ਪਿਛਲੀ ਜੇਬ 'ਚ ਬਟੂਆ ਤੁਹਾਡੀ ਸਿਹਤ ਇੰਝ ਵਿਗਾੜ ਸਕਦਾ ਹੈ

  • ਭਰਤ ਸ਼ਰਮਾ
  • ਬੀਬੀਸੀ ਪੱਤਰਕਾਰ

ਦੁਨੀਆਂ ਭਰ ਵਿੱਚ ਮਰਦਾਂ ਦੀ ਹਰ ਰੋਜ਼ ਦੀ ਤਿਆਰੀ ਪਿਛਲੀ ਜੇਬ ਵਿੱਚ ਬਟੂਆ ਟੋਹ ਕੇ ਹੀ ਪੂਰੀ ਹੁੰਦੀ ਹੈ।

ਬਟੂਏ ਜਾਂ ਪਰਸ ਤੋਂ ਬਿਨਾਂ ਤਾਂ ਜ਼ਿੰਦਗੀ ਮੋਬਾਈਲ ਤੋਂ ਵੀ ਵੱਧ ਅਧੂਰੀ ਲਗਦੀ ਹੈ।

ਇਸ ਵਿੱਚ ਰੁਪਏ ਪੈਸੇ, ਫੋਟੋ, ਬੈਂਕ ਦੇ ਕਾਰਡ, ਲਾਈਸੈਂਸ ਆਦਿ ਪਤਾ ਨਹੀਂ ਕੀ ਕੁਝ ਰੱਖਿਆ ਜਾਂਦਾ ਹੈ।

ਪਰਸ ਇੱਕ ਜਿੰਮੇਵਾਰੀ ਵੀ ਹੁੰਦੀ ਹੈ।

ਹਾਲਾਂਕਿ ਕੁਝ ਸਮੇਂ ਲਈ ਬਟੂਆ ਪਿਛਲੀ ਜੇਬ ਵਿੱਚ ਰੱਖਣ ਨਾਲ ਕੋਈ ਮੁਸ਼ਕਿਲ ਪੈਦਾ ਨਹੀਂ ਹੁੰਦੀ ਪਰ ਕੀ ਤੁਹਾਨੂੰ ਪਤਾ ਹੈ ਕਿ ਇਸ ਨੂੰ ਕਈ-ਕਈ ਘੰਟੇ ਪਿਛਲੀ ਜੇਬ ਵਿੱਚ ਰੱਖਣਾ ਸਿਹਤ ਲਈ ਖ਼ਤਰਨਾਕ ਹੋ ਸਕਦਾ ਹੈ।

ਦਰਦ ਕਿੱਥੇ ਹੋ ਸਕਦਾ ਹੈ?

ਮੈਨਜ਼ ਹੈਲਥ ਵਿੱਚ ਇੱਕ ਰਿਪੋਰਟ ਛਪੀ ਸੀ ਜਿਸ ਵਿੱਚ ਯੂਨੀਵਰਸਿਟੀ ਆਫ ਵਾਟਰਲੂ ਦੇ ਪ੍ਰੋਫੈਸਰ ਆਫ ਸਪਾਈਨ ਬਾਈਓਮੀਟਰਿਕਸ ਸਟੂਅਰਟ ਮੈਕਗਿਲ ਨੇ ਦੱਸਿਆ ਕਿ ਇਹ ਬਟੂਆ ਕੁਝ ਦੇਰ ਰੱਖਣ ਲਈ ਹੁੰਦਾ ਹੈ।

ਜੇ ਤੁਸੀਂ ਵੱਧ ਸਮਾਂ ਕਾਰਡ, ਨੋਟਾਂ ਅਤੇ ਸਿੱਕਿਆਂ ਦੀ ਗਠੜੀ 'ਤੇ ਬੈਠੋਗੇ ਤਾਂ ਇਸ ਨਾਲ ਹਿੱਪ ਜੁਆਇੰਟ ਅਤੇ ਕਮਰ ਦੇ ਹੇਠਲੇ ਹਿੱਸੇ ਵਿੱਚ ਦਰਦ ਹੋਣ ਲੱਗੇਗਾ।

ਇਹ ਮੁਸ਼ਕਿਲ ਸਿਆਟਿਕ ਨਰਵ ਦੇ ਨਾਲ ਸ਼ੁਰੂ ਹੁੰਦੀ ਹੈ। ਇਹ ਹਿੱਪ ਜੁਆਂਇੰਟ ਦੇ ਪਿੱਛੇ ਹੁੰਦੀ ਹੈ।

ਮੋਟੇ ਬਟੂਏ ਨਾਲ ਇਹ ਨਰਵ ਹਿੱਪ ਜੁਆਇੰਟ ਅਤੇ ਬਟੂਏ ਵਿਚਕਾਰ ਦਬ ਜਾਂਦੀ ਹੈ। ਇਹ ਦਰਦ ਭਾਵੇਂ ਹਿੱਪ ਤੋਂ ਸ਼ੁਰੂ ਹੁੰਦਾ ਹੈ ਪਰ ਇਹ ਪੈਰਾਂ ਦੀਆਂ ਤਲੀਆਂ ਤੱਕ ਪਹੁੰਚ ਸਕਦਾ ਹੈ।

