ਦਾਦੇ ਦੀ ਸ਼ਿਕਾਇਤ 'ਤੇ ਪੋਤੀ ਦੇ ਕਾਤਲ ਪੁੱਤਾਂ ਨੂੰ ਉਮਰ ਕੈਦ

ਧੱਜਾ ਰਾਮ Image copyright Sat singh/bbc

"ਮੈਂ ਹੁਣ ਬੁੱਢਾ ਹੋ ਚੁੱਕਿਆ ਹਾਂ ਅਤੇ ਨਾ ਹੀ ਮੇਰੇ ਸਰੀਰ ਵਿੱਚ ਪਹਿਲਾਂ ਵਾਲੀ ਤਾਕਤ ਰਹੀ ਹੈ। ਮੈਨੂੰ ਨਹੀਂ ਪਤਾ ਮੈਂ ਅਗਲਾ ਖਾਣਾ ਖਾਵਾਂਗਾ ਕਿ ਨਹੀਂ, ਮੈਂ ਆਪਣੀਆਂ ਪੋਤੀਆਂ ਨੂੰ ਕਿਵੇਂ ਪਾਲਾਂਗਾ ਅਤੇ ਕਿਵੇਂ ਉਨ੍ਹਾਂ ਦਾ ਵਿਆਹ ਕਰਾਂਗਾ।"

ਇਹ ਸ਼ਬਦ ਧੱਜਾ ਰਾਮ ਨੇ ਕਹੇ, ਜਿਨ੍ਹਾਂ ਨੇ ਆਪਣੇ ਪਰਿਵਾਰ ਦੇ ਪੰਜ ਮੈਂਬਰਾਂ ਖ਼ਿਲਾਫ਼ ਆਪਣੀ ਪੋਤੀ ਦੇ ਕਤਲ ਦੀ ਸ਼ਿਕਾਇਤ ਦਰਜ ਕਰਵਾਈ ਸੀ। ਵੀਰਵਾਰ ਨੂੰ ਸੋਨੀਪਤ ਦੀ ਅਦਾਲਤ ਨੇ ਉਨ੍ਹਾਂ ਪੰਜਾਂ ਨੂੰ ਉਮਰ ਭਰ ਦੀ ਕੈਦ ਦੀ ਸਜ਼ਾ ਸੁਣਾਈ ਹੈ।

ਗੋਹਾਨਾ ਦੇ ਪਿੰਡ ਮਾਤੰਡ ਦੇ ਇਸ ਘਰ ਵਿੱਚ ਖਿੱਲਰੇ ਭਾਂਡਿਆਂ ਦਰਮਿਆਨ ਪੰਘੂੜੇ 'ਤੇ ਇੱਕਲੇ ਪਏ ਧੱਜਾ ਰਾਮ ਨੇ ਚਿੱਟਾ ਕੁੜਤਾ ਅਤੇ ਧੋਤੀ ਪਹਿਨੇ ਹੋਏ ਹਨ। ਉਸ ਨੂੰ ਸਮਝ ਨਹੀਂ ਆ ਰਿਹਾ ਕਿ ਉਹ ਅਦਾਲਤ ਦੇ ਫੈਸਲੇ ਨੂੰ ਆਪਣੇ ਹੱਕ ਵਿੱਚ ਸਮਝੇ ਜਾਂ ਵਿਰੋਧ ਵਿੱਚ ਕਿਉਂਕਿ ਦੋਹਾਂ ਹਾਲਤਾਂ ਵਿੱਚ ਨੁਕਸਾਨ ਉਨ੍ਹਾਂ ਦਾ ਹੀ ਹੋਇਆ ਹੈ।

ਗੋਹਾਨਾ ਦੇ ਸਰਕਾਰੀ ਕਾਲਜ ਵਿੱਚ ਬੀਏ ਦੀ ਪੜ੍ਹਾਈ ਕਰ ਰਹੀ ਵਿਦਿਆਰਥਣ ਸਵੀਟੀ ਸੂਰਾ ਨੂੰ ਉਸਦੇ ਮਾਪਿਆਂ ਨੇ ਮਾਰ ਕੇ ਆਪਣੇ ਪਾਥੀਆਂ ਵਾਲੇ ਕਮਰੇ ਵਿੱਚ ਸਸਕਾਰ ਕਰ ਦਿੱਤਾ ਸੀ। ਉਸਦਾ ਕਸੂਰ ਇਹ ਸੀ ਕਿ ਉਹ 2016 ਵਿੱਚ ਇੱਕ ਮੁੰਡੇ ਨਾਲ ਭੱਜ ਗਈ ਸੀ।

