#DifferentlyAbled ਪਰਾਂ ਬਿਨ ਪਰਵਾਜ਼ (3): ਭਾਰਤ ਦੀ ਪਹਿਲੀ ਡਿਸਏਬਲ ਭੰਗੜਾ ਟੀਮ ਜਿਸ ਨੇ ਦੇਸ-ਵਿਦੇਸ਼ 'ਚ ਧੁੰਮਾਂ ਪਾਈਆਂ

ਡਿਸਏਬਲ ਭੰਗੜਾ ਟੀਮ
ਫੋਟੋ ਕੈਪਸ਼ਨ ਹਿਮਾਚਲ ਪ੍ਰਦੇਸ ਦੇ ਵਾਸੀ ਰਮੇਸ਼ ਕੁਮਾਰ ਠਾਕੁਰ ਇਸ ਟੀਮ ਦੇ ਮੁੱਢਲੇ ਮੈਂਬਰ ਨੇ

"ਭੰਗੜਾ ਮੇਰੀ ਜਾਨ ਹੈ, ਮੇਰੀ ਇਬਾਦਤ ਹੈ, ਮੈਨੂੰ ਲੋਕੀ ਭੰਗੜੇ ਦਾ ਸ਼ੁਦਾਈ ਕਹਿੰਦੇ ਹਨ, ਮੇਰੀ ਪਛਾਣ ਹਰਿੰਦਰਪਾਲ ਸਿੰਘ ਵਜੋਂ ਘੱਟ, ਪਰ ਮੈਨੂੰ ਸਮਾਜ ਵੱਲੋਂ ਨਕਾਰੇ ਲੋਕਾਂ ਨੂੰ ਸਟੇਜ ਉੱਤੇ ਲਿਆਉਣ ਅਤੇ ਨਵੀਂ ਪਛਾਣ ਦੇਣ ਵਾਲੇ ਵਜੋਂ ਜ਼ਿਆਦਾ ਜਾਣਿਆ ਜਾਂਦਾ ਹੈ।"

ਇਹ ਸ਼ਬਦ ਹਨ ਦੇਸ਼ ਦੀ ਪਹਿਲੀ ਡਿਸਏਬਲ ਭੰਗੜਾ ਟੀਮ ਬਣਾਉਣ ਵਾਲੇ ਹਰਿੰਦਰਪਾਲ ਸਿੰਘ ਦੇ।

ਹਰਿੰਦਰਪਾਲ ਸਿੰਘ ਦਾ ਕਹਿਣਾ ਹੈ, ''ਉਹ ਡਿਸਏਬਲ ਹੈ, ਇਸ ਨਾਲ ਨੁਕਸਾਨ ਘੱਟ ਫ਼ਾਇਦੇ ਮੈਨੂੰ ਜ਼ਿਆਦਾ ਹੋਏ ਅਤੇ ਇਸੇ ਕਰਕੇ ਹੀ ਮੈਂ ਦੁਨੀਆ ਦੇਖੀ।''

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਇੱਕ ਵਿਸ਼ੇਸ਼ ਲੜੀ ਤਹਿਤ ਕੁਝ ਕਹਾਣੀਆਂ ਪੇਸ਼ ਕੀਤੀਆਂ ਜਾ ਰਹੀਆਂ ਹਨ। ਇਸ ਲੜੀ ਵਿੱਚ ਹਰਿੰਦਰ ਸਿੰਘ ਤੇ ਉਸ ਵਰਗੇ ਕੁਝ ਹੋਰ ਪੰਜਾਬੀਆਂ ਵਲੋਂ ਹਿੰਮਤ ਤੇ ਹੌਸਲੇ ਨਾਲ ਅਪੰਗਪੁਣੇ ਦੀਆਂ ਔਕੜਾਂ ਨੂੰ ਪਾਰ ਕਰਨ ਦੀ ਬਾਤ ਪਾਈ ਗਈ ਹੈ।)