ਡਾ ਮੈਕਗਿਲ ਨੇ ਪਿੱਠ ਦਰਦ ਦੇ ਅਧਿਐਨ ਲਈ ਪ੍ਰਯੋਗ ਕੀਤਾ ਜਿਸ ਵਿੱਚ ਹਿੱਪ ਦੇ ਹੇਠਾਂ ਛੋਟੇ ਆਕਾਰ ਦੇ ਬਟੂਏ ਰੱਖੇ।

ਕੂਲ੍ਹੇ 'ਤੇ ਕੀ ਅਸਰ ਹੋਵੇਗਾ?

ਪਿਛਲੀ ਜੇਬ੍ਹ ਵਿੱਚ ਲੰਮਾ ਸਮਾਂ ਪਰਸ ਰੱਖਣ ਨਾਲ ਰੀੜ੍ਹ ਦੀ ਹੱਡੀ ਵੀ ਇੱਕ ਪਾਸੇ ਝੁਕੀ ਰਹਿੰਦੀ ਹੈ। ਜਿਸ ਨਾਲ ਇਸ 'ਤੇ ਦਬਾਅ ਪੈਂਦਾ ਹੈ।

ਇਸ ਨਾਲ ਜਦੋਂ ਅਸੀਂ ਸਿੱਧੇ ਬੈਠਦੇ ਹਾਂ ਤਾਂ ਕਮਰ ਦੇ ਹੇਠਲ ਹਿੱਸੇ ਵਿੱਚ ਵਲ ਪੈ ਜਾਂਦਾ ਹੈ।

ਬਟੂਏ ਦੀ ਮੋਟਾਈ ਜਿੰਨੀ ਜ਼ਿਆਦਾ ਹੋਵੇਗੀ, ਇਹ ਵਲ ਉੰਨਾ ਹੀ ਵਧ ਹੋਵੇਗਾ ਅਤੇ ਦਰਦ ਵੀ ਵਧੇਗਾ।

ਦੂਜੀ ਗੱਲ ਤਾਂ ਇਹ ਹੈ, ਕਿ ਪਰਸ ਨੂੰ ਅਗਲੀ ਜੇਬ੍ਹ ਵਿੱਚ ਰੱਖਣ ਨਾਲ ਅੱਗੇ ਦਰਦ ਹੋ ਸਕਦਾ ਹੈ।

ਕੁਝ ਡਾਕਟਰਾਂ ਦਾ ਕਹਿਣਾ ਹੈ ਕਿ ਸਿਰਫ਼ ਮੋਟਾ ਬਟੂਆ ਰੱਖਣ ਨਾਲ ਹੀ ਰੀੜ੍ਹ ਦੀ ਹੱਡੀ ਵਿੱਚ ਵਲ ਪੈਂਦਾ ਹੈ। ਇਹ ਭਾਵੇਂ ਸੱਚ ਹੋਵੇ ਪਰ ਜੇ ਸਪਾਈਨ ਵਿੱਚ ਪਹਿਲਾਂ ਤੋਂ ਹੀ ਕੋਈ ਦਿੱਕਤ ਹੋਵੇ ਤਾਂ ਇਹ ਹੋਰ ਵੀ ਵਧ ਸਕਦੀ ਹੈ।

ਦਿੱਲੀ ਦੇ ਪ੍ਰਾਈਮਜ਼ ਹਸਪਤਾਲ ਦੇ ਡਾਕਟਰ ਕੌਸ਼ਲ ਕਾਂਤ ਮਿਸ਼ਰਾ ਨੇ ਪਰਸ ਮੂਹਰਲੀ ਜੇਬ੍ਹ ਵਿੱਚ ਪਰਸ ਰੱਖਣ ਬਾਰੇ ਦੱਸਿਆ,"ਆਦਰਸ਼ ਸਥਿਤੀ ਤਾਂ ਇਹ ਹੈ ਕਿ ਕੋਈ ਸਮਸਿਆ ਤਾਂ ਨਹੀਂ ਹੋਣੀ ਚਾਹੀਦੀ ਜੇ ਰੀੜ੍ਹ ਦੀ ਹੱਡੀ ਸਧਾਰਨ ਹੈ ਤਾਂ ਕੋਈ ਦਿੱਕਤ ਨਹੀਂ ਹੋਵੇਗੀ।" ਰੀੜ੍ਹ ਦੀ ਹੱਡੀ ਦਾ ਸਧਾਰਨ ਹੋਣਾ ਜਰੂਰੀ ਹੈ।

ਵੱਧ ਘੰਟਿਆਂ ਤੱਕ ਖ਼ਤਰਨਾਕ

ਤਾਂ ਫੇਰ ਕੀ ਇ ਮੰਨ ਲਿਆ ਜਾਵੇ ਕਿ ਪਿਛਲੀ ਜੇਬ੍ਹ ਵਿੱਚ ਮੋਟਾ ਪਰਸ ਰੱਖਣ ਨਾਲ ਕੋਈ ਮੁਸ਼ਕਿਲ ਨਹੀਂ ਹੁੰਦੀ। ਡਾਕਟਰ ਮਿਸ਼ਰਾ ਦਾ ਕਹਿਣਾ ਹੈ, "ਅਜਿਹਾ ਕੁਝ ਨਹੀਂ ਹੈ। ਕੁਝ ਸਮੇਂ ਨਾਲ ਕੁਝ ਨਹੀਂ ਹੁੰਦਾ ਪਰ ਜ਼ਿਆਦਾ ਦੇਰ ਰੱਖਾਂਗੇ ਤਾਂ ਦਰਦ ਹੋਵੇਗਾ ਹੀ।"

ਉਨ੍ਹਾਂ ਕਿਹਾ, "ਕਈ ਘੰਟੇ ਬਟੂਆ ਪਿੱਛੇ ਰੱਖਣ ਨਾਲ ਰੀੜ੍ਹ ਦੀ ਹੱਡੀ ਦਾ ਆਕਾਰ ਤਾਂ ਭਾਵੇਂ ਨਾ ਬਦਲੇ ਪਰ ਸਾਇਟਿਕਾ ਜ਼ਰੂਰ ਹੋ ਸਕਦਾ ਹੈ।"

ਡਾਕਟਰ ਮਿਸ਼ਰਾ ਨੇ ਦੱਸਿਆ, "ਇਹ ਰੇਡੀਏਟਿੰਗ ਦਰਦ ਹੁੰਦਾ ਹੈ ਜੋ ਵਾਰ-ਵਾਰ ਆਪਣੀ ਥਾਂ ਬਦਲਦਾ ਰਹਿੰਦਾ ਹੈ।"

ਪਰਸ ਕਿਵੇਂ ਰੱਖੀਏ?

  • ਪੈਸੇ ਰੱਖਣ ਵਾਲੀ ਕਲਿੱਪ ਜਾਂ ਪਤਲੇ ਸਟਾਈਲ ਵਾਲਾ ਪਰਸ ਰੱਖੋ ਜੋ ਆਸਾਨੀ ਨਾਲ ਅਗਲੀ ਜੇਬ੍ਹ ਵਿੱਚ ਵੀ ਆ ਜਾਵੇ।
  • ਤੁਸੀਂ ਕੋਈ ਅਜਿਹਾ ਬਟੂਆ ਵੀ ਖਰੀਦ ਸਕਦੇ ਹੋ ਜਿਸ ਵਿੱਚ ਚਾਬੀਆਂ ਵੀ ਰੱਖੀਆਂ ਜਾ ਸਕਦੀਆਂ ਹੋਣ। ਜਦੋਂ ਤੁਸੀਂ ਬੈਠੋਗੇ ਤਾਂ ਚਾਬੀਆਂ ਖੁੱਭਣ ਕਰਕੇ ਤੁਹਾਨੂੰ ਪਰਸ ਅਗਲੀ ਜੇਬ੍ਹ ਵਿੱਚ ਪਾਉਣਾ ਹੀ ਪਵੇ।
  • ਜੇ ਸੰਭਵ ਹੋਵੇ ਤਾਂ ਬਟੂਆ ਰੱਖਣਾ ਹੀ ਛੱਡ ਦਿਓ। ਬਹੁਤ ਸਾਰੇ ਅਜਿਹੇ ਲੋਕ ਹਨ ਜੋ ਪਤਲੇ ਕਾਰਡ ਹੋਲਡਰ ਅਤੇ ਪੈਸੇ ਅਗਲੀ ਜੇਬ੍ਹ ਵਿੱਚ ਰੱਖ ਲੈਂਦੇ ਹਨ।
  • ਆਪਣਾ ਬਟੂਆ ਬੈਠਣ ਸਮੇਂ ਕੱਢ ਕੇ ਬੈਠੋ।

ਇਹ ਵੀਡੀਓ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)