ਗ੍ਰਾਊਂਡ ਰਿਪੋਰਟ: ਕਠੂਆ ਵਿੱਚ ਜਿੱਥੇ ਰੇਪ ਹੋਇਆ ਉੱਥੇ ਹੁਣ ਕੀ ਹਨ ਹਾਲਾਤ?

ਪੀੜਤਾ ਦੇ ਘਰ 'ਤੇ ਤਾਲਾ
ਫੋਟੋ ਕੈਪਸ਼ਨ ਬਲਾਤਕਾਰ ਪੀੜਤਾ ਦਾ ਪਰਿਵਾਰ ਆਪਣਾ ਘਰ ਛੱਡ ਕੇ ਜਾ ਚੁੱਕਿਆ ਹੈ

ਕਠੂਆ ਦੇ ਇਸ ਪਿੰਡ ਦਾ ਉਹ ਘਰ ਬਿਲਕੁਲ ਖ਼ਾਲੀ ਹੈ। ਚੁੱਲ੍ਹਾ ਲਿੱਪ ਦਿੱਤਾ ਗਿਆ ਹੈ, ਦਰਵਾਜ਼ੇ 'ਤੇ ਲੱਗੇ ਤਾਲੇ ਉੱਤੇ ਲਾਲ ਧਾਗੇ ਵਾਲੀ ਹਰੀ ਤਾਬੀਜ਼ ਹੈ। ਸ਼ਾਇਦ ਘਰ ਦੀ ਹਿਫ਼ਾਜ਼ਤ ਦੀਆਂ ਦੁਆਵਾਂ ਦੇ ਨਾਲ।

ਪਰ ਦੁਆਵਾਂ ਉਸਦੀ ਹਿਫ਼ਾਜ਼ਤ ਨਾ ਕਰ ਸਕੀਆਂ ਜਾਂ ਸ਼ਾਇਦ ਬਦਦੁਆਵਾਂ ਵਿੱਚ ਅਸਰ ਵੱਧ ਸੀ।

ਪੁਲਿਸ ਮੁਤਾਬਕ ਅੱਠ ਸਾਲ ਦੀ ਉਸ ਬੱਚੀ ਨੂੰ ਦੇਵ ਸਥਾਨ (ਪੂਜਾ ਸਥਲ) ਵਿੱਚ ਕੈਦ ਰੱਖਿਆ ਗਿਆ। ਹਫ਼ਤਾ ਭਰ ਉਸਦੇ ਨਾਲ ਸਮੂਹਿਕ ਬਲਾਤਕਾਰ ਕੀਤਾ ਗਿਆ।

ਇੱਥੋ ਤੱਕ ਕਿ ਗਲਾ ਘੋਟ ਕੇ ਮਾਰੇ ਜਾਣ ਤੋਂ ਕੁਝ ਮਿੰਟ ਪਹਿਲਾਂ ਤੱਕ ਬਲਾਤਕਾਰ ਹੁੰਦਾ ਰਿਹਾ ਅਤੇ ਫਿਰ ਲਾਸ਼ ਜੰਗਲ ਵਿੱਚ ਸੁੱਟ ਦਿੱਤੀ ਗਈ।

10 ਜਨਵਰੀ ਨੂੰ ਲਾਪਤਾ ਹੋਣ ਤੋਂ ਲੈ ਕੇ 17 ਜਨਵਰੀ ਤੱਕ ਉਸਦਾ ਗਲਾ ਘੋਟਣ ਤੱਕ ਪੂਰਾ ਇੱਕ ਹਫ਼ਤਾ ਉਸ ਨੂੰ ਨਸ਼ੇ ਦੀ ਦਵਾਈ ਦਿੱਤੀ ਜਾਂਦੀ ਰਹੀ।