ਇੱਕ ਮੇਹਣੇ ਨੇ ਬਦਲੀ ਜ਼ਿੰਦਗੀ

ਦੋ ਸਾਲ ਦੀ ਉਮਰ ਵਿੱਚ ਬਿਮਾਰੀ ਦੇ ਕਾਰਨ ਹਰਿੰਦਰਪਾਲ ਸਿੰਘ ਦੀ ਲੱਤ ਨਕਾਰਾ ਹੋ ਗਈ ਸੀ।

ਸ਼ੁਰੂ ਵਿਚ ਘਰ ਵਾਲਿਆਂ ਅਤੇ ਉਸ ਦੇ ਖ਼ੁਦ ਲਈ ਕਾਫ਼ੀ ਦਿੱਕਤਾਂ ਆਈਆਂ ਪਰ ਹਰਿੰਦਰਪਾਲ ਨੇ ਹਿੰਮਤ ਨਾ ਹਾਰੀ, ਨਾ ਸਿਰਫ਼ ਖੁਦ ਲਈ ਸਗੋਂ ਆਪਣੇ ਵਰਗੇ ਹੋਰ ਲੋਕਾਂ ਲਈ ਵੀ ਚਾਨਣ ਮੁਨਾਰਾ ਬਣਿਆ।

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
VIDEO- ਭਾਰਤ ਦੀ ਪਹਿਲੀ ਡਿਸਏਬਲ ਭੰਗੜਾ ਟੀਮ

ਹਰਿੰਦਰ ਦੱਸਦੇ ਹਨ ਕਿ ਦਸਵੀਂ ਕਰਨ ਤੋਂ ਬਾਅਦ ਉਹ ਰੁਜ਼ਗਾਰ ਦੀ ਭਾਲ ਲਈ 1988 ਵਿੱਚ ਚੰਡੀਗੜ੍ਹ ਆਏ।

ਅਕਸਰ ਕੰਮ ਤੋਂ ਬਾਅਦ ਉਹ ਸ਼ਾਮ ਨੂੰ ਸੈਕਟਰ-16 ਸਥਿਤ ਪੰਜਾਬ ਆਰਟ ਕੌਂਸਲ ਵਿਚ ਭੰਗੜੇ ਦੀ ਪ੍ਰੈਕਟਿਸ ਕਰਦੇ ਨੌਜਵਾਨਾਂ ਨੂੰ ਦੇਖਣ ਪਹੁੰਚਦੇ।

ਇਹ ਵੀ ਪੜ੍ਹੋ:

ਮਨ ਵਿਚ ਹੌਲੀ ਹੌਲੀ ਭੰਗੜੇ ਪ੍ਰਤੀ ਮੋਹ ਪੈਦਾ ਹੋਣ ਲੱਗਾ। ਦੋ ਮਹੀਨੇ ਹਰਿੰਦਰਪਾਲ ਸਿੰਘ ਉੱਥੇ ਰੋਜ਼ਾਨਾ ਆਉਂਦੇ ਅਤੇ ਭੰਗੜਾ ਪਾਉਂਦੇ ਨੌਜਵਾਨਾਂ ਨੂੰ ਦੇਖਦੇ।

ਹਰਿੰਦਰ ਦਾ ਦਿਲ ਵੀ ਭੰਗੜਾ ਸਿੱਖਣ ਨੂੰ ਕਰਦਾ ਸੀ ਪਰ ਅਪੰਗਤਾ ਕਾਰਨ ਉਨ੍ਹਾਂ ਨੂੰ ਪਤਾ ਸੀ ਕਿ ਨਾਂਹ ਹੀ ਹੋਣੀ ਹੈ।

ਫੋਟੋ ਕੈਪਸ਼ਨ "ਲੰਗੜਿਆਂ ਦਾ ਭੰਗੜੇ ਵਿਚ ਕੀ ਕੰਮ" ਦੇ ਮੇਹਣੇ ਤੋਂ ਬਾਅਦ ਹਰਿੰਦਰ ਨੇ ਵਰਦੀ ਉਤਾਰ ਦਿੱਤੇ ਤੇ ਘਰ ਆ ਗਿਆ

ਇੱਕ ਦਿਨ ਅਚਾਨਕ ਭੰਗੜਾ ਟੀਮ ਵਿਚ ਸ਼ਾਮਲ ਇੱਕ ਨੌਜਵਾਨ ਦੀ ਪ੍ਰੋਗਰਾਮ ਤੋਂ ਪਹਿਲਾਂ ਲੱਤ ਉੱਤੇ ਸੱਟ ਲੱਗ ਗਈ।

ਕੋਚ ਨੂੰ ਚਿੰਤਾ ਵਿੱਚ ਦੇਖ ਹਰਿੰਦਰ ਉਨ੍ਹਾਂ ਕੋਲ ਗਏ ਅਤੇ ਆਖਿਆ ਕਿ ਉਹ ਭੰਗੜਾ ਪਾ ਸਕਦੇ ਹਨ।

ਹਰਿੰਦਰਪਾਲ ਮੁਤਾਬਕ, "ਇਹਨਾਂ ਆਖਣ ਤੋਂ ਬਾਅਦ ਪਹਿਲਾਂ ਕੋਚ ਨੇ ਮੈਨੂੰ ਸਿਰ ਤੋਂ ਪੈਰ ਤੱਕ ਦੇਖਿਆ ਅਤੇ ਆਖਿਆ ਕਿ ਤੂੰ ਭੰਗੜਾ ਪਾਵੇਗਾ, ਮੈ ਕਿਹਾ ਜੀ ਹਾਂ। ਇਸ ਤੋਂ ਬਾਅਦ ਮੈ ਭੰਗੜੇ ਦੇ ਕੁਝ ਸਟੈੱਪ ਕਰ ਉਹਨਾਂ ਨੂੰ ਦਿਖਾਏ ਜੋ ਉਨ੍ਹਾਂ ਨੂੰ ਜਚ ਗਏ।"

ਭੰਗੜੇ ਦੇ ਕੋਚ ਨੇ ਹਰਿੰਦਰਪਾਲ ਨੂੰ ਦੂਜੇ ਦਿਨ ਟੈਗੋਰ ਥੀਏਟਰ ਵਿੱਚ ਫਾਈਨਲ ਪ੍ਰੋਗਰਾਮ ਲਈ ਆਉਣ ਲਈ ਆਖਿਆ।

ਹਰਿੰਦਰਪਾਲ ਮੁਤਾਬਕ ਉਹ ਨਿਰਧਾਰਿਤ ਸਮੇਂ ਉੱਤੇ ਮਿਥੀ ਹੋਈ ਥਾਂ ਉੱਤੇ ਜਦੋਂ ਪਹੁੰਚੇ ਤਾਂ ਉਨ੍ਹਾਂ ਨੂੰ ਤਿਆਰ ਹੋਣ ਲਈ ਡਰੈੱਸ ਦਿੱਤੀ ਗਈ।

ਹਰਿੰਦਰਪਾਲ ਸਟੇਜ ਉੱਤੇ ਜਾਣ ਲਈ ਪੂਰੀ ਤਰਾ ਤਿਆਰ ਸੀ ਅਤੇ ਉਨ੍ਹਾਂ ਤੋਂ ਖ਼ੁਸ਼ੀ ਸਾਂਭੀ ਨਹੀਂ ਸੀ ਜਾ ਰਹੀ। ਪਰ ਉਨ੍ਹਾਂ ਨੂੰ ਨਹੀਂ ਸੀ ਪਤਾ ਕਿ ਇਹ ਖੁਸ਼ੀ ਜਿਆਦਾ ਦੇਰ ਲਈ ਨਹੀਂ ਹੈ।

ਫੋਟੋ ਕੈਪਸ਼ਨ ਪਹਿਲੀ ਵਾਰ ਕਪੂਰਥਲਾ ਦੇ ਸੈਨਿਕ ਸਕੂਲ ਵਿਚ ਸਟੇਜ ਉੱਤੇ ਭੰਗੜਾ ਪਾਇਆ

ਅਚਾਨਕ ਉਹ ਨੌਜਵਾਨ ਟੈਗੋਰ ਥੀਏਟਰ ਪਹੁੰਚ ਗਿਆ ਜਿਸ ਦੇ ਸੱਟ ਲੱਗੀ ਹੋਈ ਸੀ ਅਤੇ ਉਸ ਨੇ ਟੀਮ ਵਿੱਚ ਸ਼ਾਮਲ ਕੀਤੇ ਜਾਣ ਦੀ ਜ਼ਿੱਦ ਕੀਤੀ।

ਹਰਿੰਦਰ ਨੇ ਦੱਸਿਆ ਕਿ ਉਨ੍ਹਾਂ ਨੌਜਵਾਨ ਦੀਆਂ ਬਹੁਤ ਮਿੰਨਤਾਂ ਕੀਤੀਆਂ ਆਖਿਆ ਕਿ ਤੈਨੂੰ ਤਾਂ ਬਹੁਤ ਮੌਕੇ ਮਿਲ ਜਾਣਦੇ ਪਰ ਮੈਨੂੰ ਨਹੀਂ। ਪਰ ਨੌਜਵਾਨ ਨਹੀਂ ਮੰਨਿਆ ਅਤੇ ਗ਼ੁੱਸੇ ਵਿਚ ਕੁਝ ਅਜਿਹਾ ਬੋਲ ਗਿਆ ਜੋ ਹਰਿੰਦਰ ਤੋਂ ਸਹਿ ਨਹੀਂ ਹੋਈ।

ਇਹ ਬੋਲ ਸਨ, "ਲੂਲੇ ਲੰਗੜਿਆਂ ਦਾ ਭੰਗੜੇ ਵਿੱਚ ਕੋਈ ਕੰਮ ਨਹੀਂ।"

ਇਸ ਗੱਲ ਨੇ ਹਰਿੰਦਰ ਨੂੰ ਇਸ ਕਦਰ ਪ੍ਰੇਸ਼ਾਨ ਕੀਤਾ ਕਿ ਉਸ ਨੇ ਉਸੀ ਵਕਤ ਭੰਗੜੇ ਦੀ ਵਰਦੀ ਉਤਾਰ ਦਿੱਤੀ ਅਤੇ ਗੁੱਸੇ ਵਿੱਚ ਆਪਣੇ ਕਮਰੇ ਵਿਚ ਪਰਤ ਆਏ।

ਇਹ ਵੀ ਪੜ੍ਹੋ:

ਕਿਵੇਂ ਹੋਈ ਸ਼ੁਰੂਆਤ

ਹਰਿੰਦਰਪਾਲ ਸਿੰਘ ਦੱਸਦੇ ਹਨ ਕਿ ਟੈਗੋਰ ਥੀਏਟਰ ਵਾਲੀ ਘਟਨਾ ਨੇ ਉਨ੍ਹਾਂ ਨੂੰ ਤੋੜ ਕੇ ਰੱਖ ਦਿੱਤਾ ਪਰ ਹਿੰਮਤ ਨਹੀਂ ਹਾਰੀ।

ਆਪਣੇ ਕੁਝ ਹੋਰ ਅੰਗਹੀਣ ਦੋਸਤਾਂ ਜਿਨ੍ਹਾਂ ਵਿੱਚ ਰਮੇਸ਼ ਠਾਕੁਰ, ਪਿਆਰਾ ਸਿੰਘ ਰਾਹੀਂ ਅਤੇ ਹੋਰਨਾਂ ਨਾਲ ਭੰਗੜੇ ਦੀ ਗੱਲ ਕੀਤੀ ਤਾਂ ਸਾਰਿਆਂ ਦੇ ਟੁੱਕ ਜਵਾਬ ਸੀ "ਯਾਰ ਤੁਰਿਆਂ ਠੀਕ ਤਰਾਂ ਜਾਂਦਾ ਨਹੀਂ, ਭੰਗੜਾ ਕਿੱਥੋਂ ਪਾ ਲੈਣਾ।"

ਹਰਿੰਦਰਪਾਲ ਸਿੰਘ ਦੱਸਦੇ ਹਨ, "ਮੈ ਸਾਰਿਆਂ ਨੂੰ ਇੱਕ ਕਮਰੇ ਵਿਚ ਲੈ ਗਿਆ ਅਤੇ ਭੰਗੜਾ ਪਾ ਕੇ ਦਿਖਾਇਆ।"

ਫੋਟੋ ਕੈਪਸ਼ਨ ਹਰਿੰਦਰਪਾਲ ਸਿੰਘ ਮੁਤਾਬਕ ਡਿਸਏਬਲ ਕਰਕੇ ਨੁਕਸਾਨ ਘੱਟ, ਫ਼ਾਇਦੇ ਮੈਨੂੰ ਜ਼ਿਆਦਾ ਹੋਏ ਅਤੇ ਇਸੇ ਕਰਕੇ ਹੀ ਮੈਂ ਦੁਨੀਆ ਦੇਖੀ।

ਚਾਰਾਂ ਨੇ ਸਮਾਜ ਦੇ ਤਾਹਨਿਆਂ ਤੋਂ ਬਚਣ ਲਈ ਇੱਕ ਮਹੀਨਾ ਬੰਦ ਕਮਰੇ ਵਿੱਚ ਪ੍ਰੈਕਟਿਸ ਕੀਤੀ।

ਮਿਹਨਤ ਰੰਗ ਲਿਆਈ ਅਤੇ ਕੁਝ ਸਾਥੀ ਇਹਨਾਂ ਨਾਲ ਹੋਰ ਜੁੜ ਗਏ, ਜਿਨ੍ਹਾਂ ਵਿੱਚੋਂ ਢੋਲੀ ਵੀ ਸ਼ਾਮਲ ਸੀ।

1990 ਵਿੱਚ ਹਰਿੰਦਰਪਾਲ ਸਿੰਘ ਦੀ ਟੀਮ ਨੇ ਪਹਿਲੀ ਵਾਰ ਕਪੂਰਥਲਾ ਦੇ ਸੈਨਿਕ ਸਕੂਲ ਵਿੱਚ ਸਟੇਜ ਉੱਤੇ ਭੰਗੜਾ ਪਾਇਆ।

ਹਰਿੰਦਰਪਾਲ ਦੱਸਦੇ ਹਨ, "ਜਦੋਂ ਉਹ ਸਟੇਜ ਵੱਲ ਵਧ ਰਹੇ ਸਨ ਤਾਂ ਕੁਝ ਲੋਕ ਆਖ ਰਹੇ ਸਨ ਕਿ ਇਹ ਭੰਗੜਾ ਪਾਉਣਗੇ, ਪਰ ਜਦੋਂ ਉਹ ਸਟੇਜ ਉੱਤੇ ਭੰਗੜਾ ਪਾ ਕੇ ਸਟੇਜ ਤੋਂ ਹੇਠਾਂ ਆਏ ਤਾਂ ਲੋਕਾਂ ਨੇ ਖੜੇ ਹੋ ਕੇ ਤਾੜੀਆਂ ਮਾਰੀਆਂ।"

ਹਰਿੰਦਰਪਾਲ ਦੀ ਭੰਗੜਾ ਟੀਮ ਨੇ ਪਿਛਲੇ 18 ਸਾਲਾਂ ਤੋਂ ਦੇਸ਼ ਵਿੱਚ ਹੀ ਨਹੀਂ ਸਗੋਂ ਵਿਦੇਸ਼ਾਂ ਦੀ ਧਰਤੀ ਉੱਤੇ ਵੀ ਆਪਣੇ ਜੌਹਰ ਦਿਖਾਏ।

ਦੇਸ ਦੀ ਪਹਿਲੀ ਡਿਸਏਬਲ ਭੰਗੜਾ ਟੀਮ ਹੋਣ ਦਾ ਮਾਣ ਵੀ ਹਰਿੰਦਰਪਾਲ ਸਿੰਘ ਦੀ ਟੀਮ ਦੇ ਹਿੱਸੇ ਆਇਆ ਹੈ।

ਭੰਗੜੇ ਤੋਂ ਇਲਾਵਾ ਹਰਿੰਦਰ ਖੇਡਾਂ ਵਿਚ ਵੀ ਹਿੱਸਾ ਲੈਂਦੇ ਹਨ। ਹਰਿੰਦਰ ਦੀ ਭੰਗੜਾ ਟੀਮ ਵਿਚ ਜ਼ਿਆਦਾਤਰ ਸਾਥੀ ਲੱਤ ਤੋਂ ਅਪੰਗ ਹਨ ਪਰ ਕੁਝ ਸਾਥੀ ਬਹਾਵਾਂ ਤੋਂ ਅਪੰਗ ਹਨ।

ਭੰਗੜੇ ਨੇ ਹੌਸਲਾ ਨਹੀਂ, ਪਹਿਚਾਣ ਵੀ ਦਿੱਤੀ

"ਭੰਗੜੇ ਨੇ ਸਾਨੂੰ ਨਵੀਂ ਜ਼ਿੰਦਗੀ ਪਹਿਚਾਣ ਅਤੇ ਇੱਜ਼ਤ ਦਿੱਤੀ, ਸਾਨੂੰ ਹੁਣ ਲੱਗਦਾ ਹੈ ਕਿ ਅਸੀਂ ਕਿਸੇ ਤੋਂ ਘੱਟ ਨਹੀਂ ਹਾਂ, ਜੇ ਭੰਗੜਾ ਨਾ ਹੁੰਦਾ ਤਾਂ ਅਸੀਂ ਆਪਣੀ ਜ਼ਿੰਦਗੀ ਜਿਉਂਦੇ ਅਤੇ ਆਮ ਲੋਕਾਂ ਵਾਂਗ ਇਸ ਜਹਾਨ ਤੋਂ ਤੁਰ ਜਾਂਦੇ"।

ਇਹ ਸ਼ਬਦ ਹਨ ਮੂਲ ਰੂਪ ਵਿਚ ਹਿਮਾਚਲ ਪ੍ਰਦੇਸ ਦੇ ਵਾਸੀ ਅਤੇ ਅੱਜਕੱਲ੍ਹ ਚੰਡੀਗੜ੍ਹ ਦੇ ਰਮੇਸ਼ ਕੁਮਾਰ ਠਾਕੁਰ ਦੇ।

ਫੋਟੋ ਕੈਪਸ਼ਨ ਡਿਸਏਬਲ ਭੰਗੜਾ ਟੀਮ ਦਾ ਨਾਂ ਲਿਮਕਾ ਬੁੱਕ ਵਿੱਚ ਦਰਜ ਹੋਇਆ ਤੇ ਕਈ ਮੁਲਕਾਂ ਚ ਫਨ ਦਾ ਮੁਜ਼ਾਹਰਾ ਕੀਤਾ।

ਰਮੇਸ਼ ਠਾਕੁਰ ਮੁਤਾਬਕ ਲੋਕ ਸਾਨੂੰ ਤਰਸ ਦੇ ਪਾਤਰ ਸਮਝਦੇ ਹਨ ਜਦੋਂਕਿ ਸਾਡੇ ਵਿੱਚ ਆਮ ਨਾਲੋਂ ਜ਼ਿਆਦਾ ਕਾਬਲੀਅਤ ਹੈ ਇਸ ਦਾ ਨਤੀਜਾ ਸਾਡੀ ਭੰਗੜਾ ਟੀਮ ਹੈ ਜਿਸ ਨੇ ਸਾਨੂੰ ਸਿਰ ਚੁੱਕ ਕੇ ਜਿਉਣਾ ਸਿੱਖਿਆ।

ਭੰਗੜਾ ਟੀਮ ਦੇ ਢੋਲੀ ਕਰਤਾਰ ਸਿੰਘ ਦੱਸਦੇ ਹਨ ਕਿ ਉਨ੍ਹਾਂ ਦੀ ਬਾਂਹ ਅੱਸੀ ਫ਼ੀਸਦੀ ਨਕਾਰਾ ਹੈ, ਘਰਦਿਆਂ ਦੇ ਹੌਂਸਲੇ ਨਾਲ ਮੈ ਢੋਲ ਸਿੱਖਣਾ ਸ਼ੁਰੂ ਕੀਤਾ, ਦਿੱਕਤਾਂ ਕਾਫ਼ੀ ਆਈਆਂ ਪਰ ਅੰਤ ਵਿਚ ਮਿਹਨਤ ਰੰਗ ਲਿਆਈ।

ਕਰਤਾਰ ਜਦੋਂ ਢੋਲ ਉੱਤੇ ਡੱਗਾ ਲਗਾਉਂਦੇ ਹਨ ਤਾਂ ਸਭ ਨੂੰ ਨੱਚਣ ਲੱਗਾ ਦਿੰਦੇ ਹਨ।

ਸਮਾਜ ਦਾ ਨਜ਼ਰੀਆ

ਕਰਤਾਰ ਮੁਤਾਬਕ, "ਢੋਲ ਸਦਕਾ ਉਹ ਕਈ ਦੇਸ਼ਾਂ ਵਿੱਚ ਆਪਣੀ ਕਲਾ ਦਿਖਾ ਚੁੱਕੇ ਹਨ ਅਤੇ ਅੱਜ ਇਹ ਹੀ ਮੇਰੇ ਰੁਜ਼ਗਾਰ ਦਾ ਸਾਧਨ ਹੈ।"

ਇਸ ਸਮੇਂ ਹਰਿੰਦਰਪਾਲ ਸਿੰਘ ਦੀ ਟੀਮ ਵਿਚ ਤੀਹ ਤੋਂ ਜ਼ਿਆਦਾ ਮੈਂਬਰ ਹਨ। ਇਹਨਾਂ ਦਾ ਹੌਸਲਾ ਦੇਖ ਕੇ ਨਹੀਂ ਲੱਗਦਾ ਕਿ ਉਹ ਕਿਸੇ ਤੋਂ ਘੱਟ ਹਨ।

ਹਰਿੰਦਰਪਾਲ ਸਿੰਘ ਦੱਸਦੇ ਹਨ ਕਿ ਸਮਾਜ ਦਾ ਨਜ਼ਰੀਆ ਡਿਸਏਬਲਜ਼ ਲਈ "ਵਿਚਾਰੇ" (ਤਰਸਯੋਗ) ਵਾਲਾ ਹੈ ਪਰ ਅਸੀਂ ਵਿਚਾਰੇ ਨਹੀਂ, ਅਸੀਂ ਉਹ ਕਰ ਸਕਦੇ ਹਾਂ ਹਰ ਆਮ ਸ਼ਖਸ ਨਹੀਂ ਕਰਦਾ ਅਤੇ ਇਹ ਸਿੱਧ ਵੀ ਕੀਤਾ ਹੈ। ਇਸ ਲਈ ਸਮਾਜ ਦਾ ਜੋ ਇਹ ਨਜ਼ਰੀਆ ਹੈ ਉਹ ਬਦਲਣਾ ਚਾਹੀਦਾ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)