ਕਠੂਆ ਰੇਪ ਕੇਸ ਦੀ ਅਗਲੀ ਸੁਣਵਾਈ ਜੰਮੂ ਤੋਂ ਬਾਹਰ: ਪੀੜਤ ਪਰਿਵਾਰ ਦੀ ਵਕੀਲ

ਕਠੂਆ ਰੇਪ ਕੇਸ Image copyright Getty Images

ਜੰਮੂ ਦੇ ਕਠੂਆ ਰੇਪ ਮਾਮਲੇ ਵਿੱਚ ਹੁਣ ਨਵਾਂ ਮੋੜ ਆ ਗਿਆ ਹੈ। ਪੀੜਤ ਪਰਿਵਾਰ ਪੂਰੇ ਮਾਮਲੇ ਦੀ ਸੁਣਵਾਈ ਹੁਣ ਜੰਮੂ-ਕਸ਼ਮੀਰ ਤੋਂ ਬਾਹਰ ਕਰਾਉਣਾ ਚਾਹੁੰਦਾ ਹੈ।

"ਅਸੀਂ ਚਾਹੁੰਦੇ ਹਾਂ ਕਿ ਬੱਚੀ ਨੂੰ ਵੀ ਇਨਸਾਫ ਮਿਲੇ। ਸਾਰੇ ਪੱਖਾਂ ਨੂੰ ਇਨਸਾਫ ਮਿਲੇ ਪਰ ਜੰਮੂ-ਕਸ਼ਮੀਰ ਵਿੱਚ ਪੂਰੇ ਮਾਮਲੇ ਦਾ ਸਹੀ ਟ੍ਰਾਇਲ ਹੋ ਸਕੇਗਾ ਅਜਿਹਾ ਮੈਨੂੰ ਨਹੀਂ ਲਗਦਾ।"

ਜਿਸ ਤਰ੍ਹਾਂ ਕਠੂਆ ਵਿੱਚ ਚਾਰਜਸ਼ੀਟ ਦਾਇਰ ਕੀਤੀ ਗਈ, ਕ੍ਰਾਈਮ ਬ੍ਰਾਂਚ ਦੀ ਟੀਮ ਨੂੰ ਡਰਾਇਆ-ਧਮਕਾਇਆ ਗਿਆ ਅਤੇ 'ਭਾਰਤ ਮਾਤਾ ਦੀ ਜੈ' ਦੇ ਨਾਅਰੇ ਲਾਏ ਗਏ, ਮੈਨੂੰ ਨਹੀਂ ਲਗਦਾ ਹੈ ਕਿ ਅਜਿਹੇ ਹਾਲਾਤ ਵਿੱਚ ਸੂਬੇ ਦੇ ਅੰਦਰ ਇਸ ਮਾਮਲੇ ਦੀ ਠੀਕ ਢੰਗ ਨਾਲ ਸੁਣਵਾਈ ਹੋ ਸਕੇਗੀ।"

ਪੀੜਤ ਪਰਿਵਾਰ ਦੇ ਵਕੀਲ ਦੀਪਿਕਾ ਰਾਜਾਵਤ ਨੇ ਬੀਬੀਸੀ ਨਾਲ ਫ਼ੋਨ 'ਤੇ ਹੋਈ ਗੱਲਬਾਤ ਵਿੱਚ ਅਜਿਹਾ ਕਿਹਾ।

Image copyright MOHIT KHANDHARI/BBC

ਜਨਵਰੀ ਮਹੀਨੇ ਵਿੱਚ ਕਠੂਆ ਜ਼ਿਲ੍ਹੇ ਦੇ ਰਸਾਨਾ ਪਿੰਡ ਦੀ 8 ਸਾਲ ਦੀ ਬਕਰਵਾਲ ਕੁੜੀ, ਆਪਣੇ ਘੋੜੇ ਨੂੰ ਚਰਾਉਣ ਗਈ ਸੀ ਅਤੇ ਵਾਪਸ ਨਹੀਂ ਆਈ। 7 ਦਿਨਾਂ ਬਾਅਦ ਉਸ ਦੀ ਲਾਸ਼ ਮਿਲੀ, ਜਿਸ 'ਤੇ ਸੱਟਾਂ ਦੇ ਡੂੰਘੇ ਨਿਸ਼ਾਨ ਸਨ।

ਪੋਸਟਮਾਰਟਮ ਰਿਪੋਰਟ ਨਾਲ ਪੁਸ਼ਟੀ ਹੋਈ ਕਿ ਹੱਤਿਆ ਤੋਂ ਪਹਿਲਾਂ ਬੱਚੀ ਨੂੰ ਨਸ਼ੀਲੀਆਂ ਦਵਾਈਆਂ ਦੇ ਕੇ ਬਲਾਤਕਾਰ ਕੀਤਾ ਗਿਆ ਸੀ।

