ਪੰਜਾਬ: ਦਲਿਤ ਤੇ ਹਿੰਦੂ ਜਥੇਬੰਦੀਆਂ 'ਚ ਟਕਰਾਅ, 4 ਜ਼ਿਲ੍ਹਿਆਂ ਵਿੱਚ ਇੰਟਰਨੈੱਟ ਬੰਦ

ਅੰਬੇਦਕਰ ਜਯੰਤੀ, ਭਾਜਪਾ ਤੇ ਬਸਪਾ 'ਚ ਟਕਰਾਅ Image copyright PAl singh nauli/bbc

ਫਗਵਾੜਾ ਵਿੱਚ ਚੌਂਕ ਦਾ ਨਾਂਅ ਰੱਖਣ ਲਈ ਲਾਈ ਫਲੈਕਸ ਨੂੰ ਲੈਕੇ ਦਲਿਤ ਤੇ ਹਿੰਦੂਆਂ ਜੱਥੇਬੰਦੀਆਂ ਵਿੱਚ ਹੋਏ ਟਕਰਾਅ ਕਾਰਨ ਪੱਥਰ ਤੇ ਗੋਲੀਆਂ ਚੱਲੀਆਂ। ਅਜਿਹੇ ਮਾਹੌਲ ਨੂੰ ਦੇਖਦੇ ਹੋਏ ਸੂਬੇ ਦੇ 4 ਜ਼ਿਲ੍ਹਿਆਂ ਵਿੱਚ ਸਰਕਾਰ ਨੇ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਹਨ।

ਇਸ ਘਟਨਾ ਵਿੱਚ ਦੋ ਦਲਿਤ ਨੌਜਵਾਨਾਂ ਨੂੰ ਗੋਲੀਆਂ ਲੱਗੀਆਂ ਹਨ। ਸਰਕਾਰ ਦੇ ਆਦੇਸ਼ਾਂ ਤੋਂ ਬਾਅਦ ਕਪੂਰਥਲਾ, ਜਲੰਧਰ, ਹੁਸ਼ਿਆਰਪੁਰ ਤੇ ਨਵਾਂ ਸ਼ਹਿਰ ਵਿੱਚ 24 ਘੰਟਿਆਂ ਲਈ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ।

ਇਸ ਘਟਨਾ ਤੋਂ ਬਾਅਦ ਗੁੱਸੇ ਵਿੱਚ ਆਏ ਦਲਿਤ ਜੱਥੇਬੰਦੀਆਂ ਦੇ ਕਾਰਕੁੰਨਾਂ ਨੇ ਗੱਡੀਆਂ ਦੀ ਭੰਨ ਤੋੜ ਕੀਤੀ।

ਜਲੰਧਰ ਵਿਖੇ ਭਾਜਪਾ ਤੇ ਬਸਪਾ ਆਗੂਆਂ ਵਿਚਾਲੇ ਟਕਰਾਅ

ਅੰਬੇਦਕਰ ਜਯੰਤੀ ਮੌਕੇ ਜਲੰਧਰ ਵਿਖੇ ਭਾਜਪਾ ਤੇ ਬਸਪਾ ਆਗੂਆਂ ਵਿਚਾਲੇ ਟਕਰਾਅ ਦੇਖਣ ਨੂੰ ਮਿਲਿਆ। ਅਜਿਹੇ ਮਾਹੌਲ ਨੂੰ ਦੇਖਦੇ ਹੋਏ ਸੂਬੇ ਦੇ 4 ਜ਼ਿਲ੍ਹਿਆਂ ਵਿੱਚ ਸਰਕਾਰ ਨੇ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਹਨ।

ਦੋਹਾਂ ਧਿਰਾਂ 'ਚ ਹੋਈ ਤਕਰਾਰ ਤੋਂ ਬਾਅਦ ਉਥੇ ਵੱਡੀ ਗਿਣਤੀ ਵਿਚ ਪੁਲਿਸ ਤਾਇਨਾਤ ਕਰ ਦਿੱਤੀ ਗਈ ਤਾਂ ਕਿ ਮਾਹੌਲ ਖਰਾਬ ਨਾ ਹੋਵੇ।

ਭਾਜਪਾ ਆਗੂਆਂ ਨੂੰ ਬਸਪਾ ਵਰਕਰਾਂ ਨੇ ਡਾ.ਅੰਬੇਦਕਰ ਚੌਂਕ 'ਚ ਸ਼ਰਧਾਂਜਲੀ ਨਹੀਂ ਭੇਂਟ ਕਰਨ ਦਿੱਤੀ।

ਬਹੁਜਨ ਸਮਾਜਵਾਦੀ ਪਾਰਟੀ ਦੇ ਵਰਕਰ ਪਹਿਲਾਂ ਹੀ ਡਾ. ਅੰਬੇਦਕਰ ਚੌਂਕ 'ਤੇ ਪ੍ਰੋਗ੍ਰਾਮ 'ਚ ਹਿੱਸਾ ਲੈ ਰਹੇ ਸਨ।

Image copyright PAl singh nauli/bbc

ਜਦੋਂ ਸ਼ਰਧਾਂਜਲੀ ਦੇਣ ਲਈ ਭਾਜਪਾ ਦੇ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਅਤੇ ਸਾਬਕਾ ਮੁੱਖ ਸੰਸਦੀ ਸਕੱਤਰ ਕੇ.ਡੀ. ਭੰਡਾਰੀ ਆਏ ਤਾਂ ਬਸਪਾ ਵਰਕਰਾਂ ਨੇ ਉਨ੍ਹਾਂ ਨੂੰ ਚੌਂਕ ਦੇ ਅੰਦਰ ਨਹੀਂ ਵੜਨ ਦਿੱਤਾ।

ਬਸਪਾ ਵਰਕਰਾਂ 'ਚ ਇਸ ਗੱਲ ਨੂੰ ਲੈ ਕੇ ਗੁੱਸਾ ਸੀ ਕਿ ਭਾਜਪਾ ਦੇਸ ਵਿਚ ਫਿਰਕੂ ਮਾਹੌਲ ਬਣਾ ਰਹੀ ਹੈ। ਉਨ੍ਹਾਂ ਦੀ ਵਿਚਾਰਧਾਰਾ ਡਾ. ਅੰਬੇਦਕਰ ਨਾਲ ਮੇਲ ਨਹੀਂ ਖਾਂਦੀ।

ਬਸਪਾ ਦੇ ਦੋਆਬਾ ਜ਼ੋਨ ਇੰਚਾਰਜ ਬਲਵਿੰਦਰ ਕੁਮਾਰ ਦੀ ਮਨੋਰੰਜਨ ਕਾਲੀਆ ਨਾਲ ਇਸ ਗੱਲ ਨੂੰ ਲੈ ਕੇ ਬਹਿਸ ਛਿੜ ਗਈ ਕਿ ਭਾਜਪਾ ਨੂੰ ਕੋਈ ਨੈਤਿਕ ਹੱਕ ਨਹੀਂ ਕਿ ਉਹ ਡਾ. ਅੰਬੇਦਕਰ ਦੇ ਬੁੱਤ 'ਤੇ ਸ਼ਰਧਾ ਦੇ ਫੁੱਲ ਭੇਂਟ ਕਰਨ ਜਦੋਂ ਕਿ ਦੇਸ਼ ਭਰ ਵਿਚ ਦਲਿਤਾਂ 'ਤੇ ਅੱਤਿਆਚਾਰ ਹੋ ਰਹੇ ਹਨ।

ਟਕਰਾਅ ਐਨਾ ਵੱਧ ਕਿ ਭਾਜਪਾ ਵਰਕਰ ਧਰਨਾ ਲਾ ਕੇ ਬੈਠ ਗਏ ਤੇ ਬਸਪਾ ਵਰਕਰ ਵੀ ਉਨ੍ਹਾਂ ਨੂੰ ਅੰਦਰ ਵੜਨ ਤੋਂ ਰੋਕਣ ਲਈ ਡਟੇ ਰਹੇ।

Image copyright PAl singh nauli/bbc

ਬਿਨਾਂ ਸ਼ਰਧਾਂਜਲੀ ਭੇਂਟ ਕੀਤੇ ਹੀ ਭਾਜਪਾ ਆਗੂਆਂ ਨੂੰ ਮੁੜਨਾ ਪਿਆ।

ਭਾਜਪਾ ਆਗੂਆਂ ਦਾ ਕਹਿਣਾ ਸੀ ਕਿ ਬਸਪਾ ਦਾ ਇਹ ਵਤੀਰਾ ਨਿੰਦਣਯੋਗ ਹੈ ਜਦਕਿ ਡਾ. ਅੰਬੇਦਕਰ ਸਮੁੱਚੇ ਦੇਸ਼ ਦੇ ਵੱਡੇ ਤੇ ਸਨਮਾਨਯੋਗ ਆਗੂ ਸਨ। ਉਨ੍ਹਾਂ ਦੀ ਦੇਣ ਸਮੁੱਚੇ ਦੇਸ ਨੂੰ ਹੈ ਤੇ ਉਨ੍ਹਾਂ ਵੱਲੋਂ ਤਿਆਰ ਕੀਤੇ ਗਏ ਸੰਵਿਧਾਨ ਅਨੁਸਾਰ ਹੀ ਦੇਸ ਦਾ ਕਾਨੂੰਨ ਚਲਦਾ ਹੈ।

ਕਾਂਗਰਸ ਦੇ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਵੀ ਜਦੋਂ ਅੰਬੇਦਕਰ ਚੌਂਕ 'ਚ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਗਏ ਤਾਂ ਉਨ੍ਹਾਂ ਨਾਲ ਵੀ ਬਸਪਾ ਵਰਕਰਾਂ ਦੀ ਤਲਖ ਕਲਾਮੀ ਹੋ ਗਈ।

ਬਸਪਾ ਵਰਕਰ ਆਪੇ ਤੋਂ ਬਾਹਰ ਹੋ ਗਏ ਤੇ ਉਨ੍ਹਾਂ ਨੇ 'ਗੋਅ ਬੈਕ' ਦੇ ਨਾਅਰੇ ਲਾਏ। ਪਰ ਕੁਝ ਸਮੇਂ ਬਾਅਦ ਮਾਮਲੇ ਨੂੰ ਸ਼ਾਂਤ ਕਰ ਦਿੱਤਾ ਗਿਆ ਤੇ ਚੌਧਰੀ ਸੰਤੋਖ ਸਿੰਘ ਨੇ ਆਪਣੀ ਅਕੀਦਤ ਦੇ ਫੁੱਲ ਭੇਂਟ ਕੀਤੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)