝਾ ਲੈ …' ਵੀ ਵਿਸਾਖੀ ਦੇ ਮੌਕੇ ਨੂੰ ਦਰਸਾਉਂਦਾ ਹੈ। ਫਿਲਮ 'ਪਰਦੇਸੀ ਢੋਲਾ' ਵਿੱਚ ਮਾਂ ਹੀਰੋ ਰਵਿੰਦਰ ਕਪੂਰ ਨੂੰ ਕਹਿੰਦੀ ਹੈ. 'ਜਾ ਪੁੱਤਰ ਇੰਦਰਾ ਨੂੰ ਵਿਸਾਖੀ ਦਾ ਮੇਲਾ ਵਿਖਾ ਲਿਆ।' ਮੇਲੇ ਵਿੱਚ ਜਾ ਕੇ ਉਹ ਦੋਵੇਂ 'ਦੁਸ਼ਮਣ ਹੋ ਜਾਵੇ ਭਾਵੇਂ ਦੁਨੀਆਂ ਸਾਰੀ …' ਗੀਤ ਤੇ ਭੰਗੜਾ ਪਾਉਂਦੇ ਹਨ।

ਫਿਲਮ ਜੀਜਾ ਜੀ ਦਾ ਡਾਇਲਾਗ 'ਭੋਲੂ ਅੱਜ ਵਿਸਾਖੀ ਏ, ਅੱਜ ਦੇ ਦਿਨ ਵੀ ਸੋਗ' ਪੰਜਾਬੀਆਂ ਦੇ ਜੀਵਨ ਵਿੱਚ ਵਿਸਾਖੀ ਦੀ ਅਹਿਮੀਅਤ ਨੂੰ ਪ੍ਰਗਟਾਉਂਦਾ ਹੈ। ਇਹ ਗੱਲ ਸੁਣਦਿਆਂ ਹੀ ਯਤੀਮ ਅਤੇ ਮਾਸੂਮ ਹੀਰੋ 'ਹੜਿੱਪਾ ਹੜਿੱਪਾ ਨੀ ਚਿੱਟੀਏ ਕਬੂਤਰੀਏ ..' ਬੋਲਾਂ ਉੱਤੇ ਭੰਗੜਾ ਪਾਉਣ ਲੱਗਦਾ ਹੈ।

Image copyright courtesy: Bhim Raj Garg

ਵਿਸਾਖੀ ਦੇ ਪਾਵਨ ਤਿਓਹਾਰ ਨੂੰ ਹੋਰ ਵੀ ਬਹੁਤ ਸਾਰੀਆਂ ਪੰਜਾਬੀ ਫਿਲਮਾਂ ਵਿੱਚ ਭੰਗੜਾ ਗੀਤਾਂ ਦੇ ਜ਼ਰੀਏ ਅਹਿਮ ਥਾਂ ਦਿੱਤੀ ਗਈ ਹੈ। ਤਕਰੀਬਨ 1960ਵਿਆਂ ਅਤੇ 1970ਵਿਆਂ ਦੀ ਹਰ ਦੂਜੀ ਫਿਲਮ ਵਿੱਚ ਵਿਸਾਖੀ ਦੇ ਮੇਲੇ ਬਾਬਤ ਕੋਈ ਗੀਤ ਸੀ ਜਾਂ ਮੇਲੇ ਦਾ ਦ੍ਰਿਸ਼ ਕਹਾਣੀ ਦੀ ਨਾਟਕੀ ਮੋੜ ਸਾਬਤ ਹੁੰਦਾ ਸੀ।

ਵਿਸਾਖੀ ਦਾ ਤਿਓਹਾਰ ਤਕਰੀਬਨ ਤਿੰਨ-ਚਾਰ ਦਹਾਕਿਆਂ ਤੱਕ ਪੰਜਾਬੀ ਫਿਲਮਾਂ ਦੀ ਸ਼ਾਨ ਬਣਿਆ ਰਿਹਾ। ਇਸ ਤੋਂ ਬਾਅਦ ਪੰਜਾਬੀ ਫਿਲਮਕਸਾਜ਼ਾਂ ਨੇ ਪੰਜਾਬ ਦੇ ਸੱਭਿਆਚਾਰਕ ਵਿਰਸੇ ਨਾਲ ਜੁੜੇ ਮੇਲਿਆਂ ਅਤੇ ਤਿਉਹਾਰਾਂ ਨੂੰ ਦਿਲੋਂ ਹੀ ਭੁਲਾ ਦਿੱਤਾ।

ਦੀਵਾਲੀ, ਲੋਹੜੀ, ਹੋਲੀ ਵਰਗੇ ਤਿਓਹਾਰ ਸਾਡੀਆਂ ਫਿਲਮਾਂ ਵਿੱਚੋਂ ਤਕਰੀਬਨ ਗਾਇਬ ਹੋ ਗਏ ਹਨ। ਬਸ ਹੁਣ ਕਦੀ ਕਦਾਈਂ ਵਿਸਾਖੀ ਦੇ ਢੋਲ ਦੀ ਧਮਕ ਕੰਨਾਂ ਵਿੱਚ ਪੈਂਦੀ ਹੈ ਜਿਵੇਂ 1992 ਵਿੱਚ ਡਾਇਰੈਕਟਰ ਹਰਜੀਤ ਸਿੰਘ ਨੇ 'ਵਿਸਾਖੀ' ਨਾਮ ਦੀ ਪੰਜਾਬੀ ਫਿਲਮ ਬਣਾਈ ਸੀ।

ਸੰਨ 2016 ਵਿੱਚ ਗਾਖਲ ਬ੍ਰਦਰਜ਼ ਇੰਟਰਟੇਨਮੈਂਟ ਪ੍ਰਾਈਵੇਟ ਲਿਮੀਟਡ ਨੇ 'ਵਿਸਾਖੀ ਲਿਸਟ' ਨਾਮ ਦੀ ਫਿਲਮ ਬਣਾਈ।

ਪੰਜਾਬੀ ਫਿਲਮਾਂ ਵਿੱਚ ਵਿਸਾਖੀ ਦਾ ਸੁਨਹਿਰਾ ਅਤੀਤ ਫਰੋਲਣ ਵੇਲੇ ਇਹ ਆਸ ਕੀਤੀ ਜਾ ਸਕਦੀ ਹੈ ਕਿ ਨਵੇਂ ਫਿਲਮਸਾਜ਼ ਇਸ ਸਾਂਝੀ ਵਿਰਾਸਤ ਨੂੰ ਆਪਣੀਆਂ ਫਿਲਮਾਂ ਵਿੱਚ ਸ਼ਾਮਿਲ ਕਰ ਸਕਦੇ ਹਨ। ਵਿਸਾਖੀ ਦਾ ਮੌਕਾ ਫਿਲਮ ਦੀ ਕਹਾਣੀ ਵਿੱਚ ਬਹੁਤ ਸਾਰੀਆਂ ਸੰਭਾਵਨਾਵਾਂ ਫਰੋਲਣ ਦਾ ਸਬੱਬ ਬਣਦਾ ਰਿਹਾ ਹੈ ਅਤੇ ਹੁਣ ਵੀ ਬਣ ਸਕਦਾ ਹੈ।

(ਲੇਖਕ ਭੀਮ ਰਾਜ ਗਰਗ ਫਿਲਮ ਇਤਿਹਾਸਕਾਰ ਹੈ।)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)