ਜਦੋਂ ਉਸ ਦੇ ਪਿਤਾ ਬਲਰਾਜ ਸੂਰਾ ਨੂੰ ਆਪਣੀ ਬੇਟੀ ਦੇ ਘਰੋਂ ਭੱਜਣ ਦੀ ਖ਼ਬਰ ਮਿਲੀ ਤਾਂ ਉਨ੍ਹਾਂ ਨੇ ਕੁੜੀ ਨੂੰ ਘਰ ਵਾਪਸ ਆਉਣ ਲਈ ਮਨਾ ਲਿਆ। ਜਦੋਂ ਉਹ 1 ਜੁਲਾਈ, 2016 ਨੂੰ ਘਰ ਆਈ ਤਾਂ ਪਿਤਾ ਨੇ ਉਸ ਦੇ ਦੋ ਭਰਾਵਾਂ ਬਲਰਾਜ ਅਤੇ ਰਾਜੂ ਦੀ ਮਦਦ ਨਾਲ ਉਸਦਾ ਕਤਲ ਕਰ ਦਿੱਤਾ।

Image copyright Sat singh/bbc

ਧੱਜਾ ਰਾਮ ਦੀ ਸ਼ਿਕਾਇਤ 'ਤੇ ਪਰਿਵਾਰ ਦੇ ਪੰਜ ਮੈਂਬਰਾਂ ਖਿਲਾਫ਼ ਪੁਲਿਸ ਨੇ ਕਤਲ ਦਾ ਕੇਸ ਦਰਜ ਕਰ ਲਿਆ, ਜਿਸ ਵਿੱਚ ਮਰਹੂਮ ਦੇ ਮਾਤਾ-ਪਿਤਾ, ਦੋ ਚਾਚੇ ਅਤੇ ਭੈਣ ਸ਼ਾਮਲ ਹਨ। ਧੱਜਾ ਰਾਮ ਮਰਹੂਮ ਦੇ ਦਾਦਾ ਹਨ।

ਦੋ ਸਾਲਾਂ ਦੀ ਸੁਣਵਾਈ ਤੋਂ ਬਾਅਦ ਸੋਨੀਪਤ ਦੀ ਅਦਾਲਤ ਨੇ ਸਾਰਿਆਂ ਨੂੰ ਦੋਸ਼ੀ ਕਰਾਰ ਦਿੱਤਾ ਅਤੇ 2 ਅਪ੍ਰੈਲ ਨੂੰ ਉਨ੍ਹਾਂ ਨੂੰ ਤਾ-ਉਮਰ ਕੈਦ ਦੀ ਸਜ਼ਾ ਸੁਣਾਈ ।

ਧੱਜਾ ਰਾਮ ਦੀ ਪਤਨੀ ਦੀ ਤੀਹ ਸਾਲ ਪਹਿਲਾਂ ਨਿਮੋਨੀਏ ਨਾਲ ਮੌਤ ਹੋ ਗਈ ਸੀ। ਹੁਣ ਸਜ਼ਾ ਮਗਰੋਂ ਪੰਜ ਪੋਤੇ-ਪੋਤੀਆਂ ਦੀ ਜਿੰਮੇਵਾਰੀ ਧੱਜਾ ਰਾਮ ਦੇ ਬੁੱਢੇ ਮੋਢਿਆ ਉੱਤੇ ਆ ਪਈ ਹੈ। ਧੱਜਾ ਰਾਮ ਤੋਂ ਇਲਾਵਾ ਹੁਣ ਘਰ ਵਿੱਚ ਬਚੇ ਸਾਰੇ ਜੀਅ ਬੱਚੇ ਹੀ ਹਨ।

