ਪ੍ਰੈੱਸ ਰਿਵੀਊ꞉ ਕਸ਼ਮੀਰੀ ਨੌਜਵਾਨਾਂ ਦਾ ਇਸ਼ਾਰਾ ਸਮਝੋ - ਮਹਿਬੂਬਾ ਮੁਫ਼ਤੀ

ਜੰਮੂ-ਕਸ਼ਮੀਰ ਦੀ ਮੁੱਖ ਮੰਤਰੀ ਮਹਿਬੂਬਾ ਮੁਫਤੀ Image copyright Getty Images

"ਨੌਜਵਾਨਾਂ ਨੇ ਪਿਛਲੇ ਕਈ ਸਾਲਾਂ ਤੋਂ ਆਪਣੇ ਗੁੱਸੇ ਅਤੇ ਅਸੰਤੋਖ ਦੇ ਕਈ ਇਸ਼ਾਰੇ ਦਿੱਤੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਸੂਬੇ ਵਿੱਚ ਲੋਕਤੰਤਰ ਨੂੰ ਵੀ ਇੱਕ ਮੌਕਾ ਦਿੱਤਾ ਹੈ।"

ਦਿ ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ, ਆਪਣੀ ਪਾਰਟੀ ਦੇ ਆਗੂਆਂ ਅਤੇ ਮੰਤਰੀਆਂ ਨਾਲ ਬੈਠਕ ਵਿੱਚ ਜੰਮੂ-ਕਸ਼ਮੀਰ ਦੀ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਇਹ ਸ਼ਬਦ ਕਹੇ।

ਖ਼ਬਰ ਮੁਤਾਬਕ ਉਨ੍ਹਾਂ ਕਿਹਾ, "ਭਾਰਤੀ ਸਿਆਸਤ ਦੀ ਵਿਚਾਰਹੀਣਤਾ ਕਰਕੇ ਜਾਂ ਇਸ ਕਰਕੇ ਕਿ ਸਿਆਸਤ ਆਪਣੇ ਅਖੀਰ 'ਤੇ ਪਹੁੰਚ ਚੱਕੀ ਹੈ ਇਹ ਇਸ਼ਾਰੇ ਬਦਕਿਸਮਤੀ ਨਾਲ ਅਣਗੌਲਿਆਂ ਕੀਤੇ ਜਾਂਦੇ ਰਹੇ ਹਨ।"

ਉਨ੍ਹਾਂ ਨੇ ਭਾਜਪਾ ਦੇ ਮੰਤਰੀਆਂ ਦੇ ਅਸਤੀਫਿਆਂ ਦਾ ਸਵਾਗਤ ਕੀਤਾ ਅਤੇ ਭਵਿੱਖ ਵਿੱਚ ਵੀ ਸਹਿਯੋਗ ਦੀ ਉਮੀਦ ਜਤਾਈ।

Image copyright Getty Images

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕੱਟੜ ਵਿਰੋਧੀ ਪ੍ਰਵੀਣ ਤੋਗੜੀਆ ਤੋਂ ਭਾਜਪਾ ਦੇ ਸਹਿਯੋਗੀ ਸੰਗਠਨ ਵਿਸ਼ਵ ਹਿੰਦੂ ਪਰਿਸ਼ਦ ਦੀ ਪ੍ਰਧਾਨਗੀ, ਵੀ ਐੱਸ ਕੋਕਜੇ ਨੂੰ ਮਿਲੀ।

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਹਿਮਾਚਲ ਪ੍ਰਦੇਸ਼ ਦੇ ਸਾਬਕਾ ਰਾਜਪਾਲ ਕੋਕਜੇ ਨੂੰ ਸੰਗਠਨ ਨੇ ਆਪਣੀਆਂ ਪਹਿਲੀਆਂ ਚੋਣਾਂ ਵਿੱਚ ਆਪਣਾ ਕੌਮਾਂਤਰੀ ਪ੍ਰਧਾਨ ਚੁਣਿਆ।

ਤੋਗੜੀਆ ਹਾਲਾਂਕਿ ਚੋਣਾਂ ਵਿੱਚ ਨਹੀਂ ਉੱਤਰੇ ਪਰ ਉਨ੍ਹਾਂ ਦੇ ਵਫਾਦਾਰ ਸਮਝੇ ਜਾਂਦੇ ਰਾਘਵ ਰੈੱਡੀ ਕੋਕਜੇ ਤੋਂ ਹਾਰ ਗਏ।

ਖ਼ਬਰ ਮੁਤਾਬਕ ਕੋਕਜੇ ਨੂੰ ਨਾ ਸਿਰਫ ਸੰਘ ਸਗੋਂ ਭਾਜਪਾ ਦੀ ਵੀ ਹਮਾਇਤ ਹਾਸਲ ਹੈ।

Image copyright Getty Images

ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਛੱਤੀਸਗੜ੍ਹ ਦੇ ਮਾਓਵਾਦੀ ਪ੍ਰਭਾਵਿਤ ਜ਼ਿਲ੍ਹੇ ਬੀਜਾਪੁਰ ਦੇ ਜੰਗਲਾਂ ਵਿੱਚ ਇੱਕ ਸਭਾ ਨੂੰ ਸਬੋਧਨ ਕਰਦਿਆਂ ਕਿਹਾ ਕਿ ਉਹ ਬਾਬਾ ਸਾਹਿਬ ਕਰਕੇ ਪ੍ਰਧਾਨ ਮੰਤਰੀ ਹਨ।

ਖ਼ਬਰ ਮੁਤਾਬਕ ਇਸ ਮੌਕੇ ਉਨ੍ਹਾਂ ਨੇ ਆਯੁਸ਼ਮਾਨ ਭਾਰਤ ਸਕੀਮ ਦਾ ਪਹਿਲਾ ਪੜਾਅ ਵੀ ਸ਼ੁਰੂ ਕੀਤਾ। ਉਨ੍ਹਾਂ ਕਿਹਾ ਕਿ 2022 ਤੱਕ ਸਰਕਾਰ 150000 ਸਿਹਤ ਕੇਂਦਰ ਸ਼ੁਰੂ ਕਰੇਗੀ ਜਿਨ੍ਹਾਂ ਵਿੱਚੋ 15, 000 ਕੇਂਦਰ 2018-19 ਤੱਕ ਤਿਆਰ ਹੋ ਜਾਣਗੇ।

ਫੋਟੋ ਕੈਪਸ਼ਨ ਸੰਕੇਤਕ ਤਸਵੀਰ

ਫਿਰੋਜ਼ਪੁਰ ਦੇ ਸਰਕਾਰੀ ਹਸਪਤਾਲ ਵਿੱਚ ਸਰਕਾਰੀ ਡਾਕਟਰ ਕੁਸ਼ਦੀਪ ਸਿੰਘ ਵੱਲੋਂ ਇੱਕ ਮਹਿਲਾ ਮਰੀਜ਼ ਨੂੰ ਵਾਲਾਂ ਤੋਂ ਫੜ੍ਹ ਕੇ ਘਸੀਟਣ ਅਤੇ ਗਾਲ੍ਹਾਂ ਕੱਢਣ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਮਗਰੋਂ ਡਾਕਟਰ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ।

ਪੰਜਾਬੀ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਉਨ੍ਹਾਂ ਖਿਲਾਫ਼ ਫੌਜਦਾਰੀ ਦਾ ਕੇਸ ਦਰਜ ਕਰ ਲਿਆ ਗਿਆ ਹੈ। ਵੀਡੀਓ ਵਿੱਚ ਦੋ ਵਰਦੀਧਾਰੀ ਪੁਲਿਸ ਮੁਲਾਜ਼ਮ ਵੀ ਦੇਖੇ ਜਾ ਸਕਦੇ ਹਨ ਜਿਨ੍ਹਾਂ ਮਹਿਲਾ ਨੂੰ ਬਚਾਉਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ। ਸਿਵਲ ਸਰਜਨ ਨੇ ਵੀ ਘਟਨਾ ਦੀ ਵਿਭਾਗੀ ਜਾਂਚ ਦੇ ਹੁਕਮ ਦੇ ਦਿੱਤੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)