ਇਸ ਦੌਰਾਨ ਮੁਲਜ਼ਮਾਂ ਵਿੱਚੋਂ ਇੱਕ ਨੇ ਆਪਣੇ ਇੱਕ ਰਿਸ਼ਤੇਦਾਰ ਨੂੰ ਉੱਤਰ ਪ੍ਰਦੇਸ਼ ਤੋਂ ਇਹ ਕਹਿ ਕੇ ਬੁਲਾ ਲਿਆ ਕਿ 'ਆ ਜਾਓ ਜੇਕਰ ਮਜ਼ਾ ਲੈਣ ਹੈ ਤਾਂ'। ਜੱਜ ਦੇ ਸਾਹਮਣੇ ਪੇਸ਼ ਚਾਰਜਸ਼ੀਟ ਵਿੱਚ ਇਹ ਜਾਣਕਾਰੀ ਮੌਜੂਦ ਹੈ।

ਕਰਾਇਮ ਬ੍ਰਾਂਚ 'ਤੇ ਭਰੋਸਾ ਨਹੀਂ?

ਪਰ ਗੱਲ ਇੱਥੇ ਨਹੀਂ ਰੁਕੀ। ਇੱਕ ਨਾਬਾਲਿਗ ਦੇ ਰੇਪ ਮਾਮਲੇ ਵਿੱਚ ਵੀ 'ਹਿੰਦੂ-ਮੁਸਲਮਾਨ' ਦਾ ਫ਼ਰਕ ਪੈਦਾ ਹੋ ਗਿਆ ਹੈ।

ਫੋਟੋ ਕੈਪਸ਼ਨ ਪਿੰਡ ਦੀਆਂ ਕੁਝ ਹਿੰਦੂ ਔਰਤਾਂ ਪੁਲਿਸ ਦੀ ਬਜਾਏ ਸੀਬੀਆਈ ਤੋਂ ਜਾਂਚ ਕਰਵਾਉਣ ਦੀ ਮੰਗ ਕਰ ਰਹੀਆਂ ਹਨ

ਹਿੰਦੂ ਔਰਤਾਂ ਦਾ ਇੱਕ ਗਰੁੱਪ ਨੇੜੇ ਦੇ ਬਾਜ਼ਾਰ ਵਿੱਚ 13 ਦਿਨਾਂ ਤੋਂ ਵਰਤ 'ਤੇ ਬੈਠਾ ਹੈ। ਉਨ੍ਹਾਂ ਦੀ ਮੰਗ ਹੈ ਕਿ ਇਸਦੀ ਜਾਂਚ ਸੀਬੀਆਈ ਨੂੰ ਸੌਂਪੀ ਜਾਵੇ।

ਪਿੱਪਲ ਦੇ ਸੰਘਣੇ ਦਰਖ਼ਤ ਦੇ ਹੇਠਾਂ ਵਰਤ ਰੱਖ ਕੇ ਬੈਠੀਆਂ ਮਹਿਲਾਵਾਂ ਦੇ ਕੋਲ ਬੈਠੇ ਇੱਕ ਸਾਬਕਾ ਸਰਪੰਚ ਨੇ ਕਿਹਾ ਕਿ ਉਨ੍ਹਾਂ ਲੋਕਾਂ ਨੂੰ ਕਰਾਇਮ ਬ੍ਰਾਂਚ ਦੀ ਜਾਂਚ 'ਤੇ ਭਰੋਸਾ ਨਹੀਂ ਹੈ।

ਇਸਦਾ ਕਾਰਨ ਉਹ ਨਵੇਦ ਪੀਰਜ਼ਾਦਾ ਅਤੇ ਇਫ਼ਤਖ਼ਾਰ ਵਾਨੀ ਨੂੰ ਜਾਂਚ ਕਮੇਟੀ ਵਿੱਚ ਸ਼ਾਮਲ ਕੀਤੇ ਜਾਣ ਨੂੰ ਦੱਸਦੇ ਹਨ।

ਨਵੇਦ ਪੀਰਜ਼ਾਦਾ ਜੰਮੂ-ਕਸ਼ਮੀਰ ਕਰਾਇਮ ਬ੍ਰਾਂਚ ਵਿੱਚ ਡੀਐਸਪੀ ਹਨ। ਪਰ ਇਹ ਪੂਰੀ ਜਾਂਚ ਐਸਐਸਪੀ ਰਮੇਸ਼ ਜੱਲਾ ਦੀ ਦੇਖ-ਰੇਖ ਵਿੱਚ ਹੋ ਰਹੀ ਹੈ।