ਧੱਜਾ ਰਾਮ ਕੋਲ 2.5 ਏਕੜ ਜ਼ਮੀਨ ਹੈ ਤੇ ਉਨ੍ਹਾਂ ਨੂੰ ਸਰਕਾਰ ਵੱਲੋਂ ਹਰ ਮਹੀਨੇ 1500 ਰੁਪਏ ਬੁਢਾਪਾ ਪੈਨਸ਼ਨ ਮਿਲਦੀ ਹੈ।

ਧੱਜਾ ਰਾਮ ਨੇ ਬੀਬੀਸੀ ਨੂੰ ਦੱਸਿਆ ਕਿ ਉਸ ਕੋਲ ਕਹਿਣ ਲਈ ਕੁਝ ਨਹੀਂ ਹੈ ਕਿਉਂਕਿ ਹੁਣ ਉਸਦੀ ਜ਼ਿੰਦਗੀ ਵਿੱਚ ਕੁਝ ਨਹੀਂ ਬਚਿਆ।

ਉਨ੍ਹਾਂ ਨੇ ਇੱਕ ਬੈੱਡ ਅਤੇ ਪੰਘੂੜੇ ਵੱਲ ਮਾਯੂਸੀ ਭਰੀਆਂ ਅੱਖਾਂ ਨਾਲ ਦੇਖਦਿਆਂ ਕਿਹਾ,"ਇਸ ਪਰਿਵਾਰ ਦੇ ਸਾਰੇ ਨੌਜਵਾਨਾਂ ਨੂੰ ਜੇਲ੍ਹ ਹੋਣ ਮਗਰੋਂ ਹੁਣ ਇਸ ਘਰ ਵਿੱਚ ਮੈਂ ਤੇ ਮੇਰੇ ਪੋਤੇ-ਪੋਤੀਆਂ ਹੀ ਬਚੇ ਹਾਂ। ਇਹ ਮਾਣ ਦਾ ਮਾਮਲਾ ਸੀ ਜਾਂ ਸ਼ਰਮ ਦਾ ਨਾ ਤਾਂ ਮੈਨੂੰ ਪਤਾ ਹੈ ਤੇ ਨਾ ਹੀ ਮੈਂ ਸਮਝਣਾ ਚਾਹੁੰਦਾ ਹਾਂ।"

ਪਹਿਲੀ ਜੁਲਾਈ, 2016 ਦੇ ਮੰਦਭਾਗੇ ਦਿਨ ਜਦੋਂ ਸਵੀਟੀ ਦਾ ਕਤਲ ਹੋਇਆ ਸੀ। ਉਹ ਦਿਨ ਯਾਦ ਕਰਦਿਆਂ ਉਨ੍ਹਾਂ ਕਿਹਾ, ''ਬਦਕਿਸਮਤੀ ਨਾਲ ਉਹ ਘਰੇ ਨਹੀਂ ਸੀ। ਉਨ੍ਹਾਂ ਦੇ ਬੇਟਿਆਂ ਨੇ ਸਵੀਟੀ ਨੂੰ ਮਾਰ ਕੇ ਪਿੰਡ ਦੇ ਹੀ ਇੱਕ ਪਾਥੀਆਂ ਵਾਲੇ ਕਮਰੇ ਵਿੱਚ ਉਸ ਦਾ ਸਸਕਾਰ ਕਰ ਦਿੱਤਾ। ਇਹ ਕਾਰਵਾਈ ਉਨ੍ਹਾਂ ਨੇ ਇੱਕ ਘੰਟੇ ਦੇ ਵਿੱਚ ਹੀ ਪੂਰੀ ਕਰ ਲਈ।''

Image copyright Sat singh/bbc

ਉਨ੍ਹਾਂ ਨੇ ਪਛਤਾਵੇ ਵਿੱਚ ਦੱਸਿਆ ਕਿਉਂਕਿ ਲੜਕੀ ਪਰਿਵਾਰ ਦੀ ਬੇਇੱਜ਼ਤੀ ਦਾ ਕਾਰਨ ਬਣੀ ਸੀ, ਇਸ ਲਈ ਪਿੰਡ ਵਾਲਿਆਂ ਨੇ ਵੀ ਆਪਣੀ ਖਾਮੋਸ਼ ਸਹਿਮਤੀ ਦੇ ਦਿੱਤੀ ਸੀ।

ਉਨ੍ਹਾਂ ਕਿਹਾ, "ਮੈਨੂੰ ਸ਼ਾਮ ਨੂੰ ਪਤਾ ਲੱਗਿਆ। ਜਦੋਂ ਮੈਂ ਖਾਣਾ ਖਾਣ ਘਰ ਆਇਆ ਅਤੇ ਸਾਰੇ ਦਬੀ ਸੁਰ ਵਿੱਚ ਗੱਲਾਂ ਕਰ ਰਹੇ ਸਨ ਕਿ ਕੁਝ ਬੁਰਾ ਹੋਣ ਵਾਲਾ ਹੈ।"

ਉਨ੍ਹਾਂ ਕਿਹਾ ਕਿ ਘਰ ਵਿੱਚ ਥਾਂ ਦੀ ਕਮੀ ਹੋਣ ਕਰਕੇ ਆਪਣੀ ਪਤਨੀ ਦੀ ਮੌਤ ਮਗਰੋਂ ਉਹ ਪਿੰਡ ਦੇ ਮੰਦਿਰ ਵਿੱਚ ਸੌਂਦੇ ਹਨ। ਆਪਣੀ ਪੋਤੀ ਦੇ ਕਤਲ ਬਾਰੇ ਸੁਣ ਕੇ ਆਪਣੇ ਕਿਸੇ ਨੇੜਲੇ ਦੀ ਮਦਦ ਨਾਲ ਉਨ੍ਹਾਂ ਨੇ ਪੁਲਿਸ ਨੂੰ ਸੂਚਿਤ ਕੀਤਾ।

'ਖੁਸ਼ਮਿਜਾਜ਼ ਕੁੜੀ ਸੀ'

"ਮੈਨੂੰ ਸਹੀ-ਸਹੀ ਨਹੀਂ ਸੀ ਪਤਾ ਕਿ ਕੀ ਹੋਇਆ ਜਦ ਤੱਕ ਕਿ ਪੁਲਿਸ ਨੇ ਸਵੀਟੀ ਦੀ ਬਲਦੀ ਚਿਖਾ ਵਿੱਚੋਂ ਸਬੂਤ ਨਹੀਂ ਇਕੱਠੇ ਕਰ ਲਏ। ਜੋ ਇੱਕ ਖੁਸ਼ ਮਿਜਾਜ਼ ਲੜਕੀ ਸੀ ਅਤੇ ਪਰਿਵਾਰ ਵਿੱਚੋਂ ਉੱਚੀ ਪੜ੍ਹਾਈ ਲਈ ਘਰੋਂ ਬਾਹਰ ਨਿਕਲਣ ਵਾਲਾ ਪਹਿਲਾ ਮੈਂਬਰ ਸੀ।"

ਉਨ੍ਹਾਂ ਦੱਸਿਆ ਕਿ ਉਹ ਪਰਿਵਾਰ ਦਾ ਕਾਲਜ ਜਾਣ ਵਾਲਾ ਪਹਿਲਾ ਮੈਂਬਰ ਸੀ।

ਪਿੰਡ ਵਾਲਿਆਂ ਅਤੇ ਪਰਿਵਾਰ ਵਾਲਿਆਂ ਦੇ ਨਿਰੰਤਰ ਦਬਾਅ ਕਾਰਨ ਉਨ੍ਹਾਂ ਨੇ ਆਪਣੀ ਸਮਾਜਿਕ ਜ਼ਿੰਦਗੀ ਖ਼ਤਮ ਕਰਕੇ ਆਪਣੇ ਆਪ ਨੂੰ ਘਰ ਦੀ ਚਾਰ ਦੀਵਾਰੀ ਵਿੱਚ ਕੈਦ ਕਰ ਲਿਆ ।

ਉਨ੍ਹਾਂ ਕਿਹਾ ਕਿ ਘਟਨਾ ਵਾਲੇ ਦਿਨ ਤੋਂ ਲੈ ਕੇ ਉਹ ਸੁਣਵਾਈ 'ਤੇ ਜਾਣ ਤੋਂ ਸਿਵਾ ਕਦੇ ਵੀ ਘਰੋਂ ਬਾਹਰ ਨਹੀਂ ਨਿਕਲੇ।

ਉਨ੍ਹਾਂ ਕਿਹਾ,"ਇਸ ਕੇਸ ਵਿੱਚ, ਮੈਂ ਪਹਿਲੇ ਦਿਨੋਂ ਜੋ ਆਪਣੇ ਪਰਿਵਾਰ ਤੋਂ ਸੁਣਿਆ ਉਹੀ ਕਿਹਾ ਅਤੇ ਉਸੇ 'ਤੇ ਕਾਇਮ ਰਿਹਾ, ਨਾ ਰਤੀ ਘੱਟ ਤੇ ਨਾ ਵੱਧ, ਪੁਲਿਸ ਅਤੇ ਅਦਾਲਤ ਨੇ ਆਪਣੀ ਭੂਮਿਕਾ ਨਿਭਾਈ।"

ਆਪਣੀ ਪੋਤੀ ਨੂੰ ਇਨਸਾਫ਼ ਦਵਾਉਣ ਦਾ ਸਿਹਰਾ ਲੈਣ ਤੋਂ ਇਨਕਾਰ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਕਦੇ ਆਪਣੇ ਬੇਟੇ, ਬਹੂ ਅਤੇ ਇੱਕ ਪੋਤੇ ਦੇ ਜਾਣ ਬਾਰੇ ਨਹੀਂ ਸੋਚਿਆ।

ਉਨ੍ਹਾਂ ਕਿਹਾ ਕਿ ਸਭ ਤੋਂ ਵੱਡੀ ਪੋਤੀ ਮੀਨਾ ਸੂਰਾ ਦਾ 2017 ਵਿੱਚ ਨੇੜਲੇ ਪਿੰਡ ਵਿਆਹ ਕਰ ਦਿੱਤਾ ਗਿਆ ਸੀ। ਉਹ ਵੀ ਕੇਸ ਵਿੱਚ ਮੁਜ਼ਰਮ ਸੀ, ਫਿਲਹਾਲ ਉਹ ਜ਼ਮਾਨਤ 'ਤੇ ਰਿਹਾਅ ਹੈ। ਉਸ ਨੂੰ ਵੀ ਉਨ੍ਹਾਂ ਦੇ ਬੇਟੇ ਅਤੇ ਬਹੂ ਦੇ ਨਾਲ ਹੀ ਦੋਸ਼ੀ ਕਰਾਰ ਦਿੱਤਾ ਗਿਆ ਹੈ।

ਵੱਡਾ ਸੰਕਟ

ਉਨ੍ਹਾਂ ਕਿਹਾ ਕਿ ਇਸ ਸੰਕਟ ਦੀ ਘੜੀ ਵਿੱਚ ਉਨ੍ਹਾਂ ਦੇ ਖਾਤੇ ਵਿੱਚ ਦੋ ਹਜ਼ਾਰ ਰੁਪਏ ਅਤੇ 1800 ਰੁਪਏ ਦੀ ਮਾਸਿਕ ਪੈਨਸ਼ਨ ਹੈ।

ਭਾਵੇਂ ਘਰ ਵਿੱਚ ਵੱਡਾ ਸੰਕਟ ਪਿਆ ਹੈ ਪਿੰਡ ਵਿੱਚੋਂ ਕੋਈ ਉਨ੍ਹਾਂ ਦੇ ਘਰ ਨਹੀਂ ਆਉਂਦਾ। ਪਿੰਡ ਦੀਆਂ ਕੁਝ ਔਰਤਾਂ ਕੜਕਦੀ ਧੁੱਪ ਵਿੱਚ ਇੱਕ ਦਰਖ਼ਤ ਦੇ ਹੇਠਾਂ ਬੈਠੀਆਂ ਘਰ ਵੱਲ ਨਫ਼ਰਤ ਨਾਲ ਦੇਖ ਰਹੀਆਂ ਸਨ।

ਪਿੰਡ ਦੀ ਇੱਕ ਔਰਤ ਬਿਮਲਾ ਦੇਵੀ ਘਰ ਦੇ ਬਾਹਰੋਂ ਲੰਘ ਰਹੀ ਸੀ। ਉਸ ਦਾ ਕਹਿਣਾ ਹੈ ਕਿ ਇਸ ਬਜ਼ੁਰਗ ਲਈ ਅਤੇ ਪਰਿਵਾਰ ਦੇ ਪੰਜ ਮੈਂਬਰਾਂ ਲਈ ਹੁਣ ਕੋਈ ਉਮੀਦ ਨਹੀਂ ਬਚੀ। ਇਹ ਨਿੱਕੀਆਂ ਬੱਚੀਆਂ ਵੀ ਇੱਕ ਤਰ੍ਹਾਂ ਨਾਲ ਅਨਾਥ ਹੀ ਹੋ ਗਈਆਂ ਹਨ।

Image copyright Sat singh/bbc

ਧੱਜਾ ਰਾਮ ਦੇ ਵੱਡੇ ਬੇਟੇ ਅਤੇ ਸਵੀਟੀ ਦੇ ਪਿਤਾ ਦੇ ਸਭ ਤੋਂ ਵੱਡੇ ਬੇਟੇ ਵਿਕਾਸ (11) ਨੇ ਦੱਸਿਆ ਕਿ ਕਾਜਲ ਦੇਵੀ ,ਜੋ ਸਾਰੀਆਂ ਭੈਣਾਂ ਵਿੱਚੋ ਸਭ ਤੋਂ ਵੱਡੀ ਹੈ ਘਰ ਨਹੀਂ ਸੀ। ਉਹ ਇੱਕ ਨਿੱਜੀ ਸਕੂਲ ਵਿੱਚ ਦਸਵੀਂ ਕਲਾਸ ਦੇ ਇਮਤਿਹਾਨ ਦੇ ਰਹੀ ਹੈ।

ਘਰ ਦੇ ਗੇਟ ਕੋਲ ਖੜ੍ਹਾ ਵਿਕਾਸ ਪਿੰਡ ਦੀ ਸੜਕ ਵੱਲ ਲਗਾਤਾਰ ਧਿਆਨ ਦੇ ਰਿਹਾ ਹੈ। ਉਸਨੂੰ ਉਮੀਦ ਹੈ ਕਿ ਕੋਈ ਦੁਪਹਿਰ ਦੇ ਖਾਣੇ ਲਈ ਘਰ ਵਾਪਸ ਆਵੇਗਾ। ਪਰਿਵਾਰ ਨੇ ਵੀਰਵਾਰ ਸਵੇਰ ਤੋਂ ਕੁਝ ਨਹੀਂ ਖਾਧਾ।

ਪਿੰਡ ਮਾਤੰਡ ਸੋਨੀਪਤ ਹੈਡਕੁਆਟਰ ਤੋਂ 60 ਕਿਲੋਮੀਟਰ ਦੂਰ, ਗੋਹਾਨਾ ਸਬ ਡਵੀਜ਼ਨ ਵਿੱਚ ਸਥਿਤ ਹੈ। ਇਸ ਦੀ ਸਰਹੱਦ ਜੀਂਦ ਅਤੇ ਪਾਣੀਪਤ ਜ਼ਿਲ੍ਹਿਆਂ ਨਾਲ ਲੱਗਦੀ ਹੈ।

4000 ਦੀ ਆਬਾਦੀ ਵਾਲੇ ਇਸ ਪਿੰਡ ਦੇ ਜ਼ਿਆਦਾਤਰ ਵਸਨੀਕ ਰੋਜ਼ੀ-ਰੋਟੀ ਲਈ ਖੇਤੀਬਾੜੀ 'ਤੇ ਨਿਰਭਰ ਹਨ। ਆਪਣੀ ਮਰਜ਼ੀ ਨਾਲ ਵਿਆਹ ਕਰਵਾਉਣਾ ਹਰਿਆਣੇ ਵਿੱਚ ਇੱਕ ਸਮਾਜਕ ਸ਼ਰਮ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)