ਪੂਰੇ ਮਾਮਲੇ ਦੀ ਜਾਂਚ ਜੰਮੂ-ਕਸ਼ਮੀਰ ਪੁਲਿਸ ਦੀ ਕ੍ਰਾਇਮ ਬ੍ਰਾਂਚ ਕਰ ਰਹੀ ਹੈ।

ਕ੍ਰਾਈਮ ਬ੍ਰਾਂਚ ਨੇ ਜਾਂਚ ਤੋਂ ਬਾਅਦ 8 ਲੋਕਾਂ ਨੂੰ ਸਾਜਿਸ਼, ਅਗਵਾ ਕਰਨ, ਬਲਾਤਕਾਰ ਅਤੇ ਹੱਤਿਆ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਹੈ।

ਹਾਲਾਤ ਨੇ 7 ਅਪ੍ਰੈਲ 2018 ਨੂੰ ਹੋਰ ਭਿਆਨਕ ਰੂਪ ਧਾਰਨ ਕਰ ਲਿਆ ਜਦੋਂ ਕ੍ਰਾਈਮ ਬ੍ਰਾਂਚ ਦੇ ਅਧਿਕਾਰੀ ਕਠੂਆ ਦੇ ਮੁੱਖ ਨਿਆਂਇਕ ਮੈਜਿਸਟ੍ਰੇਟ ਦੀ ਅਦਾਲਤ ਵਿੱਚ ਚਾਕਜ਼ਸ਼ੀਟ ਦਾਇਰ ਕਰਨ ਲੱਗੇ।

ਇਸ ਦੌਰਾਨ ਵਕੀਲਾਂ ਦੇ ਇੱਕ ਸਮੂਹ ਨੇ ਹੱਲਾ ਕੀਤਾ ਅਤੇ ਅਧਿਕਾਰੀਆਂ ਨੂੰ ਚਾਰਜ਼ਸ਼ੀਟ ਕਰਨ ਤੋਂ ਰੋਕਿਆ ਸੀ।

Image copyright MOHIT KHANDHARI/BBC

ਇਸ ਨੂੰ ਆਧਾਰ ਬਣਾ ਕੇ ਪੀੜਤਾ ਦੇ ਵਕੀਲ ਹੁਣ ਮਾਮਲੇ ਦੀ ਸੁਣਵਾਈ ਸੂਬੇ ਤੋਂ ਬਾਹਰ ਕਰਾਉਣ ਦੀ ਅਰਜ਼ੀ ਪਾਉਣਾ ਚਾਹੁੰਦੇ ਹਨ।

'ਪੂਰਾ ਦੇਸ ਉਨ੍ਹਾਂ ਦੇ ਨਾਲ ਹੈ'

ਪਰ ਕੀ ਕੇਸ ਦਾ ਟ੍ਰਾਂਸਫਰ ਵਿਹਾਰਕ ਅਤੇ ਤਕਨੀਕੀ ਤੌਰ 'ਤੇ ਸੰਭਵ ਹੈ? ਕੀ ਪੀੜਤਾ ਦਾ ਪਰਿਵਾਰ ਸੂਬੇ ਤੋਂ ਬਾਹਰ ਮਾਮਲੇ ਦੀ ਸੁਣਵਾਈ ਲਈ ਤਰੀਕਾਂ 'ਤੇ ਬਾਹਰ ਆ-ਜਾ ਸਕੇਗਾ?

ਇਨ੍ਹਾਂ ਸਵਾਲਾਂ ਦੇ ਜਵਾਬ ਵਿੱਚ ਦੀਪਿਕਾ ਕਹਿੰਦੀ ਹੈ, "ਇਸ ਮਾਮਲੇ ਵਿੱਚ ਪੂਰਾ ਦੇਸ ਉਨ੍ਹਾਂ ਦੇ ਨਾਲ ਹੈ। ਇਸ ਗੱਲ ਦੀ ਚਿੰਤਾ ਪਰਿਵਾਰ ਨੂੰ ਕਰਨ ਦੀ ਲੋੜ ਨਹੀਂ ਹੈ।"

ਦੀਪਿਕਾ ਦਾ ਇਲਜ਼ਾਮ ਹੈ ਕਿ ਕਠੂਆ ਰੇਪ ਕੇਸ ਹੱਥ ਵਿੱਚ ਲੈਣ ਤੋਂ ਬਾਅਦ ਉਨ੍ਹਾਂ ਨੂੰ ਧਮਕੀਆਂ ਮਿਲ ਰਹੀਆਂ ਹਨ। ਉਨ੍ਹਾਂ ਨੇ ਨਾਮ ਲੈ ਕੇ ਬਾਰ ਐਸੋਸੀਏਸ਼ਨ ਦੇ ਪ੍ਰਧਾਨ 'ਤੇ ਇਲਜ਼ਾਮ ਲਾਇਆ ਕੋਰਟ ਦੀ ਪੌੜੀਆਂ 'ਤੇ ਉਨ੍ਹਾਂ ਨੂੰ ਧਮਕੀ ਦਿੱਤੀ ਹੈ।

ਇਸ ਲਈ ਉਨ੍ਹਾਂ ਆਪਣੀ ਲਈ ਵੀ ਸੁਰੱਖਿਆ ਮੰਗੀ ਹੈ।

Image copyright Getty Images

ਦੀਪਿਕਾ ਜੰਮੂ-ਕਸ਼ਮੀਰ ਬਾਰ ਦੀ ਬਰਖ਼ਾਸਤ ਮੈਂਬਰ ਹਨ। 2013 ਵਿੱਚ ਇੱਕ ਮਾਮਲੇ ਵਿੱਚ ਉਨ੍ਹਾਂ ਦੇ ਖ਼ਿਲਾਫ਼ ਕਾਰਵਾਈ ਕੀਤੀ ਗਈ ਸੀ।

ਮਾਮਲੇ ਦਾ ਦੂਜਾ ਪੱਖ

ਬਾਰ ਐਸੋਸੀਏਸ਼ਨ ਦੇ ਪ੍ਰਧਾਨ ਭੁਪਿੰਦਰ ਸਿੰਘ ਨੇ ਦੀਪਿਕਾ ਦੇ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਿਆ ਹੈ।

ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ ਕਿ ਉਹ ਤਾਂ ਇਹ ਜਾਣਦੇ ਵੀ ਨਹੀਂ ਕਿ ਦੀਪਿਕਾ ਕਠੂਆ ਮਾਮਲੇ ਵਿੱਚ ਪੀੜਤਾ ਦੇ ਪੱਖ ਦਾ ਕੇਸ ਲੜ ਰਹੀ ਹੈ। ਪਰ ਉਨ੍ਹਾਂ ਕਿਹਾ ਕਿ ਉਹ ਚਾਹੁੰਦੇ ਹਨ ਕਿ ਪੂਰੇ ਮਾਮਲੇ ਦੀ ਸੀਬੀਆਈ ਜਾਂਚ ਹੋਵੇ।

ਭੁਪਿੰਦਰ ਦਾ ਦਾਅਵਾ ਹੈ ਕਿ ਕ੍ਰਾਈਮ ਬ੍ਰਾਂਚ ਨੇ ਪੂਰੇ ਮਾਮਲੇ ਨੂੰ ਹਿੰਦੂ-ਮੁਸਲਿਮ ਰੰਗ ਦੇਣ ਦੀ ਕੋਸ਼ਿਸ਼ ਕੀਤੀ ਹੈ।

ਉਥੇ ਹੀ ਦੀਪਿਕਾ ਦਾ ਦਾਅਵਾ ਹੈ ਕਿ ਕਠੂਆ ਮਾਮਲੇ ਵਿੱਚ ਕ੍ਰਾਈਮ ਬ੍ਰਾਂਚ ਦੀ ਜਾਂਚ ਨਾਲ ਪੂਰਾ ਪਰਿਵਾਰ ਸੰਤੁਸ਼ਟ ਹੈ। ਉਹ ਚਾਹੁੰਦੀ ਹੈ ਕਿ ਕ੍ਰਾਈਮ ਬ੍ਰਾਂਚ ਨੂੰ ਹੀ ਮਾਮਲਾ ਦੀ ਪੂਰੀ ਜਾਂਚ ਕਰਨ ਦਿੱਤੀ ਜਾਵੇ।

ਇਸ ਦੇ ਪਿੱਛੇ ਦਾ ਕਾਰਨ ਦੱਸਦੇ ਹੋਏ ਦੀਪਿਕਾ ਕਹਿੰਦੀ ਹੈ, "ਹੁਣ ਸੀਬੀਆਈ ਇਸ ਮਾਮਲੇ ਵਿੱਚ ਕੀ ਕਰੇਗੀ? ਬੱਚੀ ਦੇ ਕੱਪੜੇ ਤੱਕ ਧੋਤੇ ਗਏ ਹਨ, ਸਾਰੇ ਸਬੂਤ ਮਿੱਟ ਗਏ ਹਨ।"

ਪੂਰੇ ਮਾਮਲੇ ਵਿੱਚ ਹਿੰਦੂ-ਮੁਸਲਿਮ ਕੀਤੇ ਜਾਣ ਨੂੰ ਲੈ ਕੇ ਦੀਪਿਕਾ ਪਰੇਸ਼ਾਨ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਜਦੋਂ ਕੁਝ ਨਹੀਂ ਮਿਲਦਾ ਤਾਂ ਲੋਕ ਆਪਣੇ ਸਮਰਥਨ ਵਿੱਚ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਹਨ।

ਆਪਣੇ ਜਵਾਬ ਵਿੱਚ ਉਹ ਕਹਿੰਦੀ ਹੈ, "ਮੈਂ ਖ਼ੁਦ ਕਸ਼ਮੀਰੀ ਪੰਡਿਤ ਹਾਂ, ਮੈਂ ਇੱਥੇ ਹੀ ਜੰਮੀਂ ਹਾਂ ਪਰ ਮੇਰੀ ਕਰਮਭੂਮੀ ਜੰਮੂ ਹੈ। ਮੈਂ ਵੀ ਉਸੇ ਹਿੰਦੂ ਸਮਾਜ ਤੋਂ ਹਾਂ, ਇਸ ਲਈ ਮੈਨੂੰ ਕਦੇ-ਕਦੇ ਸ਼ਰਮ ਆਉਂਦੀ ਹੈ।"

ਇਹ ਮਾਮਲਾ ਦੀਪਿਕਾ ਕੋਲ ਕਿਵੇਂ ਗਿਆ?

ਇਸ ਸਵਾਲ ਦੇ ਸਵਾਲ ਦੇ ਜਵਾਬ ਵਿੱਚ ਦੀਪਿਕਾ ਕਹਿੰਦੀ ਹੈ, "ਮੈਂ ਬੱਚਿਆਂ ਦੇ ਹੱਕਾਂ ਨੂੰ ਲੈ ਕੇ ਕਾਫੀ ਲੰਮੇ ਸਮੇਂ ਤੋਂ ਕੰਮ ਕਰ ਰਹੀ ਹਾਂ। ਇਸ ਕੇਸ ਨੂੰ ਮੈਂ ਸ਼ੁਰੂ ਤੋਂ ਫੋਲੋ ਕੀਤਾ। ਮੇਰੀ ਵੀ 5 ਸਾਲ ਦੀ ਬੇਟੀ ਹੈ। ਪੀੜਤਾ ਦੀ ਕਹਾਣੀ ਇੰਨੀ ਦਰਦਨਾਕ ਸੀ ਕਿ ਮੈਂ ਖ਼ੁਦ ਉਨ੍ਹਾਂ ਨੂੰ ਸੰਪਰਕ ਕੀਤਾ।"

Image copyright TWITTER/SHAKEELAHMAD

ਉਨ੍ਹਾਂ ਨੇ ਦੱਸਿਆ ਕਿ ਫਰਵਰੀ ਦੇ ਮਹੀਨੇ ਵਿੱਚ ਮੈਂ ਪਰਿਵਾਰ ਨਾਲ ਮਿਲੀ ਅਤੇ ਪੂਰੇ ਮਾਮਲੇ ਵਿੱਚ ਕੋਰਟ ਦੀ ਨਿਗਰਾਨੀ ਵਿੱਚ ਕ੍ਰਾਈਮ ਬ੍ਰਾਂਚ ਦੀ ਜਾਂਚ ਦੇ ਆਦੇਸ਼ ਕਰਾਉਣ ਵਿੱਚ ਅਸੀਂ ਸਫਲਤਾ ਹਾਸਿਲ ਕੀਤੀ।

ਇਸ ਮਾਮਲਾ ਤੋਂ ਬਾਅਦ ਹੁਣ ਇੱਕ ਵਾਰ ਫੇਰ ਬਹਿਸ ਛਿੱੜ ਗਈ ਹੈ ਕਿ ਨਾਬਾਲਗ ਦੇ ਨਾਲ ਰੇਪ ਦੇ ਦੋਸ਼ੀਆਂ ਨੂੰ ਫਾਂਸੀ ਹੋਵੇ।

ਕੇਂਦਰੀ ਮਹਿਲਾ ਅਤੇ ਬਾਲ ਕਲਿਆਣ ਮੰਤਰਾਲੇ ਵੀ ਇਸ ਦੇ ਪੱਖ ਵਿੱਚ ਹੈ। ਇਸ ਦੇ ਜਵਾਬ ਵਿੱਚ ਦੀਪਿਕਾ ਕਹਿੰਦੀ ਹੈ ਕਿ ਉਹ ਵੀ ਇਸ ਦੇ ਪੱਖ ਵਿੱਚ ਹੈ।

ਇਸ ਮਾਮਲੇ ਵਿੱਚ ਉਹ ਚਾਹੁੰਦੀ ਹੈ ਕਿ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਹੋਵੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)