ਜਦੋਂ ਮੈਂ ਉਨ੍ਹਾਂ ਨੂੰ ਦੱਸਿਆ ਕਿ ਜਾਂਚ ਕਮੇਟੀ ਦੇ ਮੁਖੀ ਤਾਂ ਕਸ਼ਮੀਰੀ ਪੰਡਿਤ ਹਨ ਤਾਂ ਵਰਤ 'ਤੇ ਬੈਠੀ ਇੱਕ ਔਰਤ ਮਧੂ ਗੁੱਸੇ ਵਿੱਚ ਕਹਿੰਦੀ ਹੈ, ''ਉਨ੍ਹਾਂ ਨੂੰ (ਰਮੇਸ਼ ਜੱਲਾ) ਕੁਝ ਨਹੀਂ ਦੱਸਿਆ ਜਾਂਦਾ ਬਲਕਿ ਜਦੋਂ ਸਾਰੇ ਫ਼ੈਸਲੇ ਲੈ ਲਏ ਜਾਂਦੇ ਹਨ ਉਦੋਂ ਉਨ੍ਹਾਂ ਤੱਕ ਗੱਲ ਪਹੁੰਚਦੀ ਹੈ।''

ਮੁਲਜ਼ਮ ਨੂੰ ਬਚਾਉਣ ਲਈ ਤਿਰੰਗੇ ਦੀ ਵਰਤੋਂ

ਜੰਮੂ-ਕਸ਼ਮੀਰ ਦੇ ਪੁਲਿਸ ਮੁਖੀ ਐਸਪੀ ਵੈਦਿਆ ਨੇ ਕਿਹਾ,''ਜਦੋਂ ਸੂਬੇ ਦੀ ਪੁਲਿਸ ਅੱਤਵਾਦੀਆਂ ਨਾਲ ਨਿਪਟ ਸਕਦੀ ਹੈ ਤਾਂ ਇਸ ਕੇਸ ਦੀ ਜਾਂਚ ਕਿਉਂ ਨਹੀਂ ਕਰ ਸਕਦੀ ਹੈ।''

Image copyright TWITTER/SHAKEELAHMAD

ਉੱਧਰ, ਕਸ਼ਮੀਰ ਦੇ ਇੱਕ ਨੌਜਵਾਨ ਨੇ ਸਾਡੇ ਤੋਂ ਪੁੱਛਿਆ ਕਿ ਜਦੋਂ ਇਹੀ ਪੁਲਿਸ ਕਸ਼ਮੀਰੀ ਕੱਟੜਪੰਥੀਆਂ ਤੋਂ ਨਿਪਟਦੀ ਹੈ ਤਾਂ ਬਾਕੀ ਲੋਕਾਂ ਨੂੰ ਲਗਦਾ ਹੈ ਕਿ ਸਭ ਠੀਕ ਹੈ, ਪਰ ਜੰਮੂ ਦੇ ਖੇਤਰ ਵਿੱਚ ਹੋਏ ਇੱਕ ਬਲਾਤਕਾਰ ਦੇ ਮਾਮਲੇ ਵਿੱਚ ਪੁਲਿਸ 'ਤੇ ਸਵਾਲ ਚੁੱਕ ਰਹੇ ਹਨ।

ਮੁੱਖ ਮੁਲਜ਼ਮ ਸਾਂਜੀ ਰਾਮ ਦੇ ਚਾਚਾ ਬਿਸ਼ਨਦਾਸ ਸ਼ਰਮਾ ਕਹਿੰਦੇ ਹਨ ਕਿ ਉਨ੍ਹਾਂ ਦੇ ਭਤੀਜੇ ਅਤੇ ਦੂਜੇ ਲੋਕਾਂ ਨੂੰ 'ਬਕਰਵਾਲਾ ਦੇ ਨੇਤਾ ਤਾਲਿਬ ਹੁਸੈਨ ਦੇ ਕਹਿਣ 'ਤੇ ਫਸਾਇਆ ਗਿਆ ਹੈ।'

ਤਾਲਿਬ ਹੁਸੈਨ ਨਾਲ ਦੁਸ਼ਮਣੀ ਦਾ ਕਾਰਨ ਪੁੱਛਣ 'ਤੇ ਉਨ੍ਹਾਂ ਨੇ ਕਿਹਾ ਕਿ ਉਹ ਉਸਦਾ ਮੂਲ ਕਾਰਨ ਨਹੀਂ ਦੱਸ ਸਕਦੇ 'ਕਿਉਂਕਿ ਉਦੋਂ ਉਹ ਫੌਜ ਨੌਕਰੀ ਕਾਰਨ ਬਾਹਰ ਸੀ।'

ਹਿੰਦੂ ਬਹੁਲ ਇਸ ਖੇਤਰ ਵਿੱਚ ਇਸ ਮਾਮਲੇ ਤੋਂ ਬਾਅਦ ਹਿੰਦੂ ਏਕਤਾ ਮੰਚ ਨਾਮ ਦਾ ਪੁਰਾਣਾ ਸੰਗਠਨ ਮੁੜ ਤੋਂ ਸਰਗਰਮ ਹੋ ਗਿਆ ਹੈ ਅਤੇ ਉਸਦੇ ਬੈਨਰ ਹੈਠ ਕਈ ਵਿਰੋਧ-ਪ੍ਰਦਰਸ਼ਨ ਵੀ ਹੋਏ ਹਨ ਜਿਨ੍ਹਾਂ ਵਿੱਚੋਂ ਕੁਝ ਲੋਕਾਂ ਦੇ ਹੱਥ ਵਿੱਚ ਝੰਡਾ ਵੀ ਸੀ।

ਇਸ ਨੂੰ ਲੈ ਕੇ ਮੀਡੀਆ ਦੇ ਇੱਕ ਹਿੱਸੇ ਵਿੱਚ ਸਵਾਲ ਵੀ ਉੱਠ ਰਹੇ ਹਨ ਕਿ ਰੇਪ ਦੇ ਮੁਲਜ਼ਮਾਂ ਦੇ ਬਚਾਅ ਵਿੱਚ ਹੋ ਰਹੇ ਇਸ ਪ੍ਰੋਗ੍ਰਾਮ ਵਿੱਚ ਭਾਰਤ ਦਾ ਝੰਡਾ ਕਿਵੇਂ ਵਰਤਿਆ ਗਿਆ।

ਸੋਸ਼ਲ ਮੀਡੀਆ ਵਿੱਚ ਕੁਝ ਥਾਵਾਂ 'ਤੇ ਰੇਪ ਅਤੇ ਦਾਦਰੀ ਦੇ ਅਖ਼ਲਾਕ ਬੀਫ਼ ਮਾਮਲੇ ਨੂੰ ਇੱਕੋ ਜਿਹਾ ਦੱਸਿਆ ਜਾ ਰਿਹਾ ਸੀ। ਕਿਉਂਕਿ ਅਖ਼ਲਾਕ ਦੇ ਕਤਲ ਦੇ ਮੁਲਜ਼ਮ ਦੀ ਮੌਤ ਤੋਂ ਬਾਅਦ ਉਸ ਨੂੰ ਨਰਿੰਦਰ ਮੋਦੀ ਸਰਕਾਰ ਦੇ ਮੰਤਰੀ ਦੇ ਸਾਹਮਣੇ ਤਿਰੰਗੇ ਵਿੱਚ ਲਪੇਟਿਆ ਗਿਆ ਸੀ।

ਕੀ ਇਹ ਮਾਮਲਾ ਜ਼ਮੀਨ ਨਾਲ ਜੁੜਿਆ ਹੈ?

ਇੱਧਰ ਪੁਲਿਸ ਦੀ ਚਾਰਜਸ਼ੀਟ ਮੁਤਾਬਿਕ ਮੁੱਖ ਮੁਲਜ਼ਮ ਸਾਂਜੀ ਰਾਮ, ਬਕਰਵਾਲ ਭਾਈਚਾਰੇ ਦੇ ਇਸ ਇਲਾਕੇ ਵਿੱਚ ਵਸਣ ਦੇ ਵਿਰੋਧ ਵਿੱਚ ਸੀ ਅਤੇ ਪੀੜਤਾ ਦੇ ਪਰਿਵਾਰ ਨੂੰ ਜ਼ਮੀਨ ਵੇਚੇ ਜਾਣ ਦੇ ਖ਼ਿਲਾਫ਼ ਇੱਕ ਮਾਮਲਾ ਹਾਈਕੋਰਟ ਤੱਕ ਗਿਆ ਸੀ।

ਰਸਾਨਾ ਪਿੰਡ ਵਿੱਚ ਹਾਲ ਹੀ ਵਿੱਚ ਤਿੰਨ ਬਕਰਵਾਲ ਪਰਿਵਾਰ ਨੇ ਆ ਕੇ ਘਰ ਬਣਾ ਲਿਆ ਹੈ। ਨੇੜੇ ਦੇ ਦੂਜੇ ਪਿੰਡਾਂ ਅਤੇ ਜ਼ਿਲ੍ਹਿਆਂ ਵਿੱਚ ਵੀ ਬਕਰਵਾਲ ਅਤੇ ਗੁੱਜਰ ਵਸਣ ਲੱਗੇ ਹਨ। ਮਵੇਸ਼ੀਆਂ ਨੂੰ ਚਰਾ ਕੇ ਗੁਜ਼ਾਰਾ ਕਰਨ ਵਾਲੇ ਇਹ ਲੋਕ ਮੁਸਲਮਾਨ ਹਨ ਜਦਕਿ ਅਜਿਹਾ ਹੀ ਇੱਕ ਭਾਈਚਾਰਾ ਗੱਦੀ ਹਿੰਦੂ ਧਰਮ ਨਾਲ ਸਬੰਧ ਰੱਖਦਾ ਹੈ।

ਫੋਟੋ ਕੈਪਸ਼ਨ ਬਲਾਤਕਾਰ ਅਤੇ ਕਤਲ ਤੋ ਬਾਅਦ ਬੱਚੀ ਦੀ ਮ੍ਰਿਤਕ ਦੇਹ ਨੂੰ ਇੱਥੋਂ ਬਰਾਮਦ ਕੀਤਾ ਗਿਆ

ਬਿਸ਼ਨਦਾਸ ਸ਼ਰਮਾ ਕਹਿੰਦੇ ਹਨ, ''ਅਸੀਂ ਲੋਕ ਬਕਰਵਾਲਾ ਅਤੇ ਗੁੱਜਰਾਂ ਨੂੰ ਕਦੇ ਚਰਾਈ ਲਈ ਜ਼ਮੀਨ ਨਹੀਂ ਦਿੰਦੇ ਸੀ। ਹਾਂ ਗੱਦੀਆਂ ਨੂੰ ਦੇ ਦਿੰਦੇ ਸੀ।''

ਪੀੜਤਾ ਦੇ ਪਿੰਡ ਅਤੇ ਕਠੂਆ ਵਿੱਚ ਸਾਨੂੰ ਇਹ ਦੱਸਿਆ ਗਿਆ ਕਿ ਜਿਸ ਦਿਨ ਪੀੜਤਾ ਦਾ ਚੌਥਾ ਹੋਇਆ, ਉਸ ਦਿਨ ਪਿੰਡ ਵਿੱਚ ਸੈਂਕੜੇ ਮੁਸਲਮਾਨ ਪਹੁੰਚ ਗਏ ਅਤੇ ਪਾਕਿਸਤਾਨ ਜ਼ਿੰਦਾਬਾਦ ਅਤੇ ਭਾਰਤ ਮੁਰਦਾਬਾਦ ਦੇ ਨਾਅਰੇ ਲਗਾਏ ਗਏ।

ਹੁਣ ਤੱਕ ਬਕਰਵਾਲਾਂ ਅਤੇ ਗੁੱਜਰਾਂ ਦਾ, ਜਿਨ੍ਹਾਂ ਨੂੰ ਸੂਬੇ ਵਿੱਚ ਅਨੁਸੂਚਿਤ ਜਨਜਾਤੀ ਵਿੱਚ ਮੰਨਿਆ ਜਾਂਦਾ ਹੈ, ਕਸ਼ਮੀਰ ਮਾਮਲੇ ਵਿੱਚ ਵੱਖਵਾਦੀਆਂ ਦਾ ਸਾਥ ਦੇਣ ਦਾ ਮਾਮਲਾ ਸਾਹਮਣੇ ਨਹੀਂ ਆਇਆ ਹੈ।

'ਜਿੱਥੇ ਦੁਸ਼ਮਣ ਨਹੀਂ ਉੱਥੇ ਪੈਦਾ ਕਰ ਰਹੇ ਹਨ'

ਕੱਟੜਪੰਥੀ ਵਿਚਾਰਧਾਰਾ ਨਾਲ ਜੁੜੇ ਇੱਕ ਸ਼ਖ਼ਸ ਕਹਿੰਦੇ ਹਨ ਕਿ ਇਹ ਅਜਿਹਾ ਮਾਮਲਾ ਹੈ ਜਿੱਥੇ ਕੋਈ ਦੁਸ਼ਮਣ ਨਾ ਹੋਵੇ ਤਾਂ ਉੱਥੇ ਪੈਦਾ ਕਰੋ।

ਜੰਮੂ ਵਿੱਚ ਕਾਨੂੰਨ ਦੀ ਪੜ੍ਹਾਈ ਕਰ ਰਹੇ ਕਠੂਆ ਨਿਵਾਸੀ ਧੀਰਜ ਬਿਸਮਿਲ ਕਹਿੰਦੇ ਹਨ ਕਿ ਜੰਮੂ ਅਤੇ ਕਸ਼ਮੀਰ ਘਾਟੀ ਦੇ ਵਿਚਾਲੇ ਦੀ ਖੱਡ ਜਿਹੜੀ ਹਮੇਸ਼ਾ ਤੋਂ ਮੌਜੂਦ ਰਹੀ ਹੈ ਉਹ ਇਸ ਮਾਮਲੇ ਤੋਂ ਬਾਅਦ ਹੋਰ ਵੀ ਵੱਡੀ ਹੋ ਗਈ ਹੈ।

ਧੀਰਜ ਬਿਸਮਿਲ ਪਹਿਲੇ ਵਾਲੀ ਸਿਆਸੀ ਖੱਡ ਨੂੰ ਹੁਣ ਸਮਾਜਿਕ ਮੁੱਦਿਆਂ ਵਿੱਚ ਵੀ ਦੇਖਦੇ ਹਨ।

ਪਰ ਉਨ੍ਹਾਂ ਮੁਤਾਬਕ ਇਹ ਖੱਡ ਅਤੇ ਹਿੰਦੂ-ਮੁਸਲਮਾਨ ਦਾ ਭੇਦ 2008 ਅਮਰਨਾਥ ਹੰਗਾਮੇ ਨਾਲ ਸ਼ੁਰੂ ਹੋਇਆ ਸੀ।

ਉਨ੍ਹਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਇਹ ਦੂਰੀਆਂ ਹੋਰ ਵਧਣ ਵਾਲੀਆਂ ਹਨ।

''ਨਾਲ ਹੀ ਵਧੀਆਂ ਹਨ ਇਸ ਖੇਤਰ ਵਿੱਚ ਬੀਜੇਪੀ ਦੀਆਂ ਸੀਟਾਂ ਜਿਹੜੀਆਂ ਹੁਣ ਜੰਮੂ-ਕਸ਼ਮੀਰ ਦੀ ਸੱਤਾ ਵਿੱਚ ਹਿੱਸੇਦਾਰ ਹਨ।